ਅਸੀਂ ਕਿਹੋ ਜਿਹੇ ਰਾਮ ਭਗਤ ਹਾਂ

07/28/2020 3:32:49 AM

ਡਾ. ਵੇਦਪ੍ਰਤਾਪ ਵੈਦਿਕ

ਅਯੁੱਧਿਆ ’ਚ ਰਾਮ ਮੰਦਰ ਦਾ ਨੀਂਹ ਪੱਥਰ ਰੱਖਿਆ ਜਾਣ ਵਾਲਾ ਹੈ, ਇਹ ਇਕ ਬੜੀ ਵੱਡੀ ਖੁਸ਼ਖਬਰੀ ਹੈ। ਸੁਪਰੀਮ ਕੋਰਟ ਦੇ ਫੈਸਲੇ ਨੂੰ ਸਾਰੀਆਂ ਧਿਰਾਂ ਨੇ ਮੰਨ ਲਿਆ ਹੈ ਕਿ ਇਹ ਭਾਰਤ ਦੇ ਸਹਿਣਸ਼ੀਲ ਸੁਭਾਅ ਦਾ ਸੂਚਕ ਹੈ ਪਰ ਰਾਮ ਮੰਦਰ ਬਣਾਉਣ ਵਾਲਾ ਸਾਡਾ ਇਹ ਵਰਤਮਾਨ ਭਾਰਤ ਕੀ ਰਾਮ ਚਰਿੱਤ ਦਾ ਅਨੁਸਰਨ ਕਰਦਾ ਹੈ? ਸਾਡੇ ਆਗੂਆਂ ਨੇ ਰਾਮ ਮੰਦਰ ਬਣਾਉਣ ’ਤੇ ਜਿੰਨਾ ਜ਼ਬਰਦਸਤ ਜਨ-ਜਾਗਰਣ ਕੀਤਾ, ਕੀ ਓਨਾ ਜ਼ੋਰ ਉਨ੍ਹਾਂ ਨੇ ਰਾਮ ਦੀ ਮਰਿਆਦਾ ਦੇ ਪਾਲਣ ’ਤੇ ਦਿੱਤਾ। ਮਰਿਆਦਾ ਪੁਰਸ਼ੋਤਮ ਰਾਮ ਨੂੰ ਭਗਵਾਨ ਬਣਾ ਕੇ ਅਸੀਂ ਇਕ ਮੰਦਰ ’ਚ ਬਿਠਾ ਦਿੱਤਾ, ਉਥੇ ਜਾ ਕੇ ਘੰਟਾ-ਘੜਿਆਲ ਵਜਾ ਦਿੱਤਾ ਅਤੇ ਪ੍ਰਸ਼ਾਦ ਖਾ ਲਿਆ। ਬਸ ਇੰਨਾ ਹੀ ਕਾਫੀ ਹੈ! ਅਸੀਂ ਹੋ ਗਏ ਰਾਮ ਭਗਤ! ਪੂਜ ਲਿਆ ਅਸੀਂ ਰਾਮ ਨੂੰ!

ਮੈਨੂੰ ਕਬੀਰ ਦਾ ਇਹ ਦੋਹਾ ਯਾਦ ਆ ਰਿਹਾ ਹੈ, ਜਿਸ ’ਚ ਉਨ੍ਹਾਂ ਨੇ ਕਿਹਾ ਕਿ ‘ਜੋ ਪੱਥਰ ਪੂਜੇ ਹਰਿ ਮਿਲੇ ਤੋ ਮੈਂ ਪੂਜੂੰ ਪਹਾੜ।’ ਰਾਮ ਦੇ ਚਰਿੱਤਰ ਨੂੰ ਆਪਣੇ ਆਚਰਣ ’ਚ ਉਤਾਰਨਾ ਹੀ ਰਾਮ ਦੀ ਸੱਚੀ ਪੂਜਾ ਹੈ। ਸੀਤਾ ’ਤੇ ਇਕ ਧੋਬੀ ਨੇ ਉਂਗਲ ਉੱਠਾ ਦਿੱਤੀ ਤਾਂ ਰਾਮ ਨੇ ਸੀਤਾ ਨੂੰ ਅਗਨੀ ਪ੍ਰੀਖਿਆ ਦੇ ਲਈ ਮਜਬੂਰ ਕਰ ਦਿੱਤਾ। ਕਿਉਂ ਕਰ ਦਿੱਤਾ? ਕਿਉਂਕਿ ਰਾਜਾ ਅਤੇ ਰਾਣੀ ਜਾਂ ਰਾਜਕੁਮਾਰਾਂ ਦਾ ਚਰਿੱਤਰ ਸ਼ੱਕ ਤੋਂ ਪਰ੍ਹੇ ਹੋਣਾ ਚਾਹੀਦਾ ਹੈ। ਸਾਰੇ ਦੇਸ਼ ਜਾਂ ਸਾਰੀ ਪ੍ਰਜਾ ਅਤੇ ਸਾਰੀ ਜਨਤਾ ਦੇ ਲਈ ਉਹ ਆਦਰਸ਼ ਹੁੰਦੇ ਹਨ। ਇਹ ਸੱਚਾ ਲੋਕਤੰਤਰ ਹੈ ਪਰ ਸਾਡੇ ਨੇਤਾਵਾਂ ਦਾ ਕੀ ਹਾਲ ਹੈ? ਧੋਬੀ ਦੀ ਉਂਗਲੀ ਨਹੀਂ, ਵਿਰੋਧੀ ਪਹਿਲਵਾਨਾਂ ਦੇ ਡੰਡੇ ਦਾ ਵੀ ਉਨ੍ਹਾਂ ’ਤੇ ਕੋਈ ਅਸਰ ਨਹੀਂ ਹੁੰਦਾ। ਦੇਸ਼ ਦੇ ਵੱਡੇ ਤੋਂ ਵੱਡੇ ਨੇਤਾ ਤਰ੍ਹਾਂ-ਤਰ੍ਹਾਂ ਦੇ ਸੌਦਿਆਂ ਦੀ ਦਲਾਲੀ ਖਾਂਦੇ ਹਨ, ਉਨ੍ਹਾਂ ’ਤੇ ਦੋਸ਼ ਲੱਗਦੇ ਹਨ, ਮੁਕੱਦਮੇ ਚੱਲਦੇ ਹਨ ਅਤੇ ਉਹ ਵੀ ਬਰੀ ਹੋ ਜਾਂਦੇ ਹਨ। ਨੇਤਾਵਾਂ ਦੀ ਖੱਲ ਗੈਂਡਿਆਂ ਤੋਂ ਵੀ ਮੋਟੀ ਹੋ ਗਈ ਹੈ। ਰਾਮ ਨੇ ਦਸ਼ਰਥ ਦੇ ਵਚਨ ਦੀ ਪੂਰਤੀ ਲਈ ਸਿੰਘਾਸਨ ਤਿਆਗ ਦਿੱਤਾ ਅਤੇ ਜੰਗਲਾਂ ’ਚ ਚਲੇ ਗਏ ਪਰ ਅੱਜ ਦੇ ਰਾਮ ਦਸ਼ਰਥਾਂ ਨੂੰ ਤਾਕ ’ਤੇ ਬਿਠਾ ਕੇ ਸਿੰਘਾਸਨਾਂ ’ਤੇ ਕਬਜ਼ਾ ਕਰਨ ਦੇ ਲਈ ਕਿਸੇ ਨਾਲ ਵੀ ਹੱਥ ਮਿਲਾਉਣ ਲਈ ਤਿਆਰ ਹਨ। ਬਨਵਾਸੀ ਰਾਮ ਨੇ ਕਿਸ-ਕਿਸ ਨੂੰ ਗਲੇ ਨਹੀਂ ਲਗਾਇਆ? ਉਨ੍ਹਾਂ ਨੇ ਜਾਤ-ਬਰਾਦਰੀ, ਊਚ-ਨੀਚ, ਮਨੁੱਖ ਅਤੇ ਪਸ਼ੂ ਦੇ ਵੀ ਭੇਦਭਾਵਾਂ ਨੂੰ ਪਿੱਛੇ ਛੱਡ ਦਿੱਤਾ ਪਰ ਰਾਮ ਨਾਮ ਦੀ ਮਾਲਾ ਜਪਣ ਵਾਲੇ ਸਾਡੇ ਸਾਰੇ ਨੇਤਾ ਕੀ ਕਰਦੇ ਹਨ? ਇਨ੍ਹਾਂ ਭੇਦਭਾਵਾਂ ਨੂੰ ਭੜਕਾ ਕੇ ਚੋਣਾਂ ਦੇ ਰੱਥ ’ਤੇ ਸਵਾਰ ਹੋ ਜਾਂਦੇ ਹਨ। ਉਹ ਕਿਹੋ ਜਿਹੇ ਰਾਮ ਭਗਤ ਹਨ? ਰਾਮ ਨੇ ਲੰਕਾ ਜਿੱਤੀ ਪਰ ਖੁਦ ਉਸ ਦੇ ਸਿੰਘਾਸਨ ’ਤੇ ਨਹੀਂ ਬੈਠੇ। ਨਾ ਹੀ ਉਨ੍ਹਾਂ ਲਕਸ਼ਮਣ, ਭਰਤ ਜਾਂ ਸ਼ਤਰੂਘਨ ਨੂੰ ਉਸ ’ਤੇ ਬਿਠਾਇਆ। ਉਨ੍ਹਾਂ ਨੇ ਲੰਕਾ ਵਿਭੀਸ਼ਣ ਨੂੰ ਸੌਂਪ ਦਿੱਤੀ ਪਰ ਸਾਡੇ ਇਥੇ ਤਾਂ ਪਰਿਵਾਰ ਦਾ ਬੋਲਬਾਲਾ ਹੈ। ਸਾਰੀਆਂ ਪਾਰਟੀਆਂ ਮਾਂ-ਬੇਟਾ ਪਾਰਟੀ ਜਾਂ ਭਾਈ-ਭਾਈ ਪਾਰਟੀ ਜਾਂ ਬਾਪ-ਬੇਟਾ ਪਾਰਟੀ ਜਾਂ ਪਤੀ-ਪਤਨੀ ਪਾਰਟੀ ਬਣ ਗਈਆਂ ਹਨ। ਰਾਮ ਨੇ ਰਾਜਤੰਤਰ ਨੂੰ ਲੋਕਤੰਤਰ ’ਚ ਬਦਲਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਰਾਮ ਭਗਤ ਹਿੰਦੋਸਤਾਨੀ ਲੋਕਤੰਤਰ ਨੂੰ ਪਰਿਵਾਰ ਤੰਤਰ ’ਚ ਬਦਲਣ ’ਤੇ ਉਤਾਰੂ ਹਾਂ! ਅਸੀਂ ਕਿਹੋ ਜਿਹੇ ਰਾਮ ਭਗਤ ਹਾਂ।

Bharat Thapa

This news is Content Editor Bharat Thapa