ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਸਿਰਫ ਵਿਰੋਧੀਆਂ ਲਈ ਹੀ ਕਿਉਂ

10/17/2019 1:21:40 AM

ਜਸਵੰਤ ਸਿੰਘ ‘ਅਜੀਤ’

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਬੀਤੇ ਦਿਨੀਂ ਇਕ ਬਿਆਨ ਜਾਰੀ ਕਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨਾਲ ਸਬੰਧਤ ਸਾਰੇ ਪ੍ਰੋਗਰਾਮਾਂ ਦਾ ਆਯੋਜਨ ਉਹ ਆਪਸ ’ਚ ਮਿਲ ਕੇ ਸਾਂਝੇ ਤੌਰ ’ਤੇ ਕਰਨ। ਜਥੇਦਾਰ ਵਲੋਂ ਜਾਰੀ ਇਸ ਹੁਕਮ ਦੀ ਸਿਆਹੀ ਅਜੇ ਸੁੱਕੀ ਵੀ ਨਹੀਂ ਸੀ ਕਿ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਜਗੀਰ ਕੌਰ ਦਾ ਬਿਆਨ ਆ ਗਿਆ ਕਿ ਸ਼੍ਰੋਮਣੀ ਕਮੇਟੀ ਆਪਣੇ ਪੱਧਰ ’ਤੇ ਵੱਖਰੇ ਤੌਰ ’ਤੇ ਹੀ ਸਮਾਰੋਹਾਂ ਦਾ ਆਯੋਜਨ ਕਰੇਗੀ। ਇਸ ਦੇ ਨਾਲ ਉਸ ਨੇ ਇਹ ਵੀ ਦੱਸਿਆ ਕਿ ਇਸ ਸਬੰਧ ’ਚ ਆਯੋਜਿਤ ਕੀਤੇ ਜਾਣ ਵਾਲੇ ਸਾਰੇ ਸਮਾਰੋਹਾਂ ਦੀ ਰੂਪ-ਰੇਖਾ ਨਾਲ ਸਬੰਧਤ ਸਾਰੀ ਜਾਣਕਾਰੀ ਕਪੂਰਥਲਾ ਦੇ ਅਧਿਕਾਰੀਆਂ ਨੂੰ ਦੇ ਦਿੱਤੀ ਹੈ। ਦੂਸਰੇ ਪਾਸੇ ਕੇਂਦਰੀ ਮੰਤਰੀ ਹਰਸਿਮਰਤ ਨੇ ਵੀ ਦਾਅਵਾ ਕਰ ਦਿੱਤਾ ਕਿ ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੋਮਣੀ ਕਮੇਟੀ ਦੇ ਮੰਚ ’ਤੇ ਹੀ ਆਉਣਗੇ। ਅਜਿਹੀ ਹਾਲਤ ’ਚ ਇਹ ਸਵਾਲ ਉੱਠਣਾ ਸਭਾਵਿਕ ਹੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਾਂ ਦੀ ਪਾਲਣਾ ਕਰਨਾ ਸਿਰਫ ਵਿਰੋਧੀਆਂ ਲਈ ਹੀ ਜ਼ਰੂਰੀ ਹੈ ਜਾਂ ਸੱਤਾਧਾਰੀਆਂ ਲਈ ਵੀ।

ਸ਼੍ਰੋਮਣੀ ਕਮੇਟੀ ਵਲੋਂ ਅਣਗਹਿਲੀ

ਇਤਿਹਾਸ ਗਵਾਹ ਹੈ ਕਿ ਬੀਤੇ ਸਮੇਂ ’ਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ਜਿਹੜੇ ਵੀ ਹੁਕਮ ਜਾਰੀ ਕੀਤੇ ਜਾਂਦੇ ਰਹੇ, ਉਨ੍ਹਾਂ ’ਚੋਂ ਸ਼ਾਇਦ ਹੀ ਕਿਸੇ ਦੀ ਪਾਲਣਾ ਉਨ੍ਹਾਂ ਦੇ ਮੁਖੀਆਂ ਵਲੋਂ ਕੀਤੀ ਜਾਂਦੀ ਰਹੀ ਹੋਵੇ।

ਸਵਾਲ-ਹੈਰਾਨੀ ਤਾਂ ਇਸ ਗੱਲ ਦੀ ਵੀ ਹੈ ਕਿ ਇਨ੍ਹਾਂ ਹੁਕਮਾਂ ਦੀ ਪਾਲਣਾ ਪ੍ਰਤੀ ਅਣਗਹਿਲੀ ਦੀ ਨੀਤੀ ਅਪਣਾਈ ਰੱਖੇ ਜਾਣ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਦੇ ਮੁਖੀਆਂ ਨੂੰ ਧਾਰਮਿਕ ਸਜ਼ਾ (ਤਨਖਾਹ ਲੱਗਣੀ) ਦੇਣਾ ਤਾਂ ਦੂਰ ਰਿਹਾ, ਸ੍ਰੀ ਅਕਾਲ ਤਖਤ ਸਾਹਿਬ ’ਤੇ ਸੱਦ ਕੇ ਉਨ੍ਹਾਂ ਤੋਂ ਕਦੇ ਜਵਾਬ-ਤਲਬੀ ਵੀ ਨਹੀਂ ਕੀਤੀ ਗਈ।

ਮੰਨਿਆ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਰਾਸ਼ਟਰੀ ਪ੍ਰਧਾਨ ਸੁਖਬੀਰ ਬਾਦਲ ਸ਼੍ਰੋਮਣੀ ਕਮੇਟੀ ਤੋਂ ਵੱਖਰੇ ਤੌਰ ’ਤੇ ਇਨ੍ਹਾਂ ਸਮਾਰੋਹਾਂ ਦਾ ਆਯੋਜਨ ਕਰਵਾ ਕੇ ਅਤੇ ਇਨ੍ਹਾਂ ’ਚ ਸਰਕਾਰ ਅਤੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੂੰ ਸੱਦਾ ਦੇ ਕੇ ‘ਅਰਸ਼ ਤੋਂ ਫਰਸ਼’ ’ਤੇ ਆ ਚੁੱਕੇ ਆਪਣੇ ਅਕਾਲੀ ਦਲ ਨੂੰ ਫਿਰ ਤੋਂ ਪੈਰਾਂ ’ਤੇ ਖੜ੍ਹਾ ਕਰਨਾ ਅਤੇ ਇਸ ਦੇ ਨਾਲ ਹੀ ਲਗਾਤਾਰ ਡਿੱਗਦੀ ਚਲੀ ਜਾ ਰਹੀ ਆਪਣੀ ਸਾਖ ਨੂੰ ਵੀ ਬਚਾਉਣਾ ਚਾਹੁੰਦੇ ਹਨ।

ਜਥੇਦਾਰ ਦਾ ਨਵਾਂ ਹੁਕਮ

ਦੱਸਿਆ ਗਿਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਬੀਤੇ ਦਿਨੀਂ ਇਕ ਵਾਰ ਫਿਰ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਉਹ ਆਪਣੇ ਵਲੋਂ ਆਯੋਜਿਤ ਕੀਤੇ ਜਾਣ ਵਾਲੇ ਸਾਰੇ ਸ਼ਤਾਬਦੀ ਸਮਾਰੋਹ ਮਿਲ ਕੇ ਸਾਂਝੇ ਤੌਰ ’ਤੇ ਹੀ ਆਯੋਜਿਤ ਕਰਨ। ਦੇਖਣਾ ਹੋਵੇਗਾ ਕਿ ਸ਼੍ਰੋਮਣੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਦੁਬਾਰੇ ਦਿੱਤੇ ਗਏ ਹੁਕਮ ਦੀ ਪਾਲਣਾ ਕਿੱਥੋਂ ਤਕ ਕਰਦੀ ਹੈ?

ਉੱਧਰ ਆਮ ਸਿੱਖਾਂ ਦਾ ਕਹਿਣਾ ਹੈ ਕਿ ਜੇਕਰ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ, ਦੋਵਾਂ ਵਲੋਂ ਹੀ ਵੱਖ-ਵੱਖ ਤੌਰ ’ਤੇ ਸ਼ਤਾਬਦੀ ਸਮਾਰੋਹਾਂ ਦਾ ਆਯੋਜਨ ਕੀਤਾ ਜਾਂਦਾ ਹੈ ਤਾਂ ਇਸ ਨਾਲ ਨਾ ਸਿਰਫ ਸ਼ਤਾਬਦੀ ਦਾ ਮਹੱਤਵ ਹੀ ਪ੍ਰਭਾਵਿਤ ਹੋਵੇਗਾ ਸਗੋਂ ਆਮ ਲੋਕਾਂ ’ਚ ਇਸ ਦਾ ਸੰਦੇਸ਼ ਵੀ ਗਲਤ ਚਲਾ ਜਾਏਗਾ।

ਦਿੱਲੀ ਗੁਰਦੁਆਰਾ ਕਮੇਟੀ ਬਨਾਮ ਨਗਰ ਕੀਰਤਨ

ਬੀਤੇ ਦਿਨੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਦਿੱਲੀ ਗੁਰਦੁਆਰਾ ਕਮੇਟੀ ਵਲੋਂ 13 ਅਕਤੂਬਰ ਨੂੰ ਆਯੋਜਿਤ ਕੀਤੇ ਜਾਣ ਵਾਲੇ ਨਗਰ ਕੀਰਤਨ ਨੂੰ ਮੁਲਤਵੀ ਕਰਨ ਦਾ ਹੁਕਮ ਜਾਰੀ ਕਰ ਕੇ ਦਿੱਲੀ ਤੋਂ ਦੋ ਨਗਰ ਕੀਰਤਨਾਂ ਦੇ ਆਯੋਜਨਾਂ ਨੂੰ ਲੈ ਕੇ ਲੰਬੇ ਸਮੇਂ ਤੋ ਚੱਲੇ ਆ ਰਹੇ ਵਿਵਾਦ ’ਤੇ ਵਿਰਾਮ ਚਿੰਨ੍ਹ ਲਾ ਦਿੱਤਾ ਹੈ। ਇਸ ਹੁਕਮ ਦੇ ਜਾਰੀ ਹੋਣ ਤੋਂ ਦੋ ਦਿਨ ਬਾਅਦ ਹੀ ਜਦੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਸੋਨੇ ਦੀ ਪਾਲਕੀ ਲਈ ਸੰਗਤ ਵਲੋਂ ਭੇਟ ਕੀਤੇ ਗਏ ਸੋਨੇ ਨੂੰ ਉਸ ਨੇ ਬਾਲਾ ਸਾਹਿਬ ਹਸਪਤਾਲ ਦੀ ਕਾਰਸੇਵਾ ਸ਼ੁਰੂ ਕਰਨ ਲਈ ਸੇਵਾ ਪੰਥੀ ਬਾਬਾ ਬਚਨ ਸਿੰਘ ਨੂੰ ਸੌਂਪ ਦਿੱਤਾ ਹੈ ਤਾਂ ਇਸ ਨਾਲ ਕੁਝ ਨਵੇਂ ਸਵਾਲ ਖੜ੍ਹੇ ਹੋ ਗਏ। ਪਹਿਲਾ, ਇਹ ਕਿ ਸੰਗਤ ਵਲੋਂ ਸੁਨਹਿਰੀ ਪਾਲਕੀ ਲਈ ਸ਼ਰਧਾ ਵਜੋਂ ਭੇਟ ਕੀਤੇ ਗਏ ਸੋਨੇ ਨੂੰ ਬਾਲਾ ਸਾਹਿਬ ਹਸਪਤਾਲ ਲਈ ਦੇਣ ਤੋਂ ਪਹਿਲਾਂ ਕੀ ਉਨ੍ਹਾਂ ਸ਼ਰਧਾਲੂਆਂ ਤੋਂ ਮਨਜ਼ੂਰੀ ਲਈ ਗਈ, ਜਿਨ੍ਹਾਂ ਨੇ ਸੁਨਹਿਰੀ ਪਾਲਕੀ ਲਈ ਇਹ ਸੋਨਾ ਭੇਟ ਕੀਤਾ ਹੈ? ਦੂਸਰਾ ਸਵਾਲ ਇਹ ਵੀ ਉੱਠਦਾ ਹੈ ਕਿ ਜਦਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ (9 ਅਕਤੂਬਰ) ਹੁਕਮ ਆਉਣ ਤੋਂ ਚਾਰ ਦਿਨ ਬਾਅਦ ਹੀ ਸੁਨਹਿਰੀ ਪਾਲਕੀ ਸਮੇਤ ਨਗਰ ਕੀਰਤਨ ਦਾ ਆਯੋਜਨ ਕੀਤਾ ਜਾਣਾ ਸੀ ਤਾਂ ਕੀ ਉਦੋਂ ਤਕ ਸੁਨਹਿਰੀ ਪਾਲਕੀ ਦੇ ਨਿਰਮਾਣ ਦਾ ਕੰਮ ਸ਼ੁਰੂ ਤਕ ਨਹੀਂ ਹੋਇਆ ਸੀ? ਜੋ ਉਸ ਦੇ ਨਾਂ ’ਤੇ ਇਕੱਠਾ ਹੋਇਆ ਸਾਰਾ ਸੋਨਾ ਬਾਲਾ ਸਾਹਿਬ ਹਸਪਤਾਲ ਦੇ ਲਈ ਦੇ ਦਿੱਤਾ ਗਿਆ? ਤੀਸਰਾ ਸਵਾਲ ਇਹ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਗਰ ਕੀਰਤਨ ਨੂੰ ਮੁਲਤਵੀ ਕੀਤਾ ਗਿਆ ਹੈ, ਨਾ ਕਿ ਉਸ ਦੇ ਆਯਜਨ ’ਤੇ ਪੂਰੀ ਤਰ੍ਹਾਂ ਰੋਕ ਲਾਈ ਗਈ ਹੈ। ਇਸ ਦੇ ਨਾਲ ਹੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਸਿਰਸਾ ਨੇ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦਾ ਸਵਾਗਤ ਕਰਦੇ ਹੋਏ ਦਾਅਵਾ ਕੀਤਾ ਸੀ ਕਿ ਹੁਣ ਦੋਵਾਂ ਸਰਕਾਰਾਂ ਦੀ ਮਨਜ਼ੂਰੀ ਹਾਸਲ ਕਰਨ ਤੋਂ ਬਾਅਦ ਨਗਰ ਕੀਰਤਨ ਦੀ ਨਵੀਂ ਤਰੀਕ ਦਾ ਨਿਰਮਾਣ ਕੀਤਾ ਜਾਏਗਾ। ਅਜਿਹੀ ਸਥਿਤੀ ’ਚ ਸੁਨਹਿਰੀ ਪਾਲਕੀ ਲਈ ਭੇਟ ਵਜੋਂ ਆਇਆ ਸੋਨਾ ਬਾਲਾ ਸਾਹਿਬ ਹਸਪਤਾਲ ਲਈ ਦੇ ਕੇ ਕੀ ਇਹ ਸੰਕੇਤ ਨਹੀਂ ਦੇ ਦਿੱਤਾ ਗਿਆ ਕਿ ਹੁਣ ਗੁਰਦੁਆਰਾ ਕਮੇਟੀ ਨੇ ਨਗਰ ਕੀਰਤਨ ਦੇ ਆਯੋਜਨ ਅਤੇ ਸੁਨਹਿਰੀ ਪਾਲਕੀ ਨੂੰ ਕਰਤਾਰਪੁਰ ਸਾਹਿਬ ’ਚ ਸਥਾਪਿਤ ਕਰਨ ਲਈ ਉਥੇ ਤਕ ਪਹੁੰਚਣ ਦਾ ਵਿਚਾਰ ਪੂਰੀ ਤਰ੍ਹਾਂ ਨਾਲ ਤਿਆਗ ਦਿੱਤਾ ਹੈ? ਇਹ ਕੁਝ ਅਜਿਹੇ ਸਵਾਲ ਹਨ, ਜੋ ਦਿੱਲੀ ਗੁਰਦੁਆਰਾ ਕਮੇਟੀ ਦੇ ਮੁਖੀਆਂ ਵਲੋਂ 13 ਅਕਤੂਬਰ ਨੂੰ ਨਨਕਾਣਾ ਸਾਹਿਬ ਤਕ ਨਗਰ ਕੀਰਤਨ ਦਾ ਆਯੋਜਨ ਕੀਤੇ ਜਾਣ ਦੇ ਸਬੰਧ ’ਚ ਕੀਤੇ ਗਏ ਐਲਾਨ ਪ੍ਰਤੀ ਉਨ੍ਹਾਂ ਦੀ ਈਮਾਨਦਾਰੀ ਵਾਲੀ ਸੋਚ ਹੋਣ ਦੇ ਸਬੰਧ ’ਚ ਕਈ ਕਿਸਮ ਦੇ ਖਦਸ਼ਿਆਂ ਨੂੰ ਜਨਮ ਦਿੰਦੇ ਹਨ?

ਅਕਾਲੀ ਰਾਜਨੀਤੀ ਦਾ ਇਕ ਪਹਿਲੂ ਇਹ ਵੀ

ਇਕ ਸਮਾਂ ਸੀ ਜਦੋਂ ਇਹ ਮੰਨਿਆ ਜਾਂਦਾ ਸੀ ਕਿ ਰਾਜਨੀਤੀ ’ਚ ਵਿਚਾਰਾਂ ਦਾ ਮਤਭੇਦ ਹੋਣਾ ਤਾਂ ਸੁਭਾਵਿਕ ਹੈ ਪਰ ਇਨ੍ਹਾਂ ਮਤਭੇਦਾਂ ਕਾਰਣ ਇਕ-ਦੂਜੇ ਪ੍ਰਤੀ ਅਜਿਹੀ ਭਾਸ਼ਾ ਦੀ ਵਰਤੋਂ ਕਰਨ ਤੋਂ ਸੰਕੋਚ ਕੀਤਾ ਜਾਣਾ ਚਾਹੀਦਾ ਹੈ, ਜਿਸ ਨਾਲ ਜਦੋਂ ਕਦੇ ਇਕ-ਦੂਜੇ ਨਾਲ ਆਹਮੋ-ਸਾਹਮਣਾ ਹੋਵੇ ਜਾਂ ਆਪਸ ’ਚ ਮਿਲ ਬੈਠਣ ਦਾ ਮੌਕਾ ਬਣੇ ਤਾਂ ਸ਼ਰਮਿੰਦਾ ਨਾ ਹੋਣਾ ਪਵੇ ਪਰ ਅੱਜਕਲ ਜੋ ਸਿਆਸੀ ਦ੍ਰਿਸ਼ ਦਿਖਾਈ ਦੇ ਰਿਹਾ ਹੈ, ਉਸ ਤੋਂ ਅਜਿਹਾ ਲੱਗਦਾ ਹੈ ਕਿ ਜਿਵੇਂ ਰਾਜਨੀਤੀ ਵਿਸ਼ੇਸ਼ ਤੌਰ ’ਤੇ ਅਕਾਲੀ ਰਾਜਨੀਤੀ ਦਾ ਸਰੂਪ ਆਪਣੇ ਮੂਲ ਸਰੂਪ ਤੋਂ ਬਿਲਕੁਲ ਹੀ ਬਦਲ ਗਿਆ ਹੈ। ਅੱਜਕਲ ਅਕਾਲੀ ਰਾਜਨੀਤੀ ’ਚ ਇਕ-ਦੂਜੇ ਦਾ ਵਿਰੋਧ, ਰਾਜਨੀਤਕ ਅਤੇ ਵਿਚਾਰਾਂ ਦੇ ਮਤਭੇਦਾਂ ਤਕ ਸੀਮਤ ਨਾ ਰਹਿ ਕੇ ਹੀ ਨਹੀਂ ਕੀਤਾ ਜਾਂਦਾ ਸਗੋਂ ਇਹ ਮੰਨ ਕੇ ਕੀਤਾ ਜਾਂਦਾ ਹੈ ਕਿ ਵਿਰੋਧ ਕਰਨਾ ਹੈ ਤਾਂ ਬਸ ਕਰਨਾ ਹੀ ਹੈ। ਜੇਕਰ ਗੱਲ ਇਥੋਂ ਤਕ ਹੀ ਸੀਮਤ ਰਹਿੰਦੀ ਤਾਂ ਵੀ ਕਿਸੇ ਹੱਦ ਤਕ ਠੀਕ ਸੀ ਪਰ ਗੱਲ ਇਸ ਤੋਂ ਕਿਤੇ ਜ਼ਿਆਦਾ ਹੀ ਅੱਗੇ ਵਧੀ ਅਤੇ ਨਿੱਜੀ ਆਚਰਣ ’ਤੇ ਹਮਲਿਆਂ ਤਕ ਜਾ ਪਹੁੰਚੀ ਹੈ, ਜਿਸ ਤੋਂ ਅਜਿਹਾ ਲੱਗਣ ਲੱਗਾ ਹੈ, ਅਜਿਹੇ ਅਕਾਲੀ ਮੁਖੀਆਂ ਨੇ ਮਨੁੱਖੀ ਕਦਰਾਂ-ਕੀਮਤਾਂ ਨੂੰ ਭੁਲਾਉਣ ਦੇ ਨਾਲ ਇਹ ਵੀ ਸੋਚਣਾ ਅਤੇ ਸਮਝਣਾ ਛੱਡ ਦਿੱਤਾ ਹੈ ਕਿ ਜਿਸ ਦੇ ਵਿਰੁੱਧ ਉਹ ਮੰਦੀ ਭਾਸ਼ਾ ਦੀ ਵਰਤੋਂ ਕਰ ਰਹੇ ਹਨ ਅਤੇ ਜਿਸ ਦੇ ਨਿੱਜੀ ਜੀਵਨ ’ਤੇ ਚਿੱਕੜ ਉਛਾਲ ਰਹੇ ਹਨ, ਕਦੇ ਵੀ ਉਨ੍ਹਾਂ ਨਾਲ ਉਨ੍ਹਾਂ ਨੂੰ ਮਿਲ ਬੈਠਣ ਜਾਂ ਗਲੇ ਮਿਲਣ ਦਾ ਮੌਕਾ ਬਣ ਸਕਦਾ ਹੈ।

...ਅਤੇ ਅਾਖਿਰ ’ਚ

ਸੋਚਣ ਅਤੇ ਸਮਝਣ ਦੀ ਗੱਲ ਹੈ ਕਿ ਇਕ ਪਾਸੇ ਜੋ ਲੋਕ ਸੱਤਾ ਦੇ ਗਲਿਆਰਿਆਂ ਤਕ ਪਹੁੰਚ, ਲੋਕ-ਸੇਵਾ ਕਰਨ, ਧਾਰਮਿਕ ਸੰਸਥਾਵਾਂ ’ਤੇ ਕਬਜ਼ਾ ਕਰ ਕੇ ਉਨ੍ਹਾਂ ਦੀ ਸੇਵਾ- ਸੰਭਾਲ ਕਰਨ ਦੇ ਨਾਲ ਧਾਰਮਿਕ ਮਾਨਤਾਵਾਂ ਦੀ ਰੱਖਿਆ ਕਰਨ ਦੇ ਸੰਕਲਪ ਨੂੰ ਦੁਹਰਾਉਂਦੇ ਹਨ ਤਾਂ ਦੂਸਰੇ ਪਾਸੇ ਉਹੀ ਲੋਕ ਇਕ-ਦੂਜੇ ਵਿਰੁੱਧ ਮੰਦੀ ਭਾਸ਼ਾ ਦੀ ਵਰਤੋਂ ਕਰਦੇ ਹੋਏ ਆਪਣੀ ਜ਼ੁਬਾਨ ’ਤੇ ਹੀ ਕਾਬੂ ਨਹੀਂ ਰੱਖ ਸਕਦੇ। ਅਜਿਹੇ ਲੋਕ ਲੋਕ-ਸੇਵਾ ਕਰਨ ਅਤੇ ਧਰਮ ਦੇ ਰੱਖਿਅਕ ਹੋਣ ਦੀਆਂ ਜ਼ਿੰਮੇਵਾਰੀਆਂ ਨੂੰ ਸੰਭਾਲਣ ਅਤੇ ਜਾਂ ਉਨ੍ਹਾਂ ਨੂੰ ਸੰਭਾਲ, ਨਿਭਾਅ ਸਕਣ ਪ੍ਰਤੀ ਕਿਵੇਂ ਅਤੇ ਕਿੰਨੇ ਈਮਾਨਦਾਰ ਸਾਬਿਤ ਹੋ ਸਕਦੇ ਹਨ।

Bharat Thapa

This news is Content Editor Bharat Thapa