ਪੱਛਮੀ ਬੰਗਾਲ ਦੀ ਦਸ਼ਾ-ਦਿਸ਼ਾ ਤੈਅ ਕਰਦੇ ਦੋ ਮੁੱਦੇ

03/17/2021 3:18:30 AM

ਭਾਰਤੀ ਜਨਤਾ ਪਾਰਟੀ ਨੇ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਨੂੰ ਪੂਰੀ ਤਰ੍ਹਾਂ ਜੰਗ ’ਚ ਤਬਦੀਲ ਕਰ ਦਿੱਤਾ ਹੈ। ਅਜਿਹੀ ਹਾਲਤ ’ਚ ਹਰ ਤਰ੍ਹਾਂ ਦੇ ਦਾਅ ਅਪਣਾਉਣ ਤੋਂ ਇਲਾਵਾ ਮਮਤਾ ਬੈਨਰਜੀ ਕੋਲ ਹੋਰ ਕੋਈ ਚਾਰਾ ਬਾਕੀ ਵੀ ਨਹੀਂ ਹੈ। ਜਿਹੜੀਆਂ ਦੋ ਘਟਨਾਵਾਂ ਇਨ੍ਹਾਂ ਚੋਣਾਂ ਦੀ ਦਸ਼ਾ-ਦਿਸ਼ਾ ਨੂੰ ਤੈਅ ਕਰਨਗੀਆਂ, ਉਹ ਹਨ ਜਨਤਕ ਸਟੇਜ ਤੋਂ ਮਮਤਾ ਬੈਨਰਜੀ ਵਲੋਂ ਚੰਡੀ ਪਾਠ ਕਰਨਾ ਅਤੇ ਪੈਰ ’ਤੇ ਚੜ੍ਹਾਏ ਪਲਸਤਰ ਨਾਲ ਵ੍ਹੀਲਚੇਅਰ ’ਤੇ ਚੋਣ ਪ੍ਰਚਾਰ ਕਰਨਾ। ਮਮਤਾ ’ਤੇ ਨਿੱਜੀ ਹਮਲੇ ਕਰਨ ਦੀ ਬੇਹੱਦ ਹਮਲਾਵਰ ਨੀਤੀ ਲਈ ਭਾਜਪਾ ਨੂੰ ਪਛਤਾਉਣਾ ਪੈ ਸਕਦਾ ਹੈ।
ਮਮਤਾ ਬੈਨਰਜੀ ਨੂੰ ਨੇਤਾ ਵਜੋਂ ਉੱਪਰ ਤੋਂ ਨਹੀਂ ਠੋਸਿਆ ਗਿਆ। ਉਹ ਸੜਕ ਤੋਂ ਉੱਪਰ ਉੱਠੀ ਹੈ। ਜੇ ਅੱਜ ਉਹ ਆਪਣੇ ਆਪ ਵਿਚ ਇਕ ਅਹਿਮ ਨੇਤਾ ਹੈ ਤਾਂ ਇਸ ਦਾ ਕਾਰਨ ਸੜਕ ’ਤੇ ਲੜਨ ਦੀ ਉਨ੍ਹਾਂ ਦੀ ਤਾਕਤ ਹੈ। ਮੂਲ ਰੂਪ ’ਚ ਉਹ ਕਾਂਗਰਸ ਦੀ ਹੈ। 1990 ਦੇ ਦਹਾਕੇ ’ਚ ਜਦੋਂ ਮਮਤਾ ਨੂੰ ਇੰਝ ਲੱਗਾ ਕਿ ਪਾਰਟੀ ਦੀ ਚੋਟੀ ਦੀ ਲੀਡਰਸ਼ਿਪ ਉਨ੍ਹਾਂ ਦੀਆਂ ਇੱਛਾਵਾਂ ਨੂੰ ਕੁਚਲ ਰਹੀ ਹੈ ਤਾਂ ਉਨ੍ਹਾਂ ਬਗਾਵਤ ਕਰ ਦਿੱਤੀ ਅਤੇ ਆਪਣੀ ਵੱਖਰੀ ਪਾਰਟੀ ਬਣਾ ਲਈ। ਇਹ ਇਕ ਬਹੁਤ ਵੱਡਾ ਫੈਸਲਾ ਸੀ।

ਉਨ੍ਹਾਂ ਦਿਨਾਂ ’ਚ ਇਹ ਮੰਨਿਆ ਜਾਂਦਾ ਸੀ ਕਿ ਜਿਹੜੇ ਨੇਤਾ ਪਾਰਟੀ ਤੋੜ ਕੇ ਵੱਖਰੇ ਹੋ ਜਾਂਦੇ ਹਨ, ਉਹ ਵਧੇਰੇ ਦਿਨ ਤਕ ਟਿਕ ਨਹੀਂ ਸਕਦੇ। ਸ਼ਰਦ ਪਵਾਰ ਵਰਗੇ ਕੁਝ ਲੋਕ ਇਸ ਦਾ ਅਪਵਾਦ ਸਨ। ਮਮਤਾ ਦੀ ਬਗਾਵਤ ਤੋਂ ਪਹਿਲਾਂ ਕਾਂਗਰਸ ਦੇ ਦੋ ਚੋਟੀ ਦੇ ਆਗੂਆਂ ਅਰਜਨ ਸਿੰਘ ਅਤੇ ਐੱਨ. ਡੀ. ਤਿਵਾੜੀ ਨੇ ਨਰਸਿਮ੍ਹਾ ਰਾਓ ਦੀ ਲੀਡਰਸ਼ਿਪ ਵਿਰੁੱਧ ਝੰਡਾ ਬੁਲੰਦ ਕੀਤਾ ਸੀ, ਵੱਖਰੀ ਪਾਰਟੀ ਬਣਾਈ ਸੀ ਅਤੇ ਚੋਣਾਂ ਇਸ ਉਮੀਦ ਨਾਲ ਲੜੀਆਂ ਸਨ ਕਿ ਲੋਕ ਉਨ੍ਹਾਂ ਦੀ ਪਾਰਟੀ ਨੂੰ ਅਸਲੀ ਕਾਂਗਰਸ ਮੰਨ ਲੈਣਗੇ। ਇਹ ਤਜਰਬਾ ਵਧੇਰੇ ਦਿਨ ’ਚ ਨਹੀਂ ਚੱਲ ਸਕਿਆ ਅਤੇ ਦੋਹਾਂ ਆਗੂਆਂ ਨੂੰ ਮੂਲ ਸੰਗਠਨ ’ਚ ਵਾਪਸ ਆਉਣਾ ਪਿਆ।

ਪਰ ਮਮਤਾ ਬੈਨਰਜੀ ਨੇ ਕਾਂਗਰਸ ਛੱਡਣ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਵੇਖਿਆ। ਉਹ ਮਾੜੇ ਦਿਨਾਂ ਵਿਚੋਂ ਲੰਘੀ ਪਰ ਪ੍ਰਣਬ ਮੁਖਰਜੀ ਵਾਂਗ ਕਾਂਗਰਸ ਵਿਚ ਵਾਪਸ ਜਾਣ ਦਾ ਵਿਚਾਰ ਉਨ੍ਹਾਂ ਦੇ ਮਨ ’ਚ ਕਦੇ ਨਹੀਂ ਆਇਆ। ਸੋਨੀਆ ਗਾਂਧੀ ਨਾਲ ਵਧੀਆ ਸਬੰਧ ਹੋਣ ਦੇ ਬਾਵਜੂਦ ਮਮਤਾ ਨੇ ਉਨ੍ਹਾਂ ਸਾਹਮਣੇ ਆਤਮਸਮਰਪਣ ਕਰਨ ਦੀ ਬਜਾਏ ਭਾਜਪਾ ਨਾਲ ਹੱਥ ਮਿਲਾਉਣਾ ਠੀਕ ਸਮਝਿਆ। ਉਨ੍ਹਾਂ ਦੀ ਮਿਹਨਤ ਰੰਗ ਲਿਆਈ ਅਤੇ 2011 ’ਚ ਉਹ ਚੋਣਾਂ ਜਿੱਤ ਗਈ। ਪੱਛਮੀ ਬੰਗਾਲ ’ਚ ਸੀ. ਪੀ. ਆਈ. (ਐੱਮ.) ਦੀ ਅਗਵਾਈ ਵਾਲੀ ਖੱਬੇਪੱਖੀ ਮੋਰਚੇ ਦੀ ਸਰਕਾਰ ਨੂੰ ਹਰਾਇਆ ਅਤੇ ਆਪਣੀ ਸਰਕਾਰ ਬਣਾਉਣ ’ਚ ਸਫਲ ਰਹੀ।

ਪੱਛਮੀ ਬੰਗਾਲ ’ਚ ਕਿਸੇ ਸਮੇਂ ਖੱਬੇਪੱਖੀ ਮੋਰਚੇ ਨੂੰ ਅਜੇਤੂ ਸਮਝਿਆ ਜਾਂਦਾ ਸੀ। ਮਮਤਾ ਬੈਨਰਜੀ ਨੇ ਉਹ ਕਰ ਦਿਖਾਇਆ ਜੋ ਉਸ ਸਮੇਂ ਕੋਈ ਸੋਚ ਵੀ ਨਹੀਂ ਸਕਦਾ ਸੀ। ਇਕ ਵਾਰ ਖੱਬੇਪੱਖੀ ਮੋਰਚੇ ਦੇ ਗੁੰਡਿਆਂ ਨੇ ਉਨ੍ਹਾਂ ’ਤੇ ਜਾਨਲੇਵਾ ਹਮਲਾ ਕੀਤਾ ਪਰ ਇਸ ਦੇ ਬਾਵਜੂਦ ਉਹ ਰੁਕੀ ਨਹੀਂ। ਕੋਈ ਹੋਰ ਸਿਆਸਤਦਾਨ ਹੁੰਦਾ ਤਾਂ ਹੌਸਲਾ ਛੱਡ ਦਿੰਦਾ। ਮਮਤਾ ਨੇ ਇੰਝ ਨਹੀਂ ਕੀਤਾ। ਨੰਦੀਗ੍ਰਾਮ ਅਤੇ ਸਿੰਗੂਰ ਨੇ ਉਨ੍ਹਾਂ ਦੀ ਸਫਲਤਾ ਦਾ ਰਾਹ ਖੋਲ੍ਹ ਦਿੱਤਾ। ਜੇ ਭਾਜਪਾ ਨੇ ਇਹ ਸੋਚਿਆ ਹੈ ਕਿ ਲਗਾਤਾਰ ਤਿੱਖੇ ਹਮਲਿਆਂ ਰਾਹੀਂ ਮਮਤਾ ਨੂੰ ਡਰਾਇਆ ਜਾ ਸਕਦਾ ਹੈ ਤਾਂ ਇਹ ਕਹਿਣਾ ਢੁੱਕਵਾਂ ਹੋਵੇਗਾ ਕਿ ਭਾਜਪਾ ਨੇ ਹੋਮਵਰਕ ਠੀਕ ਢੰਗ ਨਾਲ ਨਹੀਂ ਕੀਤਾ। ਮਮਤਾ ਇਕ ਅਜਿਹੀ ਨੇਤਾ ਹੈ ਜੋ ਉਲਟ ਸਮੇਂ ’ਚ ਵਧੀਆ ਪ੍ਰਦਰਸ਼ਨ ਕਰਦੀ ਹੈ ਅਤੇ ਸੰਘਰਸ਼ ਦਾ ਆਨੰਦ ਉਠਾਉਂਦੀ ਹੈ।

ਪੱਛਮੀ ਬੰਗਾਲ ’ਚ ਬਿਨਾਂ ਸ਼ੱਕ ਭਾਜਪਾ ਬਹੁਤ ਤੇਜ਼ੀ ਨਾਲ ਅੱਗੇ ਵਧੀ ਹੈ। ਉਸ ਨੂੰ 2014 ਦੀਆਂ ਲੋਕ ਸਭਾ ਚੋਣਾਂ ’ਚ 16 ਫੀਸਦੀ ਵੋਟਾਂ ਵੱਧ ਮਿਲੀਆਂ ਸਨ। ਉਸ ਨੇ ਤਿੰਨ ਸੀਟਾਂ ’ਤੇ ਜਿੱਤ ਹਾਸਲ ਕੀਤੀ ਪਰ ਪੰਜ ਸਾਲ ’ਚ ਉਸ ਦੇ ਵੋਟ ਸ਼ੇਅਰ ਵਿਚ 24 ਫੀਸਦੀ ਵਾਧਾ ਹੋਇਆ ਅਤੇ ਉਸ ਨੂੰ ਤ੍ਰਿਣਮੂਲ ਕਾਂਗਰਸ ਦੀਆਂ 24 ਸੀਟਾਂ ਦੇ ਮੁਕਾਬਲੇ 18 ਸੀਟਾਂ ਮਿਲੀਆਂ। ਇਹ ਡਰਾਉਣ ਵਾਲੇ ਅੰਕੜੇ ਹਨ। ਆਸਾਨੀ ਨਾਲ ਹੀ ਇਹ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਭਾਜਪਾ ਦੀ ਹਾਲਤ ਵਿਚ ਹੋਰ ਸੁਧਾਰ ਹੋ ਜਾਵੇਗਾ।

ਪਰ ਇਸ ਕਹਾਣੀ ’ਚ ਇਕ ਮੋੜ ਹੈ। ਭਾਜਪਾ ਦੀ ਉਮੀਦ ਮੁਤਾਬਿਕ ਸਫਲਤਾ ਦੇ ਬਾਵਜੂਦ ਮਮਤਾ ਦੇ ਸਮਾਜਿਕ ਆਧਾਰ ’ਚ ਉਹ ਸੰਨ੍ਹ ਨਹੀਂ ਲਾ ਸਕੀ। ਖੱਬੇਪੱਖੀ ਮੋਰਚੇ ਨੂੰ 2011 ਦੀਆਂ ਚੋਣਾਂ ’ਚ ਹਰਾਉਣ ਤੋਂ ਬਾਅਦ ਤੋਂ ਹੁਣ ਤਕ ਤ੍ਰਿਣਮੂਲ ਕਾਂਗਰਸ ਨੂੰ ਲਗਾਤਾਰ 42 ਤੋਂ 45 ਫੀਸਦੀ ਵੋਟਾਂ ਮਿਲਦੀਆਂ ਰਹੀਆਂ ਹਨ। ਭਾਜਪਾ ਨੂੰ ਕਾਂਗਰਸ ਅਤੇ ਖੱਬੇਪੱਖੀ ਮੋਰਚੇ ਦੀ ਕੀਮਤ ’ਤੇ ਲਾਭ ਹਾਸਲ ਹੋਇਆ ਹੈ। ਮਮਤਾ ਨੇ ਕਾਂਗਰਸ ਨੂੰ ਤੋਰਨ ਪਿੱਛੋਂ ਉਸ ਦਾ ਸਮਾਜਿਕ ਆਧਾਰ ਵੀ ਖੋਹ ਲਿਆ ਹੈ। ਕਾਂਗਰਸ ਦੇ ਵਧੇਰੇ ਵੋਟਰ ਤ੍ਰਿਣਮੂਲ ’ਚ ਆ ਗਏ। ਜਦੋਂ ‘ਮੋਹ ਭੰਗ ਹੋਏ’ ਖੱਬੇਪੱਖੀ ਹਮਾਇਤੀ ਵੋਟਰਾਂ ਨੇ ਤ੍ਰਿਣਮੂਲ ਕਾਂਗਰਸ ਦਾ ਹੱਥ ਫੜਿਆ ਤਾਂ ਮਮਤਾ ਬੈਨਰਜੀ ਨੇ ਖੱਬੇਪੱਖੀ ਮੋਰਚੇ ਨੂੰ ਢਹਿ-ਢੇਰੀ ਕਰ ਦਿੱਤਾ। ਹੁਣ ਖੱਬੇਪੱਖੀ ਮੋਰਚਾ ਅਤੇ ਕਾਂਗਰਸ ਨਾਲ-ਨਾਲ ਹਨ। ਉਨ੍ਹਾਂ ਕੋਲੋਂ ਨਾ ਤਾਂ ਮਮਤਾ ਬੈਨਰਜੀ ਅਤੇ ਨਾ ਹੀ ਭਾਜਪਾ ਨੂੰ ਕੋਈ ਖਤਰਾ ਹੈ।

ਪੱਛਮੀ ਬੰਗਾਲ ’ਚ ਮੁਸਲਮਾਨ ਫੈਸਲਾਕੁੰਨ ਭੂਮਿਕਾ ’ਚ ਹਨ। 2011 ਦੀ ਮਰਦਮਸ਼ੁਮਾਰੀ ਮੁਤਾਬਿਕ ਪੱਛਮੀ ਬੰਗਾਲ ’ਚ ਮੁਸਲਮਾਨਾਂ ਦੀ ਆਬਾਦੀ 27 ਫੀਸਦੀ ਹੈ। ਖੱਬੇਪੱਖੀ ਮੋਰਚੇ ਦੇ ਲਗਾਤਾਰ 34 ਸਾਲ ਦੇ ਰਾਜਕਾਲ ’ਚ ਵਧੇਰੇ ਮੁਸਲਮਾਨ ਪੂਰੀ ਮਜ਼ਬੂਤੀ ਨਾਲ ਉਨ੍ਹਾਂ ਨਾਲ ਖੜ੍ਹੇ ਰਹੇ। ਹੁਣ ਉਨ੍ਹਾਂ ਦੀ ਪ੍ਰਤੀਬੱਧਤਾ ਮਮਤਾ ਬੈਨਰਜੀ ਨਾਲ ਜੁੜ ਗਈ ਹੈ। ਭਾਜਪਾ ਦਾ ਮਮਤਾ ਬੈਨਰਜੀ ’ਤੇ ਮੁਸਲਿਮ ਤੁਸ਼ਟੀਕਰਨ ਅਤੇ ਹਿੰਦੂਆਂ ਨੂੰ ਬੇਧਿਆਨ ਕਰਨ ਦਾ ਦੋਸ਼ ਕਾਫੀ ਹੱਦ ਤੱਕ ਠੀਕ ਹੈ ਪਰ ਭਾਜਪਾ ਆਪਣੀ ਵਿਚਾਰਿਕ ਪ੍ਰਤੀਬੱਧਤਾ ਵਿਚ ਕੁਝ ਵਧੇਰੇ ਹੀ ਵਹਿ ਗਈ। ਭਾਜਪਾ ਦਾ ਬਹੁਤ ਹੀ ਵਧਾ-ਚੜ੍ਹਾ ਕੇ, ਬਹੁਤ ਹੀ ਉੱਚੀ ਆਵਾਜ਼ ’ਚ ਅਤੇ ਬਹੁਤ ਹਮਲਾਵਰ ਢੰਗ ਨਾਲ ਧਰੁਵੀਕਰਨ ਆਧਾਰਿਤ ਪ੍ਰਚਾਰ ਵਿਰੁੱਧ ਵੀ ਜਾ ਸਕਦਾ ਹੈ।

ਇਹ ਡਰ ਗਲਤ ਹੈ ਕਿ ਮੁਸਲਮਾਨਾਂ ਦੀ ਵੋਟ ਤ੍ਰਿਣਮੂਲ ਕਾਂਗਰਸ ਅਤੇ ਖੱਬੇਪੱਖੀ ਪਾਰਟੀਆਂ-ਕਾਂਗਰਸ ’ਚ ਵੰਡੀ ਜਾਏਗੀ। ਸੱਚਾਈ ਤਾਂ ਇਹ ਹੈ ਕਿ ਮੁਸਲਿਮ ਵੋਟਰ ਮਮਤਾ ਬੈਨਰਜੀ ਨਾਲ ਵਧੇਰੇ ਮਜ਼ਬੂਤੀ ਨਾਲ ਇਕਮੁੱਠ ਹੋ ਰਹੇ ਹਨ। ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ 85 ਫੀਸਦੀ ਤੋਂ ਵੱਧ ਮੁਸਲਮਾਨ ਤ੍ਰਿਣਮੂਲ ਨੂੰ ਵੋਟ ਪਾਉਣਗੇ। ਹੁਣ ਤਕ ਉਸ ਨੂੰ ਇੰਨੀਆਂ ਵੋਟਾਂ ਪਹਿਲਾਂ ਕਦੇ ਵੀ ਨਹੀਂ ਮਿਲੀਆਂ। ਜੇ ਅਜਿਹਾ ਹੁੰਦਾ ਹੈ ਤਾਂ ਮਮਤਾ ਨੂੰ ਹਟਾਉਣਾ ਭਾਜਪਾ ਲਈ ਔਖਾ ਹੋਵੇਗਾ। ਜੇ ਭਾਜਪਾ ਗੈਰ-ਮੁਸਲਿਮ ਵੋਟਾਂ ਦਾ ਧਰੁਵੀਕਰਨ ਕਰਨ ’ਚ ਸਫਲ ਹੁੰਦੀ ਹੈ ਤਾਂ ਵੀ ਇਹ ਕਲਪਨਾ ਕਰਨੀ ਔਖੀ ਹੈ ਕਿ ਸਭ 70 ਫੀਸਦੀ ਗੈਰ-ਮੁਸਲਿਮ ਵੋਟਾਂ ਉਸ ਨੂੰ ਹੀ ਮਿਲਣਗੀਆਂ।

ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਭਾਜਪਾ-ਆਰ. ਐੱਸ. ਐੱਸ. ਨੇ ਹਿੰਦੂ ਵੋਟਾਂ ਦੇ ਵੱਡੇ ਹਿੱਸੇ ’ਤੇ ਕਬਜ਼ਾ ਕਰਨ ’ਚ ਸਫਲਤਾ ਹਾਸਲ ਕਰ ਲਈ ਹੈ ਪਰ ਉੱਤਰੀ ਭਾਰਤ ਦੇ ਕੁਝ ਸੂਬਿਆਂ ਨੂੰ ਛੱਡ ਕੇ ਕੁੱਲ ਪਈਆਂ ਵੋਟਾਂ ਵਿਚੋਂ ਇਨ੍ਹਾਂ ਵੋਟਾਂ ਦਾ ਹਿੱਸਾ 50 ਫੀਸਦੀ ਤੋਂ ਵੱਧ ਨਹੀਂ ਹੁੰਦਾ। ਇਸ ਵਿਚ ਵੀ ਮੋਦੀ ਇਕ ਅਹਿਮ ਕਾਰਕ ਹਨ। ਵਿਧਾਨ ਸਭਾ ਦੀਆਂ ਚੋਣਾਂ ’ਚ ਜਿੱਥੇ ਮੋਦੀ ਦੇ ਉਮੀਦਵਾਰ ਨਹੀਂ ਹੁੰਦੇ, ਭਾਜਪਾ ਦੇ ਵੋਟ ਸ਼ੇਅਰ ਵਿਚ 8 ਤੋਂ 24 ਫੀਸਦੀ ਦੀ ਗਿਰਾਵਟ ਦਰਜ ਕੀਤੀ ਜਾਂਦੀ ਹੈ। 2017 ਤੋਂ ਲੈ ਕੇ ਹੁਣ ਤਕ 12 ਸੂਬਿਆਂ ਦੀਆਂ ਅਸੈਂਬਲੀ ਚੋਣਾਂ ਦੇ ਨਾਲ ਹੀ ਲੋਕ ਸਭਾ ਦੀਆਂ ਆਮ ਚੋਣਾਂ ਵੀ ਹੋਈਆਂ। ਇਨ੍ਹਾਂ ਚੋਣਾਂ ਦੇ ਅੰਕੜੇ ਇਸ ਦੀ ਪੁਸ਼ਟੀ ਕਰਦੇ ਹਨ। ਇਸ ਤਰ੍ਹਾਂ ਭਾਜਪਾ ਨੂੰ ਬਿਹਾਰ ’ਚ 17 ਫੀਸਦੀ, ਦਿੱਲੀ ’ਚ 18 ਫੀਸਦੀ, ਮਹਾਰਾਸ਼ਟਰ ’ਚ 8 ਫੀਸਦੀ, ਅਤੇ ਹਰਿਆਣਾ ’ਚ 22 ਫੀਸਦੀ ਵੋਟਾਂ ਦਾ ਨੁਕਸਾਨ ਹੋਇਆ।

ਉਕਤ ਸੂਬਿਆਂ ’ਚ ਚੋਣਾਂ 2019 ਦੀਆਂ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਹੋਈਆਂ, ਜਿਸ ਵਿਚ ਭਾਜਪਾ ਨੂੰ 303 ਸੀਟਾਂ ਦਾ ਇਤਿਹਾਸਕ ਲੋਕ ਫਤਵਾ ਮਿਲਿਆ ਸੀ। 2014 ਦੀਆਂ ਆਮ ਚੋਣਾਂ ਦੇ ਮੁਕਾਬਲੇ ਇਸ ਵਾਰ 6 ਫੀਸਦੀ ਵੱਧ ਵੋਟਾਂ ਮਿਲੀਆਂ ਸਨ। ਇਹ ਕਿਹਾ ਜਾ ਸਕਦਾ ਹੈ ਕਿ ਸੂਬਿਆਂ ’ਚ ਘੱਟ ਵੋਟਾਂ ਸਰਕਾਰ ਵਿਰੋਧੀ ਭਾਵਨਾਵਾਂ ਕਾਰਨ ਮਿਲੀਆਂ ਪਰ ਦਿੱਲੀ ਅਤੇ ਓਡਿਸ਼ਾ ਦੇ ਮਾਮਲੇ ’ਚ ਇਹ ਗੱਲ ਨਹੀਂ ਕਹੀ ਜਾ ਸਕਦੀ। ਓਡਿਸ਼ਾ ’ਚ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ’ਚ ਭਾਜਪਾ ਨੂੰ ਹਾਸਲ ਵੋਟਾਂ ’ਚ 10 ਫੀਸਦੀ ਦਾ ਫਰਕ ਹੈ। ਦਿੱਲੀ ਇਸ ਦੀ ਇਕ ਚੰਗੀ ਉਦਾਹਰਣ ਹੈ। 2019 ’ਚ ਦਿੱਲੀ ’ਚ ਭਾਜਪਾ ਨੂੰ ਲੋਕ ਸਭਾ ਦੀਆਂ ਸਾਰੀਆਂ 7 ਸੀਟਾਂ ਮਿਲ ਗਈਆਂ ਅਤੇ ਆਮ ਆਦਮੀ ਪਾਰਟੀ ਤੀਜੇ ਨੰਬਰ ’ਤੇ ਸਿਮਟ ਕੇ ਰਹਿ ਗਈ ਪਰ ਵਿਧਾਨ ਸਭਾ ਦੀਆਂ ਚੋਣਾਂ ’ਚ ਆਮ ਆਦਮੀ ਪਾਰਟੀ ਨੂੰ 54 ਫੀਸਦੀ ਵੋਟਾਂ ਮਿਲੀਆਂ ਅਤੇ ਉਸ ਨੇ 62 ਸੀਟਾਂ ਜਿੱਤ ਲਈਆਂ। ਜਿਸ ਭਾਜਪਾ ਨੂੰ 2019 ’ਚ 57 ਫੀਸਦੀ ਵੋਟਾਂ ਮਿਲੀਆਂ ਸਨ, ਨੂੰ ਵਿਧਾਨ ਸਭਾ ਚੋਣਾਂ ’ਚ 39 ਫੀਸਦੀ ਵੋਟਾਂ ’ਤੇ ਹੀ ਤਸੱਲੀ ਕਰਨੀ ਪਈ। ਇਸ ਤੋਂ ਇਹ ਗੱਲ ਸਪੱਸ਼ਟ ਹੈ ਕਿ ਵੋਟਰਾਂ ਦਾ ਇਕ ਵੱਡਾ ਹਿੱਸਾ ਮੋਦੀ ਅਤੇ ਭਾਜਪਾ ’ਚ ਫਰਕ ਕਰਦਾ ਹੈ। ਮੋਦੀ ਕੋਲ ਆਪਣੇ 8 ਤੋਂ 10 ਫੀਸਦੀ ਵੋਟ ਹਨ ਜੋ ਉਨ੍ਹਾਂ ਦੇ ਨਿੱਜੀ ਖਾਤੇ ’ਚੋਂ ਹਨ। ਵਿਧਾਨ ਸਭਾਵਾਂ ਦੀਆਂ ਚੋਣਾਂ ’ਚ ਇਹ ਭਾਜਪਾ ਨੂੰ ਟਰਾਂਸਫਰ ਨਹੀਂ ਹੁੰਦੇ।

ਸਿਆਸੀ ਭਵਿੱਖਬਾਣੀ ਕਰਨੀ ਹਮੇਸ਼ਾ ਹੀ ਖਤਰਨਾਕ ਹੁੰਦੀ ਹੈ। ਜੇ ਉੱਪਰ ਲਿਖੇ ਅੰਕੜਿਆਂ ਅਤੇ ਦਲੀਲਾਂ ਨੂੰ ਮੰਨਿਆ ਜਾਏ ਤਾਂ ਪੱਛਮੀ ਬੰਗਾਲ ’ਚ ਭਾਜਪਾ ਦੀ ਜਿੱਤ ਹੋਣ ਦੀ ਸੰਭਾਵਨਾ ਘੱਟ ਹੈ। ਇਸ ਦਲੀਲ ਨਾਲ ਭਾਜਪਾ ਲਈ 2019 ਵਾਲਾ ਪ੍ਰਦਰਸ਼ਨ ਦੁਹਰਾਅ ਸਕਣਾ ਭਾਜਪਾ ਲਈ ਅੌਖਾ ਹੋਵੇਗਾ। ਇਸ ਤੋਂ ਇਲਾਵਾ ਉਸ ਨੂੰ 4 ਤੋਂ 5 ਫੀਸਦੀ ਵੋਟਾਂ ਦਾ ਵਾਧੂ ਨੁਕਸਾਨ ਵੀ ਹੋ ਸਕਦਾ ਹੈ। ਪੱਛਮੀ ਬੰਗਾਲ ਦੇ ਅੰਕੜੇ ਵੀ ਇਸ ਦਲੀਲ ਦੀ ਪੁਸ਼ਟੀ ਕਰਦੇ ਹਨ। 2016 ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਮਿਲੀਆਂ ਵੋਟਾਂ 2014 ਦੀਆਂ ਲੋਕ ਸਭਾ ਦੀਆਂ ਵੋਟਾਂ ਨਾਲੋਂ 6 ਫੀਸਦੀ ਘੱਟ ਸਨ। ਇਸ ਸੰਦਰਭ ’ਚ ਖੁਦ ਨੂੰ ਹਿੰਦੂ ਨੇਤਾ ਵਜੋਂ ਸਥਾਪਿਤ ਕਰਨ ਦੀ ਮਮਤਾ ਬੈਨਰਜੀ ਦੀ ਕੋਸ਼ਿਸ਼ ਨਾਲ ਭਾਜਪਾ ਦੀ ਮੁਸ਼ਕਿਲ ਵਧੇਗੀ। ਅਜਿਹੀ ਹਾਲਤ ’ਚ ਜੇ ਪਲਸਤਰ ਚੜ੍ਹੇ ਪੈਰ ਕਾਰਨ ਮਮਤਾ ਨੂੰ ਹਮਦਰਦੀ ਦੀਆਂ ਵੋਟਾਂ ਮਿਲੀਆਂ ਤਾਂ ਭਾਜਪਾ ਦੀਆਂ ਮੁਸ਼ਕਲਾਂ ਹੋਰ ਵੀ ਵਧ ਜਾਣਗੀਆਂ।

Bharat Thapa

This news is Content Editor Bharat Thapa