ਸਾਨੂੰ ਗੁੰਡਾਗਰਦੀ ਨਹੀਂ, ਪ੍ਰਪੱਕ ਰਾਜਨੀਤੀ ਚਾਹੀਦੀ ਹੈ

02/04/2020 1:31:47 AM

ਦੇਵੀ ਚੇਰੀਅਨ 

ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਸਿਰ ’ਤੇ ਹਨ। ਦਿੱਲੀ ਵਾਸੀਆਂ ਲਈ ਹਰੇਕ ਕਿਸਮ ਦੇ ਮਨੋਰੰਜਕ ਸਾਧਨ ਮੌਜੂਦ ਹਨ। ਸਾਡੇ ਦੇਸ਼ ਵਿਚ ਰਾਜਨੀਤੀ ਅਤੇ ਰਾਜਨੇਤਾਵਾਂ ਦਾ ਪੱਧਰ ਡਿੱਗ ਰਿਹਾ ਹੈ। ਅੱਜ ਦੀ ਰਾਜਨੀਤੀ ਵਿਚ ਇਹ ਇਕ ਨਵੀਂ ਗੱਲ ਹੈ। ਫਿਲਮ ਸਟਾਰਜ਼, ਖਿਡਾਰੀ, ਗਾਇਕ ਅਤੇ ਡਰਾਮੇਬਾਜ਼ ਸਾਰੇ ਇਸ ਰਾਜਨੀਤੀ ਵਿਚ ਸ਼ਾਮਿਲ ਕੀਤੇ ਗਏ ਹਨ ਪਰ ਇਹ ਸਭ ਗੱਲਾਂ ਹਾਲੀਵੁੱਡ ’ਚ ਨਹੀਂ। ਅਸੀਂ ਦੇਖ ਸਕਦੇ ਹਾਂ ਕਿ ਅੱਧਾ ਬਾਲੀਵੁੱਡ ਰਾਜਨੀਤੀ ਨੂੰ ਲੈ ਕੇ ਵੰਡਿਆ ਹੋਇਆ ਹੈ। ਕੁਝ ਜ਼ੋਰ-ਸ਼ੋਰ ਨਾਲ ਰਾਜਨੀਤੀ ’ਤੇ ਬੋਲ ਰਹੇ ਹਨ ਅਤੇ ਕੁਝ ਲੋਕ ਆਪਣੇ ਵਿਚਾਰ ਪੇਸ਼ ਕਰਨ ਲਈ ਡਰਦੇ ਹਨ।

ਹਿੰਦੂਤਵ ਕਾਰਡ ਅਤੇ ਵਿਕਾਸ ਨੂੰ ਲੈ ਕੇ ਵੰਡੇ ਹੋਏ ਹਨ ਹਿੰਦੂ

ਅੱਜ ਦੇ ਸਮੇਂ ਵਿਚ ‘ਆਮ ਆਦਮੀ ਪਾਰਟੀ’ ਸਭ ਤੋਂ ਅੱਗੇ ਹੈ ਕਿਉਂਕਿ ਅਸਲੀ ਵੋਟਰ ਕੇਜਰੀਵਾਲ ਦੇ ਕੰਮਾਂ, ਭਾਵੇਂ ਉਹ ਸਕੂਲ ਹੋਣ, ਸਟ੍ਰੀਟ ਲਾਈਟਸ ਹੋਣ, ਸੀ. ਸੀ. ਟੀ. ਵੀ. ਕੈਮਰੇ ਹੋਣ, ਸਿਹਤ ਸੇਵਾਵਾਂ, ਮੁਫਤ ਪਾਣੀ, ਬਿਜਲੀ ਆਦਿ ਹੋਣ, ਤੋਂ ਪ੍ਰਭਾਵਿਤ ਹਨ। ਕੱਟੜਵਾਦੀ ਹਿੰਦੂ, ਜੋ ਆਬਾਦੀ ਦਾ 70 ਫੀਸਦੀ ਹਿੱਸਾ ਰੱਖਦੇ ਹਨ, ਹਿੰਦੂਤਵ ਕਾਰਡ ਅਤੇ ਵਿਕਾਸ ਨੂੰ ਲੈ ਕੇ ਵੰਡੇ ਹੋਏ ਹਨ। ਇਸ ਤੋਂ ਬਾਅਦ ਸਾਡੇ ਕੋਲ ਤੀਜੀ ਮੁੱਖ ਪਾਰਟੀ ਕਾਂਗਰਸ ਹੈ। ਮੈਂ ਅਜੇ ਤਕ ਵੀ ਕਾਂਗਰਸੀ ਵਰਕਰਾਂ ਨੂੰ ਸੜਕ ’ਤੇ ਨਹੀਂ ਦੇਖਿਆ। ਜ਼ਮੀਨੀ ਪੱਧਰ ’ਤੇ ਕੋਈ ਵਰਕਰ ਕੰਮ ਨਹੀਂ ਕਰ ਰਿਹਾ। ਨਾ ਤਾਂ ਕੋਈ ਕਮੇਟੀ ਦਿਸਦੀ ਹੈ, ਜੋ ਦਿਸਦਾ ਹੈ, ਉਹ ਸਭ ਕਾਗਜ਼ਾਂ ਵਿਚ ਹੈ। ਸੱਚ ਕਹਾਂ ਤਾਂ ਮੈਂ ਅਜਿਹਾ ਕੋਈ ਵੀ ਉਮੀਦਵਾਰ ਨਹੀਂ ਦੇਖਿਆ, ਜੋ ਇਨ੍ਹਾਂ ਚੋਣਾਂ ਲਈ ਸਖਤ ਮਿਹਨਤ ਕਰ ਰਿਹਾ ਹੋਵੇ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਉਹ ਜਾਣ ਗਏ ਹੋਣ ਕਿ ਉਹ ਹਾਰਨ ਵਾਲੇ ਹਨ। ਨਿੱਜੀ ਤੌਰ ’ਤੇ ਇਕ ਕਾਂਗਰਸੀ ਉਮੀਦਵਾਰ ਸ਼ਾਇਦ ਜਿੱਤ ਸਕਦਾ ਹੈ। ਦੂਜੇ ਪਾਸੇ ਭਾਜਪਾ ਦਿਨ-ਰਾਤ ਕੰਮ ਕਰ ਰਹੀ ਹੈ। ਕਾਂਗਰਸ ਪਹਿਲਾਂ ਦੇ ਸਾਲਾਂ ਵਾਂਗ ਨੀਂਦ ਵਿਚ ਹੈ। ਸਿਰਫ 10 ਲੋਕ ਹੀ ਖ਼ਬਰਾਂ ਵਿਚ ਦਿਖਾਈ ਦਿੰਦੇ ਹਨ, ਜੋ ਬੈਠਕਾਂ ਕਰ ਰਹੇ ਹਨ, ਕਮੇਟੀਆਂ ਦਾ ਗਠਨ ਕਰ ਰਹੇ ਹਨ। ਉਸ ਤੋਂ ਪਰ੍ਹੇ ਮੈਂ ਕੁਝ ਵੀ ਨਹੀਂ ਦੇਖਿਆ। ਜ਼ਮੀਨੀ ਪੱਧਰ ’ਤੇ ਕੋਈ ਮਿਹਨਤ ਨਹੀਂ ਕੀਤੀ ਜਾ ਰਹੀ। ਇਸ ਵਾਰ ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਮੇਰੇ ਲਈ ਉਸ ਪੱਧਰ ਦੀਆਂ ਨਹੀਂ। ਮੈਂ ਸਿਆਸਤਦਾਨ ਦੇ ਪਰਿਵਾਰ ਨਾਲ ਸਬੰਧ ਰੱਖਦੀ ਹਾਂ। ਮੈਂ ਬਹੁਤ ਸਾਰੀਆਂ ਚੋਣਾਂ ਦੇਖੀਆਂ ਹਨ। ਕਈ ਪਾਰਟੀਆਂ ਵਿਚ ਮੇਰੇ ਚੰਗੇ ਦੋਸਤ ਹਨ, ਜੋ ਮੈਨੂੰ ਨਿੱਜੀ ਤੌਰ ’ਤੇ ਜਾਣਦੇ ਹਨ। ਉਹ ਸਾਰੇ ਰਸੂਖ਼ ਵਾਲੇ, ਪੜ੍ਹੇ-ਲਿਖੇ ਅਤੇ ਚੰਗੇ ਸ਼ਿਸ਼ਟਾਚਾਰ ਵਾਲੇ ਹਨ। ਮੇਰੇ ਲਈ ਮੁਸ਼ਕਿਲ ਹੈ ਕਿ ਮੈਂ ਆਪਣੀ ਸੰਸਕ੍ਰਿਤੀ ਅਤੇ ਨਿਰਪੱਖ ਚੋਣਾਂ ਲਈ ਰੱਖਿਆਤਮਕ ਨਾ ਹੋ ਸਕਾਂ। ਮੈਂ ਇਕ ਸਿਹਤਮੰਦ, ਸਿੱਧੀ-ਸਾਦੀ ਸਿਆਸਤ ਵਿਚ ਪਲੀ-ਵਧੀ। ਬੇਸ਼ੱਕ ਇਥੇ ਮੁਕਾਬਲਾ ਹੁੰਦਾ ਸੀ ਅਤੇ ਚੋਣਾਂ ਵਿਚ ਕਾਫੀ ਕੁਝ ਗਲਤ ਵੀ ਕੀਤਾ ਜਾਂਦਾ ਸੀ ਪਰ ਮੈਂ ਅਜਿਹੀ ਅਭੱਦਰ ਭਾਸ਼ਾ ਅਤੇ ਪ੍ਰਦਰਸ਼ਨ ਆਪਣੀ ਜ਼ਿੰਦਗੀ ਵਿਚ ਕਦੇ ਨਹੀਂ ਦੇਖੇ। ਹੋਰ ਤਾਂ ਹੋਰ, ਹੁਣ ਤਾਂ ਨੌਜਵਾਨ ਵਿਦਿਆਰਥੀਆਂ ’ਤੇ ਫਾਇਰਿੰਗ ਵੀ ਹੋ ਰਹੀ ਹੈ।

ਪ੍ਰਦਰਸ਼ਨਕਾਰੀ ਸਿਆਸੀ ਚਾਲਬਾਜ਼ਾਂ ਵਾਂਗ ਦਿਸਦੇ ਹਨ

ਸਾਨੂੰ ਗੁੰਡਾਗਰਦੀ ਨਹੀਂ, ਪ੍ਰਪੱਕ ਸਿਆਸਤ ਦੀ ਲੋੜ ਹੈ। ਮੇਰੇ ਪਿਤਾ ਦੇ ਸਮੇਂ ਚੋਣਾਂ ਦੌਰਾਨ ਕੰਮਾਂ ਦੇ ਮੁੱਦੇ ’ਤੇ ਮੈਂ ਕਈ ਉੱਚਕੋਟੀ ਦੀਆਂ ਬਹਿਸਾਂ ਦੇਖੀਆਂ ਪਰ ਕਦੇ ਵੀ ਨਿੱਜੀ ਹਮਲੇ ਨਹੀਂ ਦੇਖੇ ਅਤੇ ਨਾ ਹੀ ਫਿਰਕੂ ਹਮਲਾ ਦੇਖਿਆ ਹੈ। ਸਾਰੇ ਉਮੀਦਵਾਰ, ਭਾਵੇਂ ਉਹ ਕਿਸੇ ਵੀ ਧਰਮ ਨਾਲ ਸਬੰਧਤ ਹੋਣ, ਸਾਰੇ ਦੇ ਸਾਰੇ ਪ੍ਰਪੱਕ ਸਨ। ਸਾਰੀਆਂ ਪਾਰਟੀਆਂ ਨੂੰ ਵੋਟ ਬੈਂਕ ਲਈ ਧਰਮ ਦੀ ਵਰਤੋਂ ਨੂੰ ਲੈ ਕੇ ਦੋਸ਼ੀ ਠਹਿਰਾਇਆ ਜਾ ਸਕਦਾ ਹੈ। ਪ੍ਰਦਰਸ਼ਨਕਾਰੀ ਸਿਆਸੀ ਚਾਲਬਾਜ਼ਾਂ ਵਾਂਗ ਦਿਸਦੇ ਹਨ ਪਰ ਉਨ੍ਹਾਂ ਦੀ ਸੋਚ ਵਿਚ ਇਹ ਨਹੀਂ ਹੁੰਦਾ ਕਿ ਕਿਸੇ ਮੁੱਦੇ ਨੂੰ ਪ੍ਰਮਾਣਿਤ ਕਰਨ ਲਈ ਇਕ ਅਸਲ ਪ੍ਰਦਰਸ਼ਨਕਾਰੀ ਕੀ ਕਰਦਾ ਹੈ? ਕੋਈ ਵੀ ਵਿਅਕਤੀ ਬੇਰੋਜ਼ਗਾਰੀ, ਮੁੱਲ ਵਾਧਾ, ਸਿਹਤ ਦੇਖਭਾਲ ਅਤੇ ਦੇਸ਼ ਭਰ ਵਿਚ ਸੁਰੱਖਿਆ ਦੇ ਮੁੱਦੇ ਨੂੰ ਲੈ ਕੇ ਨਹੀਂ ਬੋਲ ਰਿਹਾ। ਜਿਸ ਤਰ੍ਹਾਂ ਅਸੀਂ ਚੋਣਾਂ ਵਿਚ ਲੜ ਰਹੇ ਹਾਂ, ਉਸ ਨਾਲ ਵਿਸ਼ਵ ਭਰ ਵਿਚ ਸਾਡਾ ਅਕਸ ਖਰਾਬ ਹੁੰਦਾ ਦਿਖਾਈ ਦੇ ਰਿਹਾ ਹੈ। ਇਕ ਦਿਨ ਅਮਰੀਕਾ ਤੋਂ ਇਕ ਐੱਨ. ਆਰ. ਆਈ. ਆਇਆ। ਉਸ ਨੇ ਮੇਰੇ ਤੋਂ ਪੁੱਛਿਆ, ‘‘ਕੀ ਤੁਸੀਂ ਸੋਚ ਸਕਦੇ ਹੋ ਕਿ ਜੇਕਰ ਕੁਝ ਦੇਸ਼ ਕੁਝ ਭਾਰਤੀਆਂ ਨੂੰ ਆਪਣੇ ਦੇਸ਼ ’ਚੋਂ ਕੱਢ ਦੇਣ ਤਾਂ ਉਹ ਲੋਕ ਕਿੱਥੇ ਜਾਣਗੇ, ਭਾਰਤ ਵਿਚ ਆ ਕੇ ਉਹ ਲੋਕ ਕੀ ਕੰਮ ਕਰਨਗੇ? ਉਹ ਬੇਰੋਜ਼ਗਾਰ ਹੋ ਜਾਣਗੇ ਅਤੇ ਤੁਹਾਡੀ ਅਰਥਵਿਵਸਥਾ ’ਤੇ ਇਕ ਬੋਝ ਸਾਬਿਤ ਹੋਣਗੇ।’’ ਮੈਂ ਸਰਕਾਰ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਹਿਮਾਚਲ ਪ੍ਰਦੇਸ਼ ਗੰਦੀ ਰਾਜਨੀਤੀ ਤੋਂ ਅਛੂਤਾ ਹੈ

ਮੈਂ ਆਪਣੇ ਰੋਜ਼ਾਨਾ ਦੇ ਖਰਚੇ, ਆਪਣੇ ਪਰਿਵਾਰ ਦੀ ਜਾਂਚ ਲਈ ਚਿੰਤਤ ਹਾਂ। ਮੈਂ ਟੈਲੀਵਿਜ਼ਨ ’ਤੇ ਬਹਿਸਬਾਜ਼ੀ ਦੇਖਦੀ ਹਾਂ ਅਤੇ ਆਪਣੇ ਪੋਤੇ-ਪੋਤੀਆਂ ਨੂੰ ਵੀ ਇਨ੍ਹਾਂ ਨੂੰ ਦੇਖਣ ਲਈ ਆਪਣੀ ਇਜਾਜ਼ਤ ਦਿੰਦੀ ਹਾਂ। ਮੈਂ ਇਕ ਛੋਟੇ ਜਿਹੇ ਸੂਬੇ ਹਿਮਾਚਲ ਪ੍ਰਦੇਸ਼ ਨਾਲ ਸਬੰਧ ਰੱਖਦੀ ਹਾਂ, ਜੋ ਦੇਸ਼ ਭਰ ਵਿਚ ਪਾਈ ਜਾ ਰਹੀ ਗੰਦੀ ਰਾਜਨੀਤੀ ਤੋਂ ਅਛੂਤਾ ਹੈ। ਚੋਣਾਂ ਦੌਰਾਨ ਅਸੀਂ ਲੋਕ ਆਪਣੇ ਕੰਮ, ਰਾਜਨੀਤੀ ਅਤੇ ਆਰਥਿਕ ਮੁੱਦਿਆਂ ਨੂੰ ਲੈ ਕੇ ਲੜਦੇ ਹਾਂ। ਅਸੀਂ ਕਦੇ ਵੀ ਨਿੱਜੀ ਮੁੱਦਿਆਂ, ਧਰਮ ਅਤੇ ਵੋਟ ਪਾਉਣ ਦੀਆਂ ਚਾਲਬਾਜ਼ੀਆਂ ਦੀ ਵਰਤੋਂ ਨਹੀਂ ਕਰਦੇ। ਮੈਂ ਸ਼ਾਇਦ ਹੀ ਕੋਈ ਪ੍ਰਦਰਸ਼ਨ ਜਾਂ ਫਿਰ ਹੜਤਾਲ ਦੇਖੀ ਹੋਵੇਗੀ। ਹਾਂ, ਕੁਝ ਯੂਨੀਅਨਾਂ ਉਥੇ ਜ਼ਰੂਰ ਹਨ। ਸਾਡੇ ਪ੍ਰਦੇਸ਼ ਦੇ ਰਾਜਨੇਤਾ ਬਹੁਤ ਹੀ ਸਾਧਾਰਨ ਲੋਕ ਹਨ, ਫਿਰ ਭਾਵੇਂ ਉਹ ਸਾਡੇ ਮੌਜੂਦਾ ਮੁੱਖ ਮੰਤਰੀ ਹੋਣ ਜਾਂ ਫਿਰ ਸਾਬਕਾ ਮੁੱਖ ਮੰਤਰੀ।

ਮੇਰਾ ਪ੍ਰਦੇਸ਼ ਕਦੇ ਵੀ ਨਾ ਬਦਲੇ

ਹਿਮਾਚਲੀ ਹੋਣ ਦੇ ਨਾਤੇ ਮੇਰੇ ਲਈ ਸਨਮਾਨ ਦੀ ਗੱਲ ਹੈ ਕਿ ਜੇ. ਪੀ. ਨੱਢਾ ਸਾਡੇ ਰਾਸ਼ਟਰੀ ਭਾਜਪਾ ਪ੍ਰਧਾਨ ਹਨ। ਉਹ ਬਿਲਾਸਪੁਰ ਨਾਲ ਸਬੰਧ ਰੱਖਦੇ ਹਨ ਅਤੇ ਦੇਸ਼ ਦੀ ਸਭ ਤੋਂ ਵੱਡੀ ਸੱਤਾਧਾਰੀ ਪਾਰਟੀ ਦੇ ਪ੍ਰਧਾਨ ਬਣੇ ਹਨ। ਉਹ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸਾਰੇ ਜਾਣਦੇ ਹਨ ਅਤੇ ਸਿਰਫ ਹਿਮਾਚਲ ਵਿਚ ਹੀ ਨਹੀਂ, ਸਾਰੇ ਸਿਆਸੀ ਗਲਿਆਰਿਆਂ ਦੇ ਲੋਕ ਉਨ੍ਹਾਂ ਦੀ ਸਖਤ ਮਿਹਨਤ ਅਤੇ ਭੱਦਰਪੁਰਸ਼ ਵਰਗੇ ਵਿਵਹਾਰ ਲਈ ਉਨ੍ਹਾਂ ਨੂੰ ਜਾਣਦੇ ਹਨ। ਇਹ ਅਜਿਹੀ ਰਾਜਨੀਤੀ ਹੈ, ਜਿਸ ਨਾਲ ਮੈਂ ਸਬੰਧ ਰੱਖਦੀ ਹਾਂ। ਇਹ ਅਜਿਹੇ ਲੋਕ ਹਨ, ਜਿਨ੍ਹਾਂ ਦੇ ਨਾਲ ਮੈਂ ਉਮਰ ਦੇ ਨਾਲ ਵਧੀ ਹਾਂ। ਰੱਬ ਤੋਂ ਮੇਰੀ ਇਹੀ ਕਾਮਨਾ ਹੈ ਕਿ ਮੇਰਾ ਪ੍ਰਦੇਸ਼ ਕਦੇ ਨਾ ਬਦਲੇ। ਮੈਂ ਕਦੇ ਵੀ ਆਪਣੇ ਹਿਮਾਚਲ ਵਿਚ ਅਜਿਹੀ ਚੋਣ ਲੜਦੇ ਹੋਏ ਨਹੀਂ ਦੇਖਣਾ ਚਾਹੁੰਦੀ, ਜਿਹੋ ਜਿਹੀ ਕਿ ਅੱਜ ਦੇਸ਼ ਦੀ ਰਾਜਨੀਤੀ ਵਿਚ ਲੜੀ ਜਾ ਰਹੀ ਹੈ। ਇਸੇ ਕਾਰਣ ਮੇਰੇ ਬੱਚਿਆਂ ਨੇ ਵੀ ਹਿਮਾਚਲ ਵਿਚ ਸਿੱਖਿਆ ਹਾਸਿਲ ਕੀਤੀ ਅਤੇ ਜੇਕਰ ਆਪਣੇ ਪੋਤੇ-ਪੋਤੀਆਂ ਨੂੰ ਸਿੱਖਿਆ ਦੇਣ ਦੀ ਗੱਲ ਕਰਾਂ ਤਾਂ ਮੈਂ ਆਪਣੇ ਸੂਬੇ ਵਿਚ ਪਰਤਣਾ ਚਾਹਾਂਗੀ। ਹਿਮਾਚਲ ਵਿਚ ਕੋਈ ਵੀ ਪਾਰਟੀ ਸੱਤਾ ਹਾਸਿਲ ਕਰੇ, ਮੈਂ ਆਪਣੇ ਸੂਬੇ ਦੇ ਰਾਜਨੇਤਾਵਾਂ ਵਿਚ ਪੂਰਾ ਵਿਸ਼ਵਾਸ ਰੱਖਦੀ ਹਾਂ ਕਿ ਉਹ ਕਦੇ ਵੀ ਵੋਟ ਹਾਸਿਲ ਕਰਨ ਲਈ ਸਸਤੀਆਂ ਚਾਲਬਾਜ਼ੀਆਂ ਨਹੀਂ ਕਰਨਗੇ।

ਜੇਕਰ ਦਿੱਲੀ ਚੋਣਾਂ ਦੀ ਗੱਲ ਕਰਾਂ ਤਾਂ ਮੈਂ ਆਪਣੇ ਦੇਸ਼ ਦੀ ਮਜ਼ਬੂਤ ਲੋਕਤੰਤਰਿਕ ਪ੍ਰਣਾਲੀ ਦੀ ਉਮੀਦ ਕਰਦੀ ਹਾਂ ਕਿ ਕਾਂਗਰਸ ਨੂੰ ਇਕੱਠੇ ਚੱਲ ਕੇ ਕੰਮ ਕਰਨਾ ਚਾਹੀਦਾ ਹੈ। ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਕੋਲ ਹਰੇਕ ਸੂਬੇ ਵਿਚ ਇਕ ਸੱਚਾ ਵਰਕਰ ਮੌਜੂਦ ਹੈ। ਕਾਂਗਰਸ ਨੂੰ ਆਪਣੇ ਵਰਕਰਾਂ ਵਿਚ ਵਿਸ਼ਵਾਸ ਜਾਗ੍ਰਿਤ ਕਰਨਾ ਚਾਹੀਦਾ ਹੈ ਤਾਂ ਕਿ ਉਹ ਆਪਣੇ ਸੂਬੇ ਵਿਚ ਪਾਰਟੀ ਦੇ ਲਈ ਜ਼ਿੰਮੇਵਾਰੀ ਨਾਲ ਕੰਮ ਕਰਨ। ਇਹ ਬੜੀ ਅਚੰਭੇ ਵਾਲੀ ਗੱਲ ਹੈ ਕਿ ‘ਆਮ ਆਦਮੀ ਪਾਰਟੀ’ ਨੇ ਪਿਛਲੇ 5 ਸਾਲਾਂ ਦੌਰਾਨ ਵੋਟਰਾਂ ਦਾ ਦਿਲ ਜਿੱਤਿਆ ਹੈ। ਭਾਜਪਾ ਦਿੱਲੀ ਵਾਸੀਆਂ ਦਾ ਵਿਸ਼ਵਾਸ ਜਿੱਤਣ ਵਿਚ ਲੱਗੀ ਹੈ ਅਤੇ ਮੈਨੂੰ ਯਕੀਨ ਹੈ ਕਿ ਉਹ ਆਪਣੀ ਛਾਪ ਛੱਡੇਗੀ ਪਰ ਇਹ ਸਭ 11 ਫਰਵਰੀ ਨੂੰ ਪਤਾ ਲੱਗੇਗਾ ਕਿ ਦੇਸ਼ ਦੀ ਰਾਜਧਾਨੀ ’ਤੇ ਕੌਣ ਸ਼ਾਸਨ ਕਰੇਗਾ?

(devi@devicherian.com)

Bharat Thapa

This news is Content Editor Bharat Thapa