ਇਕ-ਦੂਜੇ ਨੂੰ ਖਤਮ ਕਰਨ ਦੀ ਲੜਾਈ ਕਿਉਂ...

07/22/2023 7:42:46 PM

ਕੱਲ, ਦੁਪਹਿਰ ਦੇ ਭੋਜਨ ਸਮੇਂ ਮੇਰੀ ਮੁਲਾਕਾਤ ਮਣੀਪੁਰ ਦੀ ਇਕ ਮੁਟਿਆਰ ਨਾਲ ਹੋਈ ਅਤੇ ਉਸ ਦੀਆਂ ਅੱਖਾਂ ’ਚ ਉਦਾਸੀ ਦੇਖੀ। ‘‘ਉਨ੍ਹਾਂ ਨੇ ਇਕ-ਦੂਜੇ ਨੂੰ ਤਦ ਤਕ ਮਾਰਨ ਦਾ ਫੈਸਲਾ ਕੀਤਾ ਹੈ ਜਦ ਤਕ ਉਹ ਇਕ-ਦੂਜੇ ਨੂੰ ਖਤਮ ਨਹੀਂ ਕਰ ਦਿੰਦੇ।’’ ਉਸ ਨੇ ਮੈਨੂੰ ਦੱਸਿਆ ਅਤੇ ਉਸ ਦੀ ਆਵਾਜ਼ ’ਚ ਦੁੱਖ ਸੀ।

ਹਾਂ, ਅਸੀਂ ਜਾਣਦੇ ਹਾਂ ਕਿ ਉਹ ਕਿਸ ਬਾਰੇ ਗੱਲ ਕਰ ਰਹੀ ਸੀ-ਦੋ ਜਨਜਾਤੀਆਂ, ਜੋ ਵੱਖ-ਵੱਖ ਧਰਮਾਂ ਨੂੰ ਮੰਨਦੀਆਂ ਸਨ!

ਪਰ ਆਸਥਾ ਕੀ ਹੈ? ਕੀ ਇਹ ਈਸ਼ਵਰ ’ਚ ਵਿਸ਼ਵਾਸ ਨਹੀਂ ਹੈ? ਅਤੇ ਤੁਸੀਂ ਜਿਸ ਵੀ ਭਗਵਾਨ ’ਚ ਵਿਸ਼ਵਾਸ ਕਰਦੇ ਹੋ ਕੀ ਹਰ ਅਧਿਆਤਮਕ ਮਾਰਗ ਸ਼ਾਂਤੀ ਦੀ ਗੱਲ ਨਹੀਂ ਕਰਦਾ? ਫਿਰ ਇਹ ਇਕ-ਦੂਜੇ ਨੂੰ ਖਤਮ ਕਰਨ ਦੀ ਲੜਾਈ ਕਿਉਂ?

ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਵਿਸ਼ਵਾਸ ਨੂੰ ਇਕ ਵੱਖਰੇ ਪੱਧਰ ’ਤੇ ਲੈ ਜਾਈਏ। ਸ਼ਾਂਤੀ ਅਤੇ ਪ੍ਰੇਮ ਦਾ ਪੱਧਰ ਜਿਸ ਬਾਰੇ ਅਖੀਰ ਸਾਰੇ ਧਰਮ ਗੱਲ ਕਰਦੇ ਹਨ ਅਤੇ ਜਿਸ ਲਈ ਹਰ ਮਰਦ ਜਾਂ ਔਰਤ ਯਤਨ ਕਰਦੀ ਹੈ। ਦੂਜੇ ਦੇ ਪ੍ਰਤੀ ਗੁੱਸਾ ਜਾਂ ਨਫਰਤ ਸਹਿੰਦੇ ਹੋਏ ਤੁਸੀਂ ਆਪਣੇ ਮਨ ਦੀ ਸ਼ਾਂਤੀ ਪ੍ਰਾਪਤ ਨਹੀਂ ਕਰ ਸਕਦੇ। ਕੀ ਇਹ ਹਰ ਵਿਅਕਤੀ ਦੀ ਆਸਥਾ ਦਾ ਆਧਾਰ ਨਹੀਂ ਬਣਨਾ ਚਾਹੀਦਾ?

ਪਵਿੱਤਰ ਕਮਿਊਨੀਅਨ ਦੇ ਇਸਾਈ ਰਿਵਾਜ ’ਚ ਕਿਹਾ ਗਿਆ ਹੈ ਕਿ ਜੇ ਤੁਹਾਡੇ ਮਨ ’ਚ ਆਪਣੇ ਭਰਾ, ਆਪਣੀ ਭੈਣ, ਗੁਆਂਢੀ ਜਾਂ ਲਗਭਗ ਕਿਸੇ ਵਿਰੁੱਧ ਕੋਈ ਗੁੱਸਾ ਹੈ, ਤਾਂ ਤੁਸੀਂ ਕਮਿਊਨੀਅਨ ਟੇਬਲ ’ਚ ਹਿੱਸਾ ਨਹੀਂ ਲੈ ਸਕਦੇ। ‘‘ਜਾਓ, ਉਨ੍ਹਾਂ ਲੋਕਾਂ ਨਾਲ ਸ਼ਾਂਤੀ ਸਥਾਪਿਤ ਕਰੋ, ਜਿਨ੍ਹਾਂ ਨਾਲ ਤੁਸੀਂ ਗੁੱਸੇ ਹੋ ਅਤੇ ਉਸ ਪਿੱਛੋਂ ਹੀ ਖਾਣ-ਪੀਣ ’ਚ ਹਿੱਸਾ ਲਵੋ।’’ ਪੁਜਾਰੀ ਪ੍ਰਭੂ ਦੇ ਭੋਜ ’ਚ ਭਾਗ ਲੈਣ ਵਾਲਿਆਂ ’ਚ ਪਿਆਲਾ ਵੰਡਣ ਤੋਂ ਪਹਿਲਾਂ ਕਹਿੰਦੇ ਹਨ।

ਮੈਨੂੰ ਯਕੀਨ ਹੈ ਕਿ ਹਰ ਧਰਮ ਸ਼ਾਇਦ ਵੱਖ-ਵੱਖ ਸ਼ਬਦਾਂ ’ਚ ਇਕ ਹੀ ਗੱਲ ਕਹਿੰਦਾ ਹੈ ਤਾਂ ਫਿਰ ਅਸੀਂ ਧਰਮ ਦੇ ਨਾਂ ’ਤੇ ਇਕ-ਦੂਜੇ ਨਾਲ ਲੜਨ ਦੀ ਇਜਾਜ਼ਤ ਕਿਵੇਂ ਦੇ ਰਹੇ ਹਾਂ, ਜਦਕਿ ਸਾਡਾ ਆਪਣਾ ਧਰਮ ਹੀ ਇਸ ਦੀ ਮਨਾਹੀ ਕਰਦਾ ਹੈ?

ਇਕ ਵਿਅਕਤੀ ਦੇ ਤੌਰ ’ਤੇ, ਸਾਨੂੰ ਜਿਸ ਚੀਜ਼ ਨੂੰ ਵਿਕਸਿਤ ਕਰਨ ਦੀ ਲੋੜ ਹੈ, ਉਹ ਹੈ ‘ਵਿਸ਼ਵਾਸ ਦੀ ਪ੍ਰਪੱਕਤਾ।’

ਸਾਨੂੰ ਇਸ ਨੂੰ ਪ੍ਰਚਾਰਿਤ ਕਰਨ ਦਾ ਯਤਨ ਕਰਨ ਤੋਂ ਪਹਿਲਾਂ ਆਪਣੇ ਖੁਦ ਦੇ ਭਰੋਸੇ ਦਾ ਨਿਰਮਾਣ ਕਰਨ ਦੀ ਲੋੜ ਹੈ ਅਤੇ ਮੈਂ ਆਪਣੇ ਇਸਾਈ ਭਰਾਵਾਂ ਨਾਲ ਵੀ ਗੱਲ ਕਰ ਰਿਹਾ ਹਾਂ ਜਿਨ੍ਹਾਂ ਨੇ ਮੈਨੂੰ ਅਕਸਰ ਦੂਜਿਆਂ ਬਾਰੇ ਮਾੜੇ ਸ਼ਬਦ ਬੋਲਦਿਆਂ ਸੁਣਿਆ ਹੈ ਜੋ ਆਪਣੇ ਭਗਵਾਨ ਲਈ ਦੂਜੇ ਰਾਹ ’ਤੇ ਚੱਲਦੇ ਹਨ।

ਅਤੇ ਸਾਡੇ ਆਪਣੇ ਸਿਆਸੀ ਆਗੂਆਂ ਲਈ ਵੀ ਇਹੀ ਸੰਦੇਸ਼ ਹੈ ਜੋ ਚੁਣੇ ਜਾਣ ਤੋਂ ਇਲਾਵਾ ਕਿਸੇ ਹੋਰ ਕਾਰਨ ਕਰਕੇ ਇਕ ਧਾਰਮਿਕ ਫਿਰਕੇ ਨੂੰ ਦੂਜੇ ਦੇ ਖਿਲਾਫ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਵੋਟਰਾਂ ਨੂੰ ਕਹੀਏ, ‘‘ਬਸ! ਪ੍ਰਪੱਕ ਬਣੋ ਅਤੇ ਆਪਣੀ ਅਧਿਆਤਮਿਕਤਾ ਨੂੰ ਉਸ ਭਾਈਚਾਰੇ ’ਚ ਪ੍ਰਦਰਸ਼ਿਤ ਹੋਣ ਦਿਓ, ਜੋ ਤੁਸੀਂ ਲਿਆਉਂਦੇ ਹੋ।’’

ਕਿਸੇ ਵੀ ਸਿਆਸਤਦਾਨ ਨੂੰ ਉਸ ਦੇ ਆਪਣੇ ਪੁਜਾਰੀਆਂ ਵੱਲੋਂ ਦੂਜੇ ਨੂੰ ਸੱਟ ਮਾਰਨ ਦੇ ਸਾਧਨ ਦੇ ਰੂਪ ’ਚ ਆਪਣੇ ਧਰਮ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਸਾਡੇ ਧਾਰਮਿਕ ਆਗੂਆਂ ’ਚ ਇਹ ਕਹਿਣ ਦਾ ਹੌਸਲਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਧਰਮ ਦੇ ਅਧਿਆਪਕ ਅਤੇ ਮਾਰਗਦਰਸ਼ਕ ਦੇ ਤੌਰ ’ਤੇ ਅਜਿਹਾ ਨਹੀਂ ਕੀਤਾ ਜਾ ਸਕਦਾ ਅਤੇ ਵੋਟਰਾਂ ਦੇ ਤੌਰ ’ਤੇ ਵੀ ਸਾਨੂੰ ਅਜਿਹਾ ਹੀ ਕਹਿਣ ਦੀ ਲੋੜ ਹੈ ਕਿਉਂਕਿ ਅਸੀਂ ਇਸ ਤਰ੍ਹਾਂ ਦੀ ਈਸ਼ਵਰ ਨਿੰਦਾ ਨੂੰ ਨਾਮਨਜ਼ੂਰ ਕਰਦੇ ਹਾਂ।

ਇੱਥੋਂ ਤੱਕ ਕਿ ਹਿਟਲਰ ਨੇ ਵੀ ਆਸਥਾ ਦੀ ਵਰਤੋਂ ਨਹੀਂ ਕੀਤੀ, ਉਸ ਨੇ ਨਸਲ ਦੀ ਵਰਤੋਂ ਕੀਤੀ, ਹਾਂ, ਦੂਜਿਆਂ ਨੂੰ ਸੱਟ ਪਹੁੰਚਾਉਣ ਲਈ ਆਸਥਾ ਦੀ ਵਰਤੋਂ ਕਰਨੀ ਅਸਲ ’ਚ ਈਸ਼ਨਿੰਦਾ ਹੈ!

ਪਰਿਵਾਰਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਤੇ ਬਾਕੀ ਭਾਰਤ ’ਚ ਲੱਖਾਂ ਲੋਕਾਂ ਨੂੰ ਅਸੁਰੱਖਿਅਤ ਮਹਿਸੂਸ ਕਰਾਇਆ ਜਾ ਰਿਹਾ ਹੈ। ਇਸ ਨੂੰ ਤੁਰੰਤ ਰੋਕੀਏ ਅਤੇ ਆਪਣੇ ਦੇਸ਼ ’ਚ ਸ਼ਾਂਤੀ ਅਤੇ ਪ੍ਰੇਮ ਲਿਆਉਣ ਲਈ ਆਪਣੇ ਵਿਸ਼ਵਾਸ ’ਚ ਪ੍ਰਪੱਕ ਹੋਣ ਦੇਈਏ...।

ਦੂਰ ਦੀ ਕੋੜੀ- ਰਾਬਰਟ ਕਲੀਮੈਂਟਸ

Rakesh

This news is Content Editor Rakesh