ਕਿੱਥੇ ਹਨ ਡਾਕਟਰੀ ਦੇ ਸਿਧਾਂਤ

06/18/2019 6:50:56 AM

ਰੰਜਨ ਦਾਸ ਗੁਪਤਾ
‘‘ਮੈਨੂੰ ਦੱਸੋ, ਸਾਰਜੈਂਟ ਨੂੰ ਕਿਵੇਂ ਮਾਰਿਆ ਜਾਵੇ ਕਿਉਂਕਿ ਮੈਂ ਪਹਿਲਾਂ ਕਦੇ ਕਿਸੇ ਨੂੰ ਨਹੀਂ ਮਾਰਿਆ।’’ ਪੀਟ ਸੀਗਰ ਦੇ ਇਸ ਮਸ਼ਹੂਰ ਗਾਣੇ ’ਚ ਇਕ ਅਮਰੀਕੀ ਸਿਪਾਹੀ ਦਾ ਕਿੱਸਾ ਹੈ, ਜੋ ਵੀਅਤਨਾਮ ਦੀ ਜੰਗ ਦੌਰਾਨ ਆਪਣੇ ਸੀਨੀਅਰ ਤੋਂ ਸਵਾਲ ਪੁੱਛਦਾ ਹੈ। ਪੱਛਮੀ ਬੰਗਾਲ ’ਚ ਮੈਡੀਕਲ ਖੇਤਰ ’ਚ ਜਾਰੀ ਅਸ਼ਾਂਤੀ ਨੂੰ ਦਰਸਾਉਣ ਲਈ ਇਸ ਫਿਲਾਸਫੀ ਨੂੰ ਥੋੜ੍ਹਾ ਬਦਲਿਆ ਜਾ ਸਕਦਾ ਹੈ। ਇਹ ਲਾਈਨਾਂ ਇਸ ਤਰ੍ਹਾਂ ਹੋ ਸਕਦੀਆਂ ਹਨ : ‘‘ਮੈਨੂੰ ਦੱਸੋ, ਸਰਕਾਰ/ਡਾਕਟਰ ਨੂੰ ਕਿਵੇਂ ਮਾਰਿਆ ਜਾ ਸਕਦਾ ਹੈ ਕਿਉਂਕਿ ਮੈਂ ਪਹਿਲਾਂ ਅਜਿਹਾ ਕਦੇ ਨਹੀਂ ਕੀਤਾ।’’

ਕੀ ਸਰਕਾਰ ਅਤੇ ਮੈਡੀਕਲ ਪ੍ਰੈਕਟੀਸ਼ਨਰ ਕਾਤਲ ਹੋ ਸਕਦੇ ਹਨ? ਇਸ ਸਵਾਲ ਦਾ ਜਵਾਬ ਕਾਫੀ ਮੁਸ਼ਕਿਲ ਹੈ। ਇਕ ਹਫਤਾ ਪਹਿਲਾਂ ਕੇਂਦਰੀ ਕੋਲਕਾਤਾ ਦੇ ਬੀਬੀ ਬਾਗਾਨ ਖੇਤਰ ਦੇ ਨਿਵਾਸੀ 75 ਸਾਲਾ ਮੁਹੰਮਦ ਸਈਦ ਦੀ ਮੌਤ ’ਤੇ ਐੱਨ. ਆਰ. ਐੱਸ. ਹਸਪਤਾਲ ’ਚ ਅਣਕਿਆਸੀ ਹਿੰਸਾ ਭੜਕ ਉੱਠੀ। ਟਰੱਕਾਂ ’ਚ ਭਰ ਕੇ ਕੁਝ ਲੋਕ ਆਏ ਅਤੇ ਉਨ੍ਹਾਂ ਨੇ ਹਸਪਤਾਲ ਕੰਪਲੈਕਸ ’ਚ ਰੈਜ਼ੀਡੈਂਸ ਡਾਕਟਰਾਂ ਨਾਲ ਬੁਰੀ ਤਰ੍ਹਾਂ ਹੱਥੋਪਾਈ ਕੀਤੀ, 2 ਡਾਕਟਰ ਗੰਭੀਰ ਜ਼ਖ਼ਮੀ ਹੋ ਗਏ। ਉਦੋਂ ਤੋਂ ਹੀ ਜੂਨੀਅਰ ਡਾਕਟਰ ਸਾਰੀਆਂ ਆਊਟਡੋਰ ਸਰਗਰਮੀਆਂ ਬੰਦ ਕਰ ਕੇ ਵਿਰੋਧ ਮੁਜ਼ਾਹਰੇ ਕਰ ਰਹੇ ਹਨ। ਬਾਅਦ ’ਚ ਪੂਰੇ ਸੂਬੇ ਦੇ ਸਰਕਾਰੀ ਹਸਪਤਾਲਾਂ ਦੇ ਡਾਕਟਰ ਵੀ ਉਨ੍ਹਾਂ ਨਾਲ ਸ਼ਾਮਿਲ ਹੋ ਗਏ। ਇਥੋਂ ਤਕ ਕਿ ਕਾਰਪੋਰੇਟ ਹਸਪਤਾਲਾਂ ਦੇ ਮੈਡੀਕਲ ਪ੍ਰੈਕਟੀਸ਼ਨਰ ਵੀ ਇਸ ਮੁਜ਼ਾਹਰੇ ਨਾਲ ਜੁੜ ਗਏ।

ਜਦੋਂ ਮਮਤਾ ਸਾਹਮਣੇ ਲੱਗੇ ‘ਗੋ ਬੈਕ’ ਦੇ ਨਾਅਰੇ

ਹੜਤਾਲ ਕਰ ਰਹੇ ਜੂਨੀਅਰ ਡਾਕਟਰਾਂ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੋਂ ਦਖਲ ਦੀ ਮੰਗ ਕੀਤੀ। ਉਹ ਖੁਦ ਨਹੀਂ ਆਈ ਪਰ ਆਪਣੇ ਸਹਿਯੋਗੀ ਚੰਦਰਮਾ ਭੱਟਾਚਾਰੀਆ, ਸਿਹਤ ਸਕੱਤਰ ਰਾਜੀਵ ਸਿਨ੍ਹਾ ਅਤੇ ਹੋਰਨਾਂ ਅਧਿਕਾਰੀਆਂ ਨੂੰ ਭੇਜਿਆ ਪਰ ਕੋਈ ਹੱਲ ਨਹੀਂ ਨਿਕਲਿਆ। ਅੰਦੋਲਨ ਦਾ ਦਾਇਰਾ ਹੋਰ ਵਧ ਗਿਆ ਅਤੇ ਮਮਤਾ ਬੈਨਰਜੀ ਦੇ ਸਖਤ ਰਵੱਈਏ ਅਤੇ 4 ਘੰਟਿਆਂ ਅੰਦਰ ਹੜਤਾਲ ਖਤਮ ਕਰਨ ਦੇ ਅਲਟੀਮੇਟਮ ਦੀ ਸਖਤ ਆਲੋਚਨਾ ਹੋਈ।

ਆਪਣੀ ਜ਼ਿੰਦਗੀ ’ਚ ਪਹਿਲੀ ਵਾਰ ਮਮਤਾ ਬੈਨਰਜੀ ਨੂੰ ‘ਗੋ ਬੈਕ’ ਦੇ ਨਾਅਰੇ ਸੁਣਨੇ ਪਏ ਅਤੇ ਐੱਸ. ਐੱਸ. ਕੇ. ਐੱਮ. ਹਸਪਤਾਲ ਪਹੁੰਚਣ ’ਤੇ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ ਗਏ। ਇਸ ਦੇ ਬਾਵਜੂਦ ਮਮਤਾ ਨੇ ਮਨੁੱਖੀ ਨਜ਼ਰੀਆ ਨਹੀਂ ਛੱਡਿਆ। ਉਨ੍ਹਾਂ ਨੇ ਨਿੱਜੀ ਤੌਰ ’ਤੇ ਮਰੀਜ਼ਾਂ ਦਾ ਧਿਆਨ ਰੱਖਦਿਆਂ 2 ਮਰੀਜ਼ਾਂ ਨੂੰ ਇਲਾਜ ਲਈ ਬੇਲੇਵਯੂ ਕਲੀਨਿਕ ਭੇਜਿਆ। ਰਾਜਪਾਲ ਕੇਸਰੀਨਾਥ ਤ੍ਰਿਪਾਠੀ ਨੇ ਇੰਸਟੀਚਿਊਟ ਆਫ ਨਿਊਰੋ ਸਾਇੰਸਿਜ਼ ਵਿਚ ਜਾ ਕੇ ਜ਼ਖ਼ਮੀ ਡਾਕਟਰਾਂ ਨਾਲ ਮੁਲਾਕਾਤ ਕੀਤੀ। ਮਮਤਾ ਬੈਨਰਜੀ ਨੇ ਪਹਿਲਾਂ ਅਜਿਹਾ ਨਹੀਂ ਕੀਤਾ ਪਰ ਬਾਅਦ ਵਿਚ ਸਹਿਮਤ ਹੋ ਗਈ।

ਆਈ. ਐੱਮ. ਏ. ਦਾ ਉੱਚ ਵਫਦ ਦਿੱਲੀ ਤੋਂ ਹਸਪਤਾਲ ਦੇ ਅਧਿਕਾਰੀਆਂ, ਡਾਕਟਰਾਂ, ਇੰਟਰਨਸ ਅਤੇ ਹੜਤਾਲ ਕਰ ਰਹੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਲਈ ਕੋਲਕਾਤਾ ਪਹੁੰਚਿਆ। ਆਈ. ਐੱਮ. ਏ. ਨੇ ਹੜਤਾਲ ਦਾ ਸਮਰਥਨ ਕੀਤਾ ਅਤੇ 14 ਜੂਨ ਨੂੰ ਮੁਜ਼ਾਹਰੇ ਦਾ ਸੱਦਾ ਦਿੱਤਾ। ਇਸ ਹੜਤਾਲ ਨੂੰ ਦੇਸ਼ ਭਰ ਦੇ ਡਾਕਟਰਾਂ ਦਾ ਸਮਰਥਨ ਮਿਲਿਆ। ਸਥਿਤੀ ਉਦੋਂ ਹੋਰ ਵੀ ਖਰਾਬ ਹੋ ਗਈ, ਜਦੋਂ ਸਰਕਾਰੀ ਹਸਪਤਾਲਾਂ ਦੇ ਸੈਂਕੜੇ ਸੀਨੀਅਰ ਡਾਕਟਰਾਂ ਨੇ ਅਸਤੀਫਾ ਦੇ ਦਿੱਤਾ।

ਇਸ ਤੋਂ ਬਾਅਦ ਆਈ. ਐੱਮ. ਏ. ਨੇ 17 ਜੂਨ ਨੂੰ ਦੇਸ਼ ਭਰ ’ਚ ਓ. ਪੀ. ਡੀ. ਬੰਦ ਰੱਖਣ ਦਾ ਸੱਦਾ ਦਿੱਤਾ। ਡਾ. ਬਿਨਾਇਕ ਸੇਨ, ਸਰੀਜਾਤੋ ਅਤੇ ਅਰਪਣਾ ਸੇਨ ਵਰਗੇ ਬੁੱਧੀਜੀਵੀ ਵਿਖਾਵਾਕਾਰੀਆਂ ਦੇ ਸਮਰਥਨ ’ਚ ਸੜਕਾਂ ’ਤੇ ਉਤਰ ਆਏ। ਸੁਕੁਮਾਰ ਮੁਖਰਜੀ, ਅਭਿਜੀਤ ਚੌਧਰੀ ਅਤੇ ਪਲਬਨ ਮੁਖਰਜੀ ਵਰਗੇ ਪ੍ਰਸਿੱਧ ਸੀਨੀਅਰ ਡਾਕਟਰਾਂ ਵਲੋਂ ਹੜਤਾਲ ਕਰ ਰਹੇ ਡਾਕਟਰਾਂ ਨੂੰ ਮਮਤਾ ਬੈਨਰਜੀ ਨਾਲ ਗੱਲਬਾਤ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਗਈ। ਸਾਰੇ ਯਤਨਾਂ ਤੋਂ ਬਾਅਦ 17 ਜੂਨ ਨੂੰ ਮਮਤਾ ਅਤੇ ਡਾਕਟਰਾਂ ਦੀ ਮੀਟਿੰਗ ਹੋਈ ਅਤੇ ਉਸ ਤੋਂ ਬਾਅਦ ਮਮਤਾ ਨੇ ਡਾਕਟਰਾਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਅਤੇ ਹਸਪਤਾਲਾਂ ’ਚ ਨੋਡਲ ਅਧਿਕਾਰੀ ਤਾਇਨਾਤ ਕਰਨ ਦੀ ਗੱਲ ਕਹੀ।

ਡਾਕਟਰਾਂ ਨੂੰ ਸੁਰੱਖਿਆ ਦੀ ਲੋੜ

ਇਸ ’ਚ ਕੋਈ ਸ਼ੱਕ ਨਹੀਂ ਕਿ ਡਾਕਟਰਾਂ ਨੂੰ ਸੁਰੱਖਿਆ ਦੀ ਲੋੜ ਹੈ। ਦਿੱਲੀ, ਹੈਦਰਾਬਾਦ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ’ਚ ਡਾਕਟਰਾਂ ਨਾਲ ਹੱਥੋਪਾਈ ਦੇ ਕਈ ਮਾਮਲੇ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਸੁਝਾਅ ਦਿੱਤਾ ਹੈ ਕਿ ਹਰੇਕ ਸੂਬਾ ਡਾਕਟਰਾਂ ਅਤੇ ਮੈਡੀਕਲ ਸਟਾਫ ਦੀ ਸੁਰੱਖਿਆ ਲਈ ਕਾਨੂੰਨ ਬਣਾਏ। ਆਈ. ਐੱਮ. ਏ. ਨੇ ਸੁਝਾਅ ਦਿੱਤਾ ਹੈ ਕਿ ਇਸੇ ਤਰਜ਼ ’ਤੇ ਕੇਂਦਰ ਸਰਕਾਰ ਵਲੋਂ ਵੀ ਕਾਨੂੰਨ ਬਣਾਇਆ ਜਾਵੇ। ਲੰਡਨ ਤੋਂ ਐੱਨ. ਆਰ. ਆਈ. ਡਾਕਟਰਾਂ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਅਜਿਹੀ ਹਿੰਸਾ ਰੋਕਣ ਲਈ ਕਾਨੂੰਨ ਬਣਾਉਣ ’ਤੇ ਜ਼ੋਰ ਦਿੱਤਾ ਹੈ।

ਫਿਲਹਾਲ ਇਸ ਮਾਮਲੇ ਦਾ ਇਕ ਹੋਰ ਪਹਿਲੂ ਵੀ ਹੈ। ਦਿਨ-ਬ-ਦਿਨ ਇਲਾਜ ਦੀ ਘਾਟ ਕਾਰਣ ਮਰੀਜ਼ ਪ੍ਰੇਸ਼ਾਨ ਹੋ ਰਹੇ ਹਨ ਅਤੇ ਕਈਆਂ ਦੀ ਮੌਤ ਵੀ ਹੋ ਰਹੀ ਹੈ। ਮਰੀਜ਼ਾਂ ’ਚ ਲਾਪਰਵਾਹ ਡਾਕਟਰਾਂ ਪ੍ਰਤੀ ਨਾਰਾਜ਼ਗੀ ਤੇ ਸ਼ਿਕਾਇਤਾਂ ਵਧ ਰਹੀਆਂ ਹਨ। ਡਾ. ਕੁਨਾਲ ਸੇਨ ਪਹਿਲਾਂ ਹੀ ਹੜਤਾਲ ਨੂੰ ਚੁਣੌਤੀ ਦਿੰਦਿਆਂ ਕੋਲਕਾਤਾ ਹਾਈਕੋਰਟ ’ਚ ਕੇਸ ਦਰਜ ਕਰ ਚੁੱਕੇ ਹਨ। ਓਡਿਸ਼ਾ, ਦਿੱਲੀ, ਹਰਿਆਣਾ, ਗੁਜਰਾਤ ਅਤੇ ਹੋਰਨਾਂ ਸੂਬਿਆਂ ’ਚ ਹੜਤਾਲੀ ਡਾਕਟਰਾਂ ’ਤੇ ‘ਐਸਮਾ’ ਲਾਗੂ ਕੀਤੇ ਜਾਣ ਦੀਆਂ ਕਈ ਮਿਸਾਲਾਂ ਹਨ।

ਮਨੁੱਖਤਾਵਾਦੀ ਨਜ਼ਰੀਏ ਦੀ ਲੋੜ

ਕਿੱਥੇ ਗੁਆਚ ਗਈ ਹੈ ਮਨੁੱਖਤਾ? ਕੀ ਡਾਕਟਰਾਂ ਦੀ ਮਰੀਜ਼ਾਂ ਪ੍ਰਤੀ ਕੋਈ ਨੈਤਿਕ ਜ਼ਿੰਮੇਵਾਰੀ ਨਹੀਂ? ਕੋਲਕਾਤਾ ਹਾਈਕੋਰਟ ਨੇ ਡਾਕਟਰਾਂ ਨੂੰ ਉਨ੍ਹਾਂ ਵਲੋਂ ਚੁੱਕੀ ਗਈ ਪਵਿੱਤਰ ਸਹੁੰ ਦਾ ਚੇਤਾ ਕਰਵਾਇਆ ਹੈ। ਇਹ ਕੋਈ ਹੱਲ ਨਹੀਂ ਹੈ। ਕੀ ਸਿਹਤ ਸੇਵਾਵਾਂ ਡਾਕਟਰਾਂ ਤੋਂ ਬਿਨਾਂ ਜਾਰੀ ਰਹਿ ਸਕਦੀਆਂ ਹਨ? ਕੀ ਸਰਕਾਰੀ ਹਸਪਤਾਲਾਂ ਦੇ ਡਾਕਟਰ ਇਹ ਗੱਲ ਨਹੀਂ ਸਮਝੇ ਕਿ ਜ਼ਿਆਦਾਤਰ ਮਰੀਜ਼ ਪ੍ਰਾਈਵੇਟ ਹਸਪਤਾਲਾਂ ਦਾ ਭਾਰੀ ਖਰਚਾ ਸਹਿਣ ਨਹੀਂ ਕਰ ਸਕਦੇ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਮਮਤਾ ਬੈਨਰਜੀ ਦੇ ਸ਼ੁਰੂਆਤੀ ਹੰਕਾਰ ਅਤੇ ਇਤਰਾਜ਼ਯੋਗ ਬਿਆਨਾਂ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ ਪਰ ਹੜਤਾਲੀ ਡਾਕਟਰਾਂ ਅਤੇ ਉਨ੍ਹਾਂ ਦੀ ਜ਼ਿੱਦ ਦਾ ਵੀ ਸਮਰਥਨ ਨਹੀਂ ਕੀਤਾ ਜਾਣਾ ਚਾਹੀਦਾ। ਇਸ ਮਾਮਲੇ ਦਾ ਸੁਹਿਰਦਤਾਪੂਰਨ ਹੱਲ ਕੱਢਣ ਲਈ ਦੋਵੇਂ ਪਾਸਿਓਂ ਲਚਕੀਲੇ ਰੁਖ਼ ਦੀ ਲੋੜ ਹੈ। ਆਖਿਰ ’ਚ ਸਰਕਾਰ ਅਤੇ ਹੜਤਾਲੀਆਂ ਵਿਚਾਲੇ ਡੇਢ ਘੰਟਾ ਚੱਲੀ ਮੀਟਿੰਗ ਤੋਂ ਬਾਅਦ ਹੜਤਾਲੀ ਕੰਮ ’ਤੇ ਪਰਤਣ ਲਈ ਤਿਆਰ ਹੋ ਗਏ ਅਤੇ ਮੰਗਲਵਾਰ ਤੋਂ ਡਾਕਟਰੀ ਸੇਵਾਵਾਂ ਮੁੜ ਸ਼ੁਰੂ ਹੋ ਜਾਣਗੀਆਂ।
 

Bharat Thapa

This news is Content Editor Bharat Thapa