ਟਰੰਪ ਹੈ ਅਮਰੀਕੀ ਕਲੰਕ

01/08/2021 2:45:12 AM

ਡਾ. ਵੇਦਪ੍ਰਤਾਪ ਵੈਦਿਕ

ਡੋਨਾਲਡ ਟਰੰਪ ਨੇ ਸਿੱਧ ਕਰ ਦਿੱਤਾ ਹੈ ਕਿ ਉਹ ਅਮਰੀਕਾ ਦੇ ਕਲੰਕ ਹਨ। ਅਮਰੀਕਾ ਦੇ ਇਤਿਹਾਸ ’ਚ ਰਾਸ਼ਟਰਪਤੀ ਦੀਆਂ ਚੋਣਾਂ ਨੂੰ ਲੈ ਕੇ ਕੁਝ ਵਿਵਾਦ ਕਦੇ-ਕਦੇ ਜ਼ਰੂਰ ਹੋਏ ਹਨ ਪਰ ਇਸ ਵਾਰ ਟਰੰਪ ਨੇ ਅਮਰੀਕੀ ਲੋਕਤੰਤਰ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਹਨ। ਉਨ੍ਹਾਂ ਨੇ ਚੋਣ ਨਤੀਜਿਆਂ ਨੂੰ ਰੱਦ ਕਰਦੇ ਹੋਏ ਇਥੋਂ ਤਕ ਕਹਿ ਦਿੱਤਾ ਕਿ ਉਹ ਵ੍ਹਾਈਟ ਹਾਊਸ (ਰਾਸ਼ਟਰਪਤੀ ਭਵਨ) ਖਾਲੀ ਨਹੀਂ ਕਰਨਗੇ। ਉਹ 20 ਜਨਵਰੀ ਨੂੰ ਜੋਅ ਬਾਈਡੇਨ ਨੂੰ ਰਾਸ਼ਟਰਪਤੀ ਦੀ ਸਹੁੰ ਨਹੀਂ ਚੁੱਕਣ ਦੇਣਗੇ। ਉਨ੍ਹਾਂ ਦੇ ਇਸ ਗੁੱਸੇ ਨੂੰ ਸਾਰੀ ਦੁਨੀਆ ਨੇ ਤਤਕਾਲਿਕ ਸਮਝਿਆ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਸਲਾਹ ’ਤੇ ਉਹ ਕੁਝ ਨਰਮ ਪੈਂਦੇ ਦਿਖਾਈ ਦਿੱਤੇ ਪਰ ਹੁਣ ਜਦਕਿ ਅਮਰੀਕੀ ਸੰਸਦ (ਕਾਂਗਰਸ) ਦੇ ਦੋਵੇਂ ਸਦਨ ਬਾਈਡੇਨ ਦੀਆਂ ਚੋਣ ’ਤੇ ਮੋਹਰ ਲਾਉਣ ਲਈ ਆਯੋਜਿਤ ਹੋਏ ਤਾਂ ਟਰੰਪ ਦੇ ਸਮਰਥਕਾਂ ਨੇ ਜੋ ਕੀਤਾ, ਉਹ ਸ਼ਰਮਨਾਕ ਹੈ। ਉਹ ਰਾਜਧਾਨੀ ਵਾਸ਼ਿੰਗਟਨ ’ਚ ਹਜ਼ਾਰਾਂ ਦੀ ਗਿਣਤੀ ’ਚ ਇਕੱਠੇ ਹੋਏ ਅਤੇ ਉਨ੍ਹਾਂ ਨੇ ਸੰਸਦ ਭਵਨ ’ਤੇ ਹੱਲਾ ਬੋਲ ਦਿੱਤਾ। ਉਤੇਜਕ ਨਾਅਰੇ ਲਾਏ। ਭੰਨ-ਤੋੜ ਕੀਤੀ। ਧੱਕਾ-ਮੁੱਕੀ ਕੀਤੀ ਅਤੇ ਗੋਲੀਆਂ ਵੀ ਚਲਾਈਆਂ। ਚਾਰ ਲੋਕ ਮਾਰੇ ਗਏ। ਇਕ ਔਰਤ ਨੂੰ ਪੁਲਸ ਦੀ ਗੋਲੀ ਲੱਗੀ। ਭੀੜ ਨੇ ਇੰਨਾ ਹਮਲਾਵਰ ਰੁਖ਼ ਅਪਣਾਇਆ ਕਿ ਸੰਸਦ ਮੈਂਬਰਾਂ ਨੇ ਇਕ ਬੰਦ ਪਏ ਭਵਨ ’ਚ ਦਾਖਲ ਹੋ ਕੇ ਆਪਣੀ ਜਾਨ ਬਚਾਈ।

ਇਨ੍ਹਾਂ ਲੋਕਾਂ ਨੂੰ ਭੜਕਾਉਣ ਦੀ ਜ਼ਿੰਮੇਵਾਰੀ ਡੋਨਾਲਡ ਟਰੰਪ ਦੀ ਹੀ ਹੈ ਕਿਉਂਕਿ ਉਹ ਵ੍ਹਾਈਟ ਹਾਊਸ ’ਚ ਬੈਠੇ-ਬੈਠੇ ਆਪਣੀ ਪਿੱਠ ਥਾਪੜਦੇ ਰਹੇ, ਖੁਦ ਉਨ੍ਹਾਂ ਦਰਮਿਆਨ ਨਹੀਂ ਗਏ। ਟਰੰਪ ਦੀ ਇਸ ਘੋਰ ਅਰਾਜਕ ਬਿਰਤੀ ਦੇ ਬਾਵਜੂਦ ਅਮਰੀਕੀ ਸੰਸਦ ਦੇ ਦੋਵਾਂ ਸਦਨਾਂ ਨੇ ਬਾਈਡੇਨ ਅਤੇ ਕਮਲਾ ਹੈਰਿਸ ਦੀ ਜਿੱਤ ’ਤੇ ਆਪਣੀ ਮੋਹਰ ਲਾ ਦਿੱਤੀ। ਉਨ੍ਹਾਂ ਵਿਵੇਕਸ਼ੀਲ ਰਿਪਬਲਿਕ ਸੰਸਦ ਮੈਂਬਰਾਂ ’ਤੇ ਹਰ ਲੋਕਤੰਤਰ ਪ੍ਰੇਮੀ ਮਾਣ ਕਰੇਗਾ, ਜਿਨ੍ਹਾਂ ਨੇ ਆਪਣੇ ਨੇਤਾ ਟਰੰਪ ਵਿਰੁੱਧ ਵੋਟ ਦਿੱਤਾ। ਟਰੰਪ ਤੁਰੰਤ ਸਮਝ ਗਏ ਕਿ ਉਨ੍ਹਾਂ ਦੀ ਆਪਣੀ ਪਾਰਟੀ ਦੇ ਨੇਤਾ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ। ਹੁਣ ਉਨ੍ਹਾਂ ਨੂੰ ਰਾਸ਼ਟਰਪਤੀ ਭਵਨ ’ਚ ਕੋਈ ਟਿਕਣ ਨਹੀਂ ਦੇਵੇਗਾ। ਉਨ੍ਹਾਂ ਦੀ ਹਵਾ ਖਿਸਕ ਗਈ। ਉਨ੍ਹਾਂ ਨੇ ਹਾਰ ਕੇ ਬਿਆਨ ਜਾਰੀ ਕਰ ਦਿੱਤਾ ਹੈ ਕਿ 20 ਜਨਵਰੀ ਨੂੰ ਸੱਤਾ ਤਬਦੀਲੀ ਸ਼ਾਂਤੀਪੂਰਵਕ ਹੋ ਜਾਵੇਗੀ ਪਰ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਦਾ ਅਸਲੀ ਸੰਘਰਸ਼ ਹੁਣ ਸ਼ੁਰੂ ਹੋਵੇਗਾ। ਉਹ ਅਜਿਹਾ ਇਸ ਲਈ ਕਹਿ ਰਹੇ ਹਨ ਕਿ ਉਨ੍ਹਾਂ ਨੇ ਆਪਣੇ ਚਾਰ ਸਾਲਾ ਕਾਰਜਕਾਲ ’ਚ ਮਾਨਸਿਕ ਰੂਪ ਨਾਲ ਅਮਰੀਕਾ ਦੇ ਦੋ ਟੁਕੜੇ ਕਰ ਦਿੱਤੇ ਹਨ। ਦੂਸਰੇ ਸ਼ਬਦਾਂ ’ਚ ਬਾਈਡੇਨ ਦੀ ਰਾਹ ’ਚ ਹੁਣ ਉਹ ਕੰਡੇ ਵਿਛਾਉਣ ਦੀ ਕੋਸ਼ਿਸ਼ ਬਹੁਤ ਕਰਨਗੇ। ਅਮਰੀਕਾ ਦੇ ਲਈ ਬਿਹਤਰ ਇਹੀ ਹੋਵੇਗਾ ਕਿ ਰਿਪਬਲਿਕਨ ਪਾਰਟੀ ਟਰੰਪ ਨੂੰ ਬਾਹਰ ਦਾ ਰਸਤਾ ਦਿਖਾ ਦੇਵੇ। ਜਿਹੜੇ ਰਿਪਬਲਿਕਨ ਸੰਸਦ ਮੈਂਬਰਾਂ ਨੇ ਇਸ ਸਮੇਂ ਟਰੰਪ ਦੀਆਂ ਤਿਕੜਮਾਂ ਨੂੰ ਅਸਫਲ ਕੀਤਾ ਹੈ, ਜੇਕਰ ਉਹ ਪਹਿਲ ਕਰਨਗੇ ਤਾਂ ਯਕੀਨਨ ਅਮਰੀਕੀ ਲੋਕਤੰਤਰ ਖੱਡੇ ’ਚ ਡਿੱਗਣ ਤੋਂ ਬਚ ਜਾਵੇਗਾ।

Bharat Thapa

This news is Content Editor Bharat Thapa