1947 ਦੀ ਭਾਰਤ ਵੰਡ ਨੇ ਦਿਲਾਂ ਦੇ ਵੀ ਟੁਕੜੇ ਕਰ ਦਿੱਤੇ

08/21/2020 3:30:41 AM

ਮਾਸਟਰ ਮੋਹਨ ਲਾਲ, ਸਾਬਕਾ ਟ੍ਰਾਂਸਪੋਰਟ ਮੰਤਰੀ, ਪੰਜਾਬ

ਕੀ ਸਿਆਸਤ ਦੀਆਂ ਬਨਾਉਟੀ ਅਤੇ ਨਕਲੀ ਕੰਧਾਂ ਕਦੇ ਟੁੱਟ ਸਕਣਗੀਆਂ? ਸਿਆਸਤ ਦੀਆਂ ਇਨ੍ਹਾਂ ਕਾਲਪਨਿਕ ਕੰਧਾਂ ਨੇ ਸੰਸਾਰ ਭਰ ’ਚ ਅਸ਼ਾਂਤੀ ਦਾ ਮਾਹੌਲ ਬਣਾ ਰੱਖਿਆ ਹੈ। ਮਨੁੱਖ ਦੇ ਜਿਊਣ ਲਈ ਸਿੱਖਿਆ, ਸਿਹਤ, ਖੇਤੀ, ਪਾਣੀ, ਜਲਵਾਯੂ ਵਰਗੀਆਂ ਮਹੱਤਵਪੂਰਨ ਚੀਜ਼ਾਂ ’ਤੇ ਤਾਂ ਸਿਆਸਤ ਦੀ ਸੋਚ ਹੀ ਨਹੀਂ।

ਆਮ ਆਦਮੀ ਤਾਂ ਨਾ ਿਕਸੇ ਦਾ ਦੁਸ਼ਮਣ ਸੀ, ਨਾ ਹੈ, ਨਾ ਹੋਇਆ ਅਤੇ ਨਾ ਹੋਵੇਗਾ, ਉਹ ਤਾਂ ਸਿਰਫ ਜਿਊਣਾ ਚਾਹੁੰਦਾ ਹੈ। ਇਨ੍ਹਾਂ ਬਨਾਉਟੀ ਕੰਧਾਂ ਨੇ ਮੇਰਾ ਜੱਦੀ ਪਿੰਡ, ਮੇਰਾ ਜੱਦੀ ਘਰ ਅਤੇ ਮੇਰੇ ਪੁਰਖਿਆਂ ਦੇ ਖੇਤ ਖੋਹ ਲਏ। ਉਨ੍ਹਾਂ ਦੇ ਖੁੱਸ ਜਾਣ ਦਾ ਦਰਦ ਅੱਜ ਤਕ ਮੈਨੂੰ ਰੁਆ ਰਿਹਾ ਹੈ।

2014 ’ਚ ਹਿੰਦ ਸਮਾਚਾਰ ਗਰੁੱਪ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਜੀ ਦੀ ਕ੍ਰਿਪਾ ਨਾਲ ਮੈਨੂੰ ਪਾਕਿਸਤਾਨ ਸਥਿਤ ਕਟਾਸਰਾਜ ਤੀਰਥ ਸਥਾਨ ਦੇ ਦਰਸ਼ਨਾਂ ਦਾ ਮੌਕਾ ਮਿਲਿਆ। ਚੋਰੀ-ਚੋਰੀ ਨੇੜਲੇ ਕਸਬੇ ’ਚ ਚਲੇ ਗਏ, ਦੁੱਧ ਵਾਲੀ ਦੁਕਾਨ ਤੋਂ ਦੁੱਧ ਪੀਤਾ। ਬੇਸ਼ੱਕ ਉਹ ਹਲਵਾਈ ਮੁਸਲਮਾਨ ਸੀ ਪਰ ਪੈਸੇ ਨਹੀਂ ਲਏ। ਕਹਿਣ ਲੱਗਾ ਤੁਸੀਂ ਸਾਡੇ ਮਹਿਮਾਨ ਹੋ, ਉਸ ਕਸਬੇ ’ਚ ਸਾਰੇ ਮੁਸਲਮਾਨ ਸਨ ਪਰ ਸਾਰਿਆਂ ਦੇ ਚਿਹਰੇ ’ਤੇ ਸਾਡੇ ਪ੍ਰਤੀ ਆਦਰ ਦਾ ਭਾਵ ਸੀ। ਅਸੀਂ ਘੰਟਾ ਕੁ ਭਰ ਉਸ ਕਸਬੇ ’ਚ ਰੁਕੇ ਹੋਵਾਂਗੇ। ਬਾਅਦ ’ਚ ਪਾਕਿਸਤਾਨ ਦੇ ਖੁਫੀਆ ਵਿਭਾਗ ਨੇ ਸਾਨੂੰ ਬੁਰਾ-ਭਲਾ ਵੀ ਕਿਹਾ ਕਿ ਤੁਸੀਂ ਕਿਸ ਦੀ ਇਜਾਜ਼ਤ ਨਾਲ ਕਸਬੇ ’ਚ ਗਏ?

ਉੱਚ ਅਧਿਕਾਰੀਆਂ ਦੇ ਵਿਚ-ਵਿਚਾਲੇ ਪੈਣ ਨਾਲ ਮਸਲਾ ਸੁਲਝ ਗਿਆ ਪਰ ਮੈਂ ਘੰਟਿਆਂ ਤੱਕ ਸੋਚਦਾ ਰਿਹਾ ਕਿ ਆਮ ਆਦਮੀ ਭਾਵੇਂ ਪਾਕਿਸਤਾਨ ’ਚ ਹੋਵੇ ਜਾਂ ਭਾਰਤ ’ਚ, ਉਹ ਕਿਸੇ ਦਾ ਦੁਸ਼ਮਣ ਨਹੀਂ, ਦੁਸ਼ਮਣੀ ਤਾਂ ਇਸ ਸਿਆਸਤ ਨੇ ਪਾਈ ਹੈ। ਇਕ-ਦੂਸਰੇ ਦੀ ਜਾਨ ਬਨਾਉਟੀ ਸਿਆਸਤ ਦੀਆਂ ਕੰਧਾਂ ਲੈ ਰਹੀਆਂ ਹਨ। ਕਦੇ ਇਸ ਸਿਆਸਤ ਨੇ ਆਮ ਨਾਗਰਿਕਾਂ ਜਾਂ ਫੌਜੀਆਂ ਬਾਰੇ ਮਨੁੱਖੀ ਹਿਰਦੇ ਤੋਂ ਸੋਚਿਆ ਜੋ ਇਨ੍ਹਾਂ ਸਰਹੱਦਾਂ ਕਾਰਨ ਜੇਲਾਂ ਦੇ ਤਸੀਹੇ ਸਹਿ ਰਹੇ ਹਨ। ਕਾਸ਼, ਸਿਆਸਤ ਅਜਿਹੀਆਂ ਤ੍ਰਾਸਦੀਆਂ ਅਤੇ ਚੁਣੌਤੀਆਂ ’ਤੇ ਸੰਵੇਦਨਸ਼ੀਲ ਹੁੰਦੀ।

ਮੇਰੇ ਦਿਲ ’ਚ ਸ਼ਹੀਦ-ਏ-ਮੁਹੱਬਤ ਫੌਜੀ ਬੂਟਾ ਸਿੰਘ ਦੀ ਦਾਸਤਾਨ ਘੁੰਮਣ ਲੱਗੀ। ਮੈਂ ਅੱਜ ਇਹ ਸਤਰਾਂ ਲਿਖਦੇ-ਲਿਖਦੇ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਗੁਰਦਾਸ ਮਾਨ ਪ੍ਰਤੀ ਬੜੇ ਸਤਿਕਾਰ ਦਾ ਭਾਵ ਪ੍ਰਗਟ ਕਰ ਰਿਹਾ ਹੈ, ਜਿਨ੍ਹਾਂ ਨੇ ਸ਼ਹੀਦ-ਏ-ਮੁਹੱਬਤ ਬੂਟਾ ਸਿੰਘ ’ਤੇ ਫਿਲਮ ਬਣਾ ਕੇ ਉਸ ਪ੍ਰੇਮੀ ਨੂੰ ਸੱਚੀ ਸ਼ਰਧਾਂਜਲੀ ਭੇਟ ਕੀਤੀ। ਪਾਠਕ ਤੁਸੀਂ ਜਾਣਦੇ ਹੋ ਨਾ ਉਸ ਫੌਜੀ ਬੂਟਾ ਸਿੰਘ ਨੂੰ, ਜਿਸ ਨੇ ਭਾਰਤ ਦੀ ਵੰਡ ਦੇ ਦੰਗਿਆਂ ’ਚ ਇਕ ਮੁਸਲਿਮ ਮੁਟਿਆਰ ਨੂੰ ਆਪਣੇ ਘਰ ’ਚ ਪਨਾਹ ਦਿੱਤੀ ਸੀ। ਪਿੰਡ ਦੇ ਸਾਰੇ ਲੋਕ ਬੂਟਾ ਸਿੰਘ ਵਿਰੱੁਧ ਹੋ ਗਏ ਕਿ ਉਸ ਨੇ ਮੁਸਲਿਮ ਲੜਕੀ ਨੂੰ ਘਰ ’ਚ ਕਿਉਂ ਰੱਖਿਆ ਹੈ। ਬੂਟਾ ਸਿੰਘ ਉਸ ਨੂੰ ਸਰਹੱਦ ਪਾਰ ਭੇਜਣਾ ਚਾਹੁੰਦਾ ਹੈ ਪਰ ਉਹ ਲੜਕੀ ਬੂਟਾ ਸਿੰਘ ਨਾਲ ਪਿਆਰ ਕਰਨ ਲੱਗਦੀ ਹੈ। ਦੋਵੇਂ ਵਿਆਹ ਕਰਵਾ ਲੈਂਦੇ ਹਨ। ਇਕ ਧੀ ਵੀ ਹੋ ਜਾਂਦੀ ਹੈ। ਤਦ ਭਾਰਤ ਅਤੇ ਪਾਕਿਸਤਾਨ ਦੇ ਸਮਝੌਤਿਆਂ ਅਨੁਸਾਰ ਉਸ ਮੁਸਲਿਮ ਲੜਕੀ ਨੂੰ ਪਾਕਿਸਤਾਨ ਜਾਣਾ ਪੈਂਦਾ ਹੈ। ਜੈਨਬ ਨਾਂ ਦੀ ਲੜਕੀ ਆਪਣੇ ਵਾਅਦੇ ਅਨੁਸਾਰ ਜਦੋਂ ਵਾਪਸ ਨਹੀਂ ਆਉਂਦੀ ਤਾਂ ਬੂਟਾ ਸਿੰਘ ਮੁਸਲਿਮ ਪਹਿਰਾਵੇ ’ਚ ਪਾਕਿਸਤਾਨ ਦੇ ਪਿੰਡ ਨੂਰਪੁਰ ’ਚ ਆਪਣੀ ਪਤਨੀ ਅਤੇ ਧੀ ਨੂੰ ਲੈਣ ਪਹੁੰਚ ਜਾਂਦਾ ਹੈ।

ਲੜਕੀ ਕੱਟੜਵਾਦੀਆਂ ਦੇ ਕਹਿਣ ’ਤੇ ਅਦਾਲਤ ’ਚ ਬੂਟਾ ਸਿੰਘ ਨੂੰ ਪਛਾਣਨ ਤੋਂ ਨਾਂਹ ਕਰ ਦਿੰਦੀ ਹੈ। ਦੁਖੀ ਹੋਇਆ ਬੂਟਾ ਸਿੰਘ ਰੇਲ ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲੈਂਦਾ ਹੈ ਪਰ ਮਰਨ ਉਪਰੰਤ ਉਸਦੀ ਜੇਬ ’ਚੋਂ ਜੋ ਪੱਤਰ ਨਿਕਲਦਾ ਹੈ, ਉਹ ਪੱਤਰ ਹਿੰਦੂ-ਮੁਸਲਮਾਨ ਦੋਵਾਂ ਨੂੰ ਰੁਆ ਦਿੰਦਾ ਹੈ।

ਕੁਝ ਇਸੇ ਕਹਾਣੀ ਦੇ ਆਧਾਰ ’ਤੇ ਨਿਰਮਾਤਾ ਅਨਿਲ ਸ਼ਰਮਾ ਨੇ ਸੰਨੀ ਦਿਓਲ, ਅਮੀਸ਼ਾ ਪਟੇਲ ਅਤੇ ਅਮਰੀਸ਼ ਪੁਰੀ ਨੂੰ ਲੈ ਕੇ ਫਿਲਮ ‘ਗਦਰ-ਏਕ ਪ੍ਰੇਮ ਕਥਾ’ ਬਣਾਈ ਸੀ। ਫਿਲਮ ਖੂਬ ਹਿੱਟ ਹੋਈ ਸੀ। ਸੰਨੀ ਦਿਓਲ ਕਿਉਂਕਿ ਫਿਲਮੀ ਹੀਰੋ ਸੀ, ਜੋ ਆਪਣੀ ਪਤਨੀ ਨੂੰ ਪਾਕਿਸਤਾਨ ਤੋਂ ਵਾਪਸ ਮੋੜ ਲਿਆਇਆ ਪਰ ਫੌਜੀ ਬੂਟਾ ਸਿੰਘ ਇੰਨਾ ਕਿਸਮਤ ਵਾਲਾ ਨਹੀਂ ਸੀ। ਕੁਝ ਇਨ੍ਹਾਂ ਹੀ ਬਨਾਉਟੀ ਸਿਆਸੀ ਕੰਧਾਂ ਦੇ ਤਾਣੇ-ਬਾਣੇ ’ਤੇ ਬੀ. ਆਰ. ਚੋਪੜਾ ਨੇ ਇਕ ਸੰਵੇਦਨਸ਼ੀਲ ਫਿਲਮ ‘ਵੀਰ-ਜ਼ਾਰਾ’ ਬਣਾਈ। ਹਿੰਦੋਸਤਾਨੀ ਪਾਇਲਟ ਸ਼ਾਹਰੁਖ ਖਾਨ ਨੂੰ ਇਕ ਪਾਕਿਸਤਾਨੀ ਲੜਕੀ ਪ੍ਰਿਟੀ ਜ਼ਿੰਟਾ ਉਰਫ ਜ਼ਾਰਾ ਨਾਲ ਪਿਆਰ ਹੋ ਜਾਂਦਾ ਹੈ। ਆਪਣੇ ਇਸ ਪਿਆਰ ਨੂੰ ਹਾਸਲ ਕਰਨ ਲਈ ਸ਼ਾਹਰੁਖ ਖਾਨ ਨੂੰ ਕਈ ਸਾਲ ਪਾਕਿਸਤਾਨ ਦੀ ਜੇਲ ’ਚ ਤਸੀਹੇ ਸਹਿਣੇ ਪੈਂਦੇ ਹਨ। ਵਿਚਾਰਾ ਦਰ-ਦਰ ਦੀਆਂ ਠੋਕਰਾਂ ਖਾ ਕੇ ਮੁਸ਼ਕਲ ਨਾਲ ਇੰਡੀਆ ਵਾਪਸ ਪਹੁੰਚਦਾ ਹੈ। ਸ਼ਾਹਰੁਖ ਖਾਨ ਵੀ ਇਸ ’ਚ ਕਿਸਮਤ ਵਾਲਾ ਰਿਹਾ ਕਿ ਉਹ ਮੁਸਲਿਮ ਲੜਕੀ ਖੁਦ ਹਾਲਾਤ ਨਾਲ ਭਿੜਦੀ ਹੋਈ ਭਾਰਤ ਪਹੁੰਚ ਗਈ ਪਰ ਵਿਚਾਰਾ ਫੌਜੀ ਬੂਟਾ ਸਿੰਘ ਪਾਕਿਸਤਾਨ ’ਚ ਹੀ ਦਫਨ ਹੋ ਗਿਆ। ਕਿਸ ਨੂੰ ਦੋਸ਼ ਦਈਏ?

ਮੈਂ ਬੇਵਕੂਫ ਅਖਵਾਵਾਂਗਾ, ਜੇਕਰ ਭਾਰਤ ’ਚ ਰਹਿ ਕੇ ਮੁਸਲਿਮ ਪਰਿਵਾਰਾਂ ਦੀਆਂ ਤ੍ਰਾਸਦੀਆਂ ਅਤੇ ਚੁਣੌਤੀਆਂ ’ਤੇ ਬਣਾਈ ਗਈ ਇਕ ਵਧੀਆ ਫਿਲਮ ‘ਗਰਮ ਹਵਾ’ ਦਾ ਜ਼ਿਕਰ ਨਾ ਕਰਾਂ। ਫਿਲਮ ਦਾ ਨਾਇਕ ਬਲਰਾਜ ਸਾਹਨੀ ਮੁਸਲਿਮ ਸਮਾਜ ਦਾ ਇਕ ਬੇਚੈਨ ਪਾਤਰ ਹੈ। ਆਪਣੇ ਪਰਿਵਾਰ ਦੇ ਪਾਲਣ-ਪੋਸ਼ਣ ਲਈ ਜੂਝਦੇ ਬਲਰਾਜ ਸਾਹਨੀ ਦੀ ਅਦਾਕਾਰੀ ਨੂੰ ਦੇਖ ਜਲੰਧਰ ਦੇ ਜੋਤੀ ਸਿਨੇਮਾ ’ਚ ਮੈਂ ਤਾਂ ਠਰ ਜਿਹਾ ਗਿਆ ਸਾਂ। ਵੈਸੇ ਤਾਂ ਬਲਰਾਜ ਸਾਹਨੀ ਦੀ ਅਦਾਕਾਰੀ ਦਾ ਮੈਂ ਬਚਪਨ ਤੋਂ ਹੀ ਕਾਇਲ ਸੀ ਪਰ ਫਿਲਮ ‘ਵਕਤ’ ਤੋਂ ਵੀ ਬਿਹਤਰੀਨ ਉਨ੍ਹਾਂ ਦੀ ਇਕ ਮੁਸਲਮਾਨ ਦੇ ਰੂਪ ’ਚ ਕੀਤੀ ਗਈ ਅਦਾਕਾਰੀ ਅਮਿਟ ਛਾਪ ਛੱਡ ਜਾਂਦੀ ਹੈ ਫਿਲਮ ‘ਗਰਮ ਹਵਾ’ ’ਚ। ਬਟਵਾਰੇ ਦੀਆਂ ਇਨ੍ਹਾਂ ਹੀ ਰੇਖਾਵਾਂ ’ਤੇ ਅੱਜ ਦੀ ਪੀੜ੍ਹੀ ਨੂੰ ਰਾਜਕੁਮਾਰ ਵਲੋਂ ਨਿਰਦੇਸ਼ਿਤ ‘ਹਿਨਾ’ ਤਾਂ ਜ਼ਰੂਰ ਯਾਦ ਹੋਵੇਗੀ। ਨਾਇਕ ਹੜ੍ਹ ’ਚ ਰੁੜ੍ਹ ਕੇ ਪਾਕਿਸਤਾਨ ’ਚ ਪਹੁੰਚ ਜਾਂਦਾ ਹੈ। ਨਾਇਕ ਰਿਸ਼ੀ ਕਪੂਰ ਦੀ ਕੀ ਹਾਲਤ ਹੁੰਦੀ ਹੈ? ਇਹ ਤਾਂ ਚੰਗੀ ਕਿਸਮਤ ਰਹੀ ਕਿ ਇਕ ਕਬਾਇਲੀ ਲੜਕੀ ‘ਹਿਨਾ’ ਉਸ ਨੂੰ ਬਚਾ ਕੇ ਸਰਹੱਦ ਦੇ ਇਸ ਪਾਸੇ ਪਹੁੰਚ ਰਹੀ ਹੈ ਪਰ ਹਾਲਾਤ ਬਚਣ ਦੇ ਲੱਗਦੇ ਨਹੀਂ ਸਨ। ਇਨ੍ਹਾਂ ਸਰਹੱਦਾਂ ਨੇ ਮਨੁੱਖੀ ਮਨ ਨੂੰ ਕਿੰਨਾ ਰੁਅਇਆ ਹੈ। ਇਸਦਾ ਇਕ ਸਜੀਵ ਚਿੱਤਰ ਪ੍ਰਸਿੱਧ ਕਵਿਤਰੀ ਅਤੇ ਨਾਵਲਕਾਰਾ ਅੰਮ੍ਰਿਤਾ ਪ੍ਰੀਤਮ ਨੇ ਆਪਣੇ ਨਾਵਲ ‘ਪਿੰਜਰ’ ’ਚ ਬਾਖੂਬੀ ਵਰਨਣ ਕੀਤਾ। ਉਨ੍ਹਾਂ ਦੇ ਇਸ ਨਾਵਲ ’ਤੇ ਨਿਰਮਾਤਾ ਡਾ. ਚੰਦਰ ਪ੍ਰਕਾਸ਼ ਦਿਵੇਦੀ ਨੇ ਇਸੇ ਨਾਂ ਨਾਲ ਫਿਲਮ ‘ਪਿੰਜਰ’ ਬਣਾਈ ਸੀ। ਫਿਲਮ ਦੀ ਨਾਇਕਾ ‘ਪੂਰੋ’ ਆਪਣੇ ਭਰਾ ਅਤੇ ਪਤੀ ਵਲੋਂ ਤੰਗ-ਪ੍ਰੇਸ਼ਾਨ ਕਰਨ ਕਾਰਨ ਹਿੰਦੋਸਤਾਨ ਛੱਡ ਕੇ ਆਪਣੇ ਹੀ ਅਗਵਾਕਰਤਾ ਰਸ਼ੀਦ ਦੇ ਘਰ ਪਾਕਿਸਤਾਨ ’ਚ ਪਨਾਹ ਲੈਂਦੀ ਹੈ। ਪੂਰੇ ਪਾਕਿਸਤਾਨ ਅਤੇ ਹਿੰਦੋਸਤਾਨ ਦਰਮਿਆਨ ਧੱਕੇ ਖਾਂਦੀ ਰਹਿੰਦੀ ਹੈ। ਇਨ੍ਹਾਂ ਧੱਕਿਆਂ ਨੇ ਨਾਇਕਾ ਪੂਰੋ ਨੂੰ ਤੋੜ ਦਿੱਤਾ। ਨਿਰਮਾਤਾ ਜੇ. ਪੀ. ਦੱਤਾ ਦੀ ਫਿਲਮ ‘ਰਿਫਿਊਜੀ’ ’ਚ ਸ਼ਰਨਾਰਥੀਆਂ ਦੀ ਸਮੱਸਿਆ ਨੂੰ ਬੜੇ ਚੰਗੇ ਢੰਗ ਨਾਲ ਦਰਸ਼ਕਾਂ ਦੇ ਸਾਹਮਣੇ ਰੱਖਿਆ ਗਿਆ ਸੀ। ਫਿਲਮ ਦਾ ਨਾਇਕ ਵਾਰ-ਵਾਰ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਪਾਕਿਸਤਾਨ ਪਹੁੰਚਦਾ ਰਹਿੰਦਾ ਹੈ। ਦੋਵਾਂ ਦੇਸ਼ਾਂ ਦੇ ਸ਼ਰਨਾਰਥੀ ਆਪਣੀ-ਆਪਣੀ ਕਿਸਮਤ ਨੂੰ ਆਪਣੇ-ਆਪਣੇ ਢੰਗ ਨਾਲ ਕੋਸਦੇ ਹਨ। ਫਿਲਮ ‘1971’ ’ਚ ਪਾਕਿਸਤਾਨ ਦੀ ਕੈਦ ’ਚ ਤਸੀਹੇ ਝੱਲ ਰਹੇ ਫੌਜੀਆਂ ਦੀ ਦਾਸਤਾਨ ਦੇਖਣ ਨੂੰ ਮਿਲਦੀ ਹੈ।

ਫਿਲਮਾਂ ਰਾਹੀਂ ਮੈਂ ਇਹ ਦਰਸਾਉਣ, ਦੱਸਣ ਦੀ ਕੋਸ਼ਿਸ਼ ਕੀਤੀ ਕਿ ਸਿਆਸੀ ਕਾਰਨਾਂ ਨਾਲ ਖੜ੍ਹੀਆਂ ਕੀਤੀਆਂ ਗਈਆਂ ਇਨ੍ਹਾਂ ਕੰਧਾਂ ਨੇ ਮਨੁੱਖ ਦੀਆਂ ਚੁਣੌਤੀਆਂ ਨੂੰ ਵਧਾਇਆ ਹੈ। ਸਿਆਸਤ ਦੀਆਂ ਬਨਾਉਟੀ ਕੰਧਾਂ ਸੱਦਾ ਦੇ ਰਹੀਆਂ ਹਨ, ਸੁਪਨੇ ਦੇਖਣ ਵਾਲਿਓ ਡੇਗ ਦਿਓ ਇਨ੍ਹਾਂ ਕੰਧਾਂ ਨੂੰ। ਇੰਨਾ ਖੂਬਸੂਰਤ ਇਲਾਕਾ ਪਾਕਿਸਤਾਨ ਨੂੰ ਦੇਣਾ ਪਾਗਲਪਨ ਨਹੀਂ ਤਾਂ ਹੋਰ ਕੀ ਹੈ। ਕੀ ਉਦੋਂ ਦੇ ਨੇਤਾਵਾਂ ਨੇ ਇਹ ਅਨੁਮਾਨ ਨਹੀਂ ਲਗਾਇਆ ਕਿ ਪਾਕਿਸਤਾਨ ਬਣਾਉਣਾ ਬ੍ਰਿਟਿਸ਼ ਹਕੂਮਤ ਦਾ ‘ਹਿਡਨ ਏਜੰਡਾ’ ਸੀ? ਕੀ ਬੰਗਲਾਦੇਸ਼ ਅਤੇ ਪਾਕਿਸਤਾਨ ਬਣਾ ਕੇ ਉਨ੍ਹਾਂ ਸਿਆਸੀ ਆਗੂਆਂ ਦੀਆਂ ਆਤਮਾਵਾਂ ਚੈਨ ਹਾਸਲ ਕਰ ਸਕਣਗੀਆਂ? ਆਖਿਰ ਉਨ੍ਹਾਂ ਲੋਕਾਂ ਦਾ ਕੀ ਦੋਸ਼ ਸੀ ਜਿਨ੍ਹਾਂ ਦਾ ਸਭ ਕੁਝ ਬਟਵਾਰੇ ਨੇ ਲੁੱਟ ਲਿਆ। ਇਨ੍ਹਾਂ ਬਨਾਉਟੀ ਕੰਧਾਂ ਨਾਲ ਟਕਰਾ ਕੇ ਆਮ ਵਿਅਕਤੀ ਸੰਵੇਦਨਹੀਣ ਹੋ ਗਿਆ।

Bharat Thapa

This news is Content Editor Bharat Thapa