ਸਿਆਸਤ ’ਚ ਅਜਿਹੀ ਵੀ ਕੀ ਕਾਹਲੀ?

11/29/2019 1:39:13 AM

ਮਾਸਟਰ ਮੋਹਨ ਲਾਲ, ਸਾਬਕਾ ਟਰਾਂਸਪੋਰਟ ਮੰਤਰੀ, ਪੰਜਾਬ

ਅੱਜ ਜਦੋਂ ਭਾਰਤੀ ਜਨਤਾ ਪਾਰਟੀ ਸੱਤਾ ਦੇ ਸਿਖਰ ’ਤੇ ਹੈ, ਅੱਜ ਜਦੋਂ ਭਾਜਪਾ ਨੂੰ ਲੋਕ ਸਭਾ ’ਚ ਪ੍ਰਚੰਡ ਬਹੁਮਤ ਹਾਸਿਲ ਹੈ, ਅੱਜ ਜਦੋਂ ਭਾਜਪਾ ‘ਸੁਨਹਿਰੀ ਯੁੱਗ’ ਵਿਚੋਂ ਲੰਘ ਰਹੀ ਹੈ, ਅੱਜ ਜਦੋਂ ਭਾਜਪਾ ਵਿਸ਼ਵ ਭਰ ਵਿਚ ਸਭ ਤੋਂ ਵੱਧ ਵਰਕਰਾਂ ਦੀ ਪਾਰਟੀ ਬਣ ਚੁੱਕੀ ਹੈ, ਅੱਜ ਜਦੋਂ ਭਾਰਤੀ ਜਨਤਾ ਪਾਰਟੀ ਦੇ ਸਿਰ ’ਤੇ ਸੰਘ ਦਾ ਆਸ਼ੀਰਵਾਦ ਹੈ, ਅੱਜ ਜਦੋਂ ਦੇਸ਼ ਦੇ 90 ਫੀਸਦੀ ਸੂਬਿਆਂ ਵਿਚ ਭਾਜਪਾ ਦੀਆਂ ਸਰਕਾਰਾਂ ਸ਼ਾਸਨ ਚਲਾ ਰਹੀਆਂ ਹਨ ਤਾਂ ਉਸ ਨੂੰ ਮਹਾਰਾਸ਼ਟਰ ਵਿਚ ਕਾਹਲੀ-ਕਾਹਲੀ ਵਿਚ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਦੀ ਕੀ ਲੋੜ ਪਈ ਸੀ? ਹਰਮਨ-ਪਿਆਰਤਾ ਦੀਆਂ ਬੁਲੰਦੀਆਂ ਛੂਹਣ ਵਾਲੀ ਸਿਆਸੀ ਪਾਰਟੀ ਨੂੰ ਇਕ ਕੱਟੜ ਵਿਰੋਧੀ ਪਾਰਟੀ ਦੇ ਆਗੂ ਅਜੀਤ ਪਵਾਰ ’ਤੇ ਇੰਨੀ ਜਲਦੀ ਭਰੋਸਾ ਕਰਨ ਦੀ ਲੋੜ ਕੀ ਸੀ? ਇਕ ਨੇਕਦਿਲ ਰਾਜਪਾਲ ’ਤੇ ਕਿੰਤੂ-ਪ੍ਰੰਤੂ ਕਰਵਾਉਣ ਦੀ ਤੀਬਰਤਾ ਕੀ ਸੀ? ਕਾਹਲੀ ਵਿਚ ਕੰਮ ਵਿਗੜ ਜਾਂਦੇ ਹਨ, ਸੋ ਵਿਗੜ ਗਿਆ। ਜੇਕਰ ਕਾਹਲੀ ਕਰ ਵੀ ਲਈ ਸੀ ਤਾਂ ਫਿਰ ਇਸ ਕਾਹਲੀ ਨੂੰ ਲੰਮੇ ਸਮੇਂ ਵਿਚ ਬਦਲਣ ਦੀ ਯੋਜਨਾ ਬਣਾਉਂਦੇ। ਸੱਤਾ ਤੋਂ ਤਾਕਤ ਨਾਲ ਵਿਧਾਨ ਸਭਾ ਵਿਚ ਬਹੁਮਤ ਹਾਸਿਲ ਕਰਦੇ। ਸਭ ਕੁਝ ਪਾਸ ਹੁੰਦੇ ਹੋਏ ਵੀ 80 ਘੰਟਿਆਂ ਵਿਚ ਆਪਣਾ ਮਜ਼ਾਕ ਉਡਾ ਲਿਆ। ਮਹਾਰਾਸ਼ਟਰ ਕਾਂਡ ਵਿਚ ਭਾਜਪਾ ਨੇ ਗੁਆਇਆ ਹੀ ਗੁਆਇਆ ਹੈ, ਹਾਸਿਲ ਕੁਝ ਵੀ ਨਹੀਂ ਕੀਤਾ। ਬਹੁਮਤ ਹਾਸਿਲ ਕਰਨ ਵਿਚ ਖੂਨ-ਪਸੀਨਾ ਤਾਂ ਵਹਾਇਆ ਹੁੁੰਦਾ। ਲੜੇ ਬਿਨਾਂ ਲੜਾਈ ਹਾਰ ਗਏ, ਉਹ ਵੀ ਉਦੋਂ, ਜਦੋਂ ਸਭ ਕੁਝ ਕੋਲ ਸੀ। ਇਹੀ ਕਾਹਲੀ ਭਾਜਪਾ ਨੇ ਕਰਨਾਟਕ ਵਿਚ ਵਿਧਾਨ ਸਭਾ ਦੀਆਂ ਚੋਣਾਂ ਦੇ ਤੁਰੰਤ ਬਾਅਦ ਯੇਦੀਯੁਰੱਪਾ ਨੂੰ ਮੁੱਖ ਮੰਤਰੀ ਬਣਾ ਕੇ ਕੀਤੀ। ਹਫਤੇ ਵਿਚ ਹੀ ਯੇਦੀਯੁਰੱਪਾ ਨੂੰ ਅਸਤੀਫਾ ਦੇਣਾ ਪਿਆ। ਬਹੁਮਤ ਸੀ ਨਹੀਂ ਅਤੇ ਐਵੇਂ ਦੇਵੇਗੌੜਾ ਦੇ ਪੁੱਤਰ ਕੁਮਾਰਸਵਾਮੀ ਨੂੰ ਮੁੱਖ ਮੰਤਰੀ ਬਣਾ ਦਿੱਤਾ।

ਲੜੇ ਬਿਨਾਂ ਲੜਾਈ ਹਾਰ ਗਈ ਭਾਜਪਾ

ਫੜਨਵੀਸ ਸਿਆਸਤ ਵਿਚ ਨਵੇਂ ਵੀ ਹਨ ਅਤੇ ਨੌਜਵਾਨ ਵੀ। ਉਨ੍ਹਾਂ ਦੀ ਜ਼ਿੰਦਗੀ ਵਿਚ ਮੁੱਖ ਮੰਤਰੀ ਬਣਨ ਦੇ ਅਜੇ ਕਈ ਮੌਕੇ ਆਉਣੇ ਹਨ। ਕਾਹਲੀ ਕਿਉਂ? ਫੜਨਵੀਸ ਅਜੇ ਠਹਿਰਦੇ-ਰੁਕਦੇ, ਵਿਚਾਰ ਕਰਦੇ। ਤੇਲ ਦੇਖਦੇ, ਤੇਲ ਦੀ ਧਾਰ ਦੇਖਦੇ,ਬਣਨ ਦਿੰਦੇ ਸ਼ਿਵ ਸੈਨਾ, ਐੱਨ. ਸੀ. ਪੀ. ਅਤੇ ਕਾਂਗਰਸ ਦੀ ਸਰਕਾਰ। ਚੱਲਣੀ ਤਾਂ ਨਹੀਂ ਸੀ ਇਹ ਖਿਚੜੀ ਸਰਕਾਰ। ਸਮਾਂ ਆਉਣ ’ਤੇ ਫੜਨਵੀਸ ਡੇਗ ਦਿੰਦੇ ਇਹ ਅਨੈਤਿਕ ਸਰਕਾਰ। ਯੇਦੀਯੁਰੱਪਾ ਨੇ ਕੁਮਾਰਸਵਾਮੀ ਅਤੇ ਕਾਂਗਰਸ ਦੀ ਸਰਕਾਰ ਨੂੰ ਸਾਲ ਵਿਚ ਹੀ ਕਰਨਾਟਕ ਵਿਚ ਡੇਗ ਨਹੀਂ ਦਿੱਤਾ ਸੀ? ਇਹ ਤਿੰਨ ਪਾਰਟੀਆਂ ਦੀ ਸਰਕਾਰ ਮਹਾਰਾਸ਼ਟਰ ਵਿਚ ਸਥਾਈ ਸਰਕਾਰ ਨਹੀਂ ਚਲਾ ਸਕਦੀ, ਤਾਂ ਇਸ ਵਾਤਾਵਰਣ ਵਿਚ ਫੜਨਵੀਸ ਪਾਪ ਦੇ ਭਾਗੀ ਕਿਉਂ ਬਣੇ? ਕਾਸ਼! ਰਾਜਪਾਲ ਨਹੀਂ ਤਾਂ ਘੱਟੋ-ਘੱਟ ਫੜਨਵੀਸ ਅਤੇ ਅਜੀਤ ਪਵਾਰ ਵਲੋਂ ਸੌਂਪੀ ਗਈ ਵਿਧਾਇਕਾਂ ਦੀ ਲਿਸਟ ਨੂੰ ਜਾਂਚ ਲੈਂਦੇ। ਅਜੀਤ ਪਵਾਰ ਇੰਨੇ ਵੱਡੇ ਆਗੂ ਨਹੀਂ ਸਨ ਕਿ ਐੱਨ. ਸੀ. ਪੀ. ਦੇ 54 ਵਿਧਾਇਕਾਂ ਦਾ ਸਾਥ ਆਪਣੇ ਆਪ ਹਾਸਿਲ ਕਰ ਸਕਦੇ। ਸਵੈ-ਸਿਆਣਪ ਦੀ ਕਮੀ ਰਹਿ ਗਈ ਅਤੇ ਬੇਵਜ੍ਹਾ ਹਾਰ ਗਏ।

ਅਨੈਤਿਕ ਅਤੇ ਗੈਰ-ਸੁਭਾਵਿਕ ਗੱਠਜੋੜ ਚੱਲਦੇ ਕਿੱਥੇ ਹਨ

ਕਿਉਂਕਿ ਗੈਰ-ਸੁਭਾਵਿਕ ਗੱਠਜੋੜ ਸਿਆਸਤ ਵਿਚ ਚੱਲਦੇ ਨਹੀਂ। ਮਹਾਰਾਸ਼ਟਰ ਵਿਚ ਸ਼ਿਵ ਸੈਨਾ, ਐੱਨ. ਸੀ. ਪੀ. ਅਤੇ ਕਾਂਗਰਸ ਦਾ ਗੱਠਜੋੜ ਗੈਰ-ਸੁਭਾਵਿਕ ਹੈ। ਅਜੇ ਕੱਲ ਤਾਂ ਇਹ ਤਿੰਨੋਂ ਇਕ-ਦੂਜੇ ਦੇ ਵਿਰੁੱਧ ਵਿਧਾਨ ਸਭਾ ਚੋਣਾਂ ਵਿਚ ਜ਼ਹਿਰ ਉਗਲ ਕੇ ਆਏ ਹਨ। ਇਨ੍ਹਾਂ ਤਿੰਨਾਂ ਦਾ ਇਹ ਗੱਠਜੋੜ ਲੋਕਾਂ ਦੀਆਂ ਭਾਵਨਾਵਾਂ ਦੇ ਅਨੁਸਾਰ ਨਹੀਂ। ਸ਼ਿਵ ਸੈਨਾ ਅਤੇ ਭਾਰਤੀ ਜਨਤਾ ਪਾਰਟੀ ਸਾਂਝੇ ਤੌਰ ’ਤੇ ਵਿਧਾਨ ਸਭਾ ਦੀ ਚੋਣ ਲੜ ਕੇ ਆਏ ਸਨ। ਦੋਹਾਂ ਪਾਰਟੀਆਂ ਨੂੰ ਮਹਾਰਾਸ਼ਟਰ ਵਿਚ ਸਰਕਾਰ ਚਲਾਉਣ ਦਾ ਫਤਵਾ ਮਿਲਿਆ ਸੀ। ਸ਼ਿਵ ਸੈਨਾ ਨੂੰ 56 ਅਤੇ ਭਾਰਤੀ ਜਨਤਾ ਪਾਰਟੀ ਨੂੰ 105 ਵਿਧਾਨ ਸਭਾ ਦੀਆਂ ਸੀਟਾਂ ਪ੍ਰਾਪਤ ਹੋਈਆਂ ਸਨ। ਬਹੁਮਤ ਤਾਂ ਸ਼ਿਵ ਸੈਨਾ ਅਤੇ ਭਾਜਪਾ ਨੂੰ ਮਿਲਿਆ ਸੀ। ਕਾਂਗਰਸ ਅਤੇ ਸ਼ਰਦ ਪਵਾਰ ਦੀ ਐੱਨ. ਸੀ. ਪੀ. ਤਾਂ ਵਿਰੋਧੀ ਪਾਰਟੀ ਸੀ। ਕਲਪਨਾ ਵੀ ਨਹੀਂ ਸੀ ਕਿ ਮਹੀਨੇ ਭਰ ਦੀ ਖਿੱਚੋਤਾਣ ਦੇ ਬਾਅਦ ਤਿੰਨੋਂ ਪਾਰਟੀਆਂ ਇਕ ਹੋ ਜਾਣਗੀਆਂ ਅਤੇ ਇਹ ਤਿੰਨੇ ਪਾਰਟੀਆਂ ਰਲ ਕੇ ਸ਼ਿਵ ਸੈਨਾ ਦੇ ਊਧਵ ਠਾਕਰੇ ਨੂੰ ਮੁੱਖ ਮੰਤਰੀ ਦਾ ਅਹੁਦਾ ਸੌਂਪ ਦੇਣਗੇ ਪਰ ਨੈਤਿਕ, ਗੈਰ-ਸੁਭਾਵਿਕ ਗੱਠਜੋੜ ਚੱਲਦੇ ਕਿੱਥੇ ਹਨ? ਅਜੇ ਕੱਲ ਦੀ ਗੱਲ ਹੈ ਕਿ ਜੰਮੂ-ਕਸ਼ਮੀਰ ਵਿਚ ਭਾਰਤੀ ਜਨਤਾ ਪਾਰਟੀ ਅਤੇ ਪੀ. ਡੀ.ਪੀ. ਦਾ ਗੱਠਜੋੜ ਚੰਦ ਕੁ ਕਦਮ ਚੱਲ ਕੇ ਢਹਿ-ਢੇਰੀ ਹੋ ਗਿਆ। ਦੋਹਾਂ ਪਾਰਟੀਆਂ ਵਿਚ ਤਲਵਾਰਾਂ ਖਿੱਚੀਆਂ ਗਈਆਂ। ਅਜਿਹੇ ਗੈਰ-ਸੁਭਾਵਿਕ ਗੱਠਜੋੜ ਕ੍ਰਿਸ਼ਮਾ ਤਾਂ ਹੋ ਸਕਦੇ ਹਨ ਪਰ ਟਿਕ ਨਹੀਂ ਸਕਦੇ। ਅਸੀਂ ਇਤਿਹਾਸ ਵਿਚ ਚੌਧਰੀ ਚਰਨ ਸਿੰਘ ਦਾ ਗੱਠਜੋੜ ਦੇਖਿਆ ਕੇਂਦਰ ਸਰਕਾਰ ਵਿਚ।

ਭਾਰਤ ਦੀ ਜਨਤਾ ਨੇ ਕੇਂਦਰ ਵਿਚ ਦੇਵੇਗੌੜਾ, ਆਈ. ਕੇ. ਗੁਜਰਾਲ ਅਤੇ ਚੰਦਰਸ਼ੇਖਰ ਦਾ ਗੱਠਜੋੜ ਵੀ ਦੇਖਿਆ। ਵੀ. ਪੀ. ਸਿੰਘ ਦੀ ਮੰਡਲ ਸਰਕਾਰ ਦਾ ਗੱਠਜੋੜ ਵੀ ਦੇਖਿਆ ਹੈ। ਇਹ ਗੱਠਜੋੜ ਚੱਲੇ ਹੀ ਕਿੱਥੇ? ਸਾਲ-6 ਮਹੀਨੇ ਚੱਲੇ, ਬਾਅਦ ਵਿਚ ਠੁੱਸ। ਅਨੈਤਿਕ ਗੱਠਜੋੜ ਆਪਣੇ-ਆਪਣੇ ਏਜੰਡੇ ’ਤੇ ਚੱਲਦੇ ਹਨ। ਅਜਿਹੇ ਗੱਠਜੋੜ ਖਦਸ਼ਿਆਂ ’ਤੇ ਆਧਾਰਿਤ ਹੁੰਦੇ ਹਨ। ਗੈਰ-ਸੁਭਾਵਿਕ ਗੱਠਜੋੜ ਸੱਤਾ ਦੇ ਲਾਲਚ ਦੇ ਆਧਾਰ ’ਤੇ ਟਿਕੇ ਹੁੰਦੇ ਹਨ, ਸੱਤਾ ਗਈ ਤਾਂ ਅਜਿਹੇ ਗੱਠਜੋੜ ਵੀ ਚੱਲਦੇ ਬਣਦੇ ਹਨ। ਫੜਨਵੀਸ ਨੂੰ ਅਜਿਹੇ ਗੱਠਜੋੜ ਦਾ ਗਣਿਤ ਸਮਝਣਾ ਹੋਵੇਗਾ, ਘਬਰਾ ਕੇ ਨਹੀਂ, ਪੂਰੀ ਸੁਚੇਤਤਾ ਨਾਲ ਊਧਵ ਠਾਕਰੇ ਦੀ ਅਗਵਾਈ ਵਿਚ ਬਣਨ ਜਾ ਰਹੀ ਮਹਾਰਾਸ਼ਟਰ ਸਰਕਾਰ ਦੇ ਕੰਮਾਂ ਦਾ ਮੁਲਾਂਕਣ ਕਰਨਾ ਚਾਹੀਦਾ ਹੈ ਅਤੇ ਜਦੋਂ ਉਚਿਤ ਸਮਾਂ ਆਵੇ, ਵਾਰ ਕਰਨ।

ਕਾਹਲੀ ਨੇ ਕੀਤੇ ਕਰਾਏ ’ਤੇ ਪਾਣੀ ਫੇਰਿਆ

ਪਰ ਅਜੇ ਤਾਂ ਕੀਤੀ ਗਈ ਕਾਹਲੀ ਦਾ ਭੁਗਤਾਨ ਕਰਨਾ ਪਵੇਗਾ। 80 ਘੰਟਿਆਂ ਦੀ ਇਸ ਕਾਹਲੀ ਨਾਲ ਭਾਰਤੀ ਜਨਤਾ ਪਾਰਟੀ ਦੇ ਵਿਰੋਧ ਵਿਚ ਖੜ੍ਹੀਆਂ ਪਾਰਟੀਆਂ ਦਾ ਮਨੋਬਲ ਵਧਿਆ ਹੈ। ਕਿਤੇ ਤਾਂ ਨਰਿੰਦਰ ਭਾਈ ਮੋਦੀ ਸਿਆਸਤ ਵਿਚ ਮਨੁੱਖੀ ਕਦਰਾਂ-ਕੀਮਤਾਂ ਨੂੰ ਸਥਾਪਿਤ ਕਰਨ ਦੀ ਦੁਹਾਈ ਦੇ ਰਹੇ ਹਨ। ਲੋਕ 2014 ਅਤੇ 2019 ਦੇ 5 ਸਾਲਾਂ ਦੇ ਸ਼ਾਸਨ ਨੂੰ ਘਪਲਿਆਂ ਅਤੇ ਭ੍ਰਿਸ਼ਟਾਚਾਰਾਂ ਤੋਂ ਮੁਕਤ ਦੱਸਦੇ ਆ ਰਹੇ ਹਨ ਅਤੇ ਕਿਤੇ ਇਸ ਕਾਹਲੀ ਨੇ ਸਾਰੇ ਕੀਤੇ-ਕਰਾਏ ’ਤੇ ਪਾਣੀ ਫੇਰ ਦਿੱਤਾ ਹੈ। ਭਾਜਪਾ ਵਰਕਰ ਖ਼ੁਦ ਫੜਨਵੀਸ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ’ਤੇ ਖੁਸ਼ੀ ਦਾ ਇਜ਼ਹਾਰ ਕਰ ਰਹੇ ਸਨ ਪਰ ਅੱਜ ਉਨ੍ਹਾਂ ਦੇ ਅਸਤੀਫੇ ’ਤੇ ਮੂੰਹ ਲਟਕਾਈ ਖੜ੍ਹੇ ਹਨ। 80 ਘੰਟੇ ਪਹਿਲਾਂ ਸਰਕਾਰ ਬਣਾਉਣ ’ਤੇ ਲੱਡੂ ਵੰਡੇ ਜਾ ਰਹੇ ਸਨ। ਭਾਜਪਾ ਵਰਕਰਾਂ ਵਿਚ ਪਟਾਕੇ ਚਲਾਏ ਜਾ ਰਹੇ ਸਨ, ਆਤਿਸ਼ਬਾਜ਼ੀ ਹੋ ਰਹੀ ਸੀ ਪਰ ਅੱਜ ਆਲਮ ਹੋਰ ਹੈ। ਮੈਂ ਇਕ ਟੀਚਰ ਰਿਹਾ ਹਾਂ ਅਤੇ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਉਂਦਾ ਆਇਆ ਹਾਂ। ‘ਸਲੋ ਐਂਡ ਸਟੱਡੀ ਵਿੰਸ ਦਿ ਰੇਸ’ ਉੱਤੇ ਫੜਨਵੀਸ ਨੂੰ ਜਲਦੀ ਅਤੇ ਅਜੀਤ ਪਵਾਰ ਦੇ ਪਰਿਵਾਰਕ ਕਲੇਸ਼ ਨੇ ਸਭ ਗੁੜ-ਗੋਬਰ ਕਰ ਦਿੱਤਾ। ਜਾਂ ਤਾਂ ਇਹ ਜਲਦੀ ਗੋਆ ਸੂਬੇ ਵਿਚ ਸਰਕਾਰ ਬਣਾਉਣ ਵਰਗੀ ਹੁੰਦੀ ਤਾਂ ਜਨਤਾ ਨੂੰ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਨੇ 105 ਵਿਧਾਇਕਾਂ ਦੇ ਹੁੰਦਿਆਂ ਵੀ ਮਹਾਰਾਸ਼ਟਰ ਵਿਚ ਸਰਕਾਰ ਬਣਾ ਲਈ। ਫੜਨਵੀਸ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਦਿਆਂ ਵੀ ਪਤਾ ਸੀ ਕਿ ‘ਅਸੀਂ ਸਿਰਫ 105 ਹਾਂ’, ਇਸ ਤੋਂ ਅੱਗੇ ਅਸੀਂ ਵਧ ਨਹੀਂ ਸਕਦੇ ਤਾਂ 80 ਘੰਟਿਆਂ ਬਾਅਦ ਅਸਤੀਫਾ ਦੇ ਕੇ ਸ਼ਰਮਿੰਦਗੀ ਕਿਉਂ ਮੁੱਲ ਲਈ। ਫੜਨਵੀਸ ਨੂੰ ਪਤਾ ਸੀ ਕਿ ਅਜੀਤ ਪਵਾਰ ਵਿਧਾਇਕਾਂ ਦੀ ਜੋ ਲਿਸਟ ਰਾਜਪਾਲ ਨੂੰ ਭੇਜ ਰਹੇ ਹਨ, ਉਹ ਸਹੀ ਨਹੀਂ ਹੈ, ਤਾਂ ਵੀ ਉਨ੍ਹਾਂ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਕਿਉਂ ਚੁੱਕੀ? ਡਰਾਇਵਰੀ ਅਤੇ ਸਿਆਸਤ ਵਿਚ ਹਮੇਸ਼ਾ ਦੂਜਿਆਂ ਦੀਆਂ ਗਲਤੀਆਂ ਤੋਂ ਬਚਣਾ ਹੁੰਦਾ ਹੈ, ਫੜਨਵੀਸ ਨਹੀਂ ਬਚੇ, ਨਤੀਜੇ ਸਾਹਮਣੇ ਹਨ। ਇਸ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਨਾਲ ਤਿੰਨ ਨੁਕਸਾਨ ਹੋਏ– ਇਕ ਤਾਂ ਸਿਆਸਤ ਵਿਚ ਭਾਰਤੀ ਜਨਤਾ ਪਾਰਟੀ ਦੀ ਜਗ-ਹਸਾਈ ਹੋਈ, ਦੂਜਾ ਸੰਸਦ ਵਿਚ ਹਾਸ਼ੀਏ ’ਤੇ ਬੈਠੀ ਕਾਂਗਰਸ ਨੂੰ ਦਹਾੜਨ ਦਾ ਮੌਕਾ ਮਿਲ ਗਿਆ। ਤੀਜਾ, ਰਾਜਪਾਲ ਦੇ ਅਹੁਦੇ ਦੀ ਸ਼ਾਨ ਨੂੰ ਧੱਕਾ ਲੱਗਾ।

ਗਨੀਮਤ ਇਹ ਰਹੀ ਕਿ ਇਹ ਜੰਗ ਮਹਾਰਾਸ਼ਟਰ ਤਕ ਸੀਮਤ ਰਹੀ। ਇੱਕਾ-ਦੁੱਕਾ ਕਾਂਗਰਸੀਆਂ ਨੇ ਹੱਲਾ-ਗੁੱਲਾ ਕੀਤਾ ਪਰ ਮੁੱਖ ਸਮੱਸਿਆ ‘ਇਨ ਬਿਟਵੀਨ ਦਿ ਲਾਈਨ’ ਹੀ ਰਹੀ ਪਰ ਜਨਤਾ, ਦੇਸ਼ ਦੇ ਨੇਤਾ, ਦੇਸ਼ ਦੀਆਂ ਸਿਆਸੀ ਪਾਰਟੀਆਂ ਇਹ ਸਮਝ ਲੈਣ ਕਿ ਗੈਰ-ਸੁਭਾਵਿਕ ਅਤੇ ਸਿਰਫ ਸੱਤਾ ਪ੍ਰਾਪਤੀ ਲਈ ਇਕੱਠੀਆਂ ਹੋਈਆਂ ਸਿਆਸੀ ਪਾਰਟੀਆਂ ਦੀ ਉਮਰ ਲੰਮੀ ਨਹੀਂ ਹੁੰਦੀ। ਉਨ੍ਹਾਂ ਨੂੰ ਜਨਤਾ ਦੀ ਸੇਵਾ ਨਾਲ ਕੋਈ ਸਰੋਕਾਰ ਨਹੀਂ ਹੁੰਦਾ। ਉਨ੍ਹਾਂ ਨੂੰ ਸਿਰਫ ਸੱਤਾ ਦੀ ਮਲਾਈ ਨਾਲ ਮਤਲਬ ਹੈ, ਜਦੋਂ ਮਤਲਬ ਨਿਕਲ ਜਾਵੇ ਤਾਂ ਤੂੰ ਕੌਣ ਤੇ ਮੈਂ ਕੌਣ? ਫੜਨਵੀਸ ਘਬਰਾਓ ਨਾ। ਸ਼ਿਵ ਸੈਨਾ, ਐੱਨ. ਸੀ. ਪੀ. ਅਤੇ ਕਾਂਗਰਸ ਦੀਆਂ ਗਲਤੀਆਂ ਨੂੰ ਜਨਤਾ ਨੂੰ ਦੱਸਦੇ ਜਾਓ, ਅੰਦੋਲਨ ਚਲਾਉਂਦੇ ਰਹੋ, ਕੱਲ ਤੁਹਾਡਾ ਹੈ ਪਰ ਕਾਹਲੀ ਨਹੀਂ।

Bharat Thapa

This news is Content Editor Bharat Thapa