ਏਹ ਕੇਹੇ ਦਿਨ ਆਏ ਨੀ ਮਾਂ...

12/16/2020 3:41:21 AM

ਨਿੰਦਰ ਘੁਗਿਆਣਵੀ

ਕਿਸਾਨੀ ਸੰਘਰਸ਼ ਚੱਲ ਰਿਹਾ ਹੈ। ਸਾਰਾ ਪੰਜਾਬ ਦਿੱਲੀ ਵੱਲ ਨੂੰ ਉਮੜਿਆ ਹੋਇਆ ਹੈ। ਕਿਸਾਨੀ ਅੰਦੋਲਨ ਦੇ ਰੰਗ ਵੰਨ-ਸੁਵੰਨੇ ਹਨ। ਕਈ ਵਾਰ ਤਾਂ ਅੱਖਾਂ ਭਰ ਲੈਂਦਾ ਹਾਂ ਤੇ ਬਹੁਤ ਉਦਾਸ ਹੋ ਜਾਂਦਾ ਹਾਂ, ਜਦ ਆਪਣੇ ਦਾਦੇ ਦੀ ਉਮਰ ਦੇ ਬਜ਼ੁਰਗ ਜਾਂ ਦਾਦੀ ਦੀ ਉਮਰ ਦੀਆਂ ਮਾਤਾਵਾਂ ਨੂੰ ਦਿੱਲੀ ਧਰਨਿਆਂ ਵਿਚ ਹੰਝੂ ਵਹਾਉਂਦੇ ਵੇਖਦਾ ਹਾਂ। ਕੁਝ-ਕੁਝ ਹੌਸਲਾ ਵੀ ਹੋਣ ਲੱਗਦਾ ਹੈ ਜਦ ਪੰਜਾਬੀਆਂ ਦੇ ਬੁਲੰਦ ਹੌਸਲੇ ਦੇਖਦਾ ਹਾਂ। ਰਲੇ-ਮਿਲੇ ਭਾਵ ਪੈਦਾ ਹੁੰਦੇ ਤੇ ਮਿਟਦੇ ਰਹਿੰਦੇ ਹਨ। ਇਨ੍ਹੀਂ ਦਿਨੀਂ ਮੈਨੂੰ ਆਪਣੇ ਕਿਸਾਨ ਤਾਏ ਤੇ ਪਿਤਾ ਦੀ ਯਾਦ ਵਾਰ-ਵਾਰ ਆ ਰਹੀ ਹੈ। ਉਹ ਆਪਣੇ ਆਖਰੀ ਦਮ ਤਕ ਖੇਤੀ ਕਰਦੇ ਰਹੇ। ਪਹਿਲਾਂ ਖੇਤ ਵੱਡੇ ਸਨ ਤੇ ਜਿਉਂ-ਜਿਉਂ ਟੱਬਰ ਵਧਦਾ ਗਿਆ, ਤਿਉਂ-ਤਿਉਂ ਖੇਤ ਸੁੰਗੜਨ ਲੱਗੇ। ਮੇਰਾ ਬਚਪਨ ਸਾਡੇ ਖੇਤਾਂ ’ਚ ਬੀਤਿਆ। ਹੁਣ ਵੀ ਕਦੇ-ਕਦੇ ਖੇਤ ਜਾਂਦਾ ਹਾਂ ਤੇ ਬਚਪਨ ਦੇ ਪਲ ਸਾਵੇਂ ਦੇ ਸਾਵੇਂ ਸਾਕਾਰ ਹੋ ਜਾਂਦੇ ਹਨ।

ਤਾਏ ਹੁਰੀਂ ਸੱਥ ਵਿਚ ਬਹਿ ਕੇ ਖੇਤਾਂ ਦੀਆਂ ਗੱਲਾਂ ਕਰਦੇ। ਸਾਰੇ ਕਿਸਾਨਾਂ ਦੀ ਹੀ ਸੱਥ ਜੁੜਦੀ ਸੀ, ਸਾਡੇ ਬੂਹੇ ਮੂਹਰੇ ਦੇਰ ਰਾਤ ਤੱਕ। ਅਸੀਂ ਨਿੱਕੇ-ਨਿਆਣੇ ਸੱਥ ਦੀਆਂ ਵੰਨ-ਸੁਵੰਨੀਆਂ ਗੱਲਾਂ ਦਾ ਸੁਆਦ ਲੈਂਦੇ ਰਹਿੰਦੇ। ਇਕ ਵਾਰ ਤਾਏ ਤੋਂ ਸੁਣੇ ਇਹ ਬੋਲ ਕਦੀ ਨਹੀਓਂ ਭੁੱਲੇ, ‘‘ਜ਼ਮੀਨ ਕਿਸਾਨ ਦੀ ਮਾਂ ਹੁੰਦੀ ਹੈ ਤੇ ਖੇਤ ਦੀ ਫਸਲ ਕਿਸਾਨ ਨੂੰ ਪੁੱਤਾਂ ਬਰਾਬਰ ਹੁੰਦੀ ਐ, ਖੇਤ ਜਾ ਕੇ ਕਿਸਾਨ ਫਸਲ ਦਾ ਹਾਲ-ਚਾਲ ਇਉਂ ਹੀ ਪੁੱਛਦਾ ਹੈ ਜਿਵੇਂ ਆਪਣੇ ਪਾਲੇ-ਪਲੋਸੇ ਜੁਆਕ ਦਾ ਪੁੱਛਦਾ ਹੈ। ਜੇ ਫਸਲ ਮਾੜੀ ਰਹਿ ਜਾਵੇ ਜਾਂ ਮਾਰੀ ਜਾਵੇ ਸੋਕੇ ਜਾਂ ਡੋਬੇ ਨਾਲ ਤਾਂ ਕਿਸਾਨ ਦਾ ਵੀ ਮਰਨ ਹੋ ਜਾਂਦਾ ਹੈ ਜਾਂ ਫਿਰ ਜਦ ਕਿਸਾਨ ਦਾ ਮੰਡੀ ਮੁੱਲ ਨਹੀਂ ਪਾਉਂਦੀ, ਉਦੋਂ ਕਿਸਾਨ ਮਰਨ ਨੂੰ ਥਾਂ ਲੱਭਦਾ ਐ।’’ ਲਗਭਗ 4 ਦਹਾਕੇ ਪਹਿਲਾਂ ਤਾਏ ਦੀਆਂ ਆਖੀਆਂ ਗੱਲਾਂ ਸੋਚ ਕੇ ਮਨ ਭਰਦਾ ਹੈ। ਇਕ ਦਿਨ ਮਿੱਤਰ ਗਾਇਕ ਹਰਿੰਦਰ ਸੰਧੂ ਗਾ ਰਿਹਾ ਸੀ, ਗੀਤ ਦੇ ਬੋਲ ਸਨ :

ਫਸਲ ਮਰੇ ਤਾਂ ਜੱਟ ਮਰ ਜਾਂਦਾ ਰਾਤ ਮਰੇ ਤਾਂ ਤਾਰਾ...

ਇਹ ਗੱਲ ਬਿਲਕੁਲ ਠੀਕ ਹੈ ਕਿ ਫਸਲ ਮਰਨ ਉਤੇ ਜੱਟ ਦਾ ਮਰਨ ਵੀ ਹੋ ਜਾਂਦਾ ਹੈ। ਗੱਲ ਕਰਦੇ-ਕਰਦੇ ਯਾਦ ਆਇਆ ਹੈ ਕਿ ਗਰਮੀ ਦੀਆਂ ਰਾਤਾਂ ਨੂੰ ਸਾਡਾ ਸਾਰਾ ਟੱਬਰ ਵਿਹੜੇ ’ਚ ਮੰਜਿਆਂ ’ਤੇ ਸੌਂਦਾ ਸੀ। ਜਦ ਕੋਈ ਤਾਰਾ ਭੁਰਦਾ ਸੀ ਤਾਂ ਮੇਰੀ ਦਾਦੀ ਹਉਕਾ ਭਰਦੀ ਤੇ ਕਹਿੰਦੀ ਸੀ ਕਿ ਅੱਜ ਕੋਈ ਮਾੜਾ ਸ਼ਗਨ ਹੋਇਆ ਐ, ਤਾਰਾ ਭੁਰਨਾ ਚੰਗਾ ਨਹੀਂ ਹੁੰਦਾ ਪਰ ਹੁਣ ਦਿਨ ਦੀਵੀਂ ਅਣਗਿਣਤ ਤਾਰੇ ਭੁਰੀ ਜਾ ਰਹੇ ਹਨ। ਇਨ੍ਹਾਂ ਭੁਰ ਰਹੇ ਤਾਰਿਆਂ ਦੀ ਕੋਈ ਬਾਤ ਨਹੀਂ ਪਾਉਂਦਾ।

ਗੀਤਾਂ ਉਤੋਂ ਧੁੰਦ ਲੱਥੀ

ਕਿਸਾਨੀ ਅੰਦੋਲਨ ਕੁਝ ਰੰਗ ਅਜਿਹੇ ਵੀ ਲੈ ਕੇ ਆਇਆ ਹੈ ਕਿ ਦੇਰ ਤੋਂ ਪੰਜਾਬ ਦੇ ਗੀਤ-ਸੰਗੀਤ ਉਤੇ ਪੈਂਦੀ ਲਾਹਨਤੀ ਧੁੰਦ ਲੱਥੀ ਦਿਸਦੀ ਹੈ। ਗਾਇਕਾਂ ਤੇ ਗੀਤਕਾਰਾਂ ਦਾ ਸਮੁੱਚਾ ਕਾਫਲਾ ਕਿਸਾਨਾਂ ਦੇ ਨਾਲ-ਨਾਲ ਤੁਰ ਰਿਹਾ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸਾਨਾਂ ਦੇ ਹੱਕ ਵਿਚ ਇਨਕਲਾਬੀ ਗੀਤ ਗਾਏ ਜਾ ਰਹੇ ਹਨ। ਕਦੇ ਕਿਸਾਨਾਂ ਨੂੰ, ਖਾਸ ਕਰ ਜੱਟ ਨੂੰ ਇਨ੍ਹਾਂ ਗੀਤਾਂ ਰਾਹੀਂ ਹੀ ਭੰਡਿਆ ਜਾਂਦਾ ਸੀ। ਸਮਾਂ ਤਬਦੀਲ ਹੋਇਆ ਹੈ ਹੁਣ। ਲਹਿਰਾਂ ਸਮੇਂ ਨੂੰ ਕਰਵਟ ਲੈਣ ਵਾਸਤੇ ਮਜਬੂਰ ਕਰ ਦਿੰਦੀਆਂ ਹਨ। ਪੰਜਾਬ ਦੇ ਗਾਇਕਾਂ ਦੀ ਦਹਾੜ ਕੇਵਲ ਦਿੱਲੀ ਹੀ ਨੇ ਨਹੀਂ ਸਗੋਂ ਸਾਰੀ ਦੁਨੀਆ ਨੇ ਸੁਣੀ ਹੈ। ਲੱਗਦੇ ਹੱਥ ਇਹ ਵੀ ਦੱਸਦਾ ਜਾਵਾਂ ਕਿ ਪੰਜਾਬ ਦੀ ਜੁਆਨੀ ਸਿਰ ਚਿੱਟੇ ਦੀ ਚੱਟੀ ਹੋਣ ਦੇ ਦੋਸ਼ ਵੀ ਹੁਣ ਧੋਤੇ ਗਏ ਦਿਸਦੇ ਹਨ ਕਿਉਂਕਿ ਸਾਰੇ ਪੰਜਾਬ ਦੀ ਜੁਆਨੀ ਦਿੱਲੀ ਜਾ ਬੈਠੀ ਹੈ ਤੇ ਆਪਣੇ ਹੱਕਾਂ ਵਾਸਤੇ ਕੂਕ ਰਹੀ ਹੈ। ਜੁਆਨੀ ਨੇ ਅੰਦੋਲਨ ਭਖਾਇਆ ਹੈ। ਇਹ ‘ਡਾਇਰੀਨਾਮਾ’ ਲਿਖਦਿਆਂ ਬਸ...ਹੁਣ ਇਕੋ ਦੁਆ ਦਿਲ ਵਿਚੋਂ ਉੱਠ ਰਹੀ ਹੈ ਕਿ ਸਭ ਕੁਝ ਖੈਰ-ਸੁੱਖ ਨਾਲ ਨਿੱਬੜ ਜਾਵੇ, ਦਿੱਲੀ ਤੋਂ ਪਰਤਦੇ ਕਿਸਾਨ ਹੱਸਦੇ ਤੇ ਸੰਤੁਸ਼ਟ ਹੋ ਕੇ ਵਾਪਸ ਆਉਣ। ਉਨ੍ਹਾਂ ਨੂੰ ਉਨ੍ਹਾਂ ਦੇ ਹੱਕ ਮਿਲਣ ਕਿਉਂਕਿ ਉਨ੍ਹਾਂ ਨੇ ਮੁਲਕ ਦੇ ਬਾਸ਼ਿੰਦਿਆਂ ਦਾ ਢਿੱਡ ਭਰਨਾ ਹੈ। ਕਿਸਾਨ ਨੂੰ ਸਾਡੇ ਸਾਹਿਤ ਵਿਚ ਧਰਤੀ ਦੇ ਰੱਬ ਦਾ ਰੁਤਬਾ ਦਿੱਤਾ ਗਿਆ ਹੈ। ਇਹ ਰੁਤਬਾ ਤਾਂ ਹੀ ਬਹਾਲ ਰਹਿ ਸਕੇਗਾ, ਜੇ ਕਿਸਾਨ ਦਾ ਆਪਣਾ ਢਿੱਡ ਭਰਿਆ ਹੋਵੇਗਾ ਤੇ ਫਿਰ ਹੀ ਉਹ ਕਿਸੇ ਦਾ ਢਿੱਡ ਭਰ ਸਕੇਗਾ। ਬੜੀ ਦੇਰ ਤੋਂ ਕਿਸਾਨ ਭੁੱਖ ਵੀ ਜਰ ਰਿਹਾ ਹੈ ਤੇ ਦੁੱਖ ਵੀ ਜਰ ਰਿਹਾ ਹੈ। ਦਿੱਲੀਏ.... ਦੇ ਸਾਨੂੰ ਚੰਗੇ ਦਿਨ, ਅਸੀਂ ਤੇਰੇ ਬਹੁਤ ਧੰਨਵਾਦੀ ਹੋਵਾਂਗੇ।

Bharat Thapa

This news is Content Editor Bharat Thapa