ਆਖ਼ਿਰ ਕਿਉਂ ਕਰਦੀਆਂ ਹਨ ਔਰਤਾਂ ਖੁਦਕੁਸ਼ੀ

01/16/2022 4:45:44 PM

ਇਸਤਰੀ ਸਮਾਜ ਦਾ ਸ਼ੀਸ਼ਾ ਹੁੰਦੀ ਹੈ। ਜੇਕਰ ਕਿਸੇ ਸਮਾਜ ਦੀ ਹਾਲਤ ਨੂੰ ਦੇਖਣਾ ਹੋਵੇ ਤਾਂ ਉੱਥੋਂ ਦੀ ਨਾਰੀ ਦੀ ਹਾਲਤ ਨੂੰ ਦੇਖਣਾ ਹੋਵੇਗਾ। ਨਾਰੀ ਇਕ ਸੰਘਰਸ਼ ਦੀ ਨਹੀਂ ਉਹ ਤਿਆਗ ਅਤੇ ਮਮਤਾ ਦੀ ਮੂਰਤੀ ਵੀ ਹੈ। ਉਹ ਵਿਅਕਤੀ ਹੀ ਨਹੀਂ ਸਗੋਂ ਇਕ ਸ਼ਕਤੀ ਵੀ ਹੈ ਜੋ ਸਮਾਂ ਆਉਣ ’ਤੇ ਰਾਕਸ਼ਸਾਂ ਦਾ ਨਾਸ਼ ਵੀ ਕਰਦੀ ਹੈ।

ਪਰਿਵਾਰ, ਸਮਾਜ ਤੇ ਰਾਸ਼ਟਰ ਨੂੰ ਸੰਸਕਾਰ ਦੇਣ ਵਾਲੀ ਔਰਤ ਜੋ ਕਿ ਭੈਣ, ਪਤਨੀ, ਮਾਂ ਤੇ ਸਮਾਜ ਦੀ ਨਿਰਮਾਤਰੀ ਵੀ ਹੈ, ਅਜਿਹੇ ਸਮਾਜ ’ਚ ਜਨਮ ਲੈ ਕੇ ਮੌਤ ਤੱਕ ਇਕ ਬੜਾ ਵੱਡਾ ਰੋਲ ਅਦਾ ਕਰਦੀ ਹੈ। ਮਹਾਦੇਵੀ ਵਰਮਾ ਨੇ ਕਿਹਾ ਸੀ ਕਿ ਕੁਝ ਨਾਰੀਆਂ ਸਿਰਫ ਵਿਅਕਤੀ ਹੀ ਨਹੀਂ ਸਗੋਂ ਉਹ ਕਾਵਿ ਅਤੇ ਪ੍ਰੇਮ ਦੀ ਪ੍ਰਤੀਮੂਰਤ ਵੀ ਹੁੰਦੀਆਂ ਹਨ। ਮਰਦ ਜਿੱਤ ਦਾ ਭੁੱਖਾ ਹੁੰਦਾ ਹੈ ਅਤੇ ਨਾਰੀ ਸਮਰਪਣ ਦੀ।

ਔਰਤਾਂ ਦੇ ਸਸ਼ਕਤੀਕਰਨ ਲਈ ਭਾਰਤ ਸਰਕਾਰ ਨੇ ਕਈ ਯੋਜਨਾਵਾਂ ਬਣਾਈਆਂ ਹਨ ਜਿਸ ਦੇ ਨਤੀਜੇ ਵਜੋਂ ਔਰਤਾਂ ਹਰ ਖੇਤਰ ’ਚ ਮਰਦਾਂ ਤੋਂ ਵੀ ਅੱਗੇ ਆ ਕੇ ਵੱਖ-ਵੱਖ ਮੀਲ-ਪੱਥਰ ਸਥਾਪਿਤ ਕਰ ਰਹੀਆਂ ਹਨ। ਇਸ ਤਰ੍ਹਾਂ ਔਰਤਾਂ ਨਾਲ ਸਬੰਧਤ ਵਾਪਰਨ ਵਾਲੇ ਵੱਖ-ਵੱਖ ਅਪਰਾਧਾਂ ’ਤੇ ਰੋਕ ਲਗਾਉਣ ਲਈ ਸਰਕਾਰ ਨੇ ਸਮੇਂ-ਸਮੇਂ ’ਤੇ ਸਖਤ ਤੋਂ ਸਖਤ ਕਾਨੂੰਨ ਵੀ ਲਾਗੂ ਕੀਤੇ ਹਨ।

ਉਦਾਹਰਣ ਦੇ ਤੌਰ ’ਤੇ 1860 ’ਚ ਬਾਲ ਵਿਆਹ ਰੋਕਣ ਲਈ ਕਾਨੂੰਨ ਬਣਾਇਆ ਗਿਆ ਅਤੇ ਬਾਅਦ ’ਚ ਲੜਕੀਆਂ ਦੇ ਵਿਆਹ ਦੀ ਘੱਟੋ-ਘੱਟ ਉਮਰ 18 ਸਾਲ ਕੀਤੀ ਗਈ, ਜਿਸ ਨੂੰ ਹੁਣ ਵਧਾ ਕੇ 21 ਸਾਲ ਕੀਤਾ ਜਾ ਰਿਹਾ ਹੈ।

ਦਾਜ ਪ੍ਰਥਾ ਨੂੰ ਰੋਕਣ ਲਈ ਸਾਲ 1961 ’ਚ ਕਾਨੂੰਨ ਬਣਾਇਆ ਿਗਆ ਅਤੇ ਸਾਲ 1987 ’ਚ ਔਰਤਾਂ ਦੇ ਅਸ਼ਲੀਲ ਚਿੱਤਰ ਦਿਖਾਉਣ ਵਿਰੁੱਧ ਸਖਤ ਐਕਟ ਬਣਾਇਆ ਗਿਆ। ਕੰਮ ਵਾਲੀਆਂ ਥਾਵਾਂ ’ਤੇ ਕੰਮਕਾਜੀ ਔਰਤਾਂ ਵਿਰੁੱਧ ਹੋਣ ਵਾਲੇ ਸੈਕਸ ਸ਼ੋਸ਼ਣ ਨੂੰ ਰੋਕਣ ਲਈ ਸਖਤ ਨਿਯਮ ਬਣਾਏ ਗਏ। ਇਸ ਦੇ ਨਾਲ-ਨਾਲ ਔਰਤਾਂ ਨਾਲ ਰੋਜ਼ਾਨਾ ਹੋਣ ਵਾਲੀ ਘਰੇਲੂ ਹਿੰਸਾ ਨੂੰ ਰੋਕਣ ਲਈ ਸਾਲ 2005 ’ਚ ਮਹਿਲਾ ਰਖਵਾਲੀ ਕਾਨੂੰਨ ਬਣਾਇਆ ਗਿਆ ਪਰ ਇਨ੍ਹਾਂ ਸਾਰੀਆਂ ਵਿਵਸਥਾਵਾਂ ਦੇ ਬਾਵਜੂਦ ਸਮਾਜ ਦੀ ਮਾਨਸਿਕਤਾ ’ਚ ਅਜੇ ਵੀ ਕੋਈ ਖਾਸ ਤਬਦੀਲੀ ਨਹੀਂ ਆਈ। ਔਰਤਾਂ ਵਿਰੁੱਧ ਅਪਰਾਧ ਦੀਆਂ ਘਟਨਾਵਾਂ ਵਧਦੀਆਂ ਹੀ ਜਾ ਰਹੀਆਂ ਹਨ। ਔਰਤਾਂ ਜ਼ਿਆਦਾਤਰ ਤਣਾਅਗ੍ਰਸਤ ਜ਼ਿੰਦਗੀ ਬਤੀਤ ਕਰਦੀਆਂ ਹਨ ਅਤੇ ਉਨ੍ਹਾਂ ’ਚ ਖੁਦਕੁਸ਼ੀ ਕਰਨ ਦੀ ਪ੍ਰਵਿਰਤੀ ਵਧਦੀ ਹੀ ਜਾ ਰਹੀ ਹੈ।

ਰਾਸ਼ਟਰੀ ਪਰਿਵਾਰਕ ਸਿਹਤ ਸਰਵੇਖਣ ਦੇ ਅੰਕੜੇ ਅਨੁਸਾਰ ਪਤਾ ਲੱਗਦਾ ਹੈ ਕਿ ਦੇਸ਼ ’ਚ 15 ਤੋਂ 49 ਸਾਲ ਦੀ ਉਮਰ ਵਰਗ ’ਚ 20 ਫੀਸਦੀ ਵਿਆਹੀਆਂ ਔਰਤਾਂ ਨੇ ਆਪਣੇ ਜੀਵਨਸਾਥੀ ਦੀ ਹਿੰਸਾ ਝੱਲੀ ਹੈ ਅਤੇ ਇਸ ਵਰਗ ’ਚ ਹੀ ਸੁਆਣੀਆਂ ਸਭ ਤੋਂ ਵੱਧ ਖੁਦਕੁਸ਼ੀਆਂ ਕਰਦੀਆਂ ਹਨ।

ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਅਨੁਸਾਰ ਸਾਲ 2020 ’ਚ 22,373 ਸੁਆਣੀਆਂ ਨੇ ਖੁਦਕੁਸ਼ੀ ਕੀਤੀ ਅਤੇ ਇਸ ਤਰ੍ਹਾਂ ਹਰ ਦਿਨ ਭਾਰਤ ਦੀਆਂ 61 ਔਰਤਾਂ ਖੁਦਕੁਸ਼ੀ ਕਰ ਰਹੀਅਾਂ ਹਨ।

ਔਰਤਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਖੁਦਕੁਸ਼ੀਆਂ ਦੇ ਕਾਰਨਾਂ ਦਾ ਵਿਸ਼ਲੇਸ਼ਣ ਕੁਝ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ-

1. ਖੁਦਕੁਸ਼ੀ ਕਰਨ ਵਾਲੀ ਔਰਤ ਨੂੰ ਜਦੋਂ ਇਹ ਪਤਾ ਲੱਗਦਾ ਹੈ ਕਿ ਉਸ ਦੀ ਮਾਨਸਿਕ ਸਮੱਸਿਆ ਦਾ ਕੋਈ ਹੋਰ ਹੱਲ ਨਹੀਂ ਹੈ ਤਾਂ ਉਸ ’ਚ ਇਕ ਡਿਪ੍ਰੈਸ਼ਨ ਪੈਦਾ ਹੁੰਦਾ ਹੈ। ਉਸ ਦੀ ਮਾਨਸਿਕ ਹਾਲਤ ਖਰਾਬ ਹੋ ਜਾਂਦੀ ਹੈ ਅਤੇ ਉਸ ਦਾ ਨਾਂਹਪੱਖੀ ਨਜ਼ਰੀਆ ਉਸ ਨੂੰ ਖੁਦਕੁਸ਼ੀ ਕਰਨ ਲਈ ਪ੍ਰੇਰਿਤ ਕਰਦਾ ਹੈ।

2. ਅਜਿਹੀਆਂ ਔਰਤਾਂ ਜੋ ਘਰ ’ਚ ਇਕੱਲੀਆਂ ਰਹਿੰਦੀਆਂ ਹਨ ਅਤੇ ਉਨ੍ਹਾਂ ਨੂੰ ਪਤੀ ਦਾ ਲੋੜੀਂਦਾ ਪਿਆਰ ਨਹੀਂ ਮਿਲਦਾ, ਉਹ ਵੀ ਅਸੰਤੁਲਿਤ ਰਹਿੰਦੀਆਂ ਹਨ। ਕਈ ਔਰਤਾਂ ਦੇ ਪਤੀ ਫੌਜ ਜਾਂ ਵਿਦੇਸ਼ਾਂ ’ਚ ਰਹਿੰਦੇ ਹਨ ਤੇ ਪਿੱਛੋਂ ਉਨ੍ਹਾਂ ਨੂੰ ਸਹੁਰਿਆਂ ਦੇ ਤਾਅਣੇ ਸੁਣਨੇ ਪੈਂਦੇ ਹਨ ਅਤੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ। ਸ਼ਰਮ ਦੀਆਂ ਮਾਰੀਆਂ ਬਹੁਤ ਸਾਰੀਆਂ ਔਰਤਾਂ ਤਣਾਅ ਦੇ ਬਾਰੇ ਆਪਣੇ ਮਾਤਾ-ਪਿਤਾ ਨਾਲ ਵੀ ਗੱਲ ਸਾਂਝੀ ਨਹੀਂ ਕਰਦੀਆਂ। ਸਮਾਂ ਰਹਿੰਦੇ ਉਨ੍ਹਾਂ ਦੀ ਕੌਂਸਲਿੰਗ ਨਹੀਂ ਹੁੰਦੀ ਅਤੇ ਉਹ ਆਪਣੀ ਜੀਵਨ ਲੀਲਾ ਖਤਮ ਕਰ ਲੈਂਦੀਆਂ ਹਨ।

3. ਇਹ ਵੀ ਦੇਖਿਆ ਗਿਆ ਹੈ ਕਿ ਕੁਝ ਔਰਤਾਂ ਦੇ ਪਤੀਆਂ ਦਾ ਦੂਸਰੀਆਂ ਔਰਤਾਂ ਨਾਲ ਸਬੰਧ ਬਣ ਜਾਂਦਾ ਹੈ ਅਤੇ ਉਹ ਆਪਣੀ ਪਤਨੀਆਂ ਦੀ ਪ੍ਰਵਾਹ ਕੀਤੇ ਬਿਨਾਂ ਰੰਗਰਲੀਆਂ ਮਨਾਉਣ ’ਚ ਰੁੱਝ ਜਾਂਦੇ ਹਨ ਅਤੇ ਉਹ ਆਪਣੀ ਪਤਨੀ ਦੀ ਅਣਦੇਖੀ ਕਰਨੀ ਸ਼ੁਰੂ ਕਰ ਦਿੰਦੇ ਹਨ। ਕੁਝ ਪਤੀ ਇਸ ਹੱਦ ਤੱਕ ਚਲੇ ਜਾਂਦੇ ਹਨ ਕਿ ਉਹ ਆਪਣਾ ਧਰਮ ਬਦਲ ਕੇ ਮੁਸਲਿਮ ਬਣ ਜਾਂਦੇ ਹਨ ਅਤੇ ਦੂਜੀ ਪਤਨੀ ਨੂੰ ਰੱਖ ਲੈਣਾ ਆਪਣਾ ਅਧਿਕਾਰ ਸਮਝਦੇ ਹਨ।

4. ਅੱਜ ਦੇ ਨੌਜਵਾਨਾਂ ’ਚ ਵਿਦੇਸ਼ਾਂ ’ਚ ਰਹਿਣ ਦਾ ਰੁਝਾਨ ਵਧਦਾ ਜਾ ਰਿਹਾ ਹੈ। ਉਹ ਕਿਸੇ ਨਾ ਕਿਸੇ ਢੰਗ ਨਾਲ ਵਿਦੇਸ਼ਾਂ ’ਚ ਪਹੁੰਚ ਜਾਂਦੇ ਹਨ ਅਤੇ ਫਿਰ ਉਨ੍ਹਾਂ ਦੇ ਮਨ ’ਚ ਉੱਥੋਂ ਦੇ ਪੱਕੇ ਨਿਵਾਸੀ ਬਣਨ ਦਾ ਲਾਲਚ ਪੈਦਾ ਹੋ ਜਾਂਦਾ ਹੈ। ਉਹ ਆਪਣੇ ਮਾਤਾ-ਪਿਤਾ ਨੂੰ ਦੱਸਣ ਦੀ ਬਜਾਏ ਵਿਦੇਸ਼ੀ ਲੜਕੀਆਂ ਨਾਲ ਿਵਆਹ ਕਰ ਲੈਂਦੇ ਹਨ। ਵਤਨ ਆਉਣ ’ਤੇ ਉਹ ਦੂਜਾ ਵਿਆਹ ਵੀ ਕਰ ਲੈਂਦੇ ਹਨ ਪਰ ਕੁਝ ਹੀ ਦਿਨਾਂ ਬਾਅਦ ਉਨ੍ਹਾਂ ਦੇ ਵਿਦੇਸ਼ੀ ਵਿਆਹ ਦਾ ਪਤਾ ਲੱਗ ਜਾਂਦਾ ਹੈ ਅਤੇ ਹੁਣ ਦੇਸੀ ਲੜਕੀ ਕੋਲ ਤਣਾਅਗ੍ਰਸਤ ਹੋਣ ਦੇ ਇਲਾਵਾ ਕੁਝ ਨਹੀਂ ਬਚਦਾ ਅਤੇ ਉਸ ’ਚ ਖੁਦਕੁਸ਼ੀ ਦੀ ਪ੍ਰਵਿਰਤੀ ਪੈਦਾ ਹੋਣ ਲੱਗਦੀ ਹੈ।

5. ਬਾਲ ਵਿਆਹ ਵੀ ਅਜਿਹੀਆਂ ਘਟਨਾਵਾਂ ਲਈ ਉਤਰਦਾਈ ਹੈ। ਬਾਲ ਿਵਆਹ ਦੇ ਕਾਰਨ ਇਸਤਰੀ ਖੁਦ ਦਾ ਫੈਸਲਾ ਨਹੀਂ ਲੈ ਸਕਦੀ। ਪ੍ਰਪੱਕ ਨਾ ਹੋਣ ਕਾਰਨ ਉਹ ਤਣਾਅ ਦਾ ਸ਼ਿਕਾਰ ਹੋ ਕੇ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਜਾਂਦੀ ਹੈ।

6. ਗਰੀਬੀ ਵੀ ਇਕ ਅਜਿਹਾ ਸਰਾਪ ਹੈ ਕਿ ਕਈ ਪਰਿਵਾਰਾਂ ਨੂੰ ਦੋ ਡੰਗ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਇਕ ਔਰਤ ਜਿਸ ਦਾ ਪਤੀ ਸ਼ਰਾਬੀ ਜਾਂ ਕੁਝ ਵੀ ਨਾ ਕਮਾਉਂਦਾ ਹੋਵੇ ਅਤੇ ਘਰ ’ਚ ਤਿੰਨ-ਚਾਰ ਬੱਚੇ ਅਤੇ ਉਹ ਵੀ ਲੜਕੀਆਂ ਹੀ ਹੋਣ ਤਾਂ ਇਕੱਲੀ ਲਾਚਾਰ ਔਰਤ ਬੇਵੱਸ ਹੋ ਕੇ ਖੁਦਕੁਸ਼ੀ ਕਰ ਲੈਣ ਦੀ ਸੋਚਦੀ ਹੈ।

ਉਪਰੋਕਤ ਤੱਥਾਂ ਨੂੰ ਧਿਆਨ ’ਚ ਰੱਖ ਕੇ ਅਸੀਂ ਕਹਿ ਸਕਦੇ ਹਾਂ ਕਿ ਸਮਾਜ ਦੇ ਸਾਰੇ ਲੋਕਾਂ ਦੀ ਆਪਣੀ ਗਿੱਦ ਭਰੀ ਮਾਨਸਿਕਤਾ ’ਚ ਤਬਦੀਲੀ ਲਿਆਉਣੀ ਚਾਹੀਦੀ ਹੈ। ਉਨ੍ਹਾਂ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਉਨ੍ਹਾਂ ਦੀਆਂ ਧੀਆਂ ਤੇ ਭੈਣਾਂ ਹਨ ਅਤੇ ਜੇਕਰ ਉਨ੍ਹਾਂ ਦੇ ਨਾਲ ਅਜਿਹੀਆਂ ਘਟਨਾਵਾਂ ਵਾਪਰਨ ਤਾਂ ਉਹ ਇਸ ਦੇ ਬਾਰੇ ’ਚ ਕੀ ਕਰਨਗੇ? ਆਪਣੀ ਸੌੜੀ ਮਾਨਸਿਕ ਸੋਚ ਨੂੰ ਹਾਂਪੱਖੀ ਢੰਗ ਨਾਲ ਜਾਗ੍ਰਿਤ ਕਰਨ ਦੀ ਲੋੜ ਹੈ। ਇਸ ਦੇ ਨਾਲ-ਨਾਲ ਨਿਆਇਕ ਪ੍ਰਕਿਰਿਆ ਨੂੰ ਵੀ ਚੁਸਤ-ਦਰੁਸਤ ਕਰਨ ਦੀ ਵੱਡੀ ਲੋੜ ਹੈ ਜਿਸ ਨਾਲ ਪੀੜਤ ਔਰਤ ਨੂੰ ਤੁਰੰਤ ਨਿਆਂ ਮਿਲੇ ਅਤੇ ਅਪਰਾਧੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ। ਇਸੇ ਤਰ੍ਹਾਂ ਮਹਿਲਾ ਸਸ਼ਕਤੀਕਰਨ ਲਈ ਹੋਰ ਵੀ ਵੱਧ ਕੋਸ਼ਿਸ਼ ਕਰਨ ਦੀ ਲੋੜ ਹੈ।

ਆਰ. ਐੱਮ. ਸ਼ਰਮਾ ਡੀ. ਆਈ. ਜੀ. (ਰਿਟਾ.)

Harinder Kaur

This news is Content Editor Harinder Kaur