ਕਾਰਗਿਲ ਜਿੱਤ ਦੇ ਮੌਕੇ ’ਤੇ ਸ਼ਹੀਦਾਂ ਨੂੰ ਨਮਨ

07/26/2023 12:16:49 PM

ਅੰਗਰੇਜ਼ੀ ’ਚ ਕਿਹਾ ਹੈ “Eternal Vigilance is the price of liberty” ਭਾਵ ਲਗਾਤਾਰ ਚੌਕਸੀ ਹੀ ਆਜ਼ਾਦੀ ਦਾ ਮੁੱਲ ਹੈ, ਭਾਵ ਆਜ਼ਾਦੀ ਦੀ ਰੱਖਿਆ ਲਈ ਸਦਾ ਚੌਕੰਨੇ ਰਹਿਣਾ ਪੈਂਦਾ ਹੈ। ਇਹੀ ਕਾਰਨ ਹੈ ਕਿ ਸਾਡੀਆਂ ਫੌਜਾਂ ਸਾਡੀ ਆਜ਼ਾਦੀ, ਸਾਡੇ ਜਾਨ-ਮਾਲ ਅਤੇ ਸਾਡੇ ਰਾਸ਼ਟਰ ਦੀ ਇਕ-ਇਕ ਇੰਚ ਲਈ 24 ਘੰਟੇ ਸੁਚੇਤ ਅਤੇ ਚੌਕਸ ਰਹਿੰਦੀਆਂ ਹਨ।

ਆਜ਼ਾਦੀ ਮਿਲਣ ਦੇ ਤੁਰੰਤ ਪਿੱਛੋਂ ਜਦ ਪਾਕਿਸਤਾਨ ਨੇ ਕਬਾਇਲੀਆਂ ਦੇ ਭੇਸ ’ਚ ਕਸ਼ਮੀਰ ’ਚ ਆਪਣੀ ਫੌਜ ਦੀ ਘੁਸਪੈਠ ਕਰਵਾਈ ਸੀ ਤਦ ਵੀ ਭਾਰਤ ਦੇ ਵੀਰ ਫੌਜੀਆਂ ਨੇ ਦੇਸ਼ ਦੀ ਰੱਖਿਆ ਕੀਤੀ। ਪਾਕਿਸਤਾਨੀਆਂ ਦੇ ਦੰਦ ਖੱਟੇ ਕਰਦਿਆਂ ਪੂਰੇ ਦਾ ਪੂਰਾ ਕਸ਼ਮੀਰ ਆਪਣੇ ਕਬਜ਼ੇ ’ਚ ਲੈਣ ਲਈ ਸਾਡੇ ਵੀਰ ਫੌਜੀ ਅੱਗੇ ਵਧ ਰਹੇ ਸਨ ਤਾਂ ਤਤਕਾਲੀ ਪ੍ਰਧਾਨ ਮੰਤਰੀ ਪੰ. ਜਵਾਹਰ ਲਾਲ ਨਹਿਰੂ ਜੀ ਨੇ ਜੰਗਬੰਦੀ ਦਾ ਐਲਾਨ ਕਰ ਦਿੱਤਾ ਅਤੇ ਕਸ਼ਮੀਰ ਦੀ ਸਮੱਸਿਆ ਦੇਸ਼ ਲਈ ਖੜ੍ਹੀ ਕਰ ਦਿੱਤੀ।

1962 ’ਚ ਵੀ ਵੀਰ ਫੌਜੀਆਂ ਨੇ ਬਿਨਾਂ ਆਧੁਨਿਕ ਹਥਿਆਰਾਂ ਦੇ ਚੀਨ ਦੀ ਫੌਜ ਦਾ ਜ਼ਬਰਦਸਤ ਮੁਕਾਬਲਾ ਕੀਤਾ ਪਰ ਸਿਆਸੀ ਲੀਡਰਸ਼ਿਪ ਨੇ ਫਿਰ ਹਥਿਆਰ ਸੁੱਟ ਦਿੱਤੇ। 1965 ’ਚ ਵੀ ਵੀਰ ਫੌਜੀਆਂ ਨੇ ਜ਼ਬਰਦਸਤ ਜਿੱਤ ਪ੍ਰਾਪਤ ਕੀਤੀ। ਜੰਗੀ ਖੇਤਰ ’ਚ ਵੀਰ ਫੌਜੀਆਂ ਨੇ ਆਪਣੀ ਵੀਰਤਾ ਅਤੇ ਕੁਰਬਾਨੀ ਨਾਲ ਜੋ ਕੁਝ ਜਿੱਤਿਆ ਸੀ, ਉਸ ਨੂੰ ਤਾਸ਼ਕੰਦ ਸਮਝੌਤੇ ਤਹਿਤ ਗੱਲਬਾਤ ਦੇ ਟੇਬਲ ’ਤੇ ਗੁਆ ਦਿੱਤਾ, ਸਿਰਫ ਜਿੱਤਿਆ ਹੋਇਆ ਇਲਾਕਾ ਹੀ ਨਹੀਂ ਗੁਆਇਆ ਅਸੀਂ ਆਪਣੇ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਨੂੰ ਵੀ ਗੁਆ ਦਿੱਤਾ।

1971 ਦੇ ਯੁੱਧ ਦੇ ਨਤੀਜੇ ਵਜੋਂ ਬਹਾਦਰ ਫੌਜੀਆਂ ਨੇ ਆਪਣੀ ਬਹਾਦਰੀ ਅਤੇ ਬਲਿਦਾਨ ਨਾਲ ਪਾਕਿਸਤਾਨ ਦੇ 2 ਟੁਕੜੇ ਕਰ ਦਿੱਤੇ, ਬੰਗਲਾਦੇਸ਼ ਇਕ ਨਵਾਂ ਰਾਸ਼ਟਰ ਬਣ ਗਿਆ। ਸਾਡੇ ਫੌਜੀਆਂ ਨੇ 91,000 ਤੋਂ ਵੱਧ ਪਾਕਿਸਤਾਨੀ ਫੌਜੀਆਂ ਨੂੰ ਜੰਗੀ ਕੈਦੀ ਬਣਾ ਲਿਆ। ਸਿਆਸੀ ਇੱਛਾ-ਸ਼ਕਤੀ ਦਿਖਾਈ ਹੁੰਦੀ ਤਾਂ ਪੂਰੇ ਦਾ ਪੂਰਾ ਕਸ਼ਮੀਰ ਸਾਡਾ ਹੋ ਸਕਦਾ ਸੀ ਪਰ ਜੋ ਫੌਜੀਆਂ ਨੇ ਜਿੱਤਿਆ ਉਹ ਸ਼ਿਮਲਾ ਸਮਝੌਤੇ ਤਹਿਤ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਗੱਲਬਾਤ ਦੇ ਟੇਬਲ ’ਤ ਗੁਆ ਦਿੱਤਾ।

ਇਸ ਸਾਰੇ ਇਤਿਹਾਸ ਨੂੰ ਦੇਖਦਿਆਂ ਅਸੀਂ ਕਹਿ ਸਕਦੇ ਹਾਂ ਕਿ ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਦੇ ਰੂਪ ’ਚ ਪਹਿਲੀ ਵਾਰ ਦੇਸ਼ ਨੂੰ ਇਕ ਸਮਰੱਥ ਲੀਡਰਸ਼ਿਪ ਮਿਲੀ ਜਿਸ ਨੇ ਜਦ ਲੋੜ ਸੀ ਤਾਂ ਪ੍ਰਮਾਣੂ ਬੰਬ ਧਮਾਕੇ ਵੀ ਕੀਤੇ ਅਤੇ ਬਹਾਦਰ ਫੌਜੀਆਂ ਦੀ ਭਾਵਨਾ ਦਾ ਸਨਮਾਨ ਕਰਦਿਆਂ ਅੰਤਰਰਾਸ਼ਟਰੀ ਦਬਾਅ ਦੇ ਬਾਵਜੂਦ ਜੰਗਬੰਦੀ ਦਾ ਐਲਾਨ ਤਦ ਤਕ ਨਹੀਂ ਕੀਤਾ ਜਦ ਤਕ ਕਾਰਗਿਲ ਦਾ ਆਪਣਾ ਸਾਰਾ ਇਲਾਕਾ ਪਾਕਿਸਤਾਨ ਦੇ ਘੁਸਪੈਠੀਆਂ ਤੋਂ ਖਾਲੀ ਨਹੀਂ ਕਰਵਾ ਲਿਆ।

ਇਤਿਹਾਸ ’ਚ ਪਹਿਲੀ ਵਾਰ 2 ਜੁਲਾਈ, 1999 ਨੂੰ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਖੁਦ ਫੌਜੀਆਂ ਦੀ ਪਿੱਠ ਥਾਪੜਣ ਲਈ ਜੰਗ ਦੇ ਮੋਰਚੇ ’ਤੇ ਗਏ। ਦੇਸ਼ ’ਚ ਪ੍ਰਧਾਨ ਮੰਤਰੀ ਦੀ ਇਸ ਪਹਿਲ ਨੂੰ ਲੈ ਕੇ ਜ਼ਬਰਦਸਤ ਉਤਸ਼ਾਹ ਦਾ ਮਾਹੌਲ ਬਣਿਆ। ਇਸ ਸੰਘਰਸ਼ ’ਚ ਸ਼ਹੀਦ ਹੋਏ ਫੌਜੀਆਂ ਦੇ ਪਵਿੱਤਰ ਸਰੀਰਾਂ ਨੂੰ ਪਹਿਲੀ ਵਾਰ ਹਵਾਈ ਜਹਾਜ਼ ਜਾਂ ਹੈਲੀਕਾਪਟਰ ਰਾਹੀਂ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚਾਇਆ ਗਿਆ, ਸਰਕਾਰੀ ਸਨਮਾਨ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਕੇਂਦਰ ਅਤੇ ਸੂਬਾ ਸਰਕਾਰਾਂ ਨੇ ਸ਼ਹੀਦਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦਾ ਯਤਨ ਕੀਤਾ।

ਉਸ ਸਮੇਂ ਹਿਮਾਚਲ ਪ੍ਰਦੇਸ਼ ’ਚ ਸਾਡੀ ਸਰਕਾਰ ਸੀ। ਸ਼੍ਰੀ ਨਰਿੰਦਰ ਮੋਦੀ ਹਿਮਾਚਲ ਦੇ ਇੰਚਾਰਜ ਸਨ। ਅਸੀਂ ਵੀ ਆਪਸ ’ਚ ਵਿਚਾਰ-ਵਟਾਂਦਰਾ ਕਰ ਕੇ ਫੌਜੀਆਂ ਤਕ ਖਾਧ ਸਮੱਗਰੀ (ਪੱਕਿਆ-ਪਕਾਇਆ ਭੋਜਨ) ਅਤੇ ਰੋਜ਼ਾਨਾ ਵਰਤਣ ਦੇ ਵਸਤਰ ਆਦਿ ਨਾਲ ਹੈਲੀਕਾਪਟਰ ਭਰ ਕੇ 4 ਜੁਲਾਈ ਨੂੰ ਸ਼੍ਰੀਨਗਰ ਪਹੁੰਚ ਗਏ। 5 ਜੁਲਾਈ ਨੂੰ ਸਵੇਰੇ ਅਸੀਂ ਸ਼੍ਰੀਨਗਰ ਤੋਂ ਕਾਰਗਿਲ ਲਈ ਉਡਾਣ ਭਰੀ। ਜਦ ਅਸੀਂ ਕਾਰਗਿਲ ਉਤਰ ਰਹੇ ਸੀ ਤਦ ਵੀ ਪਾਕਿਸਤਾਨ ਵਾਲੇ ਪਾਸਿਓਂ ਗੋਲਾਬਾਰੀ ਹੋ ਰਹੀ ਸੀ। ਫੌਜ ਦੇ ਸੀਨੀਅਰ ਅਧਿਕਾਰੀ ਬ੍ਰਿਗੇਡੀਅਰ ਨੰਦ੍ਰਾਜੋਗ ਦੀ ਅਗਵਾਈ ’ਚ ਸਾਨੂੰ ਜਾਣਕਾਰੀਆਂ ਦੇ ਰਹੇ ਸਨ। ਜ਼ਮੀਨਦੋਜ਼ ਮੋਰਚੇ ’ਚ ਹਾਜ਼ਰ ਫੌਜੀਆਂ ਨੂੰ ਸਾਮਾਨ ਵੰਡਿਆ ਅਤੇ ਬਾਕੀ ਸਾਮਾਨ ਉਨ੍ਹਾਂ ਫੌਜੀਆਂ ਨੂੰ ਦੇ ਦਿੱਤਾ ਤਾਂ ਕਿ ਮੋਰਚੇ ’ਤੇ ਲੜਾਈ ਲੜ ਰਹੇ ਫੌਜੀਆਂ ਤੱਕ ਵੀ ਪਹੁੰਚਾਇਆ ਜਾ ਸਕੇ।

ਸ਼ਾਮ ਨੂੰ ਸ਼੍ਰੀਨਗਰ ਵਾਪਸ ਪਹੁੰਚ ਕੇ ਅਸੀਂ ਫੌਜੀ ਹਸਪਤਾਲ ਗਏ, ਜ਼ਖਮੀ ਫੌਜੀਆਂ ਦਾ ਹਾਲ-ਚਾਲ ਪੁੱਛਿਆ ਅਤੇ ਉਨ੍ਹਾਂ ਨੂੰ ਸਾਮਾਨ ਵੰਡਿਆ। ਇਕ ਜਵਾਨ ਬਿਸਤਰੇ ’ਤੇ ਲੇਟਿਆ ਹੋਇਆ ਸੀ, ਉਸ ਨੇ ਸਾਮਾਨ ਫੜਿਆ ਨਹੀਂ, ਅਸੀਂ ਸਾਮਾਨ ਸਾਈਡ ਟੇਬਲ ’ਤੇ ਰੱਖ ਦਿੱਤਾ ਇਹ ਸੋਚ ਕੇ ਸ਼ਾਇਦ ਜ਼ਖਮੀ ਹੋਣ ਕਾਰਨ ਉਹ ਨਾਰਾਜ਼ ਹੋਵੇਗਾ। ਜਿਵੇਂ ਹੀ ਅਸੀਂ ਮੁੜੇ ਤਾਂ ਇਕ ਡਾਕਟਰ ਦੌੜਾ-ਦੌੜਾ ਆਇਆ ਅਤੇ ਸਾਨੂੰ ਦੱਸਿਆ ਕਿ ਮਾਈਨ ਬਲਾਸਟ ’ਚ ਉਸ ਜਵਾਨ ਦੇ ਦੋਵੇਂ ਹੱਥ ਅਤੇ ਦੋਵੇਂ ਪੈਰ ਉੱਡ ਗਏ ਸਨ। ਅਸੀਂ ਵਾਪਸ ਮੁੜੇ ਅਤੇ ਉਸ ਦੇ ਸਿਰ ’ਤੇ ਹੱਥ ਰੱਖ ਕੇ ਪੁੱਛਿਆ, ‘‘ਬਹੁਤ ਦਰਦ ਹੁੰਦਾ ਹੋਵੇਗਾ।’’ ਉਸ ਨੇ ਕਿਹਾ ‘‘ਪਹਿਲਾਂ ਸੀ, ਕੱਲ ਸ਼ਾਮ ਤੋਂ ਨਹੀਂ ਹੋ ਰਿਹਾ ਹੈ।’’ ਅਸੀਂ ਪੁੱਛਿਆ ਕਿ ਕੋਈ ਦਰਦ ਰੋਕੂ ਦਵਾਈ ਲਈ ਜਾਂ ਟੀਕਾ ਲੱਗਾ? ਉਸ ਨੇ ਕਿਹਾ ‘‘ਨਹੀਂ, ਕੱਲ ਸ਼ਾਮ (4 ਜੁਲਾਈ ਨੂੰ) ਟਾਈਗਰ ਹਿੱਲ ਵਾਪਸ ਲੈ ਲਈ, ਮੇਰਾ ਦਰਦ ਖਤਮ ਹੋ ਗਿਆ।’’ ਇਹ ਸੁਣ ਕੇ ਅਸੀਂ ਸਾਰੇ ਭਾਵੁਕ ਹੋ ਗਏ, ਦੇਸ਼ ਭਗਤੀ ਦੇ ਇਸ ਜਜ਼ਬੇ ਨੂੰ ਸਲਾਮ।

ਹਿਮਾਚਲ ਦੇ 52 ਜਵਾਨ ਸ਼ਹੀਦ ਹੋਏ ਸਨ। ਮੈਂ ਸਾਰਿਆਂ ਦੇ ਘਰ ਗਿਆ, ਹਰ ਸ਼ਹੀਦ ਪਰਿਵਾਰ ਦੀਆਂ ਦਿਲ ਨੂੰ ਛੂਹ ਲੈਣ ਵਾਲੀਆਂ ਗੱਲਾਂ ਸੁਣੀਆਂ। ਪਾਲਮਪੁਰ ’ਚ ਕਾਰਗਿਲ ਜੰਗ ਦੇ ਪਹਿਲੇ ਸ਼ਹੀਦ ਕੈ. ਸੌਰਭ ਕਾਲੀਆ ਦੀ ਮਾਤਾ ਜੀ ਆਪਣੇ ਕੋਲ ਬੈਠੀ ਸ਼ਹੀਦ ਪਰਮਵੀਰ ਚੱਕਰ ਕੈ. ਵਿਕਰਮ ਬੱਤਰਾ ਦੀ ਮਾਤਾ ਸ਼੍ਰੀਮਤੀ ਬੱਤਰਾ ਨੂੰ ਢਾਰਸ ਦੇ ਰਹੀ ਸੀ। ਇਕ ਮਾਂ ਜਿਸ ਨੇ ਆਪਣਾ ਬੇਟਾ ਗੁਆਇਆ ਸੀ, ਉਹ ਦੂਜੀ ਮਾਂ, ਜਿਸ ਨੇ ਹੁਣੇ-ਹੁਣੇ ਆਪਣਾ ਬੇਟਾ ਗੁਆਇਆ ਸੀ, ਉਸ ਨੂੰ ਤਸੱਲੀ ਦੇ ਰਹੀ ਸੀ।

ਬਿਲਾਸਪੁਰ ਦੇ ਬਹਾਦਰ ਫੌਜੀ ਸੰਜੇ ਕੁਮਾਰ ਨੂੰ ਪਰਮਵੀਰ ਚੱਕਰ ਮਿਲਿਆ ਸੀ। ਉਸੇ ਜ਼ਿਲੇ ’ਚ ਇਕ ਜਵਾਨ ਮੰਗਲ ਸਿੰਘ ਵੀ ਸ਼ਹੀਦ ਹੋਇਆ ਸੀ। ਸ਼ਹੀਦ ਮੰਗਲ ਸਿੰਘ ਦੀ ਮਾਂ ਸ਼੍ਰੀਮਤੀ ਕੌਸ਼ੱਲਿਆ ਦੇਵੀ ਨੇ ਡੇਢ ਕਿਲੋਮੀਟਰ ਤੱਕ ਸ਼ਹੀਦ ਬੇਟੇ ਮੰਗਲ ਸਿੰਘ ਦੀ ਅਰਥੀ ਨੂੰ ਮੋਢਾ ਦਿੱਤਾ। ਪਾਲਮਪੁਰ ਦੇ ਲੰਬਾਪਟ ਪਿੰਡ ਦੇ ਹੌਲਦਾਰ ਰੋਸ਼ਨ ਲਾਲ ਦਾ ਜਵਾਨ ਬੇਟਾ ਰਾਕੇਸ਼ ਕੁਮਾਰ ਵਿਆਹ ਦੇ 15 ਦਿਨ ਅੰਦਰ ਹੀ ਸ਼ਹੀਦ ਹੋ ਗਿਆ ਸੀ। ਰੋਸ਼ਨ ਲਾਲ ਜੀ ਨੂੰ ਪਛਤਾਵਾ ਸੀ ਕਿ 1965 ਦੀ ਜੰਗ ’ਚ ਜਿਸ ਮੋਰਚੇ ’ਤੇ ਉਹ ਤਾਇਨਾਤ ਸੀ, ਉਸੇ ਮੋਰਚੇ ’ਤੇ ਉਸ ਦਾ ਬੇਟਾ 1999 ’ਚ ਸ਼ਹੀਦ ਹੋ ਗਿਆ।

ਹਮੀਰਪੁਰ ਜ਼ਿਲੇ ਦੇ ਬਮਸਨ ਚੋਣ ਖੇਤਰ ਦੇ ਸ਼ਹੀਦ ਰਾਜਕੁਮਾਰ ਦੇ ਪਿਤਾ ਹੌਲਦਾਰ ਖਜਾਨ ਸਿੰਘ ਵੀ ਸਾਬਕਾ ਫੌਜੀ ਸਨ। ਜਦ ਮੈਂ ਉਨ੍ਹਾਂ ਦੇ ਘਰ ਪਹੁੰਚਿਆ ਤਾਂ ਇਸ ਤੋਂ ਪਹਿਲਾਂ ਕਿ ਮੈਂ ਕੁਝ ਕਹਿੰਦਾ, ਉਨ੍ਹਾਂ ਨੇ ਕਿਹਾ, ‘‘ਧੂਮਲ ਸਾਹਿਬ, ਬੇਟੇ ਤਾਂ ਪੈਦਾ ਹੀ ਇਸ ਲਈ ਕੀਤੇ ਜਾਂਦੇ ਹਨ ਕਿ ਪੜ੍ਹਨ, ਲਿਖਣ ਅਤੇ ਜਵਾਨ ਹੋ ਕੇ ਫੌਜ ’ਚ ਭਰਤੀ ਹੋ ਕੇ ਦੇਸ਼ ਦੀ ਰੱਖਿਆ ਕਰਨ ਅਤੇ ਲੋੜ ਹੋਵੇ ਤਾਂ ਆਪਣਾ ਬਲਿਦਾਨ ਦੇਣ। ਤੁਸੀਂ ਦਿੱਲੀ ਜਾ ਰਹੇ ਹੋ ਤਾਂ ਵਾਜਪਾਈ ਜੀ ਨੂੰ ਕਹਿਣਾ ਕਿ ਫੌਜੀਆਂ ਦੀ ਕਮੀ ਹੋਵੇ ਤਾਂ 82 ਸਾਲ ਦਾ ਹੌਲਦਾਰ ਖਜਾਨ ਸਿੰਘ ਅੱਜ ਵੀ ਹਥਿਆਰ ਚੁੱਕ ਕੇ ਦੇਸ਼ ਦੀ ਰੱਖਿਆ ਕਰਨ ਨੂੰ ਤਿਆਰ ਹੈ।’’ ਇਹ ਸ਼ਬਦ ਸੁਣ ਕੇ ਉੱਥੇ ਹਾਜ਼ਰ ਹਰ ਕੋਈ ਉਨ੍ਹਾਂ ਦੀ ਭਾਵਨਾ ਦੀ ਸਿਫਤ ਕਰਨ ਲੱਗਾ। ਬਾਅਦ ’ਚ ਜਦ ਮੈਂ ਅਟਲ ਜੀ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਇਹ ਸਾਰੀਆਂ ਘਟਨਾਵਾਂ ਸੁਣਾਈਆਂ ਤਾਂ ਉਹ ਵੀ ਬਹੁਤ ਭਾਵੁਕ ਹੋਏ।

ਜਦ ਤਕ ਭਾਰਤ ਮਾਂ ਦੇ ਅਜਿਹੇ ਬਹਾਦਰ ਪੁੱਤ ਦੇਸ਼ ਲਈ ਹਰ ਬਲਿਦਾਨ ਦੇਣ ਲਈ ਤਿਆਰ ਹੋਣਗੇ ਤਦ ਤੱਕ ਇਹ ਦੇਸ਼ ਸੁਰੱਖਿਅਤ ਹੈ। ਮਾਤਭੂਮੀ ਲਈ ਸਮਰਪਣ ਦੀ ਭਾਵਨਾ ਹਰ ਨਾਗਰਿਕ ’ਚ ਹੋਵੇ, ਸ਼ਹੀਦਾਂ ਦਾ ਸਨਮਾਨ ਪੂਰਾ ਰਾਸ਼ਟਰ ਕਰੇ ਤਾਂ ਆਜ਼ਾਦੀ ਅਤੇ ਸੁਰੱਖਿਆ ਦੋਵੇਂ ਯਕੀਨੀ ਕੀਤੀਆਂ ਜਾ ਸਕਦੀਆਂ ਹਨ। ਕਾਰਗਿਲ ਜਿੱਤ ਦੇ ਸ਼ੁੱਭ ਮੌਕੇ ’ਤੇ ਆਜ਼ਾਦੀ ਅੰਦੋਲਨ ਤੋਂ ਲੈ ਕੇ ਜਿੰਨੀਆਂ ਵੀ ਜੰਗਾਂ ਹੋਈਆਂ, ਉਨ੍ਹਾਂ ’ਚ ਸ਼ਹੀਦ ਹੋਏ ਸਾਰੇ ਸਹੀਦਾਂ ਨੂੰ ਕੋਟਿ-ਕੋਟਿ ਪ੍ਰਣਾਮ।

ਪ੍ਰੇਮ ਕੁਮਾਰ ਧੂਮਲ (ਸਾਬਕਾ ਮੁੱਖ ਮੰਤਰੀ, ਹਿਮਾਚਲ ਪ੍ਰਦੇਸ਼)

Rakesh

This news is Content Editor Rakesh