ਮੁੱਖ ਮੰਤਰੀ ਵਿਚਾਲਿਓਂ ਹੀ ਕਿਉਂ ਬਦਲੇ ਜਾਂਦੇ ਹਨ

09/13/2021 3:43:09 AM

ਡਾ. ਵੇਦਪ੍ਰਤਾਪ ਵੈਦਿਕ 

ਭਾਰਤ ਦੀਆਂ ਦੋਵੇਂ ਪ੍ਰਮੁੱਖ ਅਖਿਲ ਭਾਰਤੀ ਪਾਰਟੀਆਂ, ਭਾਜਪਾ ਤੇ ਕਾਂਗਰਸ ’ਚ ਅੱਜਕਲ ਬੜੇ ਜ਼ੋਰ ਦੀ ਚੁੱਕ-ਥਲ ਚੱਲ ਰਹੀ ਹੈ। ਜੇਕਰ ਕਾਂਗਰਸ ’ਚ ਪੰਜਾਬ ਅਤੇ ਛੱਤੀਸਗੜ੍ਹ ’ਚ ਮੁੱਖ ਮੰਤਰੀਆਂ ਦੇ ਬਦਲਣ ਦੀਆਂ ਅਫਵਾਹਾਂ ਜ਼ੋਰ ਫੜ ਰਹੀਆਂ ਹਨ ਤਾਂ ਪਿਛਲੇ 6 ਮਹੀਨਿਆਂ ’ਚ ਭਾਜਪਾ ਨੇ ਆਪਣੇ 5 ਮੁੱਖ ਮੰਤਰੀ ਬਦਲ ਦਿੱਤੇ ਹਨ। ਤਾਜ਼ਾ ਤਬਦੀਲੀ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਦੀ ਹੈ।

ਇਸ ਤੋਂ ਪਹਿਲਾਂ ਅਸਾਮ ’ਚ ਸਰਬਾਨੰਦ ਸੋਨੋਵਾਲ, ਕਰਨਾਟਕ ’ਚ ਬੀ. ਐੱਸ. ਯੇਦੀਯੁਰੱਪਾ ਅਤੇ ਉੱਤਰਾਖੰਡ ’ਚ ਤ੍ਰਿਵੇਂਦਰ ਸਿੰਘ ਰਾਵਤ ਅਤੇ ਤੀਰਥ ਸਿੰਘ ਰਾਵਤ ਨੂੰ ਬਦਲ ਦਿੱਤਾ ਗਿਆ। ਅਸਾਮ ਦੇ ਇਲਾਵਾ ਇਨ੍ਹਾਂ ਸਾਰੇ ਸੂਬਿਆਂ ’ਚ ਜਲਦੀ ਹੀ ਚੋਣਾਂ ਹੋਣ ਵਾਲੀਆਂ ਹਨ। ਚੋਣਾਂ ਦੀ ਤਿਆਰੀ ਸਾਲ-ਡੇਢ ਸਾਲ ਤੋਂ ਹੋਣ ਲੱਗਦੀ ਹੈ। ਇੱਥੇ ਅਸਲੀ ਸਵਾਲ ਹੈ ਕਿ ਪੁਰਾਣੇ ਮੁੱਖ ਮੰਤਰੀਅਾਂ ਨੂੰ ਚੱਲਦਾ ਕਰ ਦੇਣ ਅਤੇ ਨਵੇਂ ਮੁੱਖ ਮੰਤਰੀ ਨੂੰ ਲਿਆਉਣ ਦਾ ਪ੍ਰਾਯੋਜਨ ਕੀ ਹੁੰਦਾ ਹੈ। ਇਹ ਅਕਸਰ ਉਦੋਂ ਹੁੰਦਾ ਹੈ ਜਦੋਂ ਪਾਰਟੀ ਦੀ ਚੋਟੀ ਦੀ ਲੀਡਰਸ਼ਿਪ ਨੂੰ ਇੰਝ ਲੱਗਣ ਲੱਗਦਾ ਹੈ ਕਿ ਜਨਤਾ ਦੇ ਦਰਮਿਆਨ ਉਸ ਦੀ ਦਾਲ ਪਤਲੀ ਹੋ ਰਹੀ ਹੈ। ਜੇਕਰ ਚੋਣ ਜਿੱਤਣੀ ਹੈ ਤਾਂ ਹੋਰ ਪੈਂਤੜੇ ਤਾਂ ਹੈ ਹੀ, ਜ਼ਰੂਰੀ ਇਹ ਵੀ ਹੈ ਕਿ ਜਨਤਾ ਦੇ ਸਾਹਮਣੇ ਕੋਈ ਤਾਜ਼ਾ ਚਿਹਰਾ ਵੀ ਲਿਆਂਦਾ ਜਾਵੇ।

ਹੁਣ ਰੁਪਾਣੀ ਦੀ ਥਾਂ ਕੋਈ ਪਟੇਲ ਚਿਹਰੇ ਦੀ ਭਾਲ ਕਿਉਂ ਹੋ ਰਹੀ ਹੈ? ਕਿਉਂਕਿ ਗੁਜਰਾਤ ’ਚ ਪਟੇਲਾਂ ਦੀਆਂ 13 ਫੀਸਦੀ ਥੋਕ ਵੋਟਾਂ ਦੀ ਆਮਦਨ ਲਈ ਭਾਜਪਾ ਦੀ ਲਾਰ ਟਪਕ ਰਹੀ ਹੈ। ਰਾਸ਼ਟਰਵਾਦੀ ਭਾਜਪਾ ਦੀਆਂ ਚਿੰਤਾਵਾਂ ਵੀ ਉਹੀ ਹਨ ਜੋ ਦੇਸ਼ ਦੀਆਂ ਹੋਰ ਜਾਤੀਵਾਦੀ ਅਤੇ ਫਿਰਕਾਪ੍ਰਸਤ ਪਾਰਟੀਆਂ ਦੀਆਂ ਹੁੰਦੀਆਂ ਹਨ। ਉਸ ਨੂੰ ਵੀ ਜਾਤੀ ਦੀਆਂ ਥੋਕ ਵੋਟਾਂ ਚਾਹੀਦੀਆਂ ਹਨ। ਭਾਰਤੀ ਲੋਕਤੰਤਰ ਨੂੰ ਜਾਤੀਵਾਦ ਦੇ ਇਸ ਭੂਤ ਤੋਂ ਕਦੋਂ ਮੁਕਤੀ ਮਿਲੇਗੀ, ਕਿਹਾ ਨਹੀਂ ਜਾ ਸਕਦਾ।

2017 ਦੀਆਂ ਚੋਣਾਂ ’ਚ ਗੁਜਰਾਤ ’ਚ ਮਿਲੀਆਂ ਘੱਟ ਸੀਟਾਂ ਨੇ ਭਾਜਪਾ ਦੇ ਕੰਨ ਪਹਿਲਾਂ ਤੋਂ ਹੀ ਖੜ੍ਹੇ ਕਰੀ ਰੱਖੇ ਸਨ। ਜੇਕਰ ਅਗਲੀਆਂ ਚੋਣਾਂ ’ਚ ਭਾਜਪਾ ਦੇ ਹੱਥੋਂ ਗੁਜਰਾਤ ਖਿਸਕ ਗਿਆ ਤਾਂ ਦਿੱਲੀ ਨੂੰ ਬਚਾਉਣਾ ਔਖਾ ਹੋ ਸਕਦਾ ਹੈ। ਮੁੱਖ ਮੰਤਰੀਆਂ ਨੂੰ ਧੜਾਧੜ ਬਦਲਣ ਦਾ ਇਕ ਅਦ੍ਰਿਸ਼ ਅਰਥ ਇਹ ਵੀ ਹੈ ਕਿ ਸਾਡੀਆਂ ਅਖਿਲ ਭਾਰਤੀ ਪਾਰਟੀਆਂ ਦੀ ਚੋਟੀ ਦੀ ਲੀਡਰਸ਼ਿਪ ਦਾ ਯਕੀਨ ਖੁਦ ਤੋਂ ਹਿੱਲ ਰਿਹਾ ਹੈ।

ਉਨ੍ਹਾਂ ਨੂੰ ਜਾਪ ਰਿਹਾ ਹੈ ਕਿ ਉਹ ਇਨ੍ਹਾਂ ਸੂਬਿਆਂ ਦੀਆਂ ਚੋਣਾਂ ਆਪਣੇ ਦਮ ’ਤੇ ਸ਼ਾਇਦ ਜਿੱਤ ਨਹੀਂ ਸਕਣਗੇ। ਜੇਕਰ ਉਨ੍ਹਾਂ ਨੂੰ ਖੁਦ ’ਤੇ ਆਤਮਵਿਸ਼ਵਾਸ ਹੁੰਦਾ ਤਾਂ ਕੋਈ ਮੁੱਖ ਮੰਤਰੀ ਕਿਸੇ ਵੀ ਜਾਤੀ ਦਾ ਹੋਵੇ, ਉਸ ਦੀ ਕਾਰਗੁਜ਼ਾਰੀ ਬਹੁਤ ਪ੍ਰਭਾਵਸ਼ਾਲੀ ਨਾ ਵੀ ਰਹੀ ਹੋਵੇ ਤਾਂ ਵੀ ਉਹ ਆਪਣੇ ਦਮ ’ਤੇ ਚੋਣ ਜਿੱਤਣ ਦਾ ਮਾਦਾ ਰੱਖ ਸਕਦੇ ਹਨ।

ਫਿਲਹਾਲ, ਨਰਿੰਦਰ ਮੋਦੀ ਦੀ ਅਗਵਾਈ ਦੀ ਤੁਲਨਾ ਕਾਂਗਰਸ ਦੀ ਚੋਟੀ ਦੀ ਲੀਡਰਸ਼ਿਪ ਨਾਲ ਨਹੀਂ ਕੀਤੀ ਜਾ ਸਕਦੀ। ਇਹ ਇਕ ਅਟੱਲ ਤੱਥ ਹੈ ਕਿ ਮੋਦੀ ਨੂੰ ਹਿਲਾ ਸਕੇ, ਅਜਿਹਾ ਕੋਈ ਨੇਤਾ ਅੱਜ ਵੀ ਦੇਸ਼ ’ਚ ਨਹੀਂ ਹੈ ਪਰ ਜੇਕਰ ਕੋਈ ਖੁਦ ਹੀ ਹਿੱਲਿਆ ਮਹਿਸੂਸ ਕਰੇ ਤਾਂ ਤੁਸੀਂ ਕੀ ਕਰ ਸਕਦੇ ਹੋ। ਕੋਰੋਨਾ ਦੀ ਮਹਾਮਾਰੀ, ਲੰਗੜਾਉਂਦੀ ਅਰਥਵਿਵਸਥਾ, ਅਫਗਾਨਿਸਤਾਨ ’ਤੇ ਸਾਡੀ ਗੈਰ-ਸੰਜੀਦਗੀ ਅਤੇ ਵਿਦੇਸ਼ ਨੀਤੀ ਦੇ ਮਾਮਲੇ ’ਚ ਅਮਰੀਕਾ ਦਾ ਅੰਨ੍ਹਾ ਅਨੁਕਰਨ ਇਹ ਦੱਸਦਾ ਹੈ ਕਿ ਮੋਦੀ ਸਰਕਾਰ ਤੋਂ ਰਾਸ਼ਟਰ ਨੂੰ ਜੋ ਆਸਾਂ ਸਨ ਉਹ ਅਜੇ ਪੂਰੀਆਂ ਹੋਣੀਆਂ ਬਾਕੀ ਹਨ।

Bharat Thapa

This news is Content Editor Bharat Thapa