ਫੌਜ ਦੇ ਚਾਹਵਾਨ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦੀ ਲੋੜ

06/25/2021 3:26:06 AM

ਬ੍ਰਿਗੇ. ਕੁਲਦੀਪ ਸਿੰਘ ਕਾਹਲੋਂ
ਇੰਡੀਅਨ ਮਿਲਟਰੀ ਅਕੈਡਮੀ (ਆਈ. ਐੱਮ. ਏ.) ਦੇਹਰਾਦੂਨ ’ਚ 12 ਜੂਨ ਨੂੰ 341 ਜੈਂਟਲਮੈਨ ਕੈਡਿਟਸ (ਜੀ. ਸੀਜ਼) ਪਾਸਆਊਟ ਪਰੇਡ ਉਪਰੰਤ ਕਮਿਸ਼ਨਡ ਆਫਿਸਰ ਦੇ ਤੌਰ ’ਤੇ ਭਾਰਤੀ ਫੌਜ ’ਚ ਸ਼ਾਮਲ ਹੋ ਗਏ। 148 ਰੈਗੂਲਰ ਕੋਰਸ ਅਤੇ 131 ਟੈਕਨੀਕਲ ਗ੍ਰੈਜੂਏਟ ਕੋਰਸ ਦੇ ਕੁਲ 425 ਜੀ. ਸੀਜ਼ ’ਚੋਂ 84, ਨੌਂ ਮਿੱਤਰ ਦੇਸ਼ਾਂ ਦੇ ਸ਼ਾਮਲ ਸਨ। ਭਾਰਤ ਦੇ ਜੋ 341 ਨੌਜਵਾਨ ਅਫਸਰ ਬਣੇ ਉਨ੍ਹਾਂ ’ਚੋਂ ਸਭ ਤੋਂ ਵੱਧ ਉੱਤਰ ਪ੍ਰਦੇਸ਼ ਦੇ 66, ਹਰਿਆਣਾ ਦੇ 38, ਉੱਤਰਾਖੰਡ ਦੇ 37, ਪੰਜਾਬ ਦੇ 32, ਬਿਹਾਰ ਦੇ 29, ਦਿੱਲੀ ਅਤੇ ਜੰਮੂ-ਕਸ਼ਮੀਰ ਦੇ 18-18 ਅਤੇ ਹਿਮਾਚਲ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ 16-16 ਅਤੇ ਹੋਰ ਬਾਕੀ ਸੂਬਿਆਂ ਦੇ ਸਨ ਜਿਨ੍ਹਾਂ ’ਚ ਚੰਡੀਗੜ੍ਹ ਦਾ ਵੀ ਇਕਲੌਤਾ ਸ਼ਾਮਲ ਸੀ।

ਜਾਣਕਾਰੀ ਅਨੁਸਾਰ ਪੰਜਾਬ ਦੇ ਜੋ 32 ਕੈਂਡੀਡੇਟਸ ਪਾਸਆਊਟ ਹੋਏ ਉਨ੍ਹਾਂ ’ਚੋਂ 12 ਤਾਂ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਇੰਸਟੀਚਿਊਟ (ਏ. ਐੱਫ. ਪੀ. ਆਈ.) ਦੇ ਸਨ ਜੋ ਕਿ ਇਕ ਸਨਮਾਨ ਦੀ ਗੱਲ ਹੈ। ਸਵਾਲ ਉੱਠਦਾ ਹੈ ਕਿ ਜੇਕਰ ਪੰਜਾਬ ਦੇ 32 ਨੌਜਵਾਨਾਂ ’ਚੋਂ ਇਸੇ ਇੰਸਟੀਚਿਊਟ ਦੇ 12 ਕੈਂਡੀਡੇਟਸ ਨੇ ਕਮਿਸ਼ਨਡ ਪ੍ਰਾਪਤ ਕੀਤਾ ਤਾਂ ਬਾਕੀ ਸਾਰੇ ਪੰਜਾਬ ਤੋਂ ਸਿਰਫ 20 ਹੀ ਆਏ?

ਸੋਚਣ ਦੀ ਗੱਲ ਤਾਂ ਇਹ ਵੀ ਹੈ ਕਿ ਅਣਵੰਡੇ ਪੰਜਾਬ ਤੋਂ ਨਿਕਲੇ ਛੋਟੇ ਆਕਾਰ ਅਤੇ ਘੱਟ ਆਬਾਦੀ ਵਾਲੇ ਸੂਬੇ ਹਰਿਆਣਾ ਦਾ ਤੁਲਨਾਤਮਕ ਵਿਸ਼ਲੇਸ਼ਣ ਪੰਜਾਬ ਨਾਲ ਕੀਤਾ ਜਾਵੇ ਤਾਂ ਸਪੱਸ਼ਟ ਹੋ ਜਾਵੇਗਾ ਕਿ ਕੁਲ ਹਿੰਦ ਕਮਿਸ਼ਨ ਪ੍ਰਾਪਤ ਕਰਨ ਵਾਲਿਆਂ ਦੀ ਗਿਣਤੀ ’ਚੋਂ ਹਰਿਆਣਾ ਦੇ ਨੌਜਵਾਨਾਂ ਦਾ ਅਫਸਰੀ ਸਿਲੈਕਸ਼ਨ ਰੇਟ ਪਿਛਲੇ ਇਕ ਦਹਾਕੇ ਤੋਂ 10 ਫੀਸਦੀ ਤਕ ਪਹੁੰਚ ਗਿਆ ਪਰ ਪੰਜਾਬ ਦਾ ਗ੍ਰਾਫ 3.50 ਫੀਸਦੀ ਤਕ ਹੀ ਸੀਮਤ ਕਿਉਂ?

ਜਿਥੇ ਚਾਹ ਉਥੇ ਰਾਹ

ਸਿੱਖ ਨੈਸ਼ਨਲ ਕਾਲਜ ਕਾਦੀਆਂ ’ਚ ਪੜ੍ਹਦੇ ਸਮੇਂ ਫੌਜ ’ਚ ਕਮਿਸ਼ਨ ਹਾਸਲ ਕਰਨ ਦੇ ਉਦੇਸ਼ ਨਾਲ ਐੱਨ. ਸੀ. ਸੀ. ਦਾ ‘ਸੀ’ ਸਰਟੀਫਿਕੇਟ ਪਾਸ ਕਰਕੇ 20 ਸਾਲ ਦੀ ਉਮਰ ’ਚ ਮੈਂ ਆਈ. ਐੱਮ. ਏ. ਤੋਂ ਪਾਸਆਊਟ ਹੋਇਆ। ਫਿਰ ਮੈਂ ਆਪਣਾ ਮਨ ਬਣਾ ਲਿਆ ਕਿ ਨੌਜਵਾਨਾਂ ਨੂੰ ਫੌਜ ’ਚ ਭਰਤੀ ਦੇ ਯੋਗ ਬਣਾਉਣ ਦੀ ਖਾਤਿਰ ਉਤਸ਼ਾਹਿਤ ਕਰਦੇ ਹੋਏ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਨੀ ਹੈ। ਮੇਰੇ ਬਚਪਨ ਦੇ ਸਾਥੀ ਵੀ ਨਾਲ ਜੁੜਦੇ ਗਏ। ਬਸ ਫਿਰ ਯੂਨਿਟ ਅਤੇ ਦੋ ਬ੍ਰਿਗੇਡਾਂ ਦੀ ਕਮਾਨ ਕਰਦੇ ਸਮੇਂ ਮਕਸਦ ਦੀ ਪ੍ਰਾਪਤੀ ਹੁੰਦੀ ਗਈ।

ਮੇਰੀ ਆਖਰੀ ਪੋਸਟਿੰਗ ਬਤੌਰ ਡਿਪਟੀ ਡਾਇਰੈਕਟਰ ਜਨਰਲ ਐੱਨ. ਸੀ. ਸੀ. ਉੱਤਰ ਪ੍ਰਦੇਸ਼ ਲਖਨਊ ’ਚ ਹੋਈ ਜਿਥੇ ਮੈਨੂੰ 1995-97 ਦਰਮਿਆਨ ਲਗਭਗ 1,33,000 ਕੈਡਿਟਾਂ ਨੂੰ ਇਕ ਚੰਗਾ ਨਾਗਰਿਕ ਬਣਾਉਣ ਦਾ ਮਾਣ ਪ੍ਰਾਪਤ ਹੋਇਆ। ਕਹਿਣ ਤੋਂ ਭਾਵ ਇਹ ਹੈ ਕਿ ਮੇਰੇ ਕਰੀਅਰ ਦੀ ਸ਼ੁਰੂਆਤ ਹੀ ਐੱਨ. ਸੀ. ਸੀ. ਤੋਂ ਹੋਈ, ਸ਼ਾਇਦ ਇਸ ਲਈ ਮੈਨੂੰ ਜਿਸ ਪੋਸਟ ਲਈ ਚੁਣਿਆ ਗਿਆ ਉਸ ਸਮੇਂ ਵਧੇਰੇ ਸਮਾਂ ਉੱਤਰ ਪ੍ਰਦੇਸ਼ ’ਚ ਰਾਸ਼ਟਰਪਤੀ ਸ਼ਾਸਨ ਲਾਗੂ ਰਿਹਾ। ਮੈਨੂੰ ਯਾਦ ਹੈ ਜਦੋਂ ਮੈਂ ਉਸ ਸਮੇਂ ਦੇ ਮੁੱਖ ਸਕੱਤਰ ਮਾਤਾ ਪ੍ਰਸਾਦ ਆਈ. ਏ. ਐੱਸ. ਅਤੇ ਹੋਰ ਅਧਿਕਾਰੀਆਂ ਨੂੰ ਪ੍ਰੀਜ਼ੈਂਟੇਸ਼ਨ ਦੌਰਾਨ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕਿਵੇਂ ਇਕ ਨੌਜਵਾਨ ਮਨੁੱਖੀ ਸ਼ਕਤੀ ਨੂੰ ਲਾਮਬੰਦ ਅਤੇ ਸਿਖਲਾਈ ਦੇ ਕੇ ਫੌਜ ਲਈ ਤਿਆਰ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਖੁਸ਼ ਹੋ ਕੇ ਸਕੀਮ ਪ੍ਰਵਾਨ ਕਰ ਲਈ ਅਤੇ ਐੱਨ. ਸੀ. ਸੀ. ਦਾ ਬਜਟ ਵੀ ਦੁੱਗਣਾ ਕਰ ਦਿੱਤਾ ਜਦਕਿ ਡਾਇਰੈਕਟੋਰੇਟ ਲਈ ਲੰਬੇ ਸਮੇਂ ਤਕ ਖਰਚ ਕਰਨਾ ਮੁਸ਼ਕਲ ਹੋ ਗਿਆ।

ਕੈਡਿਟਾਂ ਦੀ ਚੋਣ ਅਤੇ ਕਮਿਸ਼ਨ ਦੀ ਪ੍ਰਾਪਤੀ ਦੀ ਖਾਤਿਰ ਐੱਨ. ਸੀ. ਸੀ. ਦੇ ਬੰਦ ਪਏ ਟ੍ਰੇਨਿੰਗ ਕੇਂਦਰ ਜ਼ਿੰਦਾ ਹੋ ਗਏ ਅਤੇ ਨਵੇਂ ਵੀ ਖੁੱਲ੍ਹ ਗਏ, ਨੌਜਵਾਨਾਂ ’ਚ ਅਣਥੱਕ ਜਜ਼ਬਾ ਪੈਦਾ ਹੋਣ ਲੱਗਾ ਅਤੇ ਐੱਨ. ਡੀ. ਏ., ਆਈ. ਐੱਮ. ਏ. ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਅਤੇ ਅੱਜ ਯੂ. ਪੀ. ਦੇ ਨਤੀਜੇ ਸਾਹਮਣੇ ਹਨ।

ਜਦੋਂ ਗਣਤੰਤਰ ਦਿਵਸ ਦੇ ਮੌਕੇ ’ਤੇ ਮੇਰਠ ਐੱਨ. ਸੀ. ਸੀ. ਕੈਡਿਟ ਵਰਸ਼ਾ ਠਾਕੁਰ ਨੇ ਸਮੁੱਚੀ ਐੱਨ. ਸੀ. ਸੀ. ਪਰੇਡ ਦੀ ਅਗਵਾਈ ਕੀਤੀ ਤਾਂ ਰੱਖਿਆ ਮੰਤਰੀ ਮੁਲਾਇਮ ਸਿੰਘ ਯਾਦਵ ਬਹੁਤ ਖੁਸ਼ ਹੋਏ ਅਤੇ ਉਨ੍ਹਾਂ ਨੇ ਬੱਚਿਆਂ ਨੂੰ ਹੋਰ ਵੀ ਉਤਸ਼ਾਹਿਤ ਕੀਤਾ ਅਤੇ ਮੈਨੂੰ ਕਹਿਣ ਲੱਗੇ ਕਿ ਮੈਂ ਤੁਹਾਨੂੰ ਜਨਰਲ ਬਣਾ ਕੇ ਆਪਣੇ ਕੋਲ ਹੀ ਰੱਖਣਾ ਚਾਹੁੰਦਾ ਹਾਂ। ਭਾਵੇਂ ਵੋਟ ਬੈਂਕ ਵਾਲਾ ਵੀ ਛੁਪਿਆ ਹੋਇਆ ਰਾਜ਼ ਹੋਵੇ ਪਰ ਉਨ੍ਹਾਂ ਦੀ ਨੀਅਤ ਸਾਫ ਸੀ।

ਜਦੋਂ ਮੈਂ 1997 ਤੋਂ 2003 ਦੌਰਾਨ ਡਾਇਰੈਕਟਰ ਸੈਨਿਕ ਭਲਾਈ ਪੰਜਾਬ ਵਜੋਂ ਸੇਵਾ ਨਿਭਾਅ ਰਿਹਾ ਸੀ ਤਾਂ ਇਕ ਦਿਨ ਮਾਨਸਾ ਜ਼ਿਲੇ ਦੇ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਇਕ ਹੋਣਹਾਰ ਵਿਦਿਆਰਥੀ ਨੂੰ ਮੇਰੇ ਦਫਤਰ ’ਚ ਲੈ ਕੇ ਆਏ ਅਤੇ ਕਹਿਣ ਲੱਗੇ ਕਿ ਇਸ ਬੱਚੇ ਨੇ ਕਮਿਸ਼ਨ ਦੀ ਇੰਟਰਵਿਊ ਲਈ ਜਾਣਾ ਹੈ, ਇਸ ਦੀ ਮਦਦ ਕਰੋ। ਕਹਿੰਦੇ ਹਨ ‘ਜਿਥੇ ਚਾਹ ਉਥੇ ਰਾਹ’ ਜੇਕਰ ਨੀਅਤ ਸਾਫ ਹੋਵੇ ਤਾਂ ਪਰਮਾਤਮਾ ਵੀ ਸਾਰੇ ਦਰਵਾਜ਼ੇ ਖੋਲ੍ਹ ਦਿੰਦਾ ਹੈ। ਮੈਂ ਉਸੇ ਸਮੇਂ ਸਿਲੈਕਸ਼ਨ ਸੈਂਟਰ ਇਲਾਹਾਬਾਦ ਦੇ ਕਮਾਂਡੈਂਟ ਰਹਿ ਚੁੱਕੇ ਮੇਜਰ ਜਨਰਲ ਗੁਰਦਿਆਲ ਸਿਘ ਹੁੰਦਲ ਨਾਲ ਗੱਲ ਕਰਕੇ ਉਸ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਨੇ ਕੈਂਡੀਡੇਟ ਨੂੰ ਖੂਬ ਚੰਡਿਆ। ਕੁਝ ਸਮੇਂ ਬਾਅਦ ਮੋਫਰ ਸਾਹਿਬ, ਹੋਣਹਾਰ ਨੌਜਵਾਨ ਅਤੇ ਉਸ ਦਾ ਪਿਤਾ ਲੱਡੂਆਂ ਦਾ ਡੱਬਾ ਲੈ ਕੇ ਮੇਰੇ ਕੋਲ ਆਏ ਅਤੇ ਦੱਸਿਆ ਕਿ ਲੜਕਾ ਆਈ. ਐੱਮ. ਏ. ’ਚ ਟ੍ਰੇਨਿੰਗ ਲਈ ਜਾ ਰਿਹਾ ਹੈ। ਜੇਕਰ ਨੇਤਾ ਪਰਿਵਾਰਵਾਦ, ਦੌਲਤਵਾਦ, ਪਾਖੰਡਵਾਦ ਅਤੇ ਸਿਆਸਤ ਤੋਂ ਉੱਪਰ ਉੱਠ ਕੇ ਨਸ਼ਾਖੋਰੀ ਵਰਗੀਆਂ ਬੁਰਾਈਆਂ ਨੂੰ ਦੂਰ ਕਰਨਗੇ ਤਾਂ ਫੌਜ ਦੇ ਚਾਹਵਾਨ ਪ੍ਰੇਰਿਤ ਨੌਜਵਾਨਾਂ ਦੀ ਕੋਈ ਕਮੀ ਨਹੀਂ।

Bharat Thapa

This news is Content Editor Bharat Thapa