ਜਿੰਨਾ ਬ੍ਰਿਟੇਨ ਖਾਂਦਾ ਹੈ ਓਨਾ ਅਸੀਂ ਬਰਬਾਦ ਕਰ ਦਿੰਦੇ ਹਾਂ

05/28/2021 3:21:54 AM

ਦੇਵੇਂਦਰਰਾਜ ਸੁਥਾਰ
ਹਰ ਸਾਲ 28 ਮਈ ਨੂੰ ਵਿਸ਼ਵ ਪੱਧਰ ’ਤੇ ‘ਵਰਲਡ ਹੰਗਰ ਡੇ’ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਏ ਜਾਣ ਦਾ ਮਕਸਦ ਦੁਨੀਆ ਭਰ ’ਚ ਭੁੱਖਮਰੀ ਨਾਲ ਗ੍ਰਸਤ ਲੋਕਾਂ ਦੇ ਬਾਰੇ ਜਾਗਰੂਕਤਾ ਵਧਾਉਣੀ ਹੈ। ਭਾਰਤ ’ਚ ਹਰ ਆਦਮੀ ਨੂੰ ਢਿੱਡ ਭਰ ਕੇ ਭੋਜਨ ਨਹੀਂ ਮਿਲਦਾ। ਹੁਣ ਤੱਕ ਭੁੱਖ ਨਾਲ ਹੋਣ ਵਾਲੀਆਂ ਮੌਤਾਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਵੀ ਦੇਸ਼ ’ਚ ਭੁੱਖਮਰੀ ਦੀ ਸਮੱਸਿਆ ਦਾ ਅੰਤ ਨਾ ਹੋ ਸਕਣਾ ਸਾਡੀ ਸ਼ਾਸਨ ਵਿਵਸਥਾ ਦੀ ਅਸਫਲਤਾ ਨੂੰ ਸਾਬਿਤ ਕਰਦਾ ਹੈ।

ਇਹ ਸਹੀ ਹੈ ਕਿ ਭੁੱਖਮਰੀ ਇਕ ਵਿਸ਼ਵ ਪੱਧਰੀ ਸਮੱਸਿਆ ਹੈ ਪਰ ਸਾਨੂੰ ਇਹ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਕਿ ਬਹੁਤ ਸਾਰੇ ਦੇਸ਼ਾਂ ਨੇ ਮਜ਼ਬੂਤ ਨੀਤੀਆਂ ਬਣਾ ਕੇ ਇਸ ਤੋਂ ਮੁਕਤੀ ਪਾਈ ਹੈ ਪਰ ਇਸ ਦੇ ਉਲਟ ਭਾਰਤ ’ਚ ਭੁੱਖਮਰੀ ਦੀ ਸਮੱਸਿਆ ਨੂੰ ਖਤਮ ਕਰਨ ਨੂੰ ਲੈ ਕੇ ਸੱਤਾਧਾਰੀਆਂ ਵੱਲੋਂ ਕੋਈ ਹਾਂਪੱਖੀ ਕੋਸ਼ਿਸ਼ਾਂ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਇਸ ਲਈ ਭਾਰਤ ਵਿਸ਼ਵ ਪੱਧਰੀ ਭੁੱਖ ਸੂਚਕ ਅੰਕ 2020 ’ਚ 107 ਦੇਸ਼ਾਂ ਦੀ ਸੂਚੀ ’ਚ 94ਵੇਂ ਸਥਾਨ ’ਤੇ ਹੈ। ਇਸ ਤਰ੍ਹਾਂ ਭਾਰਤ ਭੁੱਖ ਦੀ ‘ਗੰਭੀਰ’ ਸ਼੍ਰੇਣੀ ’ਚ ਹੈ। ਮਾਹਿਰਾਂ ਨੇ ਇਸ ਦੇ ਲਈ ਖਰਾਬ ਲਾਗੂਕਰਨ ਪ੍ਰਕਿਰਿਆਵਾਂ, ਪ੍ਰਭਾਵੀ ਨਿਗਰਾਨੀ ਦੀ ਘਾਟ, ਕੁਪੋਸ਼ਣ ਨਾਲ ਨਜਿੱਠਣ ਦਾ ਉਦਾਸੀਨ ਦ੍ਰਿਸ਼ਟੀਕੋਣ ਅਤੇ ਵੱਡੇ ਸੂਬਿਆਂ ਦੇ ਖਰਾਬ ਪ੍ਰਦਰਸ਼ਨ ਨੂੰ ਦੋਸ਼ੀ ਠਹਿਰਾਇਆ ਹੈ।

ਵਰਨਣਯੋਗ ਹੈ ਕਿ ਸਾਲ 2019 ’ਚ 117 ਦੇਸ਼ਾਂ ਦੀ ਸੂਚੀ ’ਚ ਭਾਰਤ ਦਾ ਸਥਾਨ 102ਵਾਂ ਸੀ। ਗੁਆਂਢੀ ਦੇਸ਼ ਬੰਗਲਾਦੇਸ਼, ਮਿਆਂਮਾਰ ਅਤੇ ਪਾਕਿਸਤਾਨ ਵੀ ‘ਗੰਭੀਰ’ ਸ਼੍ਰੇਣੀ ’ਚ ਹਨ ਪਰ ਇਹ ਦੇਸ਼ ਇਸ ਸਾਲ ਦੇ ਭੁੱਖ ਸੂਚਕ ਅੰਕ ’ਚ ਭਾਰਤ ਤੋਂ ਉਪਰ ਹਨ। ਬੰਗਲਾਦੇਸ਼ 75ਵੇਂ, ਮਿਆਂਮਾਰ 78ਵੇਂ ਅਤੇ ਪਾਕਿਸਤਾਨ 88ਵੇਂ ਸਥਾਨ ’ਤੇ ਹੈ। ਰਿਪੋਰਟ ਦੇ ਅਨੁਸਾਰ, ਨੇਪਾਲ 73ਵੇਂ ਅਤੇ ਸ਼੍ਰੀਲੰਕਾ 64ਵੇਂ ਸਥਾਨ ’ਤੇ ਹਨ। ਦੋਵੇਂ ਦੇਸ਼ ‘ਦਰਮਿਆਨੀ’ ਸ਼੍ਰੇਣੀ ’ਚ ਆਉਂਦੇ ਹਨ। ਚੀਨ, ਬੇਲਾਰੂਸ, ਯੂਕ੍ਰੇਨ, ਤੁਰਕੀ, ਕਿਊਬਾ ਅਤੇ ਕੁਵੈਤ ਸਮੇਤ 17 ਦੇਸ਼ ਭੁੱਖ ਅਤੇ ਕੁਪੋਸ਼ਣ ’ਤੇ ਨਜ਼ਰ ਰੱਖਣ ਵਾਲੇ ਵਿਸ਼ਵ ਪੱਧਰੀ ਭੁੱਖ ਸੂਚਕ ਅੰਕ (ਜੀ. ਐੱਚ. ਆਈ.) ’ਚ ਚੋਟੀ ਦੇ ਰੈਂਕ ’ਤੇ ਹਨ।

ਰਿਪੋਰਟ ਦੇ ਮੁਤਾਬਕ, ਹਰ ਸਾਲ ਜਿੰਨਾ ਬ੍ਰਿਟੇਨ ਖਾਂਦਾ ਹੈ, ਓਨਾ ਅਸੀਂ ਬਰਬਾਦ ਕਰ ਦਿੰਦੇ ਹਾਂ। ਭਾਰਤ ਵਰਗੇ ਦੇਸ਼ ’ਚ ਜਿੱਥੇ ਲੱਖਾਂ ਲੋਕ ਭੁੱਖੇ ਪੇਟ ਸੌਣ ਲਈ ਮਜਬੂਰ ਹਨ, ਉੱਥੇ ਖਾਣੇ ਦੀ ਬਰਬਾਦੀ ਦੇ ਇਹ ਅੰਕੜੇ ਪ੍ਰੇਸ਼ਾਨ ਕਰਨ ਵਾਲੇ ਹਨ। ਭਾਰਤ ’ਚ ਖਾਣੇ ਦੀ ਬਰਬਾਦੀ ਸਭ ਤੋਂ ਜ਼ਿਆਦਾ ਵੱਧ ਨਾਰਥ ਅਤੇ ਸੈਂਟਰਲ ਪਾਰਟਸ ਦੇ ਜਨਤਕ ਸਮਾਗਮਾਂ ’ਚ ਹੁੰਦੀ ਹੈ। ਵਿਆਹ-ਸ਼ਾਦੀ, ਸੋਸ਼ਲ ਅਤੇ ਫੈਮਿਲੀ ਫੰਕਸ਼ਨ, ਕੰਟੀਨ ਅਤੇ ਹੋਟਲਾਂ ’ਚ ਖਾਣੇ ਦੀ ਬਰਬਾਦੀ ਸਭ ਤੋਂ ਵੱਧ ਹੁੰਦੀ ਹੈ। ਰਿਪੋਰਟ ਦੇ ਮੁਤਾਬਕ, ਉਤਪਾਦਨ ਦਾ ਲਗਭਗ 40 ਫੀਸਦੀ ਫੂਡ ਬਰਬਾਦ ਹੋ ਜਾਂਦਾ ਹੈ। ਭਾਰਤ ਦੇ ਕੁਲ ਕਣਕ ਉਤਪਾਦਨ ’ਚ ਲਗਭਗ 2 ਕਰੋੜ ਟਨ ਕਣਕ ਬਰਬਾਦ ਹੋ ਜਾਂਦੀ ਹੈ। ਇੰਨੇ ਵੱਡੇ ਪੱਧਰ ’ਤੇ ਅੰਨ ਦੀ ਬਰਬਾਦੀ ਹੈਰਾਨ ਕਰਨ ਵਾਲੀ ਹੈ। ਖੁਦ ਖੇਤੀਬਾੜੀ ਮੰਤਰਾਲਾ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਭਾਰਤ ’ਚ ਲਗਭਗ 50 ਹਜ਼ਾਰ ਕਰੋੜ ਦੀ ਕੀਮਤ ਦਾ ਅੰਨ ਹਰ ਸਾਲ ਬਰਬਾਦ ਹੁੰਦਾ ਹੈ। ਇੰਨਾ ਅੰਨ ਬਿਹਾਰ ਵਰਗੇ ਸੂਬਿਆਂ ਦੀ ਕੁੱਲ ਆਬਾਦੀ ਨੂੰ ਇਕ ਸਾਲ ਤੱਕ ਭੋਜਨ ਮੁਹੱਈਆ ਕਰਵਾ ਸਕਦਾ ਹੈ।

ਇਸ ਚਮਕਦੇ ਨਿਊ ਇੰਡੀਆ ’ਚ ਜੋ ਪਕਵਾਨ ਦੀ ਥਾਲੀ ਡਾਈਨਿੰਗ ਟੇਬਲ ਤੱਕ ਪਹੁੰਚਾਉਂਦੇ ਹਨ, ਆਖਿਰ ਉਹ ਲੋਕ ਹੀ ਇਕ ਨਿਵਾਲੇ ਲਈ ਕਿਉਂ ਤਰਸ ਜਾਂਦੇ ਹਨ। ਸੁਨਹਿਰੇ ਵਿਕਾਸ ਦਾ ਦਾਅਵਾ ਕਰਨ ਵਾਲੀ ਅਤੇ ਡਿਜੀਟਲ ਇੰਡੀਆ ਦਾ ਦਿਨ ਪ੍ਰਤੀ ਦਿਨ ਹਾਮੀ ਭਰਨ ਵਾਲੀ ਸਰਕਾਰ ਇਨ੍ਹਾਂ ਦਰਦਨਾਕ ਮੌਤਾਂ ’ਤੇ ਕਿਉਂ ਚਰਚਾ ਨਹੀਂ ਕਰਦੀ। ਬਦਕਿਸਮਤੀ ਹੈ ਕਿ ਅੱਜ ਵੀ ਆਮ ਆਦਮੀ ਰੋਟੀ ਦੇ ਅਧਿਕਾਰ ਲਈ ਤਰਸ ਰਿਹਾ ਹੈ ਜਾਂ ਤੜਫ-ਤੜਫ ਕੇ ਆਪਣੀ ਜਾਨ ਦੇ ਰਿਹਾ ਹੈ। ਖਾਣੇ ਦੀ ਬਰਬਾਦੀ ਨੂੰ ਲੈ ਕੇ ਕੁਝ ਦਿਲਚਸਪ ਤੱਥ ਪਤਾ ਲੱਗੇ ਹਨ।

ਭਾਵ, ਭਾਰਤ ਵਰਗੇ ਵਿਕਾਸਸ਼ੀਲ ਅਤੇ ਲੋਅਰ ਇਨਕਮ ਵਾਲੇ ਦੇਸ਼ਾਂ ’ਚ ਖਾਣੇ ਦੀ ਬਰਬਾਦੀ ਫਾਰਮ ਦੇ ਪੱਧਰ ’ਤੇ ਹੁੰਦੀ ਹੈ ਭਾਵ ਅੰਨ ਦੇ ਉਤਪਾਦਨ ਦੇ ਸਮੇਂ ਖੇਤ ਤੋਂ ਮਾਰਕੀਟ ’ਚ ਪਹੁੰਚਣ ਤੱਕ ਅੰਨ ਬਰਬਾਦ ਹੁੰਦਾ ਹੈ। ਉੱਥੇ ਅਮਰੀਕਾ ਵਰਗੇ ਵਿਕਸਿਤ ਦੇਸ਼ਾਂ ’ਚ ਖਾਣੇ ਦੀ ਬਰਬਾਦੀ ਖਾਣੇ ਦੀ ਪਲੇਟ ’ਚ ਹੁੰਦੀ ਹੈ ਭਾਵ ਖਾਣਾ ਪਲੇਟ ਤੱਕ ਤਾਂ ਪਹੁੰਚ ਜਾਂਦਾ ਹੈ ਪਰ ਪਲੇਟ ’ਚ ਖਾਣਾ ਛੱਡ ਕੇ ਲੋਕ ਉਸ ਨੂੰ ਬਰਬਾਦ ਕਰਦੇ ਹਨ।

ਸੰਯੁਕਤ ਰਾਸ਼ਟਰ ਸੰਘ ਦੇ ਫੂਡ ਐਂਡ ਐਗਰੀਕਲਚਰਲ ਆਰਗੇਨਾਈਜ਼ੇਸ਼ਨ ਦੇ 2007 ਦੇ ਅੰਕੜਿਆਂ ਅਨੁਸਾਰ, ਸਭ ਤੋਂ ਵੱਧ ਬਰਬਾਦੀ ਕੰਦ ਅਤੇ ਜੜ੍ਹਾਂ ਦੀ ਹੁੰਦੀ ਹੈ। ਲਗਭਗ 62 ਫੀਸਦੀ ਕੰਦ ਅਤੇ ਜੜ੍ਹਾਂ ਬਰਬਾਦ ਹੋ ਜਾਂਦੀਆਂ ਹਨ। ਫਲ ਅਤੇ ਸਬਜ਼ੀਆਂ ਦੀ ਥਾਂ ਦੂਸਰੀ ਹੈ। ਕੁੱਲ ਉਤਪਾਦਨ ਦਾ ਲਗਭਗ 41 ਫੀਸਦੀ ਫਲ ਅਤੇ ਸਬਜ਼ੀਆਂ ਬਰਬਾਦ ਹੋ ਜਾਂਦੀਆਂ ਹਨ। ਇਸੇ ਤਰ੍ਹਾਂ ਕੁੱਲ ਉਤਪਾਦਨ ਦੀਆਂ ਲਗਭਗ 25 ਫੀਸਦੀ ਦਾਲਾਂ ਬਰਬਾਦ ਚਲੀਆਂ ਜਾਂਦੀਆਂ ਹਨ। 22 ਤੋਂ 23 ਫੀਸਦੀ ਫਿਸ਼ ਅਤੇ ਸੀ ਫੂਡ ਵੀ ਬਰਬਾਦ ਹੁੰਦੇ ਹਨ।

ਚਿੰਤਾ ਵਾਲੀ ਗੱਲ ਹੈ ਕਿ ਵਿਸ਼ਵ ਖੁਰਾਕ ਸੰਗਠਨ ਦੇ ਅਨੁਸਾਰ ਦੇਸ਼ ’ਚ ਹਰ ਸਾਲ 50 ਹਜ਼ਾਰ ਕਰੋੜ ਰੁਪਏ ਦਾ ਭੋਜਨ ਬਰਬਾਦ ਹੋ ਜਾਂਦਾ ਹੈ ਜੋ ਕਿ ਦੇਸ਼ ਦੇ ਉਤਪਾਦਨ ਦਾ 40 ਫੀਸਦੀ ਹੈ। ਇਸ ਦਾ ਮਾੜਾ ਅਸਰ ਸਾਡੇ ਦੇਸ਼ ਦੇ ਕੁਦਰਤੀ ਸੋਮਿਆਂ ’ਤੇ ਪੈ ਰਿਹਾ ਹੈ। ਸਾਡਾ ਦੇਸ਼ ਪਾਣੀ ਦੀ ਘਾਟ ਨਾਲ ਜੂਝ ਰਿਹਾ ਹੈ ਪਰ ਬਰਬਾਦ ਕੀਤੇ ਜਾਣ ਵਾਲੇ ਇਸ ਭੋਜਨ ਨੂੰ ਪੈਦਾ ਕਰਨ ’ਚ 230 ਕਿਊਸਿਕ ਪਾਣੀ ਵਿਅਰਥ ਚਲਾ ਜਾਂਦਾ ਹੈ। ਜੇਕਰ ਇਸ ਪਾਣੀ ਨੂੰ ਵਿਅਰਥ ਹੋਣ ਤੋਂ ਬਚਾ ਲਿਆ ਜਾਵੇ ਤਾਂ 10 ਕਰੋੜ ਲੋਕਾਂ ਦੀ ਪਿਆਸ ਬੁਝਾਈ ਜਾ ਸਕਦੀ ਹੈ। ਇਕ ਅੰਦਾਜ਼ੇ ਦੇ ਅਨੁਸਾਰ ਵਿਅਰਥ ਹੋਣ ਨਾਲ ਬਰਬਾਦ ਹੋਣ ਵਾਲੀ ਧਨ ਰਾਸ਼ੀ ਨਾਲ 5 ਕਰੋੜ ਬੱਚਿਆਂ ਦੀ ਜ਼ਿੰਦਗੀ ਸੰਵਾਰੀ ਜਾ ਸਕਦੀ ਹੈ, ਉਨ੍ਹਾਂ ਦਾ ਕੁਪੋਸ਼ਣ ਦੂਰ ਕਰ ਕੇ ਉਨ੍ਹਾਂ ਨੂੰ ਚੰਗੀ ਸਿੱਖਿਆ ਦਿੱਤੀ ਜਾ ਸਕਦੀ ਹੈ, 40 ਲੱਖ ਲੋਕਾਂ ਨੂੰ ਗਰੀਬੀ ਦੇ ਚੁੰਗਲ ’ਚੋਂ ਮੁਕਤ ਕੀਤਾ ਜਾ ਸਕਦਾ ਹੈ ਅਤੇ 5 ਕਰੋੜ ਲੋਕਾਂ ਦੇ ਲਈ ਭੋਜਨ ਸੁਰੱਖਿਆ ਦੀ ਗਾਰੰਟੀ ਤੈਅ ਕੀਤੀ ਜਾ ਸਕਦੀ ਹੈ। ਅੰਨ ਭੰਡਾਰ ਦੇ ਸਹੀ ਪ੍ਰਬੰਧਨ ਦੀ ਘਾਟ ’ਚ ਮੀਂਹ ਦੇ ਸਮੇਂ ਵੱਡੀ ਮਾਤਰਾ ’ਚ ਅਨਾਜ ਰੁੜ੍ਹ ਕੇ ਚਲਾ ਜਾਂਦਾ ਹੈ ਅਤੇ ਪਾਣੀ ਦੇ ਸੰਪਰਕ ’ਚ ਆਉਣ ਦੇ ਕਾਰਨ ਆਪਣੀ ਗੁਣਵੱਤਾ ਗੁਆ ਦਿੰਦਾ ਹੈ।

ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਕੁਪੋਸ਼ਣ ਦੀ ਅਹਿਮ ਜੜ੍ਹ ਭੁੱਖਮਰੀ ਹੀ ਹੈ। ਲੋੜੀਂਦੀ ਕੈਲੋਰੀ ਵਾਲਾ ਪੌਸ਼ਟਿਕ ਅਤੇ ਸੰਤੁਲਿਤ ਭੋਜਨ ਨਾ ਮਿਲਣ ਦੇ ਕਾਰਨ ਸਰੀਰ ’ਚ ਵਿਗਾੜ ਆਉਣ ਲੱਗਦੇ ਹਨ। ਸਮਾਂ ਆਉਣ ’ਤੇ ਇਹੀ ਵਿਗਾੜ ਸਰੀਰ ਨੂੰ ਕੁਪੋਸ਼ਿਤ ਕਰ ਦਿੰਦੇ ਹਨ। ਰਿਪੋਰਟ ਦੀ ਮੰਨੀਏ ਤਾਂ ਅਜੇ ਵੀ ਭਾਰਤ ’ਚ ਦੁਨੀਆ ਦੇ 90 ਕਰੋੜ ਕੁਪੋਸ਼ਿਤ ਲੋਕ ਰਹਿੰਦੇ ਹਨ। ਭਾਰਤੀ ਆਬਾਦੀ ਬਾਰੇ ਭੁੱਖ ਦੀ ਮੌਜੂਦਗੀ ਲਗਭਗ ਸਾਢੇ 14 ਫੀਸਦੀ ਹੈ। ਭਾਰਤ ’ਚ 5 ਸਾਲ ਤੋਂ ਘੱਟ ਉਮਰ ਦੇ 38 ਫੀਸਦੀ ਬੱਚੇ ਸਹੀ ਭੋਜਨ ਦੀ ਘਾਟ ’ਚ ਜਿਊਣ ਲਈ ਮਜਬੂਰ ਹਨ ਜਿਸ ਦਾ ਅਸਰ ਉਨ੍ਹਾਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ, ਪੜ੍ਹਾਈ-ਲਿਖਾਈ ਅਤੇ ਬੌਧਿਕ ਸਮਰੱਥਾ ’ਤੇ ਪੈਂਦਾ ਹੈ।

ਸਾਨੂੰ ਆਪਣੇ ਦਰਸ਼ਨ ਅਤੇ ਪ੍ਰੰਪਰਾਵਾਂ ਦੇ ਮੁੜ ਚਿੰਤਨ ਦੀ ਲੋੜ ਹੈ, ਜਿਸ ’ਚ ਅੰਨ ਨੂੰ ਬ੍ਰਹਮ ਅਤੇ ਉਸ ਦੀ ਬਰਬਾਦੀ ਨੂੰ ਪਾਪ ਮੰਨਿਆ ਗਿਆ ਹੈ। ਧਰਮ ਗੁਰੂਆਂ ਅਤੇ ਸਵੈਮਸੇਵੀ ਸੰਗਠਨਾਂ ਨੂੰ ਅੱਗੇ ਆ ਕੇ ਲੋਕਾਂ ’ਚ ਖਾਣੇ ਦੀ ਬਰਬਾਦੀ ਦੇ ਪ੍ਰਤੀ ਜਾਗਰੂਕਤਾ ਲਿਆਉਣ ਦੀ ਪਹਿਲ ਕਰਨੀ ਚਾਹੀਦੀ ਹੈ, ਨਾਲ ਹੀ ਅਨਾਜ ਭੰਡਾਰਨ ਅਤੇ ਵੰਡ ਪ੍ਰਣਾਲੀ ਪ੍ਰਬੰਧਨ ਨੂੰ ਲੈ ਕੇ ਸਾਵਧਾਨੀ ਵਰਤਣੀ ਹੋਵੇਗੀ ਕਿਉਂਕਿ ਭਾਰਤ ’ਚ ਸਟੋਰੇਜ ਦੀ ਉਚਿਤ ਸਮਰੱਥਾ ਨਾ ਹੋਣ ਕਾਰਨ ਵੀ ਅਨਾਜ ਬਰਬਾਦ ਹੁੰਦਾ ਹੈ। ਅਨੁਮਾਨ ਅਨੁਸਾਰ ਚੌਲਾਂ ਦੇ ਮਾਮਲੇ ’ਚ 1.2 ਕਿਲੋ ਪ੍ਰਤੀ ਕੁਇੰਟਲ ਅਤੇ ਕਣਕ ਦੇ ਮਾਮਲੇ ’ਚ 0.95 ਕਿਲੋ ਪ੍ਰਤੀ ਕੁਇੰਟਲ ਦਾ ਨੁਕਸਾਨ ਹੁੰਦਾ ਹੈ।

ਜੇਕਰ ਸਰਕਾਰ ਨੇ 2030 ਤੱਕ ਭਾਰਤ ਨੂੰ ਭੁੱਖ ਮੁਕਤ ਕਰਨ ਦਾ ਸੰਕਲਪ ਸਾਕਾਰ ਕਰਨਾ ਹੈ ਤਾਂ ਲੰਬੇ ਸਮੇਂ ਦੀਆਂ ਯੋਜਨਾਵਾਂ ਨੂੰ ਹੋਰ ਵੀ ਸਖਤੀ ਨਾਲ ਲਾਗੂ ਕਰਨਾ ਹੋਵੇਗਾ ਅਤੇ ਯਕੀਨੀ ਲਾਗੂਕਰਨ ਲਈ ਇਕ ਪਾਰਦਰਸ਼ੀ ਮਸ਼ੀਨਰੀ ਬਣਾਉਣ ’ਤੇ ਧਿਆਨ ਦੇਣਾ ਹੋਵੇਗਾ।

Bharat Thapa

This news is Content Editor Bharat Thapa