ਈਸਾ ਦੇ ਨਾਂ ’ਤੇ ਕਿਹੋ ਜਿਹਾ ਜ਼ੁਲਮ

06/01/2021 3:41:11 AM

ਡਾ. ਵੇਦਪ੍ਰਤਾਪ ਵੈਦਿਕ 
ਅਮਰੀਕਾ ਅਤੇ ਕੈਨੇਡਾ ਦੁਨੀਆ ਦੇ ਸਭ ਤੋਂ ਵਧ ਸੱਭਿਅਕ ਅਤੇ ਮਾਲਦਾਰ ਦੇਸ਼ ਮੰਨੇ ਜਾਂਦੇ ਹਨ। ਦੁਨੀਆ ਦੇ ਈਸਾਈ ਵੀ ਉਨ੍ਹਾਂ ’ਤੇ ਮਾਣ ਕਰਦੇ ਹਨ ਪਰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਇਕ ਅਜਿਹੀ ਖ਼ਬਰ ਆਈ ਹੈ, ਜਿਹੜੀ ਰੌਂਗਟੇ ਖੜ੍ਹੇ ਤਾਂ ਕਰ ਹੀ ਦਿੰਦੀ ਹੈ, ਉਹ ਇਨਸਾਨੀਅਤ ਅਤੇ ਅਮਰੀਕੀ ਸੱਭਿਅਤਾ ’ਤੇ ਕਾਲਖ ਵੀ ਮਲਦੀ ਹੈ।

ਇਸ ਸੂਬੇ ’ਚ 19ਵੀਂ ਸਦੀ ਦੇ ਦੂਜੇ ਅੱਧ ਤੋਂ 20ਵੀਂ ਸਦੀ ਦੇ ਦੂਜੇ ਅੱਧ ਤਕ ਇਕ ਅਜਿਹਾ ਸਕੂਲ ਚੱਲਦਾ ਰਿਹਾ, ਜਿਸ ਦੇ ਕਬਰਿਸਤਾਨ ’ਚ 215 ਵਿਦਿਆਰਥੀਆਂ ਦੇ ਪਿੰਜਰ ਮਿਲੇ ਹਨ। ਇਨ੍ਹਾਂ ’ਚ ਤਿੰਨ-ਤਿੰਨ ਸਾਲ ਦੇ ਬੱਚੇ ਵੀ ਸਨ। ਇਨ੍ਹਾਂ ਪਿੰਜਰਾਂ ਨੂੰ ਇਕ ਨਵੀਂ ਤਕਨੀਕ ਰਾਹੀਂ ਲੱਭਿਆ ਗਿਆ ਹੈ। ਇਹ ਬੱਚੇ ਕੌਣ ਸਨ ਅਤੇ ਕਿਉਂ ਮਾਰੇ ਗਏ ਸਨ? ਬੱਚਿਆਂ ਦੇ ਸਕੂਲ-ਕੰਪਲੈਕਸ ’ਚ ਕਬਰਿਸਤਾਨ ਦੀ ਲੋੜ ਕਿਉਂ ਸੀ? ਇਹ ਬੱਚੇ ਕੈਨੇਡਾ ਦੇ ਆਦਿਵਾਸੀਆਂ ਦੇ ਸਨ।

ਜਦੋਂ ਯੂਰਪ ਦੇ ਗੋਰੇ ਅਮਰੀਕੀ ਮਹਾਦੀਪ ’ਚ ਗਏ ਤਾਂ ਉਨ੍ਹਾਂ ਨੇ ਉਥੋਂ ਦੇ ਆਦਿਵਾਸੀਆਂ ਦੀਆਂ ਜ਼ਮੀਨਾਂ ’ਤੇ ਕਬਜ਼ਾ ਤਾਂ ਕੀਤਾ ਹੀ, ਉਨ੍ਹਾਂ ਨੂੰ ਖਤਮ ਕਰਨ ਦੀ ਵੀ ਕੋਸ਼ਿਸ਼ ਕੀਤੀ। ਉਨ੍ਹਾਂ ਦੇ ਬੱਚਿਆਂ ਨੂੰ ਜ਼ਬਰਦਸਤੀ ਆਪਣੇ ਸਕੂਲਾਂ ’ਚ ਭਰਤੀ ਕਰਨ ਅਤੇ ਉਨ੍ਹਾਂ ਨੂੰ ਹੋਸਟਲਾਂ ’ਚ ਰਹਿਣ ਲਈ ਮਜਬੂਰ ਕੀਤਾ ਜਾਂਦਾ ਸੀ। ਉਨ੍ਹਾਂ ਸਕੂਲਾਂ ਦਾ ਨਾਂ ਅਕਸਰ ‘ਇੰਡੀਅਨ’ ਸਕੂਲ ਹੋਇਆ ਕਰਦਾ ਸੀ।

ਅਮਰੀਕਾ ’ਚ ਹੁਣ ਵੀ ਉਥੋਂ ਦੇ ਆਦਿਵਾਸੀਆਂ ਨੂੰ ਰੈੱਡ ਇੰਡੀਅਨ’ ਕਿਹਾ ਜਾਂਦਾ ਹੈ। 50 ਸਾਲ ਪਹਿਲਾਂ ਮੈਨੂੰ ਅਜਿਹੇ ਕਈ ਰੈੱਡ ਇੰਡੀਅਨ ਪਿੰਡਾਂ ’ਚ ਉਨ੍ਹਾਂ ਅਮਰੀਕੀ ਆਦਿਵਾਸੀਆਂ ਨਾਲ ਰਹਿਣ ਦਾ ਮੌਕਾ ਮਿਲਿਆ ਸੀ। ਉਨ੍ਹਾਂ ਦਾ ਖਾਣ-ਪੀਣ, ਰਹਿਣ-ਸਹਿਣ, ਭਾਸ਼ਾ ਅਤੇ ਪਹਿਰਾਵਾ ਅਮਰੀਕੀਆਂ ਤੋਂ ਬਿਲਕੁਲ ਵੱਖਰਾ ਸੀ। ਉਨ੍ਹਾਂ ਦੇ ਬੱਚਿਆਂ ਨੂੰ ਇਨ੍ਹਾਂ ਸਕੂਲਾਂ ’ਚ ਭਰਤੀ ਕਰ ਕੇ ਉਨ੍ਹਾਂ ’ਤੇ ਅੰਗਰੇਜ਼ੀ ਠੋਸੀ ਜਾਂਦੀ ਸੀ। ਉਨ੍ਹਾਂ ਨੂੰ ਈਸਾਈ ਬਣਾਇਆ ਜਾਂਦਾ ਸੀ ਅਤੇ ਕੋਸ਼ਿਸ਼ ਇਹ ਹੁੰਦੀ ਸੀ ਕਿ ਕਿਸੇ ਵੀ ਬਹਾਨੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਜਾਵੇ।

ਉਨ੍ਹਾਂ ’ਚੋਂ ਕਈ ਬੱਚੀਆਂ ਨਾਲ ਜਬਰ-ਜ਼ਨਾਹ ਕੀਤਾ ਜਾਂਦਾ ਸੀ, ਉਨ੍ਹਾਂ ਨੂੰ ਭੁੱਖਾ ਰੱਖਿਆ ਜਾਂਦਾ ਸੀ । ਉਨ੍ਹਾਂ ਨਾਲ ਕੁੱਟਮਾਰ ਕੀਤੀ ਜਾਂਦੀ ਸੀ। ਜੋ ਵੀ ਆਦਿਵਾਸੀ ਆਪਣ ਬੱਚਿਆਂ ਨੂੰ ਪਾਦਰੀਆਂ ਦੇ ਇਨ੍ਹਾਂ ਸਕੂਲਾਂ ’ਚ ਭੇਜਣ ਤੋਂ ਇਨਕਾਰ ਕਰਦਾ ਸੀ, ਨੂੰ ਸਖਤ ਸਜ਼ਾ ਦਿੱਤੀ ਜਾਂਦੀ ਸੀ। ਅਮਰੀਕਾ ਦੇ 30 ਸੂਬਿਆਂ ’ਚ ਅਜਿਹੇ 350 ‘ਇੰਡੀਅਨ ਸਕੂਲ’ ਸਨ।

ਇਸ ਤਰ੍ਹਾਂ ਦੇ ਸਕੂਲਾਂ ਦੇ ਹੋਸਟਲਾਂ ’ਚ ਰਹਿਣ ਵਾਲੇ ਲਗਭਗ 60 ਹਜ਼ਾਰ ਬੱਚਿਆਂ ਦੀ ਹੱਤਿਆ ਦੇ ਸਬੂਤ ਹੁਣ ਤਕ ਮਿਲ ਚੁੱਕੇ ਹਨ। ਇਸ ਰਾਕਸ਼ਸੀ ਸਾਜ਼ਿਸ਼ ਵਿਰੁੱਧ 19ਵੀਂ ਸਦੀ ਦੇ ਆਖਿਰ ’ਚ ਕਰਨਲ ਰਾਬਰਟ ਇੰਗਰਸੋਲ ਵਰਗੇ ਬਾਗੀ ਵਿਚਾਰਕਾਂ ਨੇ ਜੰਗ ਛੇੜ ਦਿੱਤੀ ਸੀ। 2009 ’ਚ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਨ੍ਹਾਂ ਆਦਿਵਾਸੀਆਂ ਤੋਂ ਬਕਾਇਦਾ ਮਤਾ ਪਾਸ ਕਰ ਕੇ ਮਾਫੀ ਮੰਗੀ ਸੀ।

ਹੁਣ ਜਦੋਂ ਕੈਨੇਡਾ ’ਚ ਇਸ ਕਤਲਕਾਂਡ ਦਾ ਪਤਾ ਲੱਗਾ ਤਾਂ ਉਸ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਹੁਤ ਸ਼ਰਮਿੰਦਗੀ ਪ੍ਰਗਟ ਕੀਤੀ ਅਤੇ ਆਪਣੇ ਦੇਸ਼ ਦੇ ਆਦਿਵਾਸੀਆਂ ਕੋਲੋਂ ਮਾਫੀ ਮੰਗੀ ਹੈ। ਅਮਰੀਕੀ ਮਹਾਦੀਪ ਦੇ ਇਨ੍ਹਾਂ ਦੇਸ਼ਾਂ ’ਚ ਪਿਛਲੀਆਂ ਪੀੜ੍ਹੀਆਂ ਦੇ ਗੋਰਿਆਂ ਨੇ ਜੋ ਅੱਤਿਆਚਾਰ ਕੀਤੇ ਹਨ, ਉਹ ਦਿਲ ਨੂੰ ਹਿਲਾ ਦੇਣ ਵਾਲੇ ਹਨ ਪਰ ਤਸੱਲੀ ਵਾਲੀ ਗੱਲ ਇਹ ਹੈ ਕਿ ਇਹੀ ਗੋਰੇ ਹੁਣ ਦੱਬੇ ਮੁਰਦਿਆਂ ਨੂੰ ਖੁਦ ਪੁੱਟ ਰਹੇ ਹਨ ਅਤੇ ਆਪਣੇ ਪੂਰਵਜਾਂ ਵਲੋਂ ਕੀਤੇ ਰਾਕਸ਼ਸੀ ਕੰਮਾਂ ਦਾ ਕੱਚਾ-ਚਿੱਠਾ ਦੁਨੀਆ ਦੇ ਸਾਹਮਣੇ ਖੁਦ ਹੀ ਪੇਸ਼ ਕਰ ਰਹੇ ਹਨ ਪਰ ਰੋਮ ’ਚ ਸੁਸ਼ੋਭਿਤ ਪੋਪ ਸਾਹਿਬਾਨ ਤੋਂ ਵੀ ਮੈਂ ਉਮੀਦ ਕਰਾਂਗਾ ਕਿ ਈਸਾਈ ਮਿਸ਼ਨਰੀਆਂ ਨੇ ਆਪਣੇ ਸਕੂਲਾਂ ’ਚ ਜੋ ਇਹ ਈਸਾ ਵਿਰੋਧੀ ਹਿੰਸਕ ਕੰਮ ਕੀਤਾ ਹੈ, ਉਸ ਲਈ ਉਹ ਘੱਟੋ-ਘੱਟ ਦੁੱਖ ਤਾਂ ਪ੍ਰਗਟ ਕਰਨ। ਜੇ ਉਹ ਇੰਝ ਕਰਨਗੇ ਤਾਂ ਇਹ ਕੰਮ ਯੂਰਪ ਦੇ ਇਕ ਹਜ਼ਾਰ ਸਾਲ ਦੇ ਹਨੇਰੇ ਭਰੇ ਈਸਾਈ ਇਤਿਹਾਸ ’ਚ ਕੁਝ ਰੌਸ਼ਨੀ ਲਿਆਏਗਾ।

Bharat Thapa

This news is Content Editor Bharat Thapa