ਡਰੋਨਾਂ ਦੀ ਦੁਨੀਆ ਅਤੇ ਸੁਰੱਖਿਆ ਦੇ ਲਈ ਖ਼ਤਰੇ

01/02/2022 3:09:49 PM

ਮਨੀਸ਼ ਤਿਵਾੜੀ
ਨਵੀਂ ਦਿੱਲੀ- ਤੇਜ਼ੀ ਨਾਲ ਲੰਘੇ 3 ਸਾਲਾਂ ਦੇ ਬਾਅਦ ਮਨੁੱਖ ਰਹਿਤ ਹਵਾਈ ਪ੍ਰਣਾਲੀਆਂ ਦਾ ਵਿਸ਼ਵ ਬਾਜ਼ਾਰ 21.47 ਅਰਬ ਡਾਲਰ ਨੂੰ ਛੂਹ ਗਿਆ ਹੈ। ਅਮਰੀਕੀ ਪ੍ਰੀਡੇਟਰ ਡਰੋਨਜ਼ ਦੀ ਵਰਤੋਂ 1100 ਤੋਂ ਵੱਧ ਹਵਾਈ ਹਮਲਿਆਂ ਲਈ ਕੀਤੀ ਗਈ ਹੈ। ਤੁਰਕੀ ਦੇ ਬੈਰਖਤਰ ਟੀ.ਬੀ-2 ਨੇ ਸੈਂਕੜਿਆਂ ਦੀ ਗਿਣਤੀ ’ਚ ਸੀਰੀਆਈ ਬਖਤਰਬੰਦ ਗੱਡੀਆਂ ਨੂੰ ਨਸ਼ਟ ਕੀਤਾ ਹੈ ਅਤੇ ਅਜਰਬੈਜਾਨੀ ਬਲਾਂ ਨੇ ਇਜ਼ਰਾਈਲੀ ਕਾਮੀਕੇਜ ਡ੍ਰੋਜ਼ਨ ਦੀ ਵਰਤੋਂ ਨਾਗਾਰਨਾਂ ਕਾਰਾਬਾਖ ਝੜਪ ’ਚ ਅਮਰੀਕੀ ਫ਼ੌਜ ਵਿਰੁੱਧ ਕੀਤੀ। ਅੱਜ ਡ੍ਰੋਨ ਵਿਸ਼ਵ ਭਰ ’ਚ ਫੌਜੀ ਅਸਲੇਖਾਨੇ ਦਾ ਇਕ ਮਹੱਤਵਪੂਰਨ ਹਿੱਸਾ ਬਣ ਗਏ ਹਨ। ਬਨਾਉਟੀ ਸਮਝ ਅਤੇ ਸਟੀਕ ਮਾਰਗਦਰਸ਼ਨ ਦੇ ਨਾਲ ਇਸ ’ਚ ਹੋਣ ਵਾਲੇ ਵਿਕਾਸ ਦੇ ਕਾਰਨ ਭਵਿੱਖ ’ਚ ਇਨ੍ਹਾਂ ਦੀ ਮਾਰਗ ਸਮਰੱਥਾ ’ਚ ਹੋਰ ਸੁਧਾਰ ਹੋਵੇਗਾ। ਅੱਤਵਾਦੀ ਹਮਲਿਆਂ ਲਈ ਡ੍ਰੋਨਜ਼ ਦੀ ਵਰਤੋਂ ਭਾਰਤ ਲਈ ਵਰਨਣਯੋਗ ਤੌਰ ’ਤੇ ਇਕ ਨਵੀਂ ਸੁਰੱਖਿਆ ਚੁਣੌਤੀ ਹੈ। ਜੂਨ 2021 ਦਾ ਹਮਲਾ, ਜਿਸ ’ਚ ਨੀਵੀਂ ਉਡਾਣ ਭਰਨ ਵਾਲੇ ਡ੍ਰੋਨਜ਼ ਦੀ ਵਰਤੋਂ ਜੰਮੂ ਹਵਾਈ ਫੌਜ ਕੇਂਦਰ ’ਤੇ ਦੋ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸਿਜ਼ (ਆਈ. ਈ. ਡੀ.) ਡੇਗਣ ਲਈ ਕੀਤੀ ਗਈ, ਇਸ ਉਭਰਦੇ ਹੋਏ ਖਤਰੇ ਦਾ ਸਪੱਸ਼ਟ ਸੰਕੇਤ ਹੈ। ਇਹ ਹਮਲਾ ਨਾ ਸਿਰਫ ਇਸ ਲਈ ਮਹੱਤਵਪੂਰਨ ਸੀ ਕਿ ਭਾਰਤ ’ਚ ਕਿਸੇ ਵੀ ਸੁਰੱਖਿਆ ਸੰਸਥਾਨ ’ਤੇ ਹਮਲਾ ਕਰਨ ਲਈ ਪਹਿਲੀ ਵਾਰ ਡ੍ਰੋਨਜ਼ ਦੀ ਵਰਤੋਂ ਕੀਤੀ ਗਈ ਸਗੋਂ ਇਸ ਲਈ ਵੀ ਕਿਉਂਕਿ ਭਾਰਤੀ ਰੱਖਿਆ ਪ੍ਰਣਾਲੀਆਂ ਇਨ੍ਹਾਂ ਨੂੰ ਲੈ ਕੇ ਚੌਕਸ ਨਹੀਂ ਸਨ।

ਭਾਰਤ ਦੇ ਲਈ ਇਕ ਖਤਰਾ
ਹਮਲੇ ਦੇ ਬਾਅਦ ਰਾਸ਼ਟਰੀ ਸੁਰੱਖਿਆ ਸੰਸਥਾਨਾਂ ਦੀ ਚਿੰਤਾ ਨੂੰ ਦੇਖਦੇ ਹੋਏ ਘੱਟੋ-ਘੱਟ ਇਹ ਕਿਹਾ ਜਾ ਸਕਦਾ ਹੈ ਕਿ ਉਹ ਡ੍ਰੋਨ ਦੇ ਹਮਲੇ ਨੂੰ ਦੇਖਦੇ ਹੋਏ ਹੁਣ ਜਾਗ ਰਹੇ ਹਨ। ਹਾਲਾਂਕਿ ਤੱਥ ਇਹ ਹੈ ਕਿ ਭਾਰਤ ’ਚ ਡ੍ਰੋਨ ਦਾ ਖਤਰਾ ਨਵਾਂ ਨਹੀਂ ਹੈ। 2019 ਤੋਂ ਲੈ ਕੇ 300 ਤੋਂ ਵੱਧ ਵਾਰ ਡ੍ਰੋਨ ਦੇਖੇ ਜਾ ਚੁੱਕੇ ਹਨ। ਜੂਨ 2020 ’ਚ ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਨੇ ਇਕ ਡ੍ਰੋਨ ਸੁੱਟ ਲਿਆ ਜੋ ਇਕ ਰਾਈਫਲ, ਦੋ ਮੈਗਜ਼ੀਨਾਂ ਅਤੇ ਕੁਝ ਗ੍ਰੇਨੇਡ ਲਿਜਾ ਰਿਹਾ ਸੀ। ਇੱਥੋਂ ਤੱਕ ਕਿ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਕੰਪਲੈਕਸ ਦੇ ਉਪਰ ਇਕ ਡ੍ਰੋਨ ਘੁੰਮਦਾ ਦੇਖਿਆ ਗਿਆ ਜਦੋਂ ਭਾਰਤ ਨੇ ਆਪਣੀ ਆਜ਼ਾਦੀ ਦਾ 75ਵਾਂ ਸਾਲ ਮਨਾਉਣ ਦੇ ਸਬੰਧ ’ਚ ਹੋਰਨਾਂ ਦੇਸ਼ਾਂ ਦੇ ਕੂਟਨੀਤਕਾਂ ਨੂੰ ਸੱਦਿਆ ਸੀ। ਰੈਵੇਨਿਊ ਖੁਫੀਆ ਨਿਰਦੇਸ਼ਾਲਾ (ਡੀ. ਆਰ. ਆਈ.) ਨੇ 2019 ’ਚ ਅਤਿਆਧੁਨਿਕ 85 ਚੀਨੀ ਡ੍ਰੋਨ ਜ਼ਬਤ ਕਰ ਕੇ ਡ੍ਰੋਨ ਸਮੱਗਲਿੰਗ ਦਾ ਪਰਦਾਫਾਸ਼ ਕੀਤਾ ਜਿਨ੍ਹਾਂ ਦੀ ਕੀਮਤ ਲਗਭਗ 10,000 ਕਰੋੜ ਸੀ। ਅੱਜ ਇਹ ਖਤਰੇ ਨਾ ਸਿਰਫ ਸਰਹੱਦ ਪਾਰੋਂ ਆ ਰਹੇ ਹਨ ਸਗੋਂ ਇੱਥੋਂ ਤੱਕ ਕਿ ਨਕਸਲੀ ਵੀ ਹੁਣ ਕਥਿਤ ਤੌਰ ’ਤੇ ਭਾਰਤੀ ਸੁਰੱਖਿਆ ਬਲਾਂ ਵਿਰੁੱਧ ਆਪਣੀਆਂ ਕਾਰਵਾਈਆਂ ’ਚ ਡ੍ਰੋਨ ਤਾਇਨਾਤ ਕਰ ਰਹੇ ਹਨ।

ਡਰੋਨ ਹੀ ਕਿਉਂ?
ਹੁਣ ਡ੍ਰੋਨ ਹੀ ਅੱਤਵਾਦੀਆਂ ਅਤੇ ਬਾਗੀਆਂ ਲਈ ਹਥਿਆਰ ਦੇ ਤੌਰ ’ਤੇ ਚੋਣ ਹੈ। ਇਹ ਮਹਿੰਗੇ ਨਹੀਂ ਹਨ। ਇਨ੍ਹਾਂ ਨੂੰ ਆਸਾਨੀ ਨਾਲ ਹਾਸਲ ਕੀਤਾ ਜਾ ਸਕਦਾ ਹੈ ਜਾਂ ਆਮ ਯੰਤਰ ਜੋੜ ਕੇ ਅਸੈਂਬਲ ਕੀਤਾ ਜਾ ਸਕਦਾ ਹੈ। ਆਧੁਨਿਕ ਡ੍ਰੋਨ, ਜੋ 9/11 ਹਮਲੇ ਦੇ ਬਾਅਦ ਅਮਰੀਕੀ ਮਹਿੰਗੇ ਪ੍ਰੀਡੇਟਰ ਡ੍ਰੋਨ ਵਰਗੇ ਹਨ, ਆਸਾਨੀ ਨਾਲ ਮੁਹੱਈਆ ਨਹੀਂ। ਇਹੀ ਕਾਰਨ ਹੈ ਕਿ ਅਮਰੀਕਾ ਨੇ ਆਪਣੇ ਪ੍ਰੀਡੇਟਰ ਅਤੇ ਰਿਪਰ ਯੂ. ਸੀ. ਏ. ਵੀਜ਼ ਦੀ ਬਰਾਮਦ ’ਤੇ ਸਖਤ ਕੰਟਰੋਲ ਕੀਤਾ ਹੈ। ਉਹ ਸਿਰਫ ਕਰੀਬੀ ਫੌਜੀ ਸਹਿਯੋਗੀਆਂ ਨੂੰ ਮੁਹੱਈਆ ਹਨ। ਹਾਲਾਂਕਿ ਚੀਨ, ਇਜ਼ਰਾਈਲ ਅਤੇ ਤੁਰਕੀ ਨੇ ਆਪਣੇ ਖੁਦ ਦੇ ਯੂ. ਸੀ. ਏ. ਵੀਜ਼ ਵਿਕਸਿਤ ਕਰਨੇ ਸ਼ੁਰੂ ਕਰ ਦਿੱਤੇ ਹਨ ਜਿਨ੍ਹਾਂ ਦੀ ਉਹ ਵਿਆਪਕ ਤੌਰ ’ਤੇ ਬਰਾਮਦ ਵੀ ਕਰ ਰਹੇ ਹਨ। ਭਾਰਤ ਦੀਆਂ ਮਨੁੱਖ ਰਹਿਤ ਹਵਾਈ ਪ੍ਰਣਾਲੀਆਂ ਦਾ ਬਾਜ਼ਾਰ ਲਗਭਗ 86.60 ਕਰੋੜ ਡਾਲਰ ਦਾ ਹੈ। ਇਸ ਦਾ ਅਰਥ ਇਹ ਹੈ ਕਿ ਡ੍ਰੋਨ ਦੇਸ਼ ’ਚ ਵੱਡੀ ਗਿਣਤੀ ’ਚ ਮੁਹੱਈਆ ਹਨ ਅਤੇ ਕਿਸੇ ਰਾਹੀਂ ਕਿਤਿਓਂ ਵੀ ਅਤੇ ਕਿਸੇ ਵੀ ਸਮੇਂ ਉਸ ਨੂੰ ਹਥਿਆਰ ਬਣਾਇਆ ਜਾ ਸਕਦਾ ਹੈ।

ਡ੍ਰੋਨ ਦੀ ਰਾਡਾਰ ਤੋਂ ਬਚਣ ਦੀ ਸਮਰੱਥਾ, ਘੱਟ ਰਫਤਾਰ ਅਤੇ ਛੋਟੇ ਆਕਾਰ ਦੇ ਕਾਰਨ ਇਹ ਜੰਗੀ ਇਲਾਕਿਆਂ ’ਚ ਲਾਭਕਾਰੀ ਸਾਬਤ ਹੁੰਦੇ ਹਨ ਅਤੇ ਇਨ੍ਹਾਂ ਹੀ ਕਾਰਨਾਂ ਕਰ ਕੇ ਇਨ੍ਹਾਂ ਦੀ ਪਛਾਣ ਕਰਨੀ ਔਖੀ ਹੁੰਦੀ ਹੈ। ਰਵਾਇਤੀ ਰਾਡਾਰ ਪ੍ਰਣਾਲੀਆਂ ਉੱਡਣ ਵਾਲੀਆਂ ਛੋਟੀਆਂ ਚੀਜ਼ਾਂ ਦਾ ਪਤਾ ਲਗਾਉਣ ਲਈ ਨਹੀਂ ਹਨ ਅਤੇ ਇੱਥੋਂ ਤੱਕ ਕਿ ਜੇਕਰ ਉਨ੍ਹਾਂ ਨੂੰ ਇਸ ਦੇ ਲਈ ਤਿਆਰ ਵੀ ਕੀਤਾ ਜਾਂਦਾ ਹੈ ਤਾਂ ਉਹ ਕਿਸੇ ਪੰਛੀ ਨੂੰ ਡ੍ਰੋਨ ਸਮਝ ਸਕਦੀਆਂ ਹਨ। ਇੱਥੋਂ ਤੱਕ ਕਿ ਸਵਾਰਮ ਡ੍ਰੋਨਜ਼ ਨੂੰ ਟ੍ਰੈਕ ਕਰਨਾ ਹੋਰ ਵੀ ਔਖਾ ਹੈ ਕਿਉਂਕਿ ਨੰਨ੍ਹੇ ਡ੍ਰੋਨ ਲਹਿਰਾਂ ਵਾਂਗ ਇਕ ਦੇ ਬਾਅਦ ਇਕ ਹਮਲਾ ਕਰਦੇ ਹਨ। ਆਸਟਰੇਲੀਆ ਦੀ ਡ੍ਰੋਨ ਸ਼ੀਲਡ ਇਸ ਸਮੱਸਿਆ ਨੂੰ ਹੱਲ ਕਰਨ ਲਈ ਇਕ ਯਤਨ ਹੈ। ਹਮਲਾਵਰੀ ਡ੍ਰੋਨ ਦੀ ਵੀਡੀਓ ਫੀਡ ’ਚ ਰੇਡੀਓ ਫ੍ਰੀਕੁਐਂਸੀ ’ਚ ਅੜਿੱਕਾ ਪਾਉਂਦੀ ਹੈ ਅਤੇ ਉਸੇ ਸਥਾਨ ’ਤੇ ਲੈਂਡ ਕਰਨ ਅਤੇ ਸੰਚਾਲਕ ਕੋਲ ਮੁੜਨ ਲਈ ਮਜਬੂਰ ਕਰਦੀ ਹੈ।

ਭਾਰਤ ਦੀ ਪ੍ਰਤੀਕਿਰਿਆ
ਐਂਟੀ ਡ੍ਰੋਨ ਪ੍ਰਣਾਲੀਆਂ ਲਈ ਘਰੇਲੂ ਖੋਜ ਅਤੇ ਵਿਕਾਸ ‘ਨਵਜੰਮੇ ਪੜਾਅ’ ’ਚ ਹੈ। ਜਿੱਥੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਨੇ ‘ਐਂਟੀ ਡ੍ਰੋਨ ਸਿਸਟਮ’ ਦਾ ਵਿਕਾਸ ਕੀਤਾ ਹੈ। ਜੇਕਰ ਭਾਰਤ ਨੂੰ ਚੁਣੌਤੀ ਉਠਾਉਣੀ ਹੈ ਤਾਂ ਇਸ ਨੂੰ ਅਜਿਹੀਆਂ ਪ੍ਰਣਾਲੀਆਂ ਲਈ ਫਾਸਟਟ੍ਰੈਕ ਖੋਜ ਅਤੇ ਵਿਕਾਸ ਵਿਕਸਿਤ ਕਰਨ ਦੀ ਲੋੜ ਹੈ ਜੋ ਸੰਚਾਲਨਾਤਮਕ ਤੌਰ ’ਤੇ ਵਿਆਪਕ ਵਰਤੋਂ ਲਈ ਤਾਇਨਾਤ ਕੀਤੀ ਜਾ ਸਕੇ। ਫਿਰ ਇਕ ਚੁਣੌਤੀ ਤਕਨੀਕ ਦੀ ਰਣਨੀਤਕ ਤਾਇਨਾਤੀ ਅਤੇ ਸਰਕਾਰ ਵੱਲੋਂ ਖਰਚ ਕੀਤੇ ਜਾਣ ਵਾਲੇ ਧਨ ਦੀ ਹੈ। ਇਸ ਦੇ ਇਲਾਵਾ ਇਕ ਸਮੱਸਿਆ ਫੌਜ ਵੱਲੋਂ 21ਵੀਂ ਸ਼ਤਾਬਦੀ ਦੇ ਖਤਰਿਆਂ ਦਾ ਸਾਹਮਣਾ ਕਰਨ ਲਈ ਰੋਬੋਟਿਕਸ, ਬਨਾਉਟੀ ਸਮਝ, ਸਾਈਬਰ ਅਤੇ ਇਲੈਕਟ੍ਰਾਨਿਕ ਜੰਗ ਵਰਗੀਆਂ ਭਵਿੱਖ ਦੀਆਂ ਤਕਨੀਕਾਂ ’ਤੇ ਉਚਿਤ ਧਿਆਨ ਦੇਣ ਦੀ ਬਜਾਏ ਪ੍ਰਮੁੱਖ ਪਲੇਟਫਾਰਮਾਂ ’ਤੇ ਵੱਧ ਧਿਆਨ ਦਿੱਤਾ ਜਾਣਾ ਹੈ।

DIsha

This news is Content Editor DIsha