ਟਰੰਪ ਅਤੇ ਮੋਦੀ ਕਈ ਮਾਇਨਿਆਂ ’ਚ ਇਕੋ ਜਿਹੇ

09/26/2019 2:07:52 AM

ਵਿਪਿਨ ਪੱਬੀ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋਵੇਂ ਹੀ ਮਹਾਨ ਸ਼ੋਅਮੈਨ ਹਨ ਤੇ ਕਈ ਵਿਸ਼ੇਸ਼ਤਾਈਆਂ ਸਾਂਝੀਆਂ ਕਰਦੇ ਹਨ, ਜਿਸ ਦੇ ਸਿੱਟੇ ਵਜੋਂ ਦੋਹਾਂ ਵਿਚਾਲੇ ਇਕ ਸ਼ਾਨਦਾਰ ਤਾਲਮੇਲ ਬਣ ਗਿਆ ਹੈ। ਹਿਊਸਟਨ ’ਚ ਆਯੋਜਿਤ ਮੈਗਾ ਈਵੈਂਟ ‘ਹਾਊਡੀ ਮੋਦੀ’ ਇਸ ਤੋਂ ਪਹਿਲਾਂ ਮੈਡੀਸਨ ਸਕੁਆਇਰ ਅਤੇ ਸਿਲੀਕਾਨ ਵੈਲੀ ’ਚ ਹੋਏ ਪ੍ਰੋਗਰਾਮਾਂ ਨਾਲੋਂ ਵੀ ਕਿਤੇ ਜ਼ਿਆਦਾ ਸਫਲ ਸੀ, ਜਿਥੇ ਉਨ੍ਹਾਂ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਵਿਦੇਸ਼ ’ਚ ਵਸੇ ਭਾਰਤੀ ਭਾਈਚਾਰੇ ਨੂੰ ਪ੍ਰਭਾਵਿਤ ਕੀਤਾ ਸੀ। ਤਾਜ਼ਾ ਪ੍ਰੋਗਰਾਮ ਟਰੰਪ ਦੀ ਮੌਜੂਦਗੀ ਕਾਰਨ ਹੋਰ ਵੀ ਜ਼ਿਆਦਾ ਵਿਸ਼ਾਲ ਬਣ ਗਿਆ ਸੀ, ਜੋ ਅਮਰੀਕਾ ਦੇ ਇਤਿਹਾਸ ’ਚ ਸ਼ਾਇਦ ਅਣਕਿਆਸਾ ਸੀ।

ਵੋਟਰ ਤੇ ਸਮਰਥਕ

ਸੁਭਾਵਿਕ ਸੀ ਕਿ ਦੋਵੇਂ ਨੇਤਾ ਹਾਜ਼ਰ ਭੀੜ ਲਈ ਘੱਟ ਅਤੇ ਆਪਣੇ ਘਰੇਲੂ ਵੋਟਰਾਂ ਤੇ ਸਮਰਥਕਾਂ ਲਈ ਜ਼ਿਆਦਾ ਮੰਚ ਸਾਂਝਾ ਕਰ ਰਹੇ ਸਨ। ਮੋਦੀ ਹਰ ਵਾਰ ਅਜਿਹਾ ਹੀ ਕਰਦੇ ਹਨ, ਚਾਹੇ ਉਹ ਸੰਸਦ ’ਚ ਬੋਲ ਰਹੇ ਹੋਣ ਜਾਂ ਆਪਣੇ ‘ਮਨ ਕੀ ਬਾਤ’ ਸਾਂਝੀ ਕਰਨ ਲਈ ਲਾਲ ਕਿਲੇ ਤੋਂ ਰਾਸ਼ਟਰ ਨੂੰ ਸੰਬੋਧਨ ਕਰ ਰਹੇ ਹੋਣ ਪਰ ਇਸ ਸਮੇਂ ਟਰੰਪ ਲਈ ਦਾਅ ਹੋਰ ਵੀ ਉੱਚੇ ਹਨ, ਜੋ ਲਗਭਗ ਇਕ ਸਾਲ ਬਾਅਦ ਦੂਜੇ ਕਾਰਜਕਾਲ ਲਈ ਚੋਣਾਂ ਦਾ ਸਾਹਮਣਾ ਕਰਨਗੇ।

ਸਪੱਸ਼ਟ ਤੌਰ ’ਤੇ ਟਰੰਪ ਸਮਰਥਨ ਲਈ ਅਮਰੀਕਾ ’ਚ ਵੱਡੀ ਗਿਣਤੀ ’ਚ ਰਹਿ ਰਹੇ ਭਾਰਤੀ ਭਾਈਚਾਰੇ ’ਤੇ ਭਰੋਸਾ ਕਰ ਰਹੇ ਹਨ। ਭਾਰਤੀ ਭਾਈਚਾਰੇ, ਜਿਸ ਨੇ ਲੱਗਦਾ ਹੈ ਮੋਦੀ ਨੂੰ ਪੂਰੀ ਤਰ੍ਹਾਂ ਭੁਲਾ ਦਿੱਤਾ ਸੀ, ਦੇ ਇਸ ਉਮੀਦ ’ਚ ਟਰੰਪ ਦਾ ਸਮਰਥਨ ਕਰਨ ਦੀ ਸੰਭਾਵਨਾ ਹੈ ਕਿ ਮੋਦੀ ਟਰੰਪ ਨੂੰ ਉਨ੍ਹਾਂ ਦੇ ਪ੍ਰਵਾਸੀ-ਵਿਰੋਧੀ ਰਵੱਈਏ ’ਤੇ ਹੌਲੀ ਕਦਮ ਚੁੱਕਣ ਲਈ ਪ੍ਰਭਾਵਿਤ ਕਰ ਸਕਣਗੇ।

ਮਹਾਨ ਸ਼ੋਅਮੈਨ ਹੋਣ ਤੋਂ ਇਲਾਵਾ ਦੋਵੇਂ ਨੇਤਾ ਖੁੱਲ੍ਹ ਕੇ ਬੋਲਣ ਦੇ ਨਾਲ-ਨਾਲ ਰਵਾਇਤਾਂ ਤੇ ਮਾਨਤਾਵਾਂ ਤੋੜਨ ਲਈ ਤਿਆਰ ਰਹਿਣ ਲਈ ਜਾਣੇ ਜਾਂਦੇ ਹਨ। ਇਸ ਦੇ ਨਾਲ ਹੀ ਦੋਵੇਂ ਨੇਤਾ ਆਪਣੇ ਆਲੋਚਕਾਂ ਅਤੇ ਸਿਆਸੀ ਵਿਰੋਧੀਆਂ ’ਤੇ ਹਮਲਾ ਕਰਨ ਲਈ ਕਿਸੇ ਵੀ ਹੱਦ ਤਕ ਜਾ ਸਕਦੇ ਹਨ। ਟਰੰਪ ਨੇ ਵੱਖ-ਵੱਖ ਮੌਕਿਆਂ ’ਤੇ ਸਾਬਕਾ ਰਾਸ਼ਟਰਪਤੀਆਂ ਦੀ ਆਲੋਚਨਾ ਕੀਤੀ ਹੈ ਅਤੇ ਮੌਜੂਦਾ ਸਥਿਤੀ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹੁਣੇ ਜਿਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਆਪਣੀ ਸਾਂਝੀ ਪ੍ਰੈੱਸ ਮਿਲਣੀ ਵੇਲੇ ਉਨ੍ਹਾਂ ਨੇ ਸਪੱਸ਼ਟ ਤੌਰ ’ਤੇ ਸਾਬਕਾ ਰਾਸ਼ਟਰਪਤੀ ਓਬਾਮਾ ਦੀ ਦੇਸ਼ ਬਾਰੇ ਉਨ੍ਹਾਂ ਦੀਆਂ ਨੀਤੀਆਂ ਨੂੰ ਲੈ ਕੇ ਆਲੋਚਨਾ ਕੀਤੀ ਸੀ।

ਇਸੇ ਤਰ੍ਹਾਂ ਮੋਦੀ ਵੀ ਹੁਣ ਦੇਸ਼ ਸਾਹਮਣੇ ਮੌਜੂਦ ਕਈ ਸਮੱਸਿਆਵਾਂ ਲਈ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਦੋਸ਼ ਦਿੰਦੇ ਹਨ। ਇਕ ਹੋਰ ਸੁਭਾਅ ਦੋਹਾਂ ਦਾ ਇਕੋ ਜਿਹਾ ਹੈ ਅਤੇ ਉਹ ਹੈ ਕਿਸੇ ਵੀ ਤਰ੍ਹਾਂ ਦੀ ਆਲੋਚਨਾ ਨੂੰ ਦਬਾਉਣਾ, ਜਿਸ ’ਚ ਬਦਲਾ ਲੈਣਾ ਅਤੇ ਸਿਆਸੀ ਵਿਰੋਧੀਆਂ ਨਾਲ ਨਜਿੱਠਣ ਦੌਰਾਨ ‘ਜ਼ਾਲਿਮ’ ਹੋਣਾ ਸ਼ਾਮਲ ਹੈ। ਦੋਹਾਂ ਦੇ ਮਨ ’ਚ ਮੀਡੀਆ ਲਈ ਖਾਸ ਤੌਰ ’ਤੇ ਨਫਰਤ ਹੈ। ਟਰੰਪ ‘ਫਰਜ਼ੀ ਮੀਡੀਆ’ ਵਿਰੁੱਧ ਇਕ ਮੁਹਿੰਮ ਚਲਾ ਰਹੇ ਹਨ ਅਤੇ ਜਨਤਕ ਤੌਰ ’ਤੇ ਮੀਡੀਆ ਮੁਲਾਜ਼ਮਾਂ ਨੂੰ ਅਪਮਾਨਿਤ ਕਰਦੇ ਹਨ।

ਦੂਜੇ ਪਾਸੇ ਮੋਦੀ ਆਪਣੀ ਇਸ ਕਸਮ ’ਤੇ ਡਟੇ ਹੋਏ ਹਨ ਕਿ ਉਹ ਨਾ ਤਾਂ ਕਿਸੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਨਗੇ ਅਤੇ ਨਾ ਹੀ ਮੀਡੀਆ ਦੇ ਕਿਸੇ ਸਵਾਲ ਦਾ ਜਵਾਬ ਦੇਣਗੇ। ਇਥੋਂ ਤਕ ਕਿ ਟਰੰਪ ਨਾਲ ਪ੍ਰੈੱਸ ਕਾਨਫਰੰਸ ਦੌਰਾਨ ਮੋਦੀ ਮੀਡੀਆ ਵਲੋਂ ਕੋਈ ਵੀ ਸਵਾਲ ਲੈਣ ਤੋਂ ਬਚਦੇ ਰਹੇ।

ਟਰੰਪ ਲਈ ਇਮਤਿਹਾਨ ਦੀ ਘੜੀ

ਇਸ ਸਾਲ ਦੇ ਸ਼ੁਰੂ ’ਚ ਆਮ ਚੋਣਾਂ ’ਚ ਸ਼ਾਨਦਾਰ ਜਿੱਤ ਪ੍ਰਾਪਤ ਕਰ ਕੇ ਮੋਦੀ ਨੇ ਖੁਦ ਨੂੰ ਸਿੱਧ ਕੀਤਾ ਹੈ ਅਤੇ ਆਪਣੀਆਂ ਨੀਤੀਆਂ, ਪ੍ਰੋਗਰਾਮਾਂ ਨੂੰ ਅੱਗੇ ਵਧਾਉਣ ਲਈ 4 ਵਰ੍ਹਿਆਂ ਦੌਰਾਨ ਉਨ੍ਹਾਂ ਸਾਹਮਣੇ ਕੋਈ ਅੜਿੱਕਾ ਨਹੀਂ ਹੈ, ਜਦਕਿ ਟਰੰਪ ਲਈ ਇਮਤਿਹਾਨ ਦੀ ਘੜੀ ਸ਼ੁਰੂ ਹੋ ਗਈ ਹੈ ਤੇ ਦੂਜਾ ਕਾਰਜਕਾਲ ਹਾਸਲ ਕਰਨ ਲਈ ਉਹ ਕਿਸੇ ਵੀ ਹੱਦ ਤਕ ਜਾਣਾ ਚਾਹੁਣਗੇ।

ਟਰੰਪ ਦੇ ਸਿਆਸੀ ਵਿਰੋਧੀਆਂ ਡੈਮੋਕ੍ਰੇਟਸ ਨੇ ਵੀ ਉਨ੍ਹਾਂ ਵਿਰੁੱਧ ਲੱਕ ਬੰਨ੍ਹ ਲਿਆ ਹੈ। ਤਾਜ਼ਾ ਕਦਮ ਦੇ ਤਹਿਤ ਹਾਊਸ ਆਫ ਰੀਪ੍ਰਜ਼ੈਂਟੇਟਿਵ, ਜਿਸ ’ਚ ਡੈਮੋਕ੍ਰੇਟਸ ਦੀ ਪ੍ਰਭੂਸੱਤਾ ਹੈ, ਨੇ ਟਰੰਪ ਵਿਰੁੱਧ ਇਹ ਦੋਸ਼ ਲਾ ਕੇ ਇਕ ਰਸਮੀ ਮਹਾਦੋਸ਼ ਦੀ ਜਾਂਚ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਕਿ ਉਨ੍ਹਾਂ ਨੇ ਆਪਣੇ ਖੁਦ ਦੇ ਸਿਆਸੀ ਲਾਭ ਲਈ ਇਕ ਵਿਰੋਧੀ ਦਾ ਅਕਸ ਖਰਾਬ ਕਰਨ ਵਾਸਤੇ ਵਿਦੇਸ਼ੀ ਤਾਕਤ ਦੀ ਸਹਾਇਤਾ ਲੈਣ ਦੀ ਕੋਸ਼ਿਸ਼ ਕਰ ਕੇ ਅਮਰੀਕਾ ਦੀ ਸੁਰੱਖਿਆ ਅਤੇ ਰਾਸ਼ਟਰਪਤੀ ਦੇ ਅਹੁਦੇ ਲਈ ਚੁੱਕੀ ਸਹੁੰ ਨਾਲ ਵਿਸ਼ਵਾਸਘਾਤ ਕੀਤਾ ਹੈ।

ਦੋਸ਼ ਇਹ ਹੈ ਕਿ ਉਨ੍ਹਾਂ ਨੇ ਯੂਕ੍ਰੇਨ ਨੂੰ ਸਹਾਇਤਾ ਰੋਕਣ ਲਈ ਹੁਕਮ ਦਿੱਤਾ ਤਾਂ ਕਿ ਉਸ ਨੂੰ ਉਨ੍ਹਾਂ ਦੇ ਸਿਆਸੀ ਵਿਰੋਧੀ ਅਤੇ ਸਾਬਕਾ ਉਪ-ਰਾਸ਼ਟਰਪਤੀ ਜੋ-ਬਿਡੇਨ ਦੇ ਵਿੱਤੀ ਸੌਦਿਆਂ ਦੀ ਜਾਂਚ ਕਰਨ ਲਈ ਮਜਬੂਰ ਕੀਤਾ ਜਾ ਸਕੇ। ਇਸ ਗੱਲ ਦੀ ਸੰਭਾਵਨਾ ਨਹੀਂ ਹੈ ਕਿ ਟਰੰਪ ’ਤੇ ਮਹਾਦੋਸ਼ ਚਲਾਇਆ ਜਾਵੇਗਾ ਕਿਉਂਕਿ ਇਹ ਪ੍ਰਕਿਰਿਆ ਕਾਫੀ ਗੁੰਝਲਦਾਰ ਹੈ ਅਤੇ ਰਿਪਬਲਿਕਨਾਂ ਨੂੰ ਕਾਂਗਰਸ ’ਚ ਬਹੁਮਤ ਹਾਸਲ ਹੈ ਪਰ ਕਾਰਵਾਈ ਦਾ ਟਰੰਪ ਦੀਆਂ ਚੋਣ ਸੰਭਾਵਨਾਵਾਂ ’ਤੇ ਉਲਟਾ ਅਸਰ ਪੈ ਸਕਦਾ ਹੈ। ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਉਨ੍ਹਾਂ ਨੇ ਇਸ ਕਦਮ ਦੇ ਵਿਰੁੱਧ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ।

ਸੰਕਲਪ ’ਤੇ ਭਰੋਸਾ

ਦੂਜਾ ਕਾਰਜਕਾਲ ਹਾਸਲ ਕਰਨ ਲਈ ਟਰੰਪ ਨੂੰ ਆਪਣੇ ਭੜਕੀਲੇਪਣ ਅਤੇ ਅਮਰੀਕੀਆਂ ਦੇ ਹਿੱਤਾਂ ਦੀ ਰੱਖਿਆ ਕਰਨ ਦੇ ਨਿਧੜਕ ਸੰਕਲਪ ’ਤੇ ਭਰੋਸਾ ਕਰਨਾ ਪਵੇਗਾ। ਉਹ ਅਮਰੀਕਾ ਦੇ ਫਾਇਦੇ ਲਈ ਅਰਥ ਵਿਵਸਥਾ ਅਤੇ ਕਾਰੋਬਾਰ ’ਤੇ ਬਹੁਤ ਜ਼ਿਆਦਾ ਜ਼ੋਰ ਦੇ ਰਹੇ ਹਨ। ਉਹ ਭਾਰਤ ਅਤੇ ਪਾਕਿਸਤਾਨ ਦੋਹਾਂ ਨਾਲ ਕਾਰੋਬਾਰ ਦੀ ਗੱਲ ਕਰਦੇ ਹਨ ਅਤੇ ਮੁੱਖ ਤੌਰ ’ਤੇ ਦੋਹਾਂ ਦੇਸ਼ਾਂ ਵਿਚਾਲੇ ਵਪਾਰ ਅਸੰਤੁਲਨ ਕਾਰਨ ਚੀਨ ਨਾਲ ਸਿੰਙ ਫਸਾਏ ਹੋਏ ਹਨ। ਇਹ ਸਥਿਤੀ ਭਾਰਤ ਲਈ ਢੁੱਕਵੀਂ ਹੈ।

ਮੋਦੀ ਅਤੇ ਟਰੰਪ ਨੇ ਕਈ ਅੜਿੱਕੇ ਤੋੜੇ ਹਨ ਅਤੇ ਕਈ ਕੌਮਾਂਤਰੀ ਰਵਾਇਤਾਂ ਦਾ ਮਜ਼ਾਕ ਬਣਾਇਆ ਹੈ। ਇਹ ਅੰਦਾਜ਼ਾ ਲਾਉਣਾ ਮੁਸ਼ਕਿਲ ਹੈ ਕਿ ਜੇ ਟਰੰਪ ਦੂਜੀ ਵਾਰ ਜਿੱਤ ਜਾਂਦੇ ਹਨ ਤਾਂ ਅਗਾਂਹ ਕੀ ਹੋਵੇਗਾ?

vipinpubby@gmail.com

Bharat Thapa

This news is Content Editor Bharat Thapa