ਮਾਂ ਦੀ ਛਾਂ ’ਚ ਉਹ ਸ਼ਕਤੀ ਕਿ ਉਮੀਦਾਂ ਦੇ ਭਾਰ ’ਚ ਵੀ ਮੌਜ

12/08/2021 3:56:29 AM

ਅੰਮ੍ਰਿਤ ਸਾਗਰ ਮਿੱਤਲ

ਮਾਂ ਦੀ ਛਾਂ ’ਚ ਇੰਨੀ ਸ਼ਕਤੀ ਕਿ ਜੰਗਲ ਦਾ ਰਾਜਾ ਸ਼ੇਰ ਵੀ ਉਸ ਅੱਗੇ ਹਾਰ ਮੰਨ ਜਾਵੇ। ਸ਼ਾਇਦ ਮਾਂ ਦੀ ਇਸ ਸ਼ਕਤੀ ਦੇ ਰੂਪ ’ਚ ਦੁਰਗਾ ਮਾਂ ਨੂੰ ਸ਼ੇਰ ਦੀ ਸਵਾਰੀ ਕਰਦਿਆਂ ਵਿਖਾਇਆ ਗਿਆ ਹੈ। ਔਲਾਦ ਲਈ ਮੌਤ ਨਾਲ ਜੂਝਣ ਦੀ ਜਿਊਂਦੀ ਜਾਗਦੀ ਮਿਸਾਲ ਮੱਧ ਪ੍ਰਦੇਸ਼ ਦੇ ਜ਼ਿਲੇ ਸੀਧੀ ਦੇ ਪਿੰਡ ਬੜੀ ਘਾਰੀਆ ਤੋਂ 28 ਨਵੰਬਰ ਨੂੰ ਸਾਹਮਣੇ ਆਈ। ਮਾਂ ਦੀ ਮਮਤਾ ਮੌਤ ’ਤੇ ਭਾਰੀ ਪਈ। ਛੇ ਸਾਲ ਦੇ ਮਾਸੂਮ ਬੇਟੇ ਰਾਹੁਲ ਲਈ ਇਹ ਮਾਂ ਮੌਤ ਨਾਲ ਭਿੜ ਗਈ। ਅਸਲ ’ਚ ਬਾਘ ਉਸ ਦੇ ਬੇਟੇ ਨੂੰ ਜਬਾੜੇ ’ਚ ਦਬੋਚ ਕੇ ਜੰਗਲ ਵੱਲ ਭੱਜਿਆ। ਆਪਣੇ ਬੱਚੇ ਨੂੰ ਬਚਾਉਣ ਲਈ ਨਿਹੱਥੀ ਮਾਂ ਆਪਣੀ ਮਮਤਾ ਦੀ ਸ਼ਕਤੀ ਨਾਲ ਰਾਤ ਦੇ ਹਨੇਰੇ ’ਚ ਇਕ ਕਿਲੋਮੀਟਰ ਸੰਘਣੇ ਜੰਗਲ ’ਚ ਬਾਘ ਦੇ ਪਿੱਛੇ ਦੌੜੀ। ਮਮਤਾ ਦੀ ਸ਼ਕਤੀ ਆਖਿਰ ਬੇਟੇ ਨੂੰ ਬਾਘ ਦੇ ਜਬਾੜੇ ’ਚੋਂ ਸੁਰੱਖਿਅਤ ਖੋਹ ਲਿਆਈ। ਮੌਤ ਦੇ ਅੱਗੇ ਜੀਵਨ ਰੱਖਿਅਕ ਢਾਲ ਬਣੀ ਮਾਂ ਦੇ ਜਜ਼ਬੇ ਨੂੰ ਸਲਾਮ!

ਇਹ ਘਟਨਾ ਮਹਾਕਾਵਿ ਮਹਾਭਾਰਤ ਦੇ ਰਚਈਆ ਮਹਾਰਿਸ਼ੀ ਦੇਵਵਿਆਸ ਦੇ ਇਸ ਕਥਨ ਨੂੰ ਸਹੀ ਸਾਬਤ ਕਰਦੀ ਹੈ ਕਿ ‘ਨਾਸਤਿ ਮਾਤ੍ਰਿਸਮ ਤ੍ਰਾਣ’ ਭਾਵ ਮਾਤਾ ਦੇ ਬਰਾਬਰ ਕੋਈ ਰੱਖਿਅਕ ਨਹੀਂ। ਇਹੀ ਕਾਰਨ ਹੈ ਕਿ ਸਾਡੀ ਆਰੀਆਵਰਤ ਸੰਸਕ੍ਰਿਤੀ ’ਚ ਸ੍ਰਿਸ਼ਟੀ ਦੇ ਸਿਰਜਨ ਹਾਰ ਪ੍ਰਿਥਵੀ ਨੂੰ ਧਰਤੀ ਮਾਤਾ, ਰਾਸ਼ਟਰ ਨੂੰ ਭਾਰਤ ਮਾਤਾ, ਭਾਗੀਰਥੀ ਗੰਗਾ ਨੂੰ ਮਈਆ, ਗਿਆਨ ਦੀ ਦੇਵੀ ਨੂੰ ਮਾਂ ਸੰਸਕ੍ਰਿਤੀ, ਧਨ-ਦੀ ਦੇਵੀ ਨੂੰ ਮਾਂ ਲਕਸ਼ਮੀ ਅਤੇ ਗਊ ਨੂੰ ਗਊ ਮਾਤਾ ਕਹਿ ਕੇ ਮਾਤਾ ਸ਼ਬਦ ਦੀ ਵਿਸ਼ਾਲਤਾ ਨੂੰ ਅਲੰਕ੍ਰਿਤ ਕੀਤਾ ਹੈ। ਦਿਵਯਾ ਸ਼ਕਤੀ ਦੇ 9 ਸਰੂਪ ਵੀ ਇਸ਼ਟ ਦੇਵੀ ਮਾਂ ਵਜੋਂ ਸਰਵਪੂਜਨੀਕ ਹਨ। ਰਾਮਾਇਣ ’ਚ ਤਾਂ ਭਗਵਾਨ ਸ਼੍ਰੀ ਰਾਮ ਮਾਂ ਨੂੰ ਸਵਰਗ ਤੋਂ ਵੀ ਵੱਧ ਕੇ ਦਸਦੇ ਹਨ ‘ਜਨਨੀ ਜਨਮਭੂਮਿਸ਼ਚਯ ਸਵਰਗਦਪਿ ਗਰੀਯਸੀ’। ਭਾਵ, ਜਨਨੀ ਅਤੇ ਜਨਮਭੂਮੀ ਸਵਰਗ ਤੋਂ ਵੀ ਵਧੀਆ ਹੈ।

ਜਨਮ ਪਿੱਛੋਂ ਬੱਚੇ ਦੀ ਜ਼ੁਬਾਨ ’ਤੇ ਮਾਂ ਸ਼ਬਦ ਆਉਣ ਨਾਲ ਪਹਿਲੇ ਬੱਚੇ ਦੇ ਇਸ਼ਾਰਿਆਂ ਦੀ ਭਾਸ਼ਾ ਸਮਝਣ ਵਾਲੀ ਮਾਂ ਦੀ ਛਾਂ ’ਚ ਉਹ ਸ਼ਕਤੀ ਹੈ ਕਿ ਉਸ ਦੇ ਰਹਿੰਦਿਆਂ ਉਮੀਦਾਂ ਅਤੇ ਜ਼ਿੰਮੇਵਾਰੀਆਂ ਦੇ ਭਾਰ ’ਚ ਵੀ ਮੌਜ ਅਤੇ ਬੇਫਿਕਰੀ ਰਹੀ। ਬਿਨਾਂ ਸ਼ੱਕ ਮਾਂ ਦੀ ਮਮਤਾਭਰੀ ਮੌਜੂਦਗੀ ਸੁਕੂਨ ਦਿੰਦੀ ਹੈ। ਦੌੜ-ਭੱਜ ਵਾਲੀ ਜ਼ਿੰਦਗੀ ’ਚ ਤੁਹਾਡੇ ਕੋਲ ਥਕਾ ਦੇਣ ਵਾਲੇ ਦਿਨ ਪਿੱਛੋਂ ਘਰ ਪਰਤਨ ’ਤੇ ਮਾਂ ਨਾਲ ਸਮਾਂ ਬਿਤਾਉਣ ਦਾ ਭਰੋਸਾ ਤਾਂ ਰਹਿੰਦਾ ਹੈ।

ਮਮਤਾ ਭਰੀ ਮਾਂ ਦੀ ਛਾਂ ’ਚ ਬੀਤੇ ਜ਼ਿੰਦਗੀ ਦੇ 68 ਸਾਲਾਂ ’ਚ ਮੈਂ ਨਾਨਾ-ਦਾਦਾ ਬਣ ਗਿਆ। ਬਾਵਜੂਦ ਇਸ ਦੇ ਮਾਂ ਦੇ ਆਂਚਲ ’ਚ ਮੇਰਾ ਬਚਪਨ ਜ਼ਿੰਦਾ ਹੋ ਜਾਂਦਾ। ਵਿਧੀ ਦੇ ਵਿਧਾਨ ਕਾਰਨ ਨਾਸ਼ਵਾਨ ਦੇਹ ਤਿਆਗ ਕੇ ਪਰਉਪਕਾਰੀ ਮਾਂ 26 ਨਵੰਬਰ ਨੂੰ ਸਵੇਰੇ ਸਵਰਗਾਂ ’ਚ ਚਲੀ ਗਈ। ਉਨ੍ਹਾਂ ਦੀ ਛਾਂ ਦੀ ਸ਼ਕਤੀ ਅੱਜ ਵੀ ਅੰਗ ਸੰਗ ਰਚੀ ਵਸੀ ਹੈ। ਸਹੀ ਅਰਥਾਂ ’ਚ ਅਸੀਂ ਸਭ ਮਾਂ ਦੀ ਰੂਹ ਦੀ ਛਾਂ ਹਾਂ। ਛਾਂ ਵੀ ਕਦੇ ਅਲੱਗ ਹੁੰਦੀ ਹੈ ਕੀ?

ਸਹੀ ਅਰਥਾਂ ’ਚ ਬੱਚਿਆਂ ਨਾਲ ਮਾਂ ਵੀ ਵਾਰ-ਵਾਰ ਉਹ ਜੀਵਨ ਜਿਊਂਦੀ ਜੋ ਖੁਦ ਉਨ੍ਹਾਂ ਆਪਣੇ ਬਚਪਨ ’ਚ ਬਿਤਾਇਆ ਹੁੰਦਾ ਹੈ। ਸਾਡੇ ਪਾਲਣ ਪੋਸ਼ਣ, ਪੜ੍ਹਾਈ, ਕਰੀਅਰ, ਵਿਆਹ ਅਤੇ ਫਿਰ ਸਾਡੇ ਬੱਚਿਆਂ ਨਾਲ ਵੀ ਬੱਚਾ ਬਣ ਕੇ ਮਾਂ ਦੇ ਹਾਸੇ ਮਜ਼ਾਕ ਆਪਣੇ ਪੋਤਰੇ-ਪੋਤਰੀਆਂ, ਦੋਹਤੇ-ਦੋਹਤਰੀਆਂ ਨੂੰ ਵੀ ਉਨ੍ਹਾਂ ਦੇ ਹਮਜੋਲੀ ਹੋਣ ਦਾ ਅਹਿਸਾਸ ਕਰਵਾਉਂਦੀਆਂ ਰਹੀਆਂ। ਬੱਚੇ ਕਿੰਨੀ ਵੀ ਸਫਲਤਾ ਦੀਆਂ ਸਿਖਰਾਂ ਨੂੰ ਛੂਹ ਲੈਣ ਪਰ ਹਰ ਮਾਂ ਨੂੰ ਚਿੰਤਾ ਰਹਿੰਦੀ ਹੈ ਕਿ ਮੇਰੇ ਪਿੱਛੋਂ ਮੇਰੇ ਬੱਚਿਆਂ ਦਾ ਕੀ ਹੋਵੇਗਾ। ਸੱਚਾਈ ਤਾਂ ਇਹ ਹੈ ਕਿ ਆਪਣੀਆਂ ਸਮਰਥਾਵਾਂ ਤੋਂ ਅੱਗੇ ਵਧ ਕੇ ਹਰ ਨਾ-ਮੁਮਕਿਨ ਨੂੰ ਮੁਮਕਿਨ ਕਰਨ ਵਾਲੀ ਮਾਂ ਵਰਗਾ ਕੋਈ ਹੌਸਲੇ ਵਾਲਾ ਅਤੇ ਸਹਿਣਸ਼ੀਲ ਧਰਤੀ ’ਤੇ ਨਹੀਂ ਹੈ।

ਪਰਿਵਾਰ ’ਚ ਸਭ ਤੋਂ ਵੱਡੀ ਹੋਣ ਦੇ ਨਾਤੇ ਪਹਿਲੇ ਮਾਂ ਨੇ ਆਪਣੇ ਛੋਟੇ ਭਰਾ-ਭੈਣਾਂ ਨੂੰ ਵੀ ਮਾਂ ਵਾਂਗ ਪਾਲਿਆ ਪੋਸਿਆ। ਲਗਭਗ 34 ਸਾਲ ਤੱਕ ਪਿਤਾ ਜੀ ਦੇ ਨੌਕਰੀ ’ਚ ਰਹਿੰਦੇ ਹੋਏ ਵਧੇਰੇ ਸਮਾਂ ਪੂਰੇ ਪਰਿਵਾਰ ਨੂੰ ਇਕੱਲੀ ਮਾਂ ਨੇ ਹੀ ਸੰਭਾਲਿਆ। ਸਾਡੇ ਪੰਜ ਭਰਾ-ਭੈਣਾਂ ’ਚੋਂ ਇਕ ਦੂਜੇ ਤੋਂ ਅੱਗੇ ਵਧ ਕੇ ਜਿੱਤ ਹਾਸਲ ਕਰਨ ਦਾ ਜਜ਼ਬਾ ਮਾਂ ਨੇ ਜ਼ਿੰਦਾ ਰੱਖਿਆ। ਨੌਕਰੀ ਤੋਂ ਛੁੱਟੀ ’ਤੇ ਘਰ ਆਏ ਪਿਤਾ ਜੀ ਵੀ ਦੇਖ ਕੇ ਹੈਰਾਨ ਹੁੰਦੇ ਕਿ ਸਾਰੀ ਰਾਤ ਜਾਗ ਕੇ ਪੜ੍ਹਦੇ ਬੱਚੇ ਇਕ ਦੂਜੇ ਦੇ ਕਮਰੇ ’ਚ ਜਾ ਕੇ ਝਾਤੀ ਮਾਰ ਕੇ ਦੇਖਦੇ ਕਿ ਕੌਣ ਕਿੰਨੀ ਦੇਰ ਤੱਕ ਪੜ੍ਹ ਰਿਹਾ ਹੈ। ਜਿੱਥੇ ਪੜ੍ਹਾਈ ’ਚ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਪ੍ਰੇਰਨਾ ਮਾਂ ਦਿੰਦੀ ਤਾਂ ਪਿਤਾ ਜੀ ਕੱਪੜੇ, ਜੂਤੀਆਂ ਅਤੇ ਖਿਡੌਣੇ ਇਨਾਮ ’ਚ ਦੇ ਕੇ ਸਾਡਾ ਹੌਸਲਾ ਵਧਾਉਂਦੇ। ਮਾਂ ਨੂੰ ਹਮੇਸ਼ਾ ਇਹ ਤਸੱਲੀ ਰਹੀ ਕਿ ਬੇਟੇ ਬੇਟੀਆਂ ਤੋਂ ਬਾਅਦ ਪੋਤੇ-ਪੋਤਰੀਆਂ ਅਤੇ ਦੋਹਤੇ-ਦੋਹਤਰੀਆਂ ਨੇ ਵੀ ਦਾਦੀ-ਨਾਨੀ ਦੇ ਸੰਸਕਾਰਾਂ ਨੂੰ ਅੱਗੇ ਵਧਾਉਂਦੇ ਹੋਏ ਅਜਿਹੇ ਮੁਕਾਮ ਹਾਸਲ ਕੀਤੇ ਜੋ ਮਿਸਾਲ ਬਣੇ।

ਸਾਲ 1990 ਦੇ ਨਵੰਬਰ ’ਚ ਐੱਲ.ਆਈ.ਸੀ. ਦੀ ਨੌਕਰੀ ਤੋਂ ਰਿਟਾਇਰਮੈਂਟ ਦੇ ਸਮੇਂ 5800 ਰੁਪਏ ਮਾਸਿਕ ਤਨਖਾਹ ਲੈਣ ਵਾਲੇ ਪਿਤਾ ਸ਼੍ਰੀ ਐੱਲ.ਡੀ. ਮਿੱਤਲ ਅਦਮਯ ਪੁਰੁਸ਼ਾਰਥ ਨਾਲ 2012 ਤੋਂ ਲਗਾਤਾਰ ਭਾਰਤ ਦੇ ਸੌ ਅਮੀਰ ਲੋਕਾਂ ਦੀ ਫੋਰਬਸ ਦੀ ਸੂਚੀ ’ਚ ਸ਼ਾਮਲ ਹਨ ਪਰ ਮਾਂ ਨੇ ਮਨ ਦੇ ਸੁਕੂਨ ਨੂੰ ਦੁਨੀਆ ਦੀ ਸਭ ਤੋਂ ਵੱਡੀ ਦੌਲਤ ਮੰਨਿਆ। ਜੀਵਨ ਦੇ ਆਖਰੀ ਦਿਨ ਤੱਕ ਉਹ ਹੁਸ਼ਿਆਰਪੁਰ ਦੇ ਸੰਜੀਵਨੀ ਸ਼ਰਨਮ ’ਚ ਉਨ੍ਹਾਂ ਸੈਂਕੜੇ ਬਜ਼ੁਰਗਾਂ ਨਾਲ ਉਨ੍ਹਾਂ ਦੇ ਜਨਮਦਿਨ,ਵਿਆਹ ਦੀ ਵਰ੍ਹੇਗੰਢ, ਹੋਲੀ, ਦੀਵਾਲੀ ਅਤੇ ਲੋਹੜੀ ਮਨਾਉਂਦੀ ਰਹੀ ਜੋ ਅੱਜ ਇਕੱਲੇ ਹਨ ਕਿਉਂਕਿ ਉਨ੍ਹਾਂ ਦੇ ਬੱਚੇ ਕਮਾਉਣ ਲਈ ਦੂਰ ਦੇਸ਼ਾਂ ’ਚ ਜਾ ਵਸੇ ਹਨ।

ਔਲਾਦ ਬੁਢਾਪੇ ਦਾ ਸਹਾਰਾ ਬਣੇਗੀ, ਜਿਨ੍ਹਾਂ ਦੀ ਇਹ ਉਮੀਦ ਨਿਰਾਸ਼ਾ ’ਚ ਬਦਲੀ, ਉਨ੍ਹਾਂ ਦਾ ਮਾਂ ਨੇ ਸਹਾਰਾ ਬਣ ਕੇ ਹੌਸਲਾ ਵਧਾਇਆ। ਗਰੀਬ ਕੁੜੀਆਂ ਨੂੰ ਸਿੱਖਿਆ ਉਨ੍ਹਾਂ ਦੀਆਂ ਪਹਿਲਕਦਮੀਆਂ ’ਚੋਂ ਸਭ ਤੋਂ ਉਪਰ ਰਹੀ। ਭਾਵੇਂ ਖੁਦ ਉਹ ਵਧੇਰੇ ਪੜ੍ਹੀ-ਲਿਖੀ ਨਹੀਂ ਸੀ ਪਰ ਉਨ੍ਹਾਂ ਦੇ ਸੰਪਰਕ ’ਚ ਆਉਣ ਵਾਲੀ ਕੋਈ ਵੀ ਗਰੀਬ ਕੁੜੀ ਸਿੱਖਿਆ ਤੋਂ ਵਾਂਝੀ ਨਾ ਰਹੇ ਅਜਿਹਾ ਉਨ੍ਹਾਂ ਦਾ ਯਤਨ ਰਿਹਾ।

ਮਾਂ ਦੇ ਆਖਰੀ ਦਿਨਾਂ ’ਚ ਉਨ੍ਹਾਂ ਦੀ ਦੇਖਭਾਲ ਦਾ ਇਹ ਸਫਰ ਮੇਰੀ ਜ਼ਿੰਦਗੀ ਦਾ ਇਕ ਕਦੇ ਨਾ ਭੁੱਲਣ ਵਾਲਾ ਸਮਾਂ ਰਿਹਾ। ‘ਸਹਿਣਸ਼ੀਲਤਾ, ਪ੍ਰਤੀਬੱਧਤਾ ਤੇ ਨਿਮਰਤਾ’-ਇਹ ਬੇਸ਼ਕੀਮਤੀ ਸਬਕ ਮਾਂ ਤੋਂ ਮਿਲੇ ਇਨਾਮ ਹਨ। ਇਹ ਸਫਰ ਯਕੀਨੀ ਤੌਰ ’ਤੇ ਮੇੇਰੇ ਲਈ ਸੁਕੂਨ ਭਰਿਆ ਰਿਹਾ, ਜਿਸ ’ਚ ਮੇਰਾ ਦਿਲ-ਦਿਮਾਗ ਹਰ ਵਾਰ ਨਵੀਂ ਊਰਜਾ ਨਾਲ ਭਰਪੂਰ ਹੋਇਆ। ਪ੍ਰੇਰਣਾ ਪੁੰਜ ਮਾਂ ਮਾਰਗ ਪ੍ਰਦਰਸ਼ਿਤ ਕਰਦੀ ਰਹੇ। ਮਾਂ ਮਮਤਾ। ਮਾਂ ਲਾਡ-ਪਿਆਰ। ਮਾਂ ਸਿੱਖਿਆ- ਦੀਕਸ਼ਾ। ਮਾਂ ਸੰਸਕਾਰ, ਮਾਂ ਅਰਾਧਨਾ-ਸਾਧਨਾ। ਮਾਂ ਪ੍ਰਮਾਤਮਾ। ਮਾਂ ਪਰਮਾਨੰਦ। ਉਨ੍ਹਾਂ ਨੂੰ ਬਹੁਤ-ਬਹੁਤ ਨਮਨ।

ਉਸਕੋ ਨਹੀਂ ਦੇਖਾ ਹਮਨੇ ਕਭੀ

ਪਰ ਇਸ ਕੀ ਜ਼ਰੂਰਤ ਕਯਾ ਹੋਗੀ?

ਏ ਮਾਂਂਂ! ਏ ਮਾਂ ਤੇਰੀ ਸੂਰਤ ਤੋਂ ਅਲਗ

ਭਗਵਾਨ ਕੀ ਸੂਰਤ ਕਯਾ ਹੋਗੀ?

(ਲੇਖਕ ਸੋਨਾਲੀਕਾ ਗਰੁੱਪ ਦੇ ਵਾਈਸ ਚੇਅਰਮੈਨ ਅਤੇ ਕੈਬਨਿਟ ਰੈਂਕ ’ਚ ਪੰਜਾਬ ਪਲਾਨਿੰਗ ਬੋਰਡ ਦੇ ਵਾਈਸ ਚੇਅਰਮੈਨ ਹਨ।

Bharat Thapa

This news is Content Editor Bharat Thapa