ਮੋਬਾਇਲ ਨੇ ਡਾਕੀਏ ਦੀ ਉਡੀਕ ਹੀ ਖਤਮ ਕਰ ਦਿੱਤੀ

12/12/2021 3:47:30 AM

ਮਾਸਟਰ ਮੋਹਨ ਲਾਲ 
ਜਦੋਂ ਧਰਤੀ ’ਤੇ ਜੀਵਨ ਆਇਆ ਉਦੋਂ ਪ੍ਰੇਮ ਦਾ ਵੀ ਜਨਮ ਹੋ ਗਿਆ। ਜਿਸ ਦਿਨ ਭਾਸ਼ਾ ਬਣੀ, ਪ੍ਰੇਮ ਦਾ ਪ੍ਰਤੀਵੇਦਨ ਵੀ ਉਸੇ ਦਿਨ ਸ਼ੁਰੂ ਹੋ ਗਿਆ। ਮਨੁੱਖ ਨੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਲਈ ਲਿਪੀ ਘੜ ਲਈ। ਭਾਵਨਾਵਾਂ ਨੂੰ ਸ਼ਬਦਾਂ ਦਾ ਰੂਪ ਦੇ ਦਿੱਤਾ। ਮਨੁੱਖ ਨੇ ਆਪਣੀਆਂ ਭਾਵਨਾਵਾਂ ਦੇ ਪ੍ਰਗਟਾਵੇ ਲਈ ਕਦੀ ਪੱਥਰਾਂ, ਕਦੀ ਕੰਧਾਂ, ਕਦੀ ਲੱਕੜੀ, ਕਦੀ ਰੁੱਖਾਂ ਦੇ ਪੱਤਿਆਂ, ਕਦੀ ਭੋਜਨ ਪੱਤਰਾਂ ਅਤੇ ਕਦੀ ਕਾਗਜ਼ ਦਾ ਸਹਾਰਾ ਲਿਆ। ਮਰਦ ਦੀ ਨਾਰੀ ਪ੍ਰਤੀ ਸੁਭਾਵਿਕ ਖਿੱਚ ਰਹੀ ਹੈ। ਇਸ ਖਿੱਚ ਨੇ ਹੀ ਪ੍ਰੇਮ ਪੱਤਰ ਲਿਖਣ ਦਾ ਰਿਵਾਜ ਚਲਾਇਆ ਹੋਵੇਗਾ।

ਦੁਨੀਆ ਦੀ ਪਹਿਲੀ ਇਸਤਰੀ ਜਾਂ ਪਹਿਲਾ ਮਰਦ ਜਿਸ ਨੇ ਪਹਿਲਾਂ-ਪਹਿਲ ਪ੍ਰੇਮ ਪ੍ਰਗਟ ਕਰਨ ਲਈ ਪ੍ਰੇਮ ਪੱਤਰ ਲਿਖਣ ਦੀ ਹਿੰਮਤ ਦਿਖਾਈ ਹੋਵੇਗੀ, ਉਹ ਮੇਰੇ ਲਈ ਵੰਦਨਾਯੋਗ ਹੈ। ਜ਼ਰੂਰ ਉਨ੍ਹਾਂ ਨੇ ਆਪਣੇ ਭਾਵਾਂ ਨੂੰ ਸ਼ਬਦਾਂ ’ਚ ਪਰੋਇਆ ਹੋਵੇਗਾ। ਪ੍ਰੇਮ ਪੱਤਰ ਦਾ ਰੂਪ ਦਿੱਤਾ ਹੋਵੇਗਾ। ਪ੍ਰੇਮ ਪੱਤਰ ਭੇਜ ਕੇ ਦਿਲ ’ਚ ਉਮੜਦੀਆਂ ਭਾਵਨਾਵਾਂ ਤੋਂ ਛੁਟਕਾਰਾ ਪਾਇਆ ਹੋਵੇਗਾ।

ਇਨ੍ਹਾਂ ਪ੍ਰੇਮ ਪੱਤਰਾਂ ਨੂੰ ਪਹੁੰਚਾਉਣ ਲਈ ਕਿਸੇ ਕਬੂਤਰ, ਕਿਸੇ ਹਰਕਾਰੇ, ਕਿਸੇ ਸਹੇਲੀ ਜਾਂ ਦੋਸਤ ਨੂੰ ਜ਼ਰੀਆ ਬਣਾਇਆ ਹੋਵੇਗਾ। ਡਾਕੀਆ ਸ਼ਬਦ ਬਣਿਆ ਹੋਵੇਗਾ। ਡਾਕਖਾਨੇ ਖੁੱਲ੍ਹ ਗਏ ਹੋਣਗੇ? ਤਾਰ ਘਰ ਬਣ ਗਏ ਹੋਣਗੇ? ਫਿਰ ਤਾਂ ਮਨੁੱਖੀ ਭਾਵਨਾਵਾਂ ਦੇ ਪ੍ਰਗਟਾਵੇ ਲਈ ਟੈਲੀਫੋਨ ਆਫਿਸ ਵੀ ਹੋਂਦ ’ਚ ਆ ਗਏ ਹੋਣਗੇ ਪਰ ਇਸ ਦੁਸ਼ਟ ਮੋਬਾਇਲ ਨੇ ਇਨ੍ਹਾਂ ਸਾਰੀਆਂ ਸੰਸਥਾਵਾਂ ਨੂੰ ਢਹਿ-ਢੇਰੀ ਕਰ ਦਿੱਤਾ।

ਮੋਬਾਇਲ ਨੇ ਪ੍ਰੇਮ ਭਾਵਨਾਵਾਂ, ਮਨੁੱਖੀ ਹਮਦਰਦੀਆਂ ਨੂੰ ਦਰੜ ਕੇ ਰੱਖ ਦਿੱਤਾ। ਡਾਕਖਾਨੇ ਤੋਂ ਉਹ ਪ੍ਰੇਮ ਪੱਤਰ ਆਉਣੇ ਹੀ ਬੰਦ ਹੋ ਗਏ। ਡਾਕੀਏ ਦੇ ਆਉਣ ਦੀ ਉਡੀਕ ਹੀ ਖਤਮ ਕਰ ਦਿੱਤੀ।

ਮਨੀਆਰਡਰ ਕਾਲਜ ਪਹੁੰਚਦਾ ਤਾਂ ਮਾਤਾ-ਪਿਤਾ ਪ੍ਰਤੀ ਇਕ ਅਹਿਸਾਨਪੁਣੇ ਦਾ ਭਾਵ ਪੈਦਾ ਹੋ ਜਾਂਦਾ। ਮੇਰਾ ਤਾਂ ਪ੍ਰੇਮਿਕਾਵਾਂ ਤੋਂ ਆਉਣ ਵਾਲੇ ਪ੍ਰੇਮ ਪੱਤਰਾਂ ਦਾ ਅਟੈਚੀ ਹੀ ਪਤਨੀ ਨੇ ਸਾੜ ਦਿੱਤਾ। ਪ੍ਰੇਮਿਕਾ ਪੰਜ ਵਜੇ ਦਾ ਸਮਾਂ ਦੇ ਕੇ ਜਾਂਦੀ ਤਾਂ ਪੰਜ ਹੀ ਵੱਜਣ ਨੂੰ ਨਾ ਆਉਂਦੇ। ਹੁਣ ਨਾ ਤਾਂ ਪਿਆਰ ਨਾ ਉਸ ਪਿਆਰ ਦੀਆਂ ਯਾਦਾਂ ਬਾਕੀ ਹਨ। ਅੱਜ ਮੋਬਾਇਲ ਕਲਿਕ ਕਰੋ ਪ੍ਰੇਮਿਕਾ ਸਾਹਮਣੇ। ਕਿਹੋ ਜਿਹਾ ਵੀ ਸਮਾਂ ਹੋਵੇ, ਪ੍ਰੇਮਿਕਾ ਕਿਹੋ ਜਿਹੀ ਵੀ ਹਾਲਤ ’ਚ ਹੋਵੇ, ਗੱਲਬਾਤ ਸ਼ੁਰੂ। ਇਕ ਜ਼ਮਾਨਾ ਸੀ, ਸਾਡਾ ਤਾਂ ਸੂਰਜ ਹੀ ਪ੍ਰੇਮਿਕਾ ਨੂੰ ਦੇਖ ਕੇ ਚੜ੍ਹਦਾ ਸੀ।

ਮੋਬਾਇਲ ਕੀ ਪ੍ਰੇਮੀ-ਪ੍ਰੇਮਿਕਾ ਦੇ ਹੱਥ ਲੱਗਾ ਹੈ ਸੂਰਜ ਵਿਚਾਰਾ ਡੁੱਬਦਾ ਹੀ ਨਹੀਂ। ਪ੍ਰੇਮਿਕਾ ਨਾ ਮੰਨੀ ਤਾਂ ਤੇਜ਼ਾਬ, ਸਮਾਂ ਮਿਲਿਆ ਤਾਂ ਭਜਾ ਲੈ ਗਿਆ ਪ੍ਰੇਮੀ। ਪੈਸੇ ਖਤਮ ਹੋਏ ਤਾਂ ਪ੍ਰੇਮਿਕਾ ਨੂੰ ਸਾੜ ਦਿੱਤਾ। ਉਸ ਦਾ ਗਲਾ ਦਬਾ ਦਿੱਤਾ। ਸੁਣਿਆ ਨਹੀਂ? ਪਾਕਿਸਤਾਨੀ ਲੜਕੀਆਂ ਦੇ ‘ਹਨੀ ਟ੍ਰੈਪ’ ’ਚ ਸਾਡੇ ਫੌਜੀ ਵੀ ਫਸ ਗਏ। ‘ਸਰਵਰ ਕ੍ਰਾਈਮ’ ਇਸ ਮੋਬਾਇਲ ਨੇ ਵਧਾ ਦਿੱਤੇ। ਇਕ ਕਲਿਕ ਤੋਂ ਪੈਸੇ ਗਾਇਬ ਕਰਾ ਦਿੱਤੇ ਮੋਬਾਇਲ ਨੇ। ਮੇਰੇ ਦਸ ਸਾਲ ਤੋਂ ਵੀ ਘੱਟ ਦੇ ਪੋਤਾ-ਪੋਤੀ ਹਨ। ਕੋਰੋਨਾ ਕਾਲ ’ਚ ਆਨਲਾਈਨ ਪੜ੍ਹਾਈ ਫੋਨ ਨਾਲ ਕੀ ਸ਼ੁਰੂ ਕੀਤੀ ਕਿ ਦੋਵਾਂ ਨੂੰ ਨਜ਼ਰ ਦੀਆਂ ਐਨਕਾਂ ਲਗਵਾ ਕੇ ਦੇਣੀਆਂ ਪਈਆਂ। ਆਦੀ ਹੋ ਗਏ ਬੱਚੇ ਮੋਬਾਇਲ ਦੇ।

ਪ੍ਰੇਮੀ-ਪ੍ਰੇਮਿਕਾ ਜਿੱਥੇ ਆਪਣੇ ਪ੍ਰੇਮ ਪੱਤਰਾਂ ਨਾਲ ਇਕ-ਦੂਜੇ ਨੂੰ ਛੇੜਦੇ ਸਨ, ਅੱਜ ਮੋਬਾਇਲ ਨੇ ਇਨ੍ਹਾਂ ਦੋਵਾਂ ਨੂੰ ਗੁੱਸੇਖੋਰ ਅਤੇ ਇਕ ਦਮ ਭਿੜ ਜਾਣ ਵਾਲੇ ਬਣਾ ਦਿੱਤਾ। ਮੋਬਾਇਲ ਪਿਆਰ ਨਹੀਂ ਸਿਖਾਉਂਦਾ ਸਿਰਫ ਪ੍ਰੇਮੀ-ਪ੍ਰੇਮਿਕਾ ਨੂੰ ਸਵਾਰਥੀ ਬਣਾਉਂਦਾ ਹੈ। ਮੋਬਾਇਲ ਓਡਿਸ਼ਾ ਦੀ ਇਕ ਵਿਆਹੁਤਾ ਨੂੰ ਪਾਕਿਸਤਾਨੀ ਸਰਹੱਦ ’ਤੇ ਖਿੱਚ ਲਿਆਇਆ। ਇਕ 3 ਬੱਚਿਆਂ ਦੀ ਮਾਂ ਜਥੇ ਨਾਲ ਪਾਕਿਸਤਾਨ ਗਈ ਅਤੇ ਉੱਥੇ ਆਪਣੇ ਪ੍ਰੇਮੀ ਨਾਲ ਨਿਕਾਹ ਕਰ ਲਿਆ। ਬੱਚੇ ਜਾਣ ਢੱਠੇ ਖੂਹ ’ਚ।

ਭਾਰਤ ਦੀਆਂ ਖੁਫੀਆ ਸੂਚਨਾਵਾਂ ਕਲਿਕ ਕਰਦੇ ਹੀ ਪਾਕਿਸਤਾਨ ਪਹੁੰਚ ਗਈਆਂ। ਮੈਨੂੰ ਤਾਂ ਰੋਣਾ ਇਸ ਗੱਲ ਦਾ ਹੈ ਕਿ ਮੋਬਾਇਲ ਨੇ ਮੇਰਾ ਦਿਲ ਮੇਰੇ ਕੋਲੋਂ ਖੋਹ ਲਿਆ। ਮੈਂ ਤਾਂ ਸਾਰੀ ਉਮਰ ਸਾਰੇ ਲੋਕਾਂ ਨਾਲ ਦਿਲ ਦੀ ਭਾਸ਼ਾ ਨਾਲ ਗੱਲ ਕਰਦਾ ਰਿਹਾ। ਹੁਣ ਮੈਨੂੰ ਵੀ ਦਿਮਾਗੀ ਬਣਾ ਦਿੱਤਾ। ਤਕਨੀਕੀ ਲੋਕ ਬੇਸ਼ੱਕ ਹੀ ਮੋਬਾਇਲ ਦੇ ਫਾਇਦੇ ਗਿਣਾਉਣ ਪਰ ਮੈਨੂੰ ਤਾਂ ਪ੍ਰੇਮ ਨਿਵੇਦਨ ਕਰਨਾ ਹੀ ਮੋਬਾਇਲ ਨੇ ਭੁਲਾ ਦਿੱਤਾ। ਮੈਂ ਤਾਂ ਸਾਧਨਾ ਅਤੇ ਸ਼ਸ਼ੀ ਕਪੂਰ ਦੀ ਪ੍ਰੇਮ ’ਤੇ ਆਧਾਰਿਤ ਫਿਲਮ ‘ਪ੍ਰੇਮ ਪੱਤਰ’ ਦਾ ਆਸ਼ਕ ਹਾਂ। ਮੈਂ ਤਾਂ ਫਿਲਮ ‘ਆਏ ਦਿਨ ਬਹਾਰ ਕੇ’ ਨੂੰ ਨਹੀਂ ਭੁਲਾ ਸਕਿਆ ਜਿਸ ’ਚ ਆਸ਼ਾ ਪਾਰਿਖ ਗਾਉਂਦੀ ਹੈ, ‘ਖਤ ਲਿਖ ਦੇ ਸਾਂਵਰੀਆ ਕੇ ਨਾਮ ਬਾਬੂ, ਕੋਰੇ ਕਾਗਜ਼ ਮੇਂ ਲਿਖ ਦੇ ਸਲਾਮ ਬਾਬੂ’। ਮੋਬਾਇਲ ਨੇ ਉਸ ਖਤ ਲਿਖਣ ਵਾਲੇ ਬਾਬੂ ਨੂੰ ਹੀ ਮਾਰ ਦਿੱਤਾ। ਪਠਾਨਕੋਟ ’ਚ ਇਕ ਨਾਮਵਾਰ ਸ਼ਾਇਰ ਹਨ-ਰਾਜਿੰਦਰ ਰਹਿਬਰ। ਉਨ੍ਹਾਂ ਦੀ ਇਕ ਗਜ਼ਲ ਦੇ ਬੋਲ ਹਨ, ‘ਪਿਆਰ ਮੇਂ ਡੂਬੇ ਹੁਏ ਤੇਰੇ ਖਤ ਮੈਂ ਗੰਗਾ ਮੇਂ ਬਹਾ ਆਯਾ ਹੂੰ, ਆਗ ਪਾਨੀ ਮੇਂ ਲਗਾ ਆਯਾ ਹੂੰ।’ ਗੁਲਜ਼ਾਰ ਦਾ ਇਕ ਖਤ ਫਿਲਮ ‘ਇਜਾਜ਼ਤ’ ’ਚ ਦੇਖੋ ‘ਮੇਰਾ ਕੁਛ ਸਾਮਾਨ ਤੇਰੇ ਪਾਸ ਪੜਾ ਹੈ, ਵੋ ਰਾਖ ਬੁਝਾ ਦੋ, ਮੇਰਾ ਵੋ ਸਾਮਾਨ ਲੌਟਾ ਦੋ’, ਸਾਮਾਨ ਕੀ ਹੈ-ਕੁਝ ਖਤ। ਹੁਣ ਵਿਗੜ ਗਈ ਪ੍ਰੇਮੀ-ਪ੍ਰੇਮਿਕਾ ’ਚ ਤਾਂ ਖਤ ਵਾਪਸ ਮੰਗ ਰਹੀ ਹੈ। ਮਿਰਜ਼ਾ ਗਾਲਿਬ ਦੀ ਜਾਇਦਾਦ ਹੀ ਹਸੀਨਾਵਾਂ ਦੇ ਕੁਝ ਕੁ ਖਤ ਸਨ।

ਮੋਬਾਇਲ ਨੇ ਇਮੋਸ਼ਨ ਹੀ ਪ੍ਰੇਮ ਦੇ ਖਤਮ ਕਰ ਦਿੱਤੇ। ਪ੍ਰੇਮ ਪੱਤਰ ਹੁਣ ਕੌਣ ਲਿਖੇ? ਪ੍ਰੇਮਿਕਾ ਦੀ ਮਨੋਦਸ਼ਾ ਦਾ ਪ੍ਰੇਮੀ ਕਿਉਂ ਸਨਮਾਨ ਕਰੇ। ਮੋਬਾਇਲ ਸਭ ਕੁਝ ਪਰੋਸ ਰਿਹਾ ਹੈ। ਫਿਰ ਪ੍ਰੇਮੀ ਇਕ ਹੀ ਪ੍ਰੇਮਿਕਾ ’ਤੇ ਥੋੜ੍ਹਾਂ ਟਿਕਿਆ ਹੈ, ਤੂੰ ਨਹੀਂ ਹੋਰ ਸਹੀ। ਮੇਰੇ ਵਰਗੇ ਦੇਵਦਾਸ ਹੁਣ ਕਿੱਥੇ? ਮੋਬਾਇਲ ਨੇ ਪ੍ਰੇਮ ਨੂੰ ਹੀ ਯੰਤਰ ਬਣਾ ਦਿੱਤਾ। ਸੱਚਾ ਪ੍ਰੇਮ ਹੁਣ ਕਿੱਥੇ। ਮੋਬਾਇਲ ਨੇ ਪ੍ਰੇਮ ਨੂੰ ਕਾਰੋਬਾਰ ਅਤੇ ਪੱਤਰ ਲਿਖਣ, ਡਾਕਖਾਨਿਆਂ ਅਤੇ ਟੈਲੀਫੋਨ ਐਕਸਚੇਜਾਂ ਨੂੰ ਖਤਮ ਹੀ ਕਰ ਦਿੱਤਾ ਹੈ। ਬੇਸ਼ੱਕ ਹੀ ਮੋਬਾਇਲ ਪ੍ਰੇਮੀ ਇਸ ਦੇ ਲਾਭਾਂ ਦਾ ਗੁਣਗਾਨ ਕਰਦੇ ਰਹਿਣ। ਦਿਲ ਨੂੰ ਤਾਂ ਮਾਰ ਹੀ ਦਿੱਤਾ ਹੈ ਇਸ ਮੋਬਾਇਲ ਨੇ।

Bharat Thapa

This news is Content Editor Bharat Thapa