ਟਰੰਪ ਦੀ ਭਾਰਤ ਯਾਤਰਾ, ਭਾਰਤ ਸ਼ਕਤੀ ਦੀ ਸੂਰਜੀ ਊਰਜਾ

02/25/2020 1:52:04 AM

ਤਰੁਣ ਵਿਜੇ 

ਜਿਥੋਂ ਤਕ ਯਾਦਦਾਸ਼ਤ ਪਿੱਛੇ ਜਾਂਦੀ ਹੈ, ਕਿਸੇ ਵਿਦੇਸ਼ੀ ਰਾਸ਼ਟਰ ਮੁਖੀ ਨੇ ਆਪਣੀ ਭਾਰਤ ਯਾਤਰਾ ਦੇ ਸਮੇਂ ਭਾਰਤ ਅਤੇ ਮੇਜ਼ਬਾਨ ਪ੍ਰਧਾਨ ਮੰਤਰੀ ਦੀ ਸ਼ਲਾਘਾ ’ਚ ਇਸ ਹੱਦ ਤਕ ਭਾਵ ਭਰੇ ਅਤੇ ਸ਼ਲਾਘਾ ਦੀ ਹੱਦ ਪਾਰ ਕਰਦੇ ਹੋਏ ਸ਼ਬਦਾਂ ਦਾ ਸਿਹਰਾ ਨਹੀਂ ਬੰਨ੍ਹਿਆ ਸੀ, ਜਿਵੇਂ ਰਾਸ਼ਟਰਪਤੀ ਟਰੰਪ ਨੇ ਅਹਿਮਦਾਬਾਦ ’ਚ ਆਪਣੇ ਲੰਬੇ ਭਾਸ਼ਣ ’ਚ ਕੀਤਾ। ਕਿਸੇ ਵੀ ਪੈਮਾਨੇ ਅਤੇ ਦ੍ਰਿਸ਼ਟੀ ਤੋਂ ਇਹ ਇਕ ਗੈਰ-ਸਾਧਾਰਨ ਅਤੇ ਵੱਖਰਾ ਭਾਸ਼ਣ ਸੀ, ਜਿਸ ਕਾਰਣ ਟਰੰਪ ਦੀ ਇਹ ਯਾਤਰਾ ਹਮੇਸ਼ਾ ਯਾਦਗਾਰ ਰਹੇਗੀ। ਲੈਣ-ਦੇਣ ਅਤੇ ਕੀ ਮਿਲਿਆ, ਕੀ ਨਹੀਂ ਮਿਲਿਆ, ਕਿੰਨਾ ਵਪਾਰ ਅਤੇ ਮਿਲਟਰੀ ਖੇਤਰ ’ਚ ਵਟਾਂਦਰਾ ਹੋਇਆ, ਇਸ ਦਾ ਵਹੀ ਖਾਤਾ ਜਿਹੜੇ ਪੰਡਿਤਾਂ ਨੇ ਸੰਭਾਲਣਾ ਹੈ, ਉਹ ਸੰਭਾਲਦੇ ਰਹਿਣ ਅਤੇ ਜਿਹੜੇ ਸ਼ਮਸ਼ਾਨਘਾਟ ’ਚ ਵੈਣ ਪਾਉਣ ਵਾਲੇ ਗਾਇਕਾਂ ਨੇ ਇਸ ਯਾਤਰਾ ’ਚ ਵੀ ਕਮੀਆਂ ਅਤੇ ਪਾਕਿਸਤਾਨੀ ਕੋਣ ਦੇਖਣਾ ਹੈ, ਉਹ ਆਪਣੇ ਵੈਣ ਪਾਉਣ ਵਾਲਿਆਂ ਦੇ ਚੌਬਾਰੇ ’ਤੇ ਜੀਅ ਭਰ ਕੇ ਰੁਦਨ ਕਰਦੇ ਰਹਿਣ। ਅਗਲੇ ਦੋ ਦਿਨਾਂ ’ਚ ਟਰੰਪ ਕੀ ਕਹਿਣਗੇ ਅਤੇ ਲਿਖਣਗੇ, ਇਹ ਸਭ ਅੱਜ ਅਹਿਮਦਾਬਾਦ ’ਚ ਤੈਅ ਹੋ ਗਿਆ ਅਤੇ ਇਸ ਦੇ ਨਾਲ ਹੀ ਭਾਰਤ-ਅਮਰੀਕਾ ਸਬੰਧਾਂ ਦੇ ਅਗਲੇ ਉਛਾਲ ਦਾ ਵੀ ਪਤਾ ਲੱਗ ਗਿਆ। ਇਹ ਯਾਤਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਧਦੀ ਸੰਸਾਰਕ ਸ਼ਕਤੀ ਦੀ ਧਾਕ ਅਤੇ ਭਾਰਤ ਦੀ ਇਕ ਵੱਡੀ ਤਾਕਤ ਦੇ ਰੂਪ ’ਚ ਸਵੀਕਾਰਤਾ ਦੇ ਰੂਪ ’ਚ ਬਹੁਤ ਵੱਡੀ ਝੰਡੀ ਮੰਨੀ ਜਾਵੇਗੀ। ਕੂਟਨੀਤੀ ਅਤੇ ਕੌਮਾਂਤਰੀ ਸਬੰਧ ਵਹੀ ਖਾਤੇ ਤੋਂ ਵਧ ਕੇ ਆਪਸੀ ਵਿਸ਼ਵਾਸ ਅਤੇ ਮਿੱਤਰਤਾ ਦੇ ਰਸਾਇਣ ਸ਼ਾਸਤਰ ’ਤੇ ਨਿਭਦੇ ਹਨ। ਚੀਨ ਅਤੇ ਜਾਪਾਨ ’ਚ ਉਹ ਰਸਾਇਣਿਕ ਸਮੀਕਰਨ ਨਹੀਂ ਹਨ ਪਰ ਵਪਾਰ ਜ਼ਿਆਦਾ ਹੈ, ਅਮਰੀਕਾ ਅਤੇ ਚੀਨ ਵਿਚਾਲੇ ਵੀ ਅਜਿਹਾ ਹੀ ਹੈ। ਸਬੰਧ ਠੀਕ ਨਹੀਂ ਹਨ ਪਰ ਵਪਾਰ ਹੈ ਪਰ ਅਮਰੀਕਾ ਅਤੇ ਭਾਰਤ ਵਿਚਾਲੇ ਵਪਾਰ ਅਤੇ ਮਿੱਤਰਤਾ ਦਾ ਰਸਾਇਣਿਕ ਸਮੀਕਰਨ ਦੋਵੇਂ ਹਨ। ਇਸ ਦਾ ਲਾਭ ਵਹੀ ਖਾਤੇ ਤੋਂ ਵਧ ਕੇ ਭਾਰਤ ਨੂੰ ਆਪਣੀ ਤਾਕਤ ਅਤੇ ਊਰਜਾ ਦੇ ਬਲ ’ਤੇ ਵਿਸ਼ਵ ’ਚ ਆਪਣੀ ਧਾਕ ਅਤੇ ਪ੍ਰਭਾਵ ਸਥਾਪਿਤ ਕਰਨ ’ਚ ਮਿਲੇਗਾ। ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਕੋਈ ਵੀ ਦੂਸਰਾ ਦੇਸ਼ ਕਿਸੇ ਹੋਰ ਦੇਸ਼ ਨੂੰ ਆਪਣੇ ਤੋਂ ਅੱਗੇ ਵਧਣ ’ਚ ਕਦੇ ਮਦਦ ਨਹੀਂ ਕਰ ਸਕਦਾ, ਨਾ ਹੀ ਕਰਨਾ ਚਾਹੇਗਾ। ਜੇਕਰ ਕੋਈ ਦੇਸ਼ ਅੱਗੇ ਵਧਦਾ ਹੈ ਤਾਂ ਆਪਣੀਆਂ ਬਾਹਾਂ, ਆਪਣੇ ਮੋਢੇ ਅਤੇ ਆਪਣੀ ਇੱਛਾ-ਸ਼ਕਤੀ ਦੇ ਜ਼ੋਰ ’ਤੇ। ਖੈਰਾਤ ਮੰਗਣ ਵਾਲੇ ਦੇਸ਼ ਸੁਰੱਖਿਆ ਦੇ ਲਈ ਵੀ ਖੈਰਾਤ ਮੰਗਦੇ ਰਹਿ ਜਾਂਦੇ ਹਨ ਪਰ ਨਾ ਆਪਣੇ ਵੱਕਾਰ ਨੂੰ ਬਚਾਉਂਦੇ ਹਨ ਅਤੇ ਨਾ ਆਪਣੀ ਸਰਹੱਦ।

ਰਾਸ਼ਟਰਪਤੀ ਟਰੰਪ ਦਾ ਭਾਰਤ ਆਉਣਾ ਅਤੇ ਇਸਲਾਮੀ ਅੱਤਵਾਦ ’ਤੇ ਚੋਟ ਤੋਂ ਲੈ ਕੇ ਸਵਾਮੀ ਵਿਵੇਕਾਨੰਦ ਅਤੇ ਭਾਰਤੀ ਸਵੈਭਿਮਾਨ ਅਤੇ ਜੇਤੂ ਖੇਡ ਪ੍ਰੰਪਰਾ ਦੇ ਪ੍ਰਤੀਕਾਂ ਸਚਿਨ ਤੇਂਦੁਲਕਰ ਅਤੇ ਵਿਰਾਟ ਕੋਹਲੀ ਦਾ ਜ਼ਿਕਰ ਕਰਨਾ, ਭਾਰਤ ਦਾ ਮਨੋਬਲ ਵਿਸ਼ਵਵਿਆਪੀ ਪੱਧਰ ’ਤੇ ਵਧਾਉਣ ਵਾਲਾ ਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਹੜੇ ਸ਼ਬਦਾਂ ’ਚ ਰਾਸ਼ਟਰਪਤੀ ਟਰੰਪ ਨੇ ਸ਼ਲਾਘਾ ਕੀਤੀ ਹੈ ਅਤੇ ਜਿਸ ਨਿੱਜੀ ਪੱਧਰ ’ਤੇ ਜਾ ਕੇ ਕੀਤੀ ਹੈ, ਉਹ ਅਤੇ ਪ੍ਰਧਾਨ ਮੰਤਰੀ ਮੋਦੀ ਵਲੋਂ ਟਰੰਪ ਪਰਿਵਾਰ ਦੇ ਮੈਂਬਰਾਂ ਦੇ ਸਵਾਗਤ ’ਚ ਬਹੁਤ ਹੀ ਨਿਮਰ ਅਤੇ ਗਰਮਜੋਸ਼ੀ ਭਰੇ ਆਤਮੀ ਸ਼ਬਦ ਵਰਤੇ ਗਏ, ਉਹ ਅੱਜ ਤਕ ਕਿਸੇ ਵੀ ਵਿਦੇਸ਼ੀ ਮਹਿਮਾਨ ਨੇ ਨਾ ਤਾਂ ਸਾਡੇ ਲਈ ਵਰਤੇ ਸਨ ਅਤੇ ਨਾ ਸਾਡੇ ਨੇਤਾ ਨੇ ਉਸ ਮਹਿਮਾਨ ਲਈ। ਗੱਲ ਇਥੋਂ ਤਕ ਸੀਮਤ ਨਹੀਂ ਹੈ। ਵਿਸ਼ਵ ਦਾ ਨਕਸ਼ਾ ਚੁੱਕ ਕੇ ਦੇਖ ਲਓ, ਭਾਰਤ ਨੂੰ ਅੱਜ ਜਿਹੜੇ ਦੋ ਦੇਸ਼ਾਂ ਤੋਂ ਸਭ ਤੋਂ ਜ਼ਿਆਦਾ ਚੁਣੌਤੀ ਹੈ, ਉਹ ਪਾਕਿਸਤਾਨ ਅਤੇ ਚੀਨ ਹਨ। ਭਾਰਤ ਦੀ ਤਰੱਕੀ ਲਈ ਜਿਸ ਸਭ ਤੋਂ ਵੱਧ ਪ੍ਰਭਾਵਸ਼ਾਲੀ ਲੋਕਤੰਤਰਿਕ ਯੁੱਧਨੀਤਕ ਗੱਠਜੋੜ ਨਾਲ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਕੁਝ ਸਹਾਇਤਾ ਮਿਲ ਸਕਦੀ ਹੈ, ਉਸ ’ਚ ਅਮਰੀਕਾ ਦੀ ਲੀਡਰਸ਼ਿਪ ਵਾਲੀ ਭੂਮਿਕਾ ਹੈ ਅਤੇ ਹੋਰਨਾਂ ਦੇਸ਼ਾਂ ’ਚ ਜਾਪਾਨ, ਆਸਟਰੇਲੀਆ, ਸਿੰਗਾਪੁਰ, ਦੱਖਣੀ ਕੋਰੀਆ ਅਤੇ ਇਜ਼ਰਾਈਲ ਸ਼ਾਮਲ ਹਨ। ਇਨ੍ਹਾਂ ਸਭ ਦੇਸ਼ਾਂ ਦੇ ਨਾਲ ਭਾਰਤ ਦੀ ਫੌਜੀ ਸਮੱਗਰੀ, ਨਾਗਰਿਕ ਪ੍ਰਮਾਣੂ ਸਹਾਇਤਾ, ਢਾਂਚਾਗਤ ਸਹੂਲਤਾਂ ਅਤੇ ਭਾਰਤ ’ਚ ਬਣੀ ਸਮੱਗਰੀ ਦੇ ਬਾਜ਼ਾਰ ਲਈ ਡੂੰਘੇ ਸਬੰਧ ਹਨ। ਇਸ ਤੋਂ ਇਲਾਵਾ ਵਿਗਿਆਨ, ਟੈਕਨਾਲੋਜੀ, ਸਾਫਟਵੇਅਰ, ਆਈ. ਟੀ. ਦੇ ਖੇਤਰ ’ਚ ਇਨ੍ਹਾਂ ਦੇਸ਼ਾਂ ਦੇ ਨਾਲ ਭਾਰਤ ਦੇ ਡੂੰਘੇ ਤਾਲਮੇਲ ਹਨ ਅਤੇ ਇਹ ਦੇਸ਼ ਭਾਰਤ ਦਾ ਰੇਲ, ਸੜਕ ਅਤੇ ਊਰਜਾ ਖੇਤਰ ਦਾ ਨਕਸ਼ਾ ਇਨਕਲਾਬੀ ਢੰਗ ਨਾਲ ਬਦਲਣ ਲਈ ਅਰਬਾਂ ਡਾਲਰ ਦਾ ਨਿਵੇਸ਼ ਕਰ ਰਹੇ ਹਨ। ਰੇਲ ਗੱਡੀਆਂ, ਮੋਟਰ ਵਾਹਨਾਂ, ਪ੍ਰਮਾਣੂ ਕੇਂਦਰ, ਊਰਜਾ ਅਤੇ ਤੇਲ ਸੋਧ, ਵਿਗਿਆਨ ਅਤੇ ਹੋਰ ਖੇਤਰੀ ਉੱਚ ਸਿੱਖਿਆ ’ਚ ਇਹੀ ਪੰਜ ਦੇਸ਼ ਭਾਰਤ ’ਚ ਸਭ ਤੋਂ ਵੱਧ ਨਿਵੇਸ਼ ਕਰ ਰਹੇ ਹਨ। ਇਨ੍ਹਾਂ ਦੇਸ਼ਾਂ ਦੇ ਨਾਲ ਭਾਰਤ ਦਾ ਸਹਿਯੋਗ ਵਾਲਾ ਸਮੀਕਰਨ ਸਾਡੀ ਸੰਤੁਲਿਤ ਵਿਦੇਸ਼ ਨੀਤੀ ਦਾ ਇਕ ਬਹੁਤ ਵੱਡਾ ਜੇਤੂ ਚਿੰਨ੍ਹ ਹੈ ਕਿਉਂਕਿ ਜਿਥੇ ਅਸੀਂ ਘੋਰ ਈਰਾਨ ਵਿਰੋਧੀ ਅਮਰੀਕਾ ਅਤੇ ਇਜ਼ਰਾਈਲ ਨਾਲ ਆਪਣੇ ਸਰਵਸ੍ਰੇਸ਼ਠ ਸਬੰਧ ਬਣਾਏ ਹੋਏ ਹਨ, ਉਥੇ ਹੀ ਈਰਾਨ ਤੋਂ ਵੀ ਤੇਲ ਖਰੀਦਣ ਅਤੇ ਹੋਰ ਵਪਾਰਕ ਸਬੰਧ ਕਾਇਮ ਰੱਖਣ ਦੀ ਅਸੀਂ ਸਵਦੇਸ਼ੀ, ਸਵੈਭਿਮਾਨੀ ਆਜ਼ਾਦ ਨੀਤੀ ਅਪਣਾਉਣ ਦੀ ਹਿੰਮਤ ਦਿਖਾਈ ਹੈ। ਚੀਨ ਜ਼ਰੂਰ ਇਨ੍ਹਾਂ ਸਭ ਦੇਸ਼ਾਂ ਦੇ ਨਾਲ ਸਾਡੀ ਨੇੜਤਾ ਨੂੰ ਦੇਖ ਕੇ ਪ੍ਰੇਸ਼ਾਨ ਹੁੰਦਾ ਹੈ ਪਰ ਭਾਰਤ ਨੇ ਪਹਿਲੀ ਵਾਰ ‘ਭਾਰਤ ਅੱਵਲ’ ਨੂੰ ਦ੍ਰਿੜ੍ਹਤਾ ਨਾਲ ਅਪਣਾ ਕੇ ਚੀਨ ਨਾਲ ਆਪਣੇ ਸਬੰਧਾਂ ਨੂੰ ਇਨ੍ਹਾਂ ਸਭ ਦੇਸ਼ਾਂ ਦੇ ਨਾਲ ਆਪਣੇ ਸਮੀਕਰਨਾਂ ਤੋਂ ਵੱਖ ਆਜ਼ਾਦ ਗ੍ਰਹਿ ’ਚ ਸਥਾਪਿਤ ਕਰ ਦਿੱਤਾ ਹੈ। ਜਿਥੇ ਚੀਨ ਦੇ ਸੰਕਟਕਾਲ ’ਚ ਅਸੀਂ ਉਸ ਦੀ ਸਹਾਇਤਾ ਵੀ ਕਰਦੇ ਹਾਂ, ਉਸ ਦੇ ਨਾਲ ਵਪਾਰ ਵੀ ਵਧਾਉਂਦੇ ਹਾਂ ਪਰ ਆਪਣੀ ਯੁੱਧਨੀਤਕ ਨੀਤੀ ਨੂੰ ਉਸ ਪੱਧਰ ਤਕ ਲੈ ਜਾਂਦੇ ਹਾਂ ਕਿ ਚੀਨ ਅਤੇ ਪਾਕਿਸਤਾਨ ਤੋਂ ਹੋਣ ਵਾਲੇ ਖਤਰਿਆਂ ਨੂੰ ਅਸੀਂ ਆਪਣੀ ਤਾਕਤ ਦੀ ਵਿੰਨ੍ਹੀ ਨਾ ਜਾਣ ਵਾਲੀ ਢਾਲ ’ਤੇ ਰੋਕ ਸਕੀਏ।

ਰਾਸ਼ਟਰਪਤੀ ਟਰੰਪ ਦੀ ਇਹ ਯਾਤਰਾ ਉਸ ਢਾਲ ਨੂੰ ਮਜ਼ਬੂਤੀ ਦਿੰਦੀ ਹੈ ਅਤੇ ਕੌਮਾਂਤਰੀ ਦਿਸਹੱਦੇ ’ਤੇ ਭਾਰਤ ਦੇ ਸਮਰਥਕ ਦੇਸ਼ਾਂ ਦੀ ਗਿਣਤੀ ਦਾ ਇਕ ਅਤਿਅੰਤ ਪ੍ਰਭਾਵਸ਼ਾਲੀ ਦ੍ਰਿਸ਼ ਪੇਸ਼ ਕਰਦੀ ਹੈ, ਜੋ ਸਾਡੇ ਕੰਮਕਾਜ ਨੂੰ, ਸਾਡੀਆਂ ਨੀਤੀਆਂ ਨੂੰ ਤਾਕਤ ਦੇਣ ਵਾਲਾ ਹੈ। ਇਸ ’ਚ ਕੋਈ ਸ਼ੱਕ ਨਹੀਂ ਕਿ ਇਹ ਸਮਾਂ ਚੁਣੌਤੀ ਭਰਿਆ ਹੈ-ਆਰਥਿਕ ਦ੍ਰਿਸ਼ਟੀ ਤੋਂ ਵੀ ਅਤੇ ਅੰਦਰੂਨੀ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਵੀ। ਜਿਸ ਦਿਨ ਟਰੰਪ ਭਾਰਤ ਆਏ, ਉਸੇ ਦਿਨ ਦਿੱਲੀ ’ਚ ਜਿਸ ਤਰ੍ਹਾਂ ਦਾ ਹਿੰਸਕ ਖਰੂਦ ਸ਼ੁਰੂ ਕੀਤਾ ਗਿਆ, ਉਹ ਇਸ ਗੱਲ ਨੂੰ ਦੱਸਦਾ ਹੈ ਕਿ ਪਾਕਿਸਤਾਨੀ ਅਨਸਰ ਅਮਰੀਕੀ ਰਾਸ਼ਟਰਪਤੀ ਦੀ ਭਾਰਤ ਯਾਤਰਾ ਨੂੰ ਸ਼ਾਹੀਨ ਬਾਗ ਦੇ ਉਸ ਅਾਯਾਮ ਦੇ ਨਾਲ ਟੈਗ ਕਰ ਕੇ ਮੀਡੀਆ ’ਚ ਪੇਸ਼ ਕਰਨਾ ਚਾਹੁੰਦੇ ਸਨ ਕਿ ਮੋਦੀ ਦੇ ਭਾਰਤ ’ਚ ਸਭ ਕੁਝ ਠੀਕ ਨਹੀਂ ਹੈ। ਇਹ ਘਟਨਾ ਸਾਡੀ ਇੰਟੈਲੀਜੈਂਸ ਅਤੇ ਸੁਰੱਖਿਆ ਵਿਵਸਥਾ ਲਈ ਵੀ ਇਕ ਧੱਕਾ ਅਤੇ ਚੁਣੌਤੀ ਬਣ ਕੇ ਆਈ ਹੈ, ਜਿਸ ’ਚ ਸਪੱਸ਼ਟ ਹੋਇਆ ਹੈ ਕਿ ਭਾਰਤ ਵਿਰੋਧੀ ਅਨਸਰ ਇਹ ਚਾਹੁੰਦੇ ਸਨ ਕਿ ਮੀਡੀਆ ’ਚ ਜਿਸ ਦਿਨ ਟਰੰਪ ਦੀ ਭਾਰਤ ਯਾਤਰਾ ਦੀ ਪਹਿਲੀ ਖਬਰ ਛਪੇ, ਉਸੇ ਦਿਨ ਭਾਰਤ ਦੀ ਰਾਜਧਾਨੀ ਦਿੱਲੀ ’ਚ ਹਿੰਸਕ ਖਰੂਦ, ਹੈੱਡ ਕਾਂਸਟੇਬਲ ਦੀ ਮੌਤ, ਪੈਟਰੋਲ ਪੰਪ ’ਚ ਅੱਗ ਦੀਆਂ ਵੀ ਖਬਰਾਂ ਛਪਣ ਤਾਂ ਕਿ ਲੱਗੇ ਭਾਰਤ ਅੰਦਰੋਂ ਹੀ ਅੰਦਰ ਯੁੱਧ ਤੋਂ ਪੀੜਤ ਹੈ। ਨਿਸ਼ਚਿਤ ਤੌਰ ’ਤੇ ਮੋਦੀ ਅਤੇ ਅਮਿਤ ਸ਼ਾਹ ਇਸ ਨੂੰ ਹਲਕੇ ਢੰਗ ਨਾਲ ਨਹੀਂ ਲੈਣਗੇ ਪਰ ਇਹ ਦ੍ਰਿਸ਼ ਟਰੰਪ ਦੀ ਭਾਰਤ ਯਾਤਰਾ ਦੇ ਸਾਡੀ ਵਿਕਾਸ ਯਾਤਰਾ ’ਤੇ ਸਾਕਾਰਾਤਮਕ ਪ੍ਰਭਾਵ ਨੂੰ ਹੋਰ ਜ਼ਿਆਦਾ ਮਜ਼ਬੂਤ ਸਿੱਧ ਕਰ ਸਕਦਾ ਹੈ।

Bharat Thapa

This news is Content Editor Bharat Thapa