ਆਖਿਰ ਰਜਨੀਕਾਂਤ ’ਤੇ ਗੁੱਸਾ ਕਿਉਂ?

01/31/2020 1:53:44 AM

ਬਲਬੀਰ ਪੁੰਜ

ਦੇਸ਼ ਦੇ ਹਰਮਨਪਿਆਰੇ ਅਭਿਨੇਤਾਵਾਂ ’ਚੋਂ ਇਕ ਅਤੇ ‘ਥਲਾਈਵਾ’ ਨਾਂ ਨਾਲ ਪ੍ਰਸਿੱਧ ਰਜਨੀਕਾਂਤ (ਸ਼ਿਵਾਜੀਰਾਵ ਗਾਇਕਵਾੜ) ਇਨ੍ਹੀਂ ਦਿਨੀਂ ਸੁਰਖੀਆਂ ਵਿਚ ਹਨ। ਪਿਛਲੇ 45 ਸਾਲਾਂ ਤੋਂ ਦੱਖਣ ਭਾਰਤੀ ਫਿਲਮਾਂ ਦੇ ਨਾਲ-ਨਾਲ ਹਿੰਦੀ ਸਿਨੇਮਾ ਵਿਚ ਵੀ ਆਪਣੇ ਦਮਦਾਰ ਅਭਿਨੈ ਅਤੇ ਡਾਇਲਾਗਾਂ ਦੇ ਕਾਰਣ ਉਹ ਦੇਸ਼-ਵਿਦੇਸ਼ ਵਿਚ ਵਸੇ ਆਪਣੇ ਕਰੋੜਾਂ ਪ੍ਰਸ਼ੰਸਕਾਂ ਦੇ ਦਿਲਾਂ ’ਤੇ ਰਾਜ ਕਰ ਰਹੇ ਹਨ। ਫਿਰ ਅਜਿਹਾ ਕੀ ਹੋਇਆ ਕਿ ਆਪਣੀ ਕਰਮ ਭੂਮੀ ਤਾਮਿਲਨਾਡੂ ਵਿਚ ਇਕ ਵਰਗ ਉਨ੍ਹਾਂ ਦਾ ਨਾ ਸਿਰਫ ਵਿਰੋਧ ਕਰ ਰਿਹਾ ਹੈ, ਸਗੋਂ ਉਨ੍ਹਾਂ ਨਾਲ ਨਾਰਾਜ਼ ਵੀ ਹੋ ਗਿਆ ਹੈ? ਇਸ ਦਾ ਸਬੰਧ ਪ੍ਰਸਿੱਧ ਤਮਿਲ ਸਪਤਾਹਿਕ ਪੱਤ੍ਰਿਕਾÌ ‘ਤੁਗਲਕ’ ਦੀ 50ਵੀਂ ਵਰ੍ਹੇਗੰਢ ’ਤੇ 14 ਜਨਵਰੀ ਨੂੰ ਆਯੋਜਿਤ ਉਹ ਪ੍ਰੋਗਰਾਮ ਹੈ, ਜਿਸ ਵਿਚ ਰਜਨੀਕਾਂਤ ਨੇ ਕਿਹਾ ਸੀ, ‘‘ਤਾਮਿਲਨਾਡੂ ਦੇ ਸੇਲਮ ’ਚ ਇਕ ਰੈਲੀ ਦੌਰਾਨ ਪੇਰੀਆਰ (ਈਰੋੜ ਵੇਂਕਟ ਰਾਮਾਸਾਮੀ ਨਾਯਕਰ) ਨੇ ਸ਼੍ਰੀ ਰਾਮਚੰਦਰ ਅਤੇ ਸੀਤਾ ਦੀਆਂ ਨਿਰਵਸਤਰ ਮੂਰਤੀਆਂ ਦਾ ਜੁੱਤੀਆਂ ਦੀ ਮਾਲਾ ਨਾਲ ਜਲੂਸ ਕੱਢਿਆ ਸੀ। ਕਿਸੇ ਨੇ ਇਹ ਖ਼ਬਰ ਨਹੀਂ ਛਾਪੀ ਸੀ ਪਰ ਚੋ ਰਾਮਾਸਵਾਮੀ (ਤੁਗਲਕ ਪੱਤ੍ਰਿਕਾ ਦੇ ਸੰਸਥਾਪਕ ਅਤੇ ਤਤਕਾਲੀਨ ਸੰਪਾਦਕ) ਨੇ ਇਸ ਦੀ ਸਖਤ ਆਲੋਚਨਾ ਕੀਤੀ ਸੀ ਅਤੇ ਪੱਤ੍ਰਿਕਾ ਦੇ ਮੁੱਖ ਪੰਨੇ ’ਤੇ ਇਸ ਨੂੰ ਪ੍ਰਕਾਸ਼ਿਤ ਕੀਤਾ ਸੀ।’’ ਰਜਨੀਕਾਂਤ ਦੇ ਇਸ ਬਿਆਨ ਨਾਲ ਇਕਦਮ ਮੁੱਖ ਵਿਰੋਧੀ ਪਾਰਟੀ ਡੀ. ਐੱਮ. ਕੇ. (ਦ੍ਰਮੁਕ) ਅਤੇ ਉਸ ਦੇ ਸਮਰਥਕ ਸੰਗਠਨ ਭੜਕ ਉੱਠੇ। ਉਨ੍ਹਾਂ ਦਾ ਕਹਿਣਾ ਹੈ–ਰਜਨੀਕਾਂਤ ਆਪਣੇ ਬਿਆਨ ’ਤੇ ਮੁੜ ਵਿਚਾਰ ਕਰਨ ਅਤੇ ਝੂਠ ਬੋਲਣ ਲਈ ਮੁਆਫੀ ਮੰਗਣ। ਇਸ ’ਤੇ ਰਜਨੀਕਾਂਤ ਦਾ ਕਹਿਣਾ ਹੈ ਕਿ ‘‘ਮੈਂ ਆਪਣੀ ਗੱਲ ਤੋਂ ਪਿੱਛੇ ਨਹੀਂ ਹਟਾਂਗਾ, ਮੈਂ ਇਸ ਨੂੰ ਸਿੱਧ ਵੀ ਕਰ ਸਕਦਾ ਹਾਂ।’’ ਪੰਜ ਦਹਾਕੇ ਪਹਿਲਾਂ ਸੇਲਮ ਦੀ ਜਿਸ ਘਟਨਾ ਦਾ ਵਰਣਨ ਰਜਨੀਕਾਂਤ ਨੇ ਕੀਤਾ ਹੈ, ਉਹ ਦਰਅਸਲ 24 ਜਨਵਰੀ 1971 ਨਾਲ ਸਬੰਧਿਤ ਹੈ। ਇਸ ਨੂੰ ਲੈ ਕੇ ਪ੍ਰਮੁੱਖ ਅੰਗਰੇਜ਼ੀ ਰੋਜ਼ਾਨਾ ਅਖ਼ਬਾਰ ‘ਦਿ ਹਿੰਦੂ’ ਨੇ 17 ਫਰਵਰੀ 1971 ਨੂੰ ਆਪਣਾ ਸੰਪਾਦਕੀ ਵੀ ਲਿਖਿਆ ਸੀ, ਜਿਸ ਵਿਚ ਤਮਿਲ ਸਪਤਾਹਿਕ ਪੱਤ੍ਰਿਕਾ ‘ਤੁਗਲਕ’ ਉੱਤੇ ਹੋਈ ਤਤਕਾਲੀਨ ਦ੍ਰਮੁਕ ਸਰਕਾਰ ਦੀ ਕਾਰਵਾਈ ਦਾ ਵੀ ਵਰਣਨ ਹੈ। ਹੁਣ ‘ਤੁਗਲਕ’ 1971 ਦੇ ਸੇਲਮ ਘਟਨਾਕ੍ਰਮ ’ਤੇ ਛਪੇ ਆਪਣੇ ਐਡੀਸ਼ਨ ਨੂੰ ਮੁੜ ਪ੍ਰਕਾਸ਼ਿਤ ਕਰਨ ਜਾ ਰਹੀ ਹੈ। ਇਸ ’ਤੇ ‘ਥੰਥਈ ਪੇਰੀਆਰ ਦ੍ਰਵਿੜ ਕੜਗਮ’ ਨਾਮੀ ਸੰਗਠਨ ਦੇ ਕੁਝ ਲੋਕਾਂ ਨੇ ‘ਤੁਗਲਕ’ ਦੇ ਸੰਪਾਦਕ ਅਤੇ ਸੀਨੀਅਰ ਅਰਥਸ਼ਾਸਤਰੀ ਐੱਸ. ਗੁਰੂਮੂਰਤੀ ਨੂੰ ਧਮਕਾਉਣ ਦੇ ਮਕਸਦ ਨਾਲ ਚੇਨਈ ਸਥਿਤ ਉਨ੍ਹਾਂ ਦੇ ਘਰ ’ਤੇ ਐਤਵਾਰ (26 ਜਨਵਰੀ) ਨੂੰ ਪੈਟਰੋਲ ਬੰਬ ਨਾਲ ਹਮਲੇ ਦਾ ਅਸਫਲ ਯਤਨ ਕੀਤਾ। ਪੇਰੀਆਰ ਈਰੋੜ ਵੇਂਕਟ ਰਾਮਾਸਵਾਮੀ ਨਾਯਕਰ ਕੌਣ ਸਨ ਅਤੇ ਉਨ੍ਹਾਂ ਦੀ ਹਿੰਦੂ-ਵਿਰੋਧੀ ਚਿੰਤਨ ਦੇ ਪਿੱਛੇ ਦੀ ਮਾਨਸਿਕਤਾ ਕੀ ਸੀ, ਇਸ ਦਾ ਜਵਾਬ ‘ਦ੍ਰਵਿੜ ਅੰਦੋਲਨ’ ਅਤੇ ‘ਦ੍ਰਵਿੜ ਕੜਗਮ’ (ਡੀ. ਕੇ.) ਦੇ ਇਤਿਹਾਸ ਵਿਚ ਮਿਲ ਜਾਂਦਾ ਹੈ, ਜਿਸ ਦਾ ਜਨਮ ਭਾਰਤ ਵਿਚ ਚਰਚ ਅਤੇ ਇਸਾਮੀ ਮਿਸ਼ਨਰੀਆਂ ਵਲੋਂ ਧਰਮ ਬਦਲਣ, ਭਾਵ ‘ਆਤਮਾ ਦੇ ਵਪਾਰ’, ਇਸਾਈਅਤ ਦੇ ਪ੍ਰਚਾਰ-ਪ੍ਰਸਾਰ ਅਤੇ ਸਾਮਰਾਜਵਾਦੀ ਬਰਤਾਨਵੀਆਂ ਵਲੋਂ ਦੇਸ਼ ਵਿਚ ਲੰਮੇ ਸਮੇਂ ਤਕ ਆਪਣੇ ਬਸਤੀਵਾਦੀ ਸ਼ਾਸਨ ਨੂੰ ਕਾਇਮ ਰੱਖਣ ਲਈ ਹੋਇਆ ਸੀ। ਸੰਨ 1813 ਵਿਚ ਚਰਚ ਦੇ ਦਬਾਅ ਵਿਚ ਆ ਕੇ ਬਰਤਾਨੀਆ ਨੇ ਈਸਟ ਇੰਡੀਆ ਕੰਪਨੀ ਦੇ ਚਾਰਟਰ ਵਿਚ ਇਕ ਵਿਵਾਦਿਤ ਧਾਰਾ ਨੂੰ ਜੋੜ ਦਿੱਤਾ, ਜਿਸ ਦੇ ਰਾਹੀਂ ਇਸਾਈ ਮਿਸ਼ਨਰੀਆਂ ਨੂੰ ਭਾਰਤ ਵਿਚ ਆ ਕੇ ਖੁੱਲ੍ਹੇ ਤੌਰ ’ਤੇ ਧਰਮ ਬਦਲਣ ਦਾ ਰਾਹ ਪੱਧਰਾ ਹੋ ਗਿਆ ਸੀ। ‘ਦਿ ਵ੍ਹਾਈਟ ਮੈਨ ਬਰਡਨ’ ਦੇ ਮਜ਼੍ਹਬੀ ਫਰਜ਼ ਦੀ ਪੂਰਤੀ ਲਈ ਅੰਗਰੇਜ਼ੀ ਹਕੂਮਤ ਨੇ ਅਸਿੱਧੇ-ਸਿੱਧੇ ਤੌਰ ’ਤੇ ਚਰਚ ਅਤੇ ਇਸਾਈ ਮਿਸ਼ਨਰੀਆਂ ਨੂੰ ਹਰ ਸੰਭਵ ਸਹੂਲਤ ਵੀ ਦਿੱਤੀ। ਇਸ ਦਾ ਭੈੜਾ ਨਤੀਜਾ ਇਹ ਨਿਕਲਿਆ ਕਿ ਸੰਨ 1857 ਦੀ ਪਹਿਲੀ ਸੁਤੰਤਰਤਾ ਕ੍ਰਾਂਤੀ ਵਿਚ ਦੇਸ਼ ਦਾ ਇਕੋ ਇਕ ਸਮਾਜ, ਜੋ ਪੂਰੀ ਤਰ੍ਹਾਂ ਅੰਗਰੇਜ਼ਾਂ ਦੇ ਨਾਲ ਅਤੇ ਆਜ਼ਾਦੀ ਦੇ ਵਿਰੋਧ ਵਿਚ ਖੜ੍ਹਾ ਸੀ, ਉਹ ਸਿਰਫ ਨਵਾਂ ਧਰਮ ਤਬਦੀਲੀ ਵਾਲਾ ਇਸਾਈ ਭਾਈਚਾਰਾ ਸੀ। ਜਦੋਂ ਫਿਰ ਬਰਤਾਨਵੀ ਸ਼ਾਸਕ ਸਰ ਸਈਅਦ ਅਹਿਮਦ ਖਾਨ ਰਾਹੀਂ ਹਿੰਦੂ-ਮੁਸਲਮਾਨ ਸਬੰਧਾਂ ’ਚ ਸਦੀਆਂ ਪੁਰਾਣੇ ਬੇਭਰੋਸਗੀ ਦਾ ਲਾਭ ਉਠਾ ਕੇ ਉੱਤਰ-ਭਾਰਤ ਵਿਚ ਮੁਸਲਿਮ ਵੱਖਵਾਦ ਦੀ ਸਕ੍ਰਿਪਟ ਲਿਖ ਰਹੇ ਸਨ, ਉਦੋਂ ਮਦਰਾਸ ਵਿਚ ਚਰਚ ਅਤੇ ਇਸਾਈ ਮਿਸ਼ਨਰੀਆਂ ਨੇ ਬ੍ਰਾਹਮਣਾਂ ਦੇ ਨਾਲ ਹਿੰਦੂ ਭਾਈਚਾਰੇ ਦੇ ਉੱਚ ਅਤੇ ਪੜ੍ਹੇ-ਲਿਖੇ ਵਰਗ ਦੇ ਧਰਮ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਆਸ ਅਨੁਸਾਰ ਸਫਲਤਾ ਨਾ ਮਿਲੀ। ਉਦੋਂ ਤਕ ਦੱਖਣੀ ਭਾਰਤ ਸਮੇਤ ਸਮੁੱਚੇ ਦੇਸ਼ ਵਿਚ ਆਜ਼ਾਦੀ ਦੀ ਭਾਵਨਾ ਮਜ਼ਬੂਤ ਹੋ ਚੁੱਕੀ ਸੀ ਅਤੇ ਚਰਚ-ਇਸਾਈ ਮਿਸ਼ਨਰੀਆਂ ਦੇ ਮਜ਼੍ਹਬੀ ਏਜੰਡੇ ਵਿਚ ਤਤਕਾਲੀਨ ਕਾਂਗਰਸ ਵੱਡੀ ਰੁਕਾਵਟ ਬਣ ਗਈ।

ਇਸ ਤੋਂ ਬਾਅਦ ਇਸਾਈ ਮਿਸ਼ਨਰੀਆਂ ਨੇ ਆਪਣੀ ਰਣਨੀਤੀ ਬਦਲੀ ਅਤੇ ਹਿੰਦੂਆਂ ਵਿਚ ਅਣਡਿੱਠ, ਸ਼ੋਸ਼ਿਤ ਅਤੇ ਵਾਂਝੇ ਵਰਗ, ਜਿਨ੍ਹਾਂ ਨੂੰ ਅੱਜ ਦਲਿਤ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ, ਉਨ੍ਹਾਂ ’ਤੇ ਆਪਣਾ ਧਿਆਨ ਕੇਂਦ੍ਰਿਤ ਕੀਤਾ। ਅਖੌਤੀ ਸਮਾਜਿਕ ਨਿਆਂ ਦੇ ਨਾਂ ’ਤੇ ਬ੍ਰਾਹਮਣਾਂ ਵਿਰੁੱਧ ਗੈਰ-ਬ੍ਰਾਹਮਣਾਂ ਨੂੰ ਖੜ੍ਹਾ ਕੀਤਾ ਗਿਆ, ਜਿਨ੍ਹਾਂ ’ਚੋਂ ‘ਦ੍ਰਵਿੜ ਅੰਦੋਲਨ’ ਦਾ ਜਨਮ ਹੋਇਆ ਅਤੇ ਤਤਕਾਲੀਨ ਕਾਂਗਰਸ ਦੇ ਸਾਬਕਾ ਮੈਂਬਰ (1919-25) ਪੇਰੀਆਰ ਈ. ਵੀ. ਰਾਮਾਸਾਮੀ ਨਾਯਕਰ ਇਸ ਦੇ ਮੁੱਖ ਥੰਮ੍ਹ ਬਣ ਕੇ ਉੱਭਰੇ। 1947 ਆਉਂਦੇ-ਆਉਂਦੇ ਉਹ ਖੁੱਲ੍ਹ ਕੇ ਹਿੰਦੂਆਂ ਨੂੰ ਇਸਾਈਅਤ ਅਤੇ ਇਸਲਾਮ ਧਰਮ ਬਦਲਣ ਲਈ ਪ੍ਰੇਰਿਤ ਕਰਨ ਲੱਗੇ।

ਜਸਟਿਸ ਪਾਰਟੀ ਨੇ ਤਤਕਾਲੀਨ ਕਾਂਗਰਸ ਨੂੰ ਬ੍ਰਾਹਮਣਾਂ ਦੀ ਪਾਰਟੀ ਐਲਾਨਿਆ

ਕੁਟਿਲ ਮਾਨਸਿਕਤਾ ਦੇ ਨਾਲ ਗੈਰ-ਬ੍ਰਾਹਮਣਾਂ ਨੂੰ ਇਕਜੁੱਟ ਕਰਨ ਦੇ ਮਕਸਦ ਨਾਲ ਬਰਤਾਨਵੀ ਸ਼ਾਸਕਾਂ ਦੀ ਸਰਪ੍ਰਸਤੀ ’ਚ ਸਾਲ 1917 ਵਿਚ ਜਸਟਿਸ ਪਾਰਟੀ ਦਾ ਗਠਨ ਹੋਇਆ, ਜੋ 1944 ਤੋਂ ਬਾਅਦ ‘ਦ੍ਰਵਿੜ ਕੜਗਮ’ (ਡੀ. ਕੇ.) ਦੇ ਨਾਂ ਨਾਲ ਪ੍ਰਚੱਲਿਤ ਹੋਈ। ਸਮਾਜਿਕ ਨਿਆਂ ਦੇ ਨਾਂ ’ਤੇ ਇਸ ਪਾਰਟੀ ਨੇ ਭਾਰਤ ਵਿਚ ਅੰਗਰੇਜ਼ਾਂ ਦੇ ਸ਼ਾਸਿਤ ਰਾਜ ਦੀ ਕਲਪਨਾ ਕੀਤੀ ਅਤੇ ਤਤਕਾਲੀਨ ਕਾਂਗਰਸ ਨੂੰ ਬ੍ਰਾਹਮਣਾਂ ਦੀ ਪਾਰਟੀ ਐਲਾਨਿਆ। ਪਾਰਟੀ ਦਾ ਮਾੜੀ ਦਲੀਲ ਸੀ–ਜੇਕਰ ਭਾਰਤ ’ਚੋਂ ਅੰਗਰੇਜ਼ ਚਲੇ ਗਏ ਤਾਂ ਦੇਸ਼ ’ਤੇ ਬ੍ਰਾਹਮਣਾਂ ਦਾ ਰਾਜ ਹੋਵੇਗਾ ਅਤੇ ਮਨੂ ਸਮ੍ਰਿਤੀ ਨੂੰ ਲਾਗੂ ਕਰਦੇ ਹੋਏ ਬ੍ਰਾਹਮਣਾਂ ਨੂੰ ਛੱਡ ਕੇ ਬਾਕੀ ਸਾਰੇ ਲੋਕ ਦੋਇਮ ਦਰਜੇ ਦੇ ਨਾਗਰਿਕ ਹੋ ਜਾਣਗੇ। ਅੰਗਰੇਜ਼ਾਂ ਦੇ ਪ੍ਰਤੀ ਵਫ਼ਾਦਾਰ ਜਸਟਿਸ ਪਾਰਟੀ ਨੇ ਜਲਿਆਂਵਾਲੇ ਬਾਗ ਕਾਂਡ ਵਿਚ ਜਨਰਲ ਡਾਇਰ ਦੇ ਹੁਕਮ ’ਤੇ ਹੋਏ ਕਤਲੇਆਮ ਦਾ ਸਮਰਥਨ ਤਕ ਕਰ ਦਿੱਤਾ ਸੀ।

ਭਾਰਤੀ ਸੰਵਿਧਾਨ ਨੂੰ ‘ਸੋਗ ਦਿਵਸ’ ਦੇ ਰੂਪ ’ਚ ਮਨਾਇਆ

ਬੀਤੇ ਸਮੇਂ ’ਚ ਪੇਰੀਆਰ ਨੇ ਯੋਜਨਾਬੱਧ ਢੰਗ ਨਾਲ ਆਤਮ-ਸਨਮਾਨ ਅੰਦੋਲਨ (ਦ੍ਰਵਿੜ ਅੰਦੋਲਨ) ਸ਼ੁਰੂ ਕੀਤਾ, ਜਿਸ ਵਿਚ ਨਾਬਰਾਬਰੀ ਅਤੇ ਬੇਇਨਸਾਫੀ ਦੇ ਨਾਂ ’ਤੇ ‘ਬ੍ਰਾਹਮਣ ਬਨਾਮ ਗੈਰ-ਬ੍ਰਾਹਮਣ’, ‘ਹਿੰਦੀ ਬਨਾਮ ਤਮਿਲ’, ‘ਤਮਿਲ ਵਾਸੀ ਬਨਾਮ ਗੈਰ-ਤਮਿਲ ਵਾਸੀ’, ‘ਦੱਖਣ ਭਾਰਤ ਬਨਾਮ ਉੱਤਰ ਭਾਰਤ’ ਦੀ ਜ਼ਹਿਰੀਲੀ ਸਿਆਸੀ ਫਿਲਾਸਫੀ ਸੀ। ਜਦੋਂ 1939 ਵਿਚ ਪੇਰੀਆਰ ਜਸਟਿਸ ਪਾਰਟੀ ਦੇ ਮੁਖੀ ਬਣੇ, ਉਦੋਂ ਉਨ੍ਹਾਂ ਨੇ ਪਾਰਟੀ ਦਾ ਨਾਂ ‘ਦ੍ਰਵਿੜ ਕੜਗਮ’ ਕਰਦੇ ਹੋਏ ‘ਦ੍ਰਵਿੜਨਾਡੂ’ ਨਾਂ ਦੇ ਵੱਖਰੇ ਰਾਸ਼ਟਰ ਦੀ ਮੰਗ ਕਰ ਕੇ ਮੁਸਲਿਮ ਲੀਗ ਦੇ ਪਾਕਿਸਤਾਨ ਅੰਦੋਲਨ ਨੂੰ ਸਮਰਥਨ ਦੇ ਦਿੱਤਾ। ਇਹੀ ਨਹੀਂ, ਆਜ਼ਾਦੀ ਤੋਂ ਬਾਅਦ 26 ਜਨਵਰੀ 1950 ਨੂੰ ਲਾਗੂ ਹੋਏ ਭਾਰਤੀ ਸੰਵਿਧਾਨ ਨੂੰ ਪੇਰੀਆਰ ਨੇ ਸੋਗ ਦਿਵਸ ਦੇ ਰੂਪ ਵਿਚ ਮਨਾਇਆ। ਅਸਲ ਵਿਚ ਪੇਰੀਆਰ ਦਾ ਦ੍ਰਵਿੜ ਅੰਦੋਲਨ ਨਫਰਤ ਦੀ ਫਿਲਾਸਫੀ ’ਤੇ ਟਿਕਿਆ ਹੋਇਆ ਹੈ। ਇਸ ਲਈ ਉਹ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ (ਨਗਨ ਚਿੱਤਰਾਂ ਸਮੇਤ) ਨੂੰ ਜੁੱਤੀਆਂ, ਚੱਪਲਾਂ ਦੀ ਮਾਲਾ ਪਹਿਨਾ ਕੇ ਜਲੂਸ ਕੱਢ ਕੇ ਅਪਸ਼ਬਦਾਂ ਦੀ ਵਰਤੋਂ ਕਰਦੇ ਸਨ।

1949 ’ਚ ਦ੍ਰਮੁਕ ਦਾ ਗਠਨ

ਚੇਨਈ ਵਿਚ 17 ਸਤੰਬਰ 1879 ਨੂੰ ਜਨਮੇ ਪੇਰੀਆਰ ਦੀ ਨਿੱਜੀ ਜ਼ਿੰਦਗੀ ਵੀ ਉਨ੍ਹਾਂ ਦੇ ਸਿਆਸੀ ਚਿੰਤਨ ਵਾਂਗ ਵਿਵਾਦਿਤ ਰਹੀ, ਜਿਸ ਨੇ ਫਿਰ ਤਾਮਿਲਨਾਡੂ ਦੀ ਸਿਆਸਤ ’ਤੇ ਵੀ ਡੂੰਘਾ ਪ੍ਰਭਾਵ ਪਾਇਆ। 1933 ਵਿਚ ਆਪਣੀ ਪਹਿਲੀ ਪਤਨੀ ਨਾਗਮਮਈ ਦੇ ਦਿਹਾਂਤ ਤੋਂ ਬਾਅਦ ਪੇਰੀਆਰ ਨੇ 70 ਸਾਲਾਂ ਦੀ ਉਮਰ ਵਿਚ 9 ਜੁਲਾਈ 1949 ਨੂੰ 32 ਸਾਲਾ ਨਿੱਜੀ ਸਹਿਯੋਗੀ ਅਤੇ ਡੀ. ਕੇ. ਵਰਕਰ ਮਨਿਯਾਮਮਈ (ਗਾਂਧੀਮਥੀ) ਨਾਲ ਤੀਜਾ ਵਿਆਹ ਕੀਤਾ ਅਤੇ ਉਸ ਨੂੰ ਆਪਣਾ ਸਿਆਸੀ ਉੱਤਰਾਧਿਕਾਰੀ ਐਲਾਨ ਦਿੱਤਾ। ਉਮਰ ਵਿਚ ਬਹੁਤ ਛੋਟੀ ਮਨਿਯਾਮਮਈ ਨੂੰ ਭਵਿੱਖ ਦੀ ਕਮਾਨ ਸੌਂਪ ਕੇ ਪੇਰੀਆਰ ਨੇ ਪਾਰਟੀ ਦੇ ਹੋਰ ਸੀਨੀਅਰ ਸਹਿਯੋਗੀਆਂ ਨੂੰ ਲੋਹਾ-ਲਾਖਾ ਕਰ ਦਿੱਤਾ। ਸਿੱਟੇ ਵਜੋਂ ਪੇਰੀਆਰ ਦੇ ਬੜੇ ਨੇੜਲੇ ਸਹਿਯੋਗੀ ਸੀ. ਐੱਨ. ਅੰਨਾਦੁਰੱਈ (ਜੋ ਬਾਅਦ ਵਿਚ ਤਾਮਿਲਨਾਡੂ ਦੇ ਮੁੱਖ ਮੰਤਰੀ ਵੀ ਬਣੇ), ਨੇ ਸਤੰਬਰ 1949 ਨੂੰ ਆਪਣੀ ਨਵੀਂ ਪਾਰਟੀ ‘ਦ੍ਰਵਿੜ ਮੁਨੇਤਰ ਕੜਗਮ’ (ਡੀ. ਐੱਮ. ਕੇ./ਦ੍ਰਮੁਕ) ਦਾ ਗਠਨ ਕਰ ਲਿਆ, ਜੋ ਅੱਜ ਸੂਬੇ ਵਿਚ ਮੁੱਖ ਵਿਰੋਧੀ ਪਾਰਟੀ ਦੇ ਨਾਲ ਕਾਂਗਰਸ ਦੀ ਅਗਵਾਈ ਵਾਲੇ ਯੂ. ਪੀ. ਏ. ਵਿਚ ਸਹਿਯੋਗੀ ਦੀ ਭੂਮਿਕਾ ਵਿਚ ਹੈ। ਓਧਰ ਅਕਤੂਬਰ 1972 ਨੂੰ ਐੱਮ. ਕਰੁਣਾਨਿਧੀ ਨਾਲ ਮੱਤਭੇਦਾਂ ਮਗਰੋਂ ਦ੍ਰਮੁਕ ਦਾ ਇਕ ਵਰਗ ਐੱਮ. ਜੀ. ਰਾਮਚੰਦਰਨ ਦੀ ਅਗਵਾਈ ਵਿਚ ਅਲੱਗ ਹੋਇਆ ਅਤੇ ਅੰਨਾਦ੍ਰਮੁਕ ਦੀ ਸਥਾਪਨਾ ਹੋਈ, ਜੋ ਅੱਜ ਤਾਮਿਲਨਾਡੂ ਵਿਚ ਸੱਤਾਧਾਰੀ ਪਾਰਟੀ ਅਤੇ ਰਾਜਗ ਦੀ ਸਹਿਯੋਗੀ ਹੈ। ਮੌਜੂਦਾ ਸਮੇਂ ਤਾਮਿਲਨਾਡੂ ਵਿਚ ਦ੍ਰਵਿੜ ਅੰਦੋਲਨ ਕਿੰਨਾ ਅਸਰਦਾਇਕ ਹੈ? ਸੂਬੇ ਦੇ ਸਾਧਾਰਨ ਤਮਿਲ ਲੋਕ ਈਸ਼ਵਰ ਅਤੇ ਕਰਮਕਾਂਡ ਵਿਚ ਉਸੇ ਤਰ੍ਹਾਂ ਆਸਥਾ ਰੱਖਦੇ ਹਨ, ਜਿਵੇਂ ਦੇਸ਼ ਦੇ ਹੋਰ ਕਿਸੇ ਹਿੱਸੇ ਵਿਚ ਰੱਖੀ ਜਾਂਦੀ ਹੈ। ਕੇਰਲ ਸਥਿਤ ਪ੍ਰਾਚੀਨ ਸਬਰੀਮਾਲਾ ਮੰਦਰ ਵਿਚ ਹਰ ਸਾਲ ਭਗਵਾਨ ਅਯੱਪਾ ਦੇ ਦਰਸ਼ਨ ਕਰਨ ਵਾਲੇ ਲੱਖਾਂ ਸ਼ਰਧਾਲੂਆਂ ਵਿਚ ਤਾਮਿਲਨਾਡੂ ਨਿਵਾਸੀਆਂ ਦੀ ਵੀ ਇਕ ਵੱਡੀ ਗਿਣਤੀ ਹੁੰਦੀ ਹੈ। ਇਥੇ ਲੱਗਭਗ 38000 ਛੋਟੇ-ਵੱਡੇ ਹਿੰਦੂ ਮੰਦਰ, ਜਿੱਥੇ ਲੱਖਾਂ ਭਗਤ ਰੋਜ਼ਾਨਾ ਦਰਸ਼ਨਾਂ ਲਈ ਜਾਂਦੇ ਹਨ, ਅਸਲ ਵਿਚ ਮੌਜੂਦਾ ਦ੍ਰਵਿੜ ਸੰਗਠਨਾਂ ਦੇ ਵਧੇਰੇ ਲੋਕਾਂ ’ਤੇ ਵੀ ਪੇਰੀਆਰ ਦੇ ਹਿੰਦੂ ਵਿਰੋਧੀ ਦਰਸ਼ਨ ਦਾ ਪ੍ਰਭਾਵ ਨਾਮਾਤਰ ਹੈ। ਸੱਚ ਤਾਂ ਇਹ ਹੈ ਕਿ ਜਿਸ ਤਰ੍ਹਾਂ ਅੱਜ ਭਾਰਤ ਵਿਚ ਖੱਬੇਪੱਖੀ ਆਪਣੇ ਮੁੱਢਲੇ ਨੇਤਾਵਾਂ ਵਲੋਂ ਗੁਲਾਮੀ ਦੇ ਸਮੇਂ ਅੰਗਰੇਜ਼ਾਂ ਲਈ ਇਹ ਮੁਖ਼ਬਰੀ ਕਰਨ, ਗਾਂਧੀ ਜੀ-ਸੁਭਾਸ਼ ਚੰਦਰ ਬੋਸ ਵਰਗੇ ਰਾਸ਼ਟਰਵਾਦੀ ਆਜ਼ਾਦੀ ਘੁਲਾਟੀਆਂ ਨੂੰ ਅਪਸ਼ਬਦ ਕਹਿਣ ਅਤੇ ਪਾਕਿਸਤਾਨ ਦੇ ਜਨਮ ਵਿਚ ਮਹੱਤਵਪੂਰਨ ਸਾਹਿਤਕ ਭੂਮਿਕਾ ਨਿਭਾਉਣ ਦੇ ਕਾਰਣ ਅਸਹਿਜ ਹੋ ਜਾਂਦੇ ਹਨ, ਠੀਕ ਉਵੇਂ ਹੀ ਬਦਲਦੇ ਸਮੇਂ ਦੇ ਨਾਲ ਦ੍ਰਮੁਕ ਅਤੇ ਹੋਰ ਦ੍ਰਵਿੜ ਨੇਤਾ/ਸੰਗਠਨ ਆਪਣੇ ਮਾਨਸ ਪਿਤਾ ਪੇਰੀਆਰ ਦੀਆਂ ਹਿੰਦੂ ਦੇਵੀ-ਦੇਵਤਿਆਂ ਵਿਰੋਧੀ ਸਰਗਰਮੀਆਂ ਕਾਰਣ ਸ਼ਰਮਸਾਰ ਹਨ। ਰਜਨੀਕਾਂਤ ਦੇ ਹਾਲੀਆ ਬਿਆਨ ਦਾ ਦ੍ਰਵਿੜ ਸੰਗਠਨਾਂ ਵਲੋਂ ਵਿਰੋਧ ਅਤੇ ‘ਤੁਗਲਕ’ ਦੇ ਸੰਪਾਦਕ ਐੱਸ. ਗੁਰੂਮੂਰਤੀ ਦੇ ਘਰ ’ਤੇ ਪੈਟਰੋਲ ਬੰਬ ਨਾਲ ਹਮਲੇ ਦੀ ਕੋਸ਼ਿਸ਼ ਉਸੇ ਸ਼ਰਮਿੰਦਗੀ ਦੇ ਗਰਭ ’ਚੋਂ ਉਪਜੀ ਹੈ।

(punjbalbir@gmail.com)

Bharat Thapa

This news is Content Editor Bharat Thapa