ਪਿੰਡ ਦੇ ਮੁਸਲਿਮ ਪਰਿਵਾਰ ਮ੍ਰਿਤਕਾਂ ਨੂੰ ਘਰ ’ਚ ਹੀ ਦਫਨਾਉਣ ਲਈ ਮਜਬੂਰ

06/22/2019 6:43:39 AM

ਅ. ਜਾਇਸਵਾਲ
‘‘ਤੁਸੀਂ ਮੇਰੀ ਦਾਦੀ ਦੀ ਕਬਰ ’ਤੇ ਬੈਠੇ ਹੋ’’, ਸਲੀਮ ਸ਼ਾਹ ਨੇ ਚੌਕਸ ਕਰਦੇ ਹੋਏ ਕਿਹਾ। ਸਲੀਮ ਨੇ ਦੱਸਿਆ ਕਿ ਉਨ੍ਹਾਂ ਨੂੰ ਇਥੇ ਹੀ ਬੈਠਕ ’ਚ ਦਫਨ ਕੀਤਾ ਗਿਆ ਸੀ। ਉੱਤਰ ਪ੍ਰਦੇਸ਼ ’ਚ ਆਗਰਾ ਸਥਿਤ ਅਛਨੇਰਾ ਬਲਾਕ ਦੇ ਪਿੰਡ 6 ਪੋਖਰ ਦੇ ਇਨ੍ਹਾਂ ਮੁੱਠੀ ਭਰ ਮਕਾਨਾਂ ’ਚ ਰਹਿਣ ਵਾਲੇ ਪਰਿਵਾਰਾਂ ਦੇ ਘਰ ਕਬਰਿਸਤਾਨ ਬਣ ਚੁੱਕੇ ਹਨ। ਪਿੰਡ ’ਚ ਕਬਰਿਸਤਾਨ ਨਾ ਹੋਣ ਕਰਕੇ ਇਹ ਲੋਕ ਆਪਣੇ ਪਰਿਵਾਰ ਦੇ ਮ੍ਰਿਤਕ ਮੈਂਬਰਾਂ ਨੂੰ ਘਰਾਂ ’ਚ ਹੀ ਦਫਨਾਉਣ ਲਈ ਮਜਬੂਰ ਹਨ। ਇਸ ਲਈ ਮ੍ਰਿਤਕ ਇਥੇ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣ ਗਏ ਹਨ। ਇਥੇ ਇਹ ਵੀ ਦੇਖਿਆ ਗਿਆ ਕਿ ਔਰਤਾਂ ਜਿਥੇ ਖਾਣਾ ਬਣਾ ਰਹੀਆਂ ਸਨ, ਉਸ ਦੇ ਨਾਲ ਹੀ ਉਨ੍ਹਾਂ ਦੇ ਬੱਚਿਆਂ ਦੀਆਂ ਕਬਰਾਂ ਹਨ। ਘਰ ਦੇ ਪਿਛਵਾੜੇ, ਜਿਥੇ ਬਜ਼ੁਰਗ ਆਰਾਮ ਕਰ ਰਹੇ ਸਨ, ਉਥੇ ਵੀ ਕਬਰਾਂ ਹੀ ਕਬਰਾਂ ਸਨ।

ਗਰੀਬ ਅਤੇ ਭੂਮੀਹੀਣ

ਇਕ ਘਰ ’ਚ ਰਿੰਕੀ ਬੇਗਮ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਪਿਛਵਾੜੇ 5 ਵਿਅਕਤੀਆਂ ਨੂੰ ਦਫਨਾਇਆ ਗਿਆ ਹੈ। ਇਨ੍ਹਾਂ ਵਿਚ ਉਨ੍ਹਾਂ ਦਾ 10 ਮਹੀਨਿਆਂ ਦਾ ਬੇਟਾ ਵੀ ਸ਼ਾਮਲ ਹੈ, ਜਿਸ ਦੀ ਮੌਤ ਸਮੇਂ ਸਿਰ ਇਲਾਜ ਨਾ ਕਰਾ ਸਕਣ ਕਾਰਣ ਹੋ ਗਈ ਸੀ। ਇਥੇ ਹੀ ਰਹਿਣ ਵਾਲੀ ਇਕ ਦੂਜੀ ਔਰਤ ਗੁੱਡੀ ਕਹਿੰਦੀ ਹੈ, ‘‘ਅਸੀਂ ਗਰੀਬ ਲੋਕ ਇੱਜ਼ਤ ਦੀ ਮੌਤ ਵੀ ਨਹੀਂ ਮਰ ਸਕਦੇ। ਘਰਾਂ ’ਚ ਜਗ੍ਹਾ ਦੀ ਘਾਟ ਹੈ, ਇਸ ਲਈ ਸਾਨੂੰ ਕਬਰਾਂ ਦੇ ਉਪਰ ਹੀ ਬੈਠਣਾ ਅਤੇ ਚੱਲਣਾ ਪੈਂਦਾ ਹੈ। ਇਹ ਬੜਾ ਹੀ ਅਪਮਾਨਜਨਕ ਹੈ।’’ ਇਥੇ ਰਹਿਣ ਵਾਲੇ ਜ਼ਿਆਦਾਤਰ ਮੁਸਲਿਮ ਪਰਿਵਾਰ ਗਰੀਬ ਅਤੇ ਭੂਮੀਹੀਣ ਹਨ। ਇਨ੍ਹਾਂ ਪਰਿਵਾਰਾਂ ਦੇ ਮਰਦ ਠੇਕੇ ’ਤੇ ਮਜ਼ਦੂਰੀ ਕਰਦੇ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਇਕ ਕਬਰਿਸਤਾਨ ਦੀ ਇਨ੍ਹਾਂ ਦੀ ਮੰਗ ਵਰ੍ਹਿਆਂ ਤੋਂ ਠੁਕਰਾਈ ਜਾ ਰਹੀ ਹੈ।

ਉਦਾਸੀਨ ਪ੍ਰਸ਼ਾਸਨ

ਪ੍ਰਸ਼ਾਸਨ ਦੀ ਉਦਾਸੀਨਤਾ ਦਾ ਅਨੁਮਾਨ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਕੁਝ ਸਮਾਂ ਪਹਿਲਾਂ ਕਬਰਿਸਤਾਨ ਦਾ ਜੋ ਜ਼ਮੀਨ ਦਾ ਟੁਕੜਾ ਇਨ੍ਹਾਂ ਨੂੰ ਅਲਾਟ ਕੀਤਾ ਗਿਆ ਸੀ, ਉਹ ਇਕ ਤਲਾਬ ’ਚ ਪੈਂਦਾ ਹੈ। ਪ੍ਰਸ਼ਾਸਨ ਨੂੰ ਵਾਰ-ਵਾਰ ਅਪੀਲ ਕੀਤੀ ਗਈ ਪਰ ਉਸ ਦੇ ਕੰਨਾਂ ’ਤੇ ਜੂੰ ਤਕ ਨਹੀਂ ਸਰਕੀ। ਹੁਣ ਰਹਿਣ ਵਾਲਿਆਂ ਦੇ ਸਾਹਮਣੇ ਜਗ੍ਹਾ ਦੀ ਕਮੀ ਦੀ ਸਮੱਸਿਆ ਪੈਦਾ ਹੋ ਗਈ ਹੈ। ਘਰ ’ਚ ਤਾਜ਼ਾ ਬਣੀਆਂ ਕਬਰਾਂ ਨੂੰ ਵੀ ਹੁਣ ਸੀਮੈਂਟ ਨਾਲ ਪੱਕਾ ਨਹੀਂ ਕੀਤਾ ਜਾਂਦਾ ਕਿਉਂਕਿ ਇਸ ਨਾਲ ਜ਼ਿਆਦਾ ਜਗ੍ਹਾ ਘਿਰਦੀ ਹੈ। ਕਬਰ ਨੂੰ ਦੂਜੀ ਜਗ੍ਹਾ ਤੋਂ ਵੱਖਰੀ ਦਿਖਾਉਣ ਲਈ ਬਸ ਉਨ੍ਹਾਂ ਦੇ ਉਪਰ ਛੋਟੇ-ਵੱਡੇ ਪੱਥਰ ਰੱਖ ਦਿੱਤੇ ਜਾਂਦੇ ਹਨ। ਇਸ ਮੁੱਦੇ ’ਤੇ ਵਿਰੋਧ ਦੇ ਸੁਰ ਵੀ ਗੂੰਜੇ ਹਨ। ਸਾਲ 2017 ’ਚ ਇਥੋਂ ਦੇ ਨਿਵਾਸੀ ਮੰਗਲ ਖਾਨ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਨੇ ਉਸ ਦੇ ਸਰੀਰ ਨੂੰ ਉਦੋਂ ਤਕ ਦਫਨਾਉਣ ਤੋਂ ਇਨਕਾਰ ਕਰ ਦਿੱਤਾ ਸੀ, ਜਦੋਂ ਤਕ ਕਿ ਪਿੰਡ ਨੂੰ ਕਬਰਿਸਤਾਨ ਲਈ ਜ਼ਮੀਨ ਨਹੀਂ ਮੁਹੱਈਆ ਕਰਵਾ ਦਿੱਤੀ ਜਾਂਦੀ। ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਪਰਿਵਾਰ ਨੇ ਮੰਗਲ ਖਾਨ ਨੂੰ ਤਲਾਬ ਦੇ ਕੰਢੇ ਦਫਨਾ ਦਿੱਤਾ ਪਰ ਸਰਕਾਰੀ ਭਰੋਸਾ ਖੋਖਲਾ ਸਾਬਿਤ ਹੋਇਆ। ਮੁਨੀਮ ਖਾਨ ਇਕ ਫੈਕਟਰੀ ’ਚ ਕੰਮ ਕਰਦਾ ਹੈ। ਉਹ ਕਹਿੰਦਾ ਹੈ, ‘‘ਅਸੀਂ ਆਪਣੇ ਪੂਰਵਜਾਂ ਲਈ ਥੋੜ੍ਹੀ ਜ਼ਮੀਨ ਮੰਗ ਰਹੇ ਹਾਂ। ਪਿੰਡ ਦੀ ਹੱਦ ’ਤੇ ਹਿੰਦੂਆਂ ਦਾ ਸ਼ਮਸ਼ਾਨਘਾਟ ਹੈ ਪਰ ਅਸੀਂ ਤਾਂ ਮੁਰਦਿਆਂ ਨਾਲ ਰਹਿ ਰਹੇ ਹਾਂ।’’

ਮੁੜ ਮਿਲਿਆ ਭਰੋਸਾ

ਪ੍ਰੇਸ਼ਾਨ ਪਿੰਡ ਵਾਲਿਆਂ ਨੇ ਨੇੜੇ ਦੇ ਸਾਨਨ ਪਿੰਡ ਅਤੇ ਅਛਨੇਰਾ ਕਸਬੇ ਦੇ ਕਬਰਿਸਤਾਨਾਂ ’ਚ ਵੀ ਆਪਣਿਆਂ ਨੂੰ ਦਫਨਾਉਣ ਦੀ ਕੋਸ਼ਿਸ਼ ਕੀਤੀ ਪਰ ਉਥੋਂ ਦੇ ਲੋਕ ਵੀ ਆਪਣੀ ਜ਼ਮੀਨ ਦੇਣ ਲਈ ਤਿਆਰ ਨਹੀਂ ਹਨ। ਨਿਜ਼ਾਮ ਖਾਨ ਇਕ ਮਕੈਨਿਕ ਹੈ। ਉਹ ਕਹਿੰਦਾ ਹੈ, ‘‘ਉਨ੍ਹਾਂ ਪਿੰਡਾਂ ਦੀ 6 ਪੋਖਰ ਤੋਂ ਜ਼ਿਆਦਾ ਮੁਸਲਿਮ ਆਬਾਦੀ ਹੈ। ਉਨ੍ਹਾਂ ਦੇ ਕਬਰਿਸਤਾਨ ਪਹਿਲਾਂ ਤੋਂ ਹੀ ਭਰੇ ਹੋਏ ਹਨ।’’ ਪਿੰਡ ਦੇ ਪ੍ਰਧਾਨ ਸੁੰਦਰ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਈ ਵਾਰ ਅਧਿਕਾਰੀਆਂ ਨੂੰ ਬੁਲਾ ਕੇ ਮੁਸਲਿਮ ਪਰਿਵਾਰਾਂ ਲਈ ਕਬਰਿਸਤਾਨ ਵਾਸਤੇ ਜ਼ਮੀਨ ਦਿਵਾਉਣ ਦੀ ਗੱਲ ਕਹੀ ਹੈ ਪਰ ਉਸ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਜ਼ਿਲਾ ਅਧਿਕਾਰੀ ਰਵੀ ਕੁਮਾਰ ਐੱਨ. ਜੀ. ਕਹਿੰਦੇ ਹਨ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ। ਉਨ੍ਹਾਂ ਕਿਹਾ, ‘‘ਮੈਂ ਅਧਿਕਾਰੀਆਂ ਦੀ ਇਕ ਟੀਮ ਪਿੰਡ ’ਚ ਭੇਜਾਂਗਾ ਅਤੇ ਕਬਰਿਸਤਾਨ ਲਈ ਜ਼ਰੂਰੀ ਜ਼ਮੀਨ ਦਾ ਵੇਰਵਾ ਮੰਗਵਾਵਾਂਗਾ।’’ (ਟਾ.)
 

Bharat Thapa

This news is Content Editor Bharat Thapa