ਨਕਸਲੀ ਹਥਿਆਰਬੰਦ ਕ੍ਰਾਂਤੀ ਦੇ ਰਾਹੀਂ ਸੱਤਾ ਪਲਟਣ ’ਚ ਯਕੀਨ ਰੱਖਦੇ ਹਨ

04/06/2021 3:49:11 AM

ਡਾ. ਵੇਦਪ੍ਰਤਾਪ ਵੈਦਿਕ
ਛੱਤੀਸਗੜ੍ਹ ਦੇ ਟੇਕਲਗੁਡਾ ਦੇ ਜੰਗਲਾਂ ’ਚ 22 ਜਵਾਨ ਸ਼ਹੀਦ ਹੋ ਗਏ ਅਤੇ ਦਰਜਨਾਂ ਜ਼ਖਮੀ ਹੋਏ। ਮੰਨਿਆ ਜਾ ਰਿਹਾ ਹੈ ਕਿ ਇਸ ਮੁਕਾਬਲੇ ’ਚ ਲਗਭਗ 20 ਨਕਸਲੀ ਵੀ ਮਾਰ ਗਏ। ਇਹ ਨਕਸਲਵਾਦੀ ਅੰਦੋਲਨ ਬੰਗਾਲ ਦੇ ਨਕਸਲਬਾੜੀ ਪਿੰਡ ਤੋਂ 1967 ’ਚ ਸ਼ੁਰੂ ਹੋਇਆ ਸੀ।

ਇਸ ਦੇ ਆਦਿ ਪ੍ਰਵਰਤਕ ਚਾਰੂ ਮਜ਼ੂਮਦਾਰ, ਕਾਨੂੰ ਸਾਨਿਆਲ ਅਤੇ ਕਨਹਾਈ ਚੈਟਰਜੀ ਵਰਗੇ ਨੌਜਵਾਨ ਸਨ। ਇਹ ਕਮਿਊਨਿਸਟ ਸਨ ਪਰ ਮਾਓਵਾਦ ਨੂੰ ਇਨ੍ਹਾਂ ਨੇ ਆਪਣਾ ਧਰਮ ਬਣਾ ਲਿਆ ਸੀ। ਮਾਰਕਸ ਦੇ ‘ਕਮਿਊਨਿਸਟ ਮੈਨੀਫੈਸਟੋ’ ਦਾ ਆਖਰੀ ਪੈਰਾਗ੍ਰਾਫ ਇਨ੍ਹਾਂ ਦਾ ਵੇਦਵਾਕ ਬਣ ਗਿਆ ਹੈ।

ਇਹ ਹਥਿਆਰਬੰਦ ਕ੍ਰਾਂਤੀ ਦੇ ਰਾਹੀਂ ਸੱਤਾ-ਪਲਟਣ ’ਚ ਯਕੀਨ ਰੱਖਦੇ ਹਨ। ਇਸ ਲਈ ਪਹਿਲੇ ਬੰਗਾਲ, ਫਿਰ ਆਂਧਰਾ ਅਤੇ ਓਡਿਸ਼ਾ ਅਤੇ ਫਿਰ ਝਾਰਖੰਡ ਅਤੇ ਮੱਧ ਪ੍ਰਦੇਸ਼ ਦੇ ਜੰਗਲਾਂ ’ਚ ਲੁਕ ਕੇ ਹਮਲਾ ਕਰਦੇ ਰਹੇ ਹਨ ਅਤੇ ਕੁਝ ਜ਼ਿਲਿਆਂ ’ਚ ਇਹ ਆਪਣੀ ਸਮਾਨਾਂਤਰ ਸਰਕਾਰ ਚਲਾਉਂਦੇ ਹਨ।

ਇਸ ਸਮੇਂ ਛੱਤੀਸਗੜ੍ਹ ਦੇ 14 ਜ਼ਿਲਿਆਂ ’ਚ ਅਤੇ ਦੇਸ਼ ਦੇ ਲਗਭਗ 50 ਹੋਰ ਜ਼ਿਲਿਆਂ ’ਚ ਇਨ੍ਹਾਂ ਦਾ ਦਬਦਬਾ ਹੈ।

ਇਹ ਉਥੇ ਛਾਪਾਮਾਰਾਂ ਨੂੰ ਹਥਿਆਰ ਅਤੇ ਟ੍ਰੇਨਿੰਗ ਦਿੰਦੇ ਹਨ ਅਤੇ ਲੋਕਾਂ ਤੋਂ ਪੈਸੇ ਵੀ ਉਗਰਾਉਂਦੇ ਰਹਿੰਦੇ ਹਨ। ਇਹ ਨਕਸਲਵਾਦੀ ਛਾਪਾਮਾਰ ਸਰਕਾਰੀ ਇਮਾਰਤਾਂ, ਬੱਸਾਂ ਅਤੇ ਨਾਗਰਿਕਾਂ ’ਤੇ ਸਿੱਧੇ ਹਮਲੇ ਵੀ ਕਰਦੇ ਰਹਿੰਦੇ ਹਨ। ਜੰਗਲਾਂ ’ਚ ਰਹਿਣ ਵਾਲੇ ਆਦਿਵਾਸੀਆਂ ਨੂੰ ਭੜਕਾ ਕੇ ਇਹ ਉਨ੍ਹਾਂ ਦੀ ਹਮਦਰਦੀ ਹਾਸਲ ਕਰ ਲੈਂਦੇ ਹਨ ਅਤੇ ਉਨ੍ਹਾਂ ਨੂੰ ਸਬਜ਼ਬਾਗ ਦਿਖਾ ਕੇ ਆਪਣੇ ਗਿਰੋਹਾਂ ’ਚ ਸ਼ਾਮਲ ਕਰ ਲੈਂਦੇ ਹਨ।

ਇਹ ਗਿਰੋਹ ਉਨ੍ਹਾਂ ਜੰਗਲਾਂ ’ਚ ਕੋਈ ਵੀ ਉਸਾਰੀ ਕਾਰਜ ਨਹੀਂ ਚੱਲਣ ਦਿੰਦੇ ਅਤੇ ਅੱਤਵਾਦੀਆਂ ਵਾਂਗ ਹਮਲੇ ਕਰਦੇ ਰਹਿੰਦੇ ਹਨ।ਪਹਿਲਾਂ ਤਾਂ ਬੰਗਾਲੀ, ਤੇਲਗੂ ਅਤੇ ਉੜੀਆ ਨਕਸਲੀ ਬਸਤਰ ’ਚ ਡੇਰਾ ਲਗਾ ਕੇ ਖੂਨ ਦੀਆਂ ਹੋਲੀਆਂ ਖੇਡਦੇ ਸਨ ਪਰ ਹੁਣ ਸਥਾਨਕ ਆਦਿਵਾਸੀ ਜਿਵੇਂ ਕਿ ਹਿਡਮਾ ਅਤੇ ਸੁਜਾਤਾ ਵਰਗੇ ਲੋਕਾਂ ਨੇ ਉਨ੍ਹਾਂ ਦੀ ਕਮਾਨ ਸੰਭਾਲ ਲਈ ਹੈ।

ਕੇਂਦਰੀ ਪੁਲਸ ਬਲ ਆਦਿ ਦੀ ਦਿੱਕਤ ਇਹ ਹੈ ਕਿ ਇਕ ਤਾਂ ਉਨ੍ਹਾਂ ਨੂੰ ਉਚਿੱਤ ਜਾਸੂਸੀ ਸੂਚਨਾਵਾਂ ਨਹੀਂ ਮਿਲਦੀਆਂ ਅਤੇ ਉਹ ਜੰਗਲਾਂ ’ਚ ਭਟਕ ਜਾਂਦੇ ਹਨ। ਉਨ੍ਹਾਂ ’ਚੋਂ ਇਕ ਜੰਗਲ ਦਾ ਨਾਂ ਹੀ ਹੈ - ਅਬੁਝਮਾੜ। ਇਸੇ ਭਟਕਾ ਦੇ ਕਾਰਨ ਇਸ ਵਾਰ ਸੈਂਕੜੇ ਪੁਲਸ ਵਾਲਿਆਂ ਨੂੰ ਘੇਰ ਕੇ ਨਕਸਲੀਆਂ ਨੇ ਉਨ੍ਹਾਂ ’ਤੇ ਜਾਨਲੇਵਾ ਹਮਲਾ ਕਰ ਦਿੱਤਾ। 2013’ਚ ਇਨ੍ਹਾਂ ਹੀ ਨਕਸਲੀਆਂ ਨੇ ਕਈ ਕਾਂਗਰਸੀ ਨੇਤਾਵਾਂ ਸਮੇਤ 32 ਵਿਅਕਤੀਆਂ ਨੂੰ ਮਾਰ ਦਿੱਤਾ ਸੀ।

ਅਜਿਹਾ ਨਹੀਂ ਹੈ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਹੋਈਆਂ ਹਨ। 2009 ’ਚ 2258 ਨਕਸਲੀ ਹਿੰਸਾ ਦੀਆਂ ਵਾਰਦਾਤਾਂ ਹੋਈਆਂ ਸਨ ਪਰ 2020 ’ਚ 665 ਹੀ ਹੋਈਆਂ। 2009 ’ਚ 1005 ਵਿਅਕਤੀ ਮਾਰੇ ਗਏ ਸਨ ਜਦਕਿ 2020 ’ਚ 183 ਵਿਅਕਤੀ ਮਾਰੇ ਗਏ। ਆਂਧਰਾ, ਬੰਗਾਲ, ਓਡਿਸ਼ਾ ਅਤੇ ਤੇਲੰਗਾਨਾ ਦੇ ਜੰਗਲਾਂ ’ਚੋਂ ਨਕਸਲੀਆਂ ਦੇ ਸਫਾਏ ਦਾ ਇਕ ਵੱਡਾ ਕਾਰਨ ਇਹ ਵੀ ਰਿਹਾ ਹੈ ਕਿ ਉਥੋਂ ਦੀਆਂ ਸਰਾਕਾਰਾਂ ਨੇ ਉਨ੍ਹਾਂ ਦੇ ਜੰਗਲਾਂ ’ਚ ਸੜਕਾਂ, ਪੁਲ, ਨਹਿਰਾਂ, ਤਾਲਾਬ, ਸਕੂਲ ਅਤੇ ਹਸਪਤਾਲ ਆਦਿ ਬਣਵਾ ਦਿੱਤੇ ਹਨ। ਬਸਤਰ ’ਚ ਇਨ੍ਹਾਂ ਦੀ ਕਾਫੀ ਕਮੀ ਹੈ।

ਪੁਲਸ ਅਤੇ ਸਰਕਾਰੀ ਕਰਮਚਾਰੀ ਬਸਤਰ ਦੇ ਅੰਦਰੂਨੀ ਇਲਾਕਿਆਂ ’ਚ ਪਹੁੰਚ ਹੀ ਨਹੀਂ ਸਕਦੇ। ਕੇਂਦਰ ਸਰਕਾਰ ਚਾਹੇ ਤਾਂ ਜੰਗੀ ਪੱਧਰ ’ਤੇ ਛੱਤੀਸਗੜ੍ਹ ਸਰਕਾਰ ਨਾਲ ਸਹਿਯੋਗ ਕਰ ਕੇ ਨਕਸਲ ਸਮੱਸਿਆ ਨੂੰ ਮਹੀਨੇ ਭਰ ’ਚ ਜੜ੍ਹ ਤੋਂ ਪੁੱਟ ਸਕਦੀ ਹੈ। ਇਹ ਵੀ ਜ਼ਰੂਰੀ ਹੈ ਕਿ ਕਈ ਸਮਾਜ ਸੇਵੀ ਸੰਸਥਾਵਾਂ ਨੂੰ ਸਰਕਾਰ ਆਦਿਵਾਸੀ ਇਲਾਕਿਆਂ ’ਚ ਸੇਵਾ ਕਾਰਜ ਲਈ ਪ੍ਰੇਰਿਤ ਕਰੇ।

Bharat Thapa

This news is Content Editor Bharat Thapa