ਵਧਦੀ ਹੋਈ ਆਬਾਦੀ ਚਿੰਤਾ ਦਾ ਵਿਸ਼ਾ

07/19/2021 3:27:22 AM

ਰੰਜਨਾ ਮਿਸ਼ਰਾ 
ਸਾਰਾ ਸੰਸਾਰ ਅੱਜ ਵਧਦੀ ਹੋਈ ਆਬਾਦੀ ਤੋਂ ਬਹੁਤ ਜ਼ਿਆਦਾ ਚਿੰਤਤ ਹੈ। ਕੁਦਰਤ ਅਤੇ ਦੇਸ਼ ਦੇ ਸਰੋਤ ਸੀਮਤ ਹੁੰਦੇ ਹਨ ਅਤੇ ਆਬਾਦੀ ਵਾਧੇ ਨਾਲ ਉਨ੍ਹਾਂ ’ਤੇ ਬਹੁਤ ਜ਼ਿਆਦਾ ਦਬਾਅ ਪੈਂਦਾ ਹੈ, ਉਨ੍ਹਾਂ ਦੀ ਬਹੁਤ ਜ਼ਿਆਦਾ ਵਰਤੋਂ ਹੁੰਦੀ ਹੈ। ਪੂਰੇ ਸੰਸਾਰ ’ਚ ਭਾਰਤ ਆਬਾਦੀ ਦੇ ਨਜ਼ਰੀਏ ਤੋਂ ਦੂਸਰੇ ਨੰਬਰ ’ਤੇ ਆਉਂਦਾ ਹੈ, ਪਹਿਲੇ ਨੰਬਰ ’ਤੇ ਚੀਨ ਹੈ ਪਰ ਕੁਝ ਰਿਪੋਰਟਾਂ ਤੋਂ ਖਦਸ਼ਾ ਪ੍ਰਗਟਾਇਆ ਗਿਆ ਹੈ ਕਿ ਅਗਲੇ ਕੁਝ ਸਾਲਾਂ ’ਚ ਭਾਰਤ ਆਬਾਦੀ ਦੇ ਨਜ਼ਰੀਏ ਤੋਂ ਚੀਨ ਨੂੰ ਵੀ ਪਛਾੜ ਦੇਵੇਗਾ, ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ।

ਸੰਸਾਰ ’ਚ ਹਰ ਸਾਲ 8 ਕਰੋੜ ਦੀ ਆਬਾਦੀ ਦਾ ਵਾਧਾ ਹੁੰਦਾ ਹੈ, ਇਸ ’ਚ ਦੋ ਕਰੋੜ ਦਾ ਵਾਧਾ ਇਕੱਲਾ ਭਾਰਤ ਕਰਦਾ ਹੈ, ਭਾਵ ਪੂਰੀ ਦੁਨੀਆ ਦੀ ਕੁਲ ਆਬਾਦੀ ਦੇ ਵਾਧੇ ਦਾ ਇਕ ਚੌਥਾਈ ਹਿੱਸਾ ਇਕੱਲੇ ਭਾਰਤ ਦੇ ਹਿੱਸੇ ਆਉਂਦਾ ਹੈ। ਭਾਰਤ ’ਚ ਪ੍ਰਤੀ ਮਿੰਟ 52 ਬੱਚੇ ਪੈਦਾ ਹੁੰਦੇ ਹਨ। ਆਬਾਦੀ ਦੇ ਨਜ਼ਰੀਏ ਤੋਂ ਭਾਰਤ ਵਿਸ਼ਵ ਦਾ ਦੂਸਰਾ ਸਭ ਤੋਂ ਵੱਡਾ ਦੇਸ਼ ਹੈ ਪਰ ਖੇਤਰਫਲ ਦੇ ਨਜ਼ਰੀਏ ਤੋਂ ਭਾਰਤ ਦਾ ਸਥਾਨ ਸੰਸਾਰ ’ਚ ਸੱਤਵਾਂ ਹੈ? ਖੇਤਰਫਲ ਦੇ ਅਨੁਪਾਤ ’ਚ ਭਾਰਤ ਦੀ ਆਬਾਦੀ ਕਈ ਗੁਣਾ ਹੈ ਅਤੇ ਇਸ ’ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ।

ਆਬਾਦੀ ਵਾਧਾ ਕਈ ਸਮੱਸਿਆਵਾਂ ਨੂੰ ਜਨਮ ਦਿੰਦਾ ਹੈ। ਵੱਧ ਆਬਾਦੀ ਨਾਲ ਰਿਹਾਇਸ਼ ਦੀ ਕਮੀ ਹੁੰਦੀ ਹੈ, ਪਿੰਡਾਂ ਅਤੇ ਸ਼ਹਿਰਾਂ ’ਚ ਲੋਕ ਛੋਟੇ-ਛੋਟੇ ਘਰਾਂ ’ਚ ਰਹਿਣ ਨੂੰ ਮਜਬੂਰ ਹਨ, ਇੱਥੋਂ ਤੱਕ ਕਿ ਝੁੱਗੀਆਂ-ਝੌਂਪੜੀਆਂ ’ਚ ਵੀ ਰਹਿ ਕੇ ਲੋਕਾਂ ਨੂੰ ਆਪਣੀ ਜ਼ਿੰਦਗੀ ਗੁਜ਼ਾਰਨੀ ਪੈਂਦੀ ਹੈ। ਵੱਧ ਆਬਾਦੀ ਦੇ ਕਾਰਨ ਪਾਣੀ ਅਤੇ ਹਵਾ ਪ੍ਰਦੂਸ਼ਣ ਵਧਦਾ ਹੈ। ਆਬਾਦੀ ਦੇ ਵਾਧੇ ਨਾਲ ਲੋਕਾਂ ਦੀਆਂ ਲੋੜਾਂ ਦੀ ਪੂਰਤੀ ਲਈ ਉਦਯੋਗਾਂ ਦਾ ਵੀ ਵਾਧਾ ਹੁੰਦਾ ਹੈ, ਜਿਸ ਨਾਲ ਪਾਣੀ ਅਤੇ ਪ੍ਰਦੂਸ਼ਣ ਫੈਲਦਾ ਹੈ। ਰਿਹਾਇਸ਼ ਦੀ ਸਮੱਸਿਆ ਨੂੰ ਹੱਲ ਕਰਨ ਲਈ ਜੰਗਲਾਂ ਦੀ ਕਟਾਈ ਹੁੰਦੀ ਹੈ ਅਤੇ ਮਨੁੱਖਾਂ ਦੇ ਰਹਿਣ ਲਈ ਪਿੰਡਾਂ ਅਤੇ ਸ਼ਹਿਰਾਂ ਦਾ ਨਿਰਮਾਣ ਕੀਤਾ ਜਾਂਦਾ ਹੈ।

ਲੋਕਾਂ ਦੀਆਂ ਲੋੜਾਂ ਦੀ ਪੂਰਤੀ ਲਈ ਰੁੱਖਾਂ ਨੂੰ ਵੱਢਿਆ ਜਾਂਦਾ ਹੈ ਜਿਸ ਤੋਂ ਲੱਕੜੀ ਪ੍ਰਾਪਤ ਹੁੰਦੀ ਹੈ ਅਤੇ ਉਸ ਨੂੰ ਮਨੁੱਖੀ ਜ਼ਿੰਦਗੀ ’ਚ ਵਰਤੋਂ ’ਚ ਲਿਆਂਦਾ ਜਾਂਦਾ ਹੈ।

ਜੰਗਲਾਂ ਅਤੇ ਰੁੱਖਾਂ ਦੇ ਵੱਢਣ ਨਾਲ ਸਾਡੀ ਕੁਦਰਤੀ ਜਾਇਦਾਦ ਦਾ ਨੁਕਸਾਨ ਹੁੰਦਾ ਹੈ ਅਤੇ ਕੁਦਰਤ ’ਤੇ ਵੀ ਇਸ ਦਾ ਬੁਰਾ ਅਸਰ ਪੈਂਦਾ ਹੈ, ਜਿਸ ਦੇ ਭੈੜੇ ਸਿੱਟੇ ਆਏ ਦਿਨ ਦੇਖਣ ਨੂੰ ਮਿਲਦੇ ਹਨ।

ਵਧਦੀ ਆਬਾਦੀ ਦੇ ਕਾਰਨ ਵਾਹਨਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ ਜਿਸ ਨਾਲ ਗ੍ਰੀਨ ਹਾਊਸ ਗੈਸਾਂ ਦੀ ਵੱਧ ਤੋਂ ਵੱਧ ਨਿਕਾਸੀ ਹੋ ਰਹੀ ਹੈ ਅਤੇ ਸਾਡਾ ਵਾਯੂਮੰਡਲ ਇਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਰੁੱਖ ਪ੍ਰਕਾਸ਼ ਸ਼ੰਸ਼ਲੇਸ਼ਣ ਦੀ ਪ੍ਰਕਿਰਿਆ ’ਚ ਕਾਰਬਨਡਾਈਆਕਸਾਈਡ ਅੰਦਰ ਖਿੱਚਦੇ ਹਨ ਅਤੇ ਆਕਸੀਜਨ ਬਾਹਰ ਕੱਢਦੇ ਹਨ ਜੋ ਜੀਵਧਾਰੀਆਂ ਦੀ ਪ੍ਰਾਣਵਾਯੂ ਹੈ। ਰੁੱਖ ਵੱਢਣ ਨਾਲ ਕਾਰਬਨਡਾਈਆਕਸਾਈਡ ਦੀ ਮਾਤਰਾ ਵੱਧ ਹੋ ਜਾਵੇਗੀ, ਜੋ ਮਨੁੱਖਾਂ ਲਈ ਬਹੁਤ ਹਾਨੀਕਾਰਕ ਹੈ। ਆਬਾਦੀ ਵਧਣ ਦੇ ਕਾਰਨ ਧਰਤੀ ਦਾ ਤਾਪਮਾਨ ਵੀ ਵਧਦਾ ਹੈ ਅਤੇ ਸਮੁੰਦਰ ਦੇ ਪਾਣੀ ਦਾ ਪੱਧਰ ਵੀ। ਸਮੁੰਦਰ ਦਾ ਜਲ ਪੱਧਰ ਵਧਣ ਨਾਲ ਸਮੁੰਦਰ ਦੇ ਕੰਢਿਆਂ ਨਾਲ ਘਿਰੇ ਦੇਸ਼ਾਂ ਅਤੇ ਸਮੁੰਦਰ ਦੇ ਕੰਢਿਆਂ ਦੇ ਨੇੜਲੇ ਇਲਾਕਿਆਂ ਨੂੰ ਵੀ ਖਤਰਾ ਹੈ। ਆਬਾਦੀ ਦੇ ਵਾਧੇ ਨਾਲ ਖੇਤੀਬਾੜੀ ਲਈ ਵਰਤੇ ਜਾਂਦੇ ਇਲਾਕੇ ਵੀ ਘੱਟ ਹੋ ਜਾਂਦੇ ਹਨ ਜਿਸ ਨਾਲ ਅਨਾਜ ਦੀ ਸਮੱਸਿਆ ਪੈਦਾ ਹੁੰਦੀ ਹੈ। ਆਬਾਦੀ ਵੱਧ ਹੋਣ ਨਾਲ ਲੋੜ ਅਤੇ ਸਪਲਾਈ ’ਚ ਅਸੰਤੁਲਨ ਪੈਦਾ ਹੁੰਦਾ ਹੈ ਜਿਸ ਨਾਲ ਮੰਗ ਦੇ ਸਾਹਮਣੇ ਸਰੋਤ ਘੱਟ ਪੈਣ ਨਾਲ ਮਹਿੰਗਾਈ ਵਧਦੀ ਹੈ, ਅਜਿਹੀ ਸਥਿਤੀ ’ਚ ਲੋੜੀਂਦੇ ਤੌਰ ’ਤੇ ਅਮੀਰ ਆਦਮੀ ਤਾਂ ਉਨ੍ਹਾਂ ਸੋਮਿਆਂ ਦੀ ਵਰਤੋਂ ਕਰ ਸਕਦੇ ਹਨ ਪਰ ਗਰੀਬ ਵਰਗ ਉਨ੍ਹਾਂ ਤੋਂ ਵਾਂਝਾ ਹੀ ਰਹਿ ਜਾਂਦਾ ਹੈ ਜਿਸ ਨਾਲ ਸਮਾਜਿਕ ਨਾਬਰਾਬਰੀ ਪੈਦਾ ਹੁੰਦੀ ਹੈ।

ਪਰਿਵਾਰ ਜਿੰਨੇ ਛੋਟੇ ਹੋਣਗੇ, ਉਸ ਦੇ ਮੈਂਬਰ ਓਨੇ ਹੀ ਵੱਧ ਸਹੂਲਤ-ਸੰਪੰਨ ਜ਼ਿੰਦਗੀ ਬਿਤਾ ਸਕਣਗੇ। ਬੱਚਿਆਂ ਨੂੰ ਚੰਗੀ ਸਿੱਖਿਆ, ਚੰਗੇ ਸੰਸਕਾਰ ਤੇ ਚੰਗਾ ਪਾਲਣ-ਪੋਸ਼ਣ ਦਿੱਤਾ ਜਾ ਸਕੇਗਾ। ਦੇਸ਼ ਦੀ ਆਬਾਦੀ ਜਿੰਨੀ ਘੱਟ ਹੋਵੇਗੀ, ਨੌਕਰੀ ਅਤੇ ਸਰਕਾਰੀ ਸੁੱਖ-ਸਹੂਲਤਾਂ ਦੇ ਓਨੇ ਹੀ ਵੱਧ ਮੌਕੇ ਲੋਕਾਂ ਨੂੰ ਮਿਲਣਗੇ। ਘੱਟ ਆਬਾਦੀ ਵਾਲੇ ਦੇਸ਼ਾਂ ਦੇ ਨਾਗਰਿਕਾਂ ਨੂੰ ਚੰਗੀ ਸਿੱਖਿਆ, ਚੰਗੀ ਜੀਵਨਸ਼ੈਲੀ ਗੁਜ਼ਾਰਨ ਦੇ ਮੌਕੇੇ ਵੱਧ ਪੈਦਾ ਹੁੰਦੇ ਹਨ। ਵੱਧ ਆਬਾਦੀ ਹੋਣ ਨਾਲ ਦੇਸ਼ ’ਚ ਅਪਰਾਧੀਆਂ ਦੀ ਗਿਣਤੀ ਵੀ ਵਧ ਜਾਂਦੀ ਹੈ ਕਿਉਂਕਿ ਲੋਕਾਂ ਕੋਲ ਜਦੋਂ ਕੰਮ ਨਹੀਂ ਹੋਵੇਗਾ ਤਾਂ ਉਹ ਗਲਤ ਰਸਤੇ ਰਾਹੀਂ ਧਨ ਕਮਾਉਣ ਦੀ ਕੋਸ਼ਿਸ਼ ਕਰਨਗੇ। ਇਸ ਲਈ ਚੰਗੀ ਸਿੱਖਿਆ, ਚੰਗੀ ਸਿਹਤ ਅਤੇ ਵਧੀਆ ਜੀਵਨਸ਼ੈਲੀ ਲਈ ਕਿਸੇ ਦੇਸ਼ ’ਚ ਆਬਾਦੀ ਦਾ ਘੱਟ ਹੋਣਾ ਹੀ ਚੰਗਾ ਹੈ।

ਭਾਰਤ ਦੇ ਨਾਗਰਿਕਾਂ ’ਚ ਨੌਜਵਾਨਾਂ ਦੀ ਗਿਣਤੀ ਸਭ ਤੋਂ ਵੱਧ ਹੈ, ਇਸ ਦਾ ਫਾਇਦਾ ਇਹ ਹੋ ਸਕਦਾ ਹੈ ਕਿ ਇਸ ਨੌਜਵਾਨ ਆਬਾਦੀ ਦੀ ਵਰਤੋਂ ਦੇਸ਼ ਦੀ ਅਰਥਵਿਵਸਥਾ ਨੂੰ ਰਫਤਾਰ ਦੇਣ ’ਚ ਕੀਤੀ ਜਾ ਸਕਦੀ ਹੈ ਪਰ ਗੁਣਵੱਤਾ ਵਾਲੀ ਿਸੱਖਿਆ ਦੀ ਘਾਟ ’ਚ ਅਤੇ ਸੀਮਤ ਰੋਜ਼ਗਾਰ ਦੇ ਮੌਕੇ ਹੋਣ ਦੇ ਕਾਰਨ, ਇਹ ਨੌਜਵਾਨ ਆਬਾਦੀ ਵੀ ਬੋਝ ਬਣ ਕੇ ਹੀ ਰਹਿ ਜਾਵੇਗੀ। ਭਾਵ ਲੋੜੀਂਦੇ ਸਾਧਨਾਂ ਦੀ ਘਾਟ ਹੋਣ ਦੇ ਕਾਰਨ ਜ਼ਿਆਦਾਤਰ ਨੌਜਵਾਨ ਉੱਚ ਸਿੱਖਿਆ ਦੀਆਂ ਡਿਗਰੀਆਂ ਤਾਂ ਹਾਸਲ ਕਰ ਲੈਂਦੇ ਹਨ ਪਰ ਉਹ ਕਿਸੇ ਪ੍ਰਮੁੱਖ ਕਾਰਜ ਖੇਤਰ ਨਾਲ ਸਬੰਧਤ ਯੋਗਤਾ ਨੂੰ ਵਿਕਸਿਤ ਕਰਨ ਦੀ ਸਿਖਲਾਈ ਲੈਣ ’ਚ ਅਸਮਰੱਥ ਰਹਿੰਦੇ ਹਨ, ਜਿਸ ਦੇ ਨਤੀਜੇ ਵਜੋਂ ਉੱਚ ਸਿੱਖਿਆ ਹੋਣ ’ਤੇ ਵੀ ਉਹ ਬੇਰੋਜ਼ਗਾਰ ਹੀ ਰਹਿ ਜਾਂਦੇ ਹਨ।

ਆਬਾਦੀ ਵਾਧੇ ’ਤੇ ਸਿਰਫ ਦਿਵਸ ਮਨਾ ਲੈਣ ਨਾਲ ਹੀ ਸਾਡੀ ਜ਼ਿੰਮੇਵਾਰੀ ਪੂਰੀ ਨਹੀਂ ਹੁੰਦੀ ਸਗੋਂ ਇਸ ’ਤੇ ਰੋਕ ਲਗਾਉਣ ਲਈ ਠੋਸ ਕਦਮ ਚੁੱਕਣੇ ਹੋਣਗੇ। ਲੋਕਾਂ ਨੂੰ ਵੱਧ ਤੋਂ ਵੱਧ ਸਿੱਖਿਅਤ ਕਰ ਕੇ ਅਤੇ ਉਨ੍ਹਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕਰ ਕੇ, ਇਹ ਦੱਸਣ ਦੀ ਲੋੜ ਹੈ ਕਿ ਅੱਜ ਦੇ ਸਮੇਂ ’ਚ ਛੋਟੇ ਪਰਿਵਾਰ ਦੀ ਕਿੰਨੀ ਅਹਿਮੀਅਤ ਹੈ ਅਤੇ ਇਹ ਕਿਉਂ ਜ਼ਰੂਰੀ ਹੈ। ਪੜ੍ਹੇ-ਲਿਖੇ ਲੋਕ ਵੀ ਪੁੱਤਰ ਦੀ ਰੀਝ ’ਚ ਕਈ ਔਲਾਦਾਂ ਪੈਦਾ ਕਰਦੇ ਹਨ, ਉਨ੍ਹਾਂ ਦੀ ਜਿਣਸੀ ਵਿਤਕਰੇ ਦੀ ਮਾਨਸਿਕਤਾ ਨੂੰ ਬਦਲਣ ਦੀ ਲੋੜ ਹੈ।

ਸਰਕਾਰਾਂ ਵੀ ਆਪਣੇ ਸਿਆਸੀ ਫਾਇਦੇ ਦੇ ਕਾਰਨ ਇਸ ’ਤੇ ਕੋਈ ਠੋਸ ਫੈਸਲਾ ਲੈਣ ਅਤੇ ਕਾਨੂੰਨ ਬਣਾਉਣ ਤੋਂ ਝਿਜਕਦੀਆਂ ਹਨ। ਸਿਰਫ ਗੋਸ਼ਟੀਆਂ ਅਤੇ ਸੈਮੀਨਾਰ ਕਰ ਕੇ ਹੀ ਅਸੀਂ ਇਸ ਵਿਸ਼ੇ ਨੂੰ ਇੰਝ ਹੀ ਛੱਡ ਦਿੰਦੇ ਹਾਂ ਪਰ ਹੁਣ ਸਾਨੂੰ ਬਹੁਤ ਹੀ ਜਾਗਰੂਕ ਹੋਣਾ ਪਵੇਗਾ ਅਤੇ ਆਬਾਦੀ ਵਾਧੇ ਨੂੰ ਰੋਕਣ ਲਈ ਉਚਿਤ ਕਦਮ ਚੁੱਕਣੇ ਹੋਣਗੇ। ਸਰਕਾਰ ਦੇ ਨਾਲ-ਨਾਲ ਦੇਸ਼ ਦੇ ਹਰੇਕ ਨਾਗਰਿਕ ਨੂੰ ਇਸ ’ਤੇ ਚਿੰਤਾ ਕਰਨੀ ਹੋਵੇਗੀ ਅਤੇ ਛੋਟੇ ਪਰਿਵਾਰ ਦੀ ਨੀਤੀ ਨੂੰ ਅਮਲ ’ਚ ਲਿਆਉਣਾ ਹੋਵੇਗਾ।

ਆਬਾਦੀ ਵਾਧੇ ਦੇ ਕਾਰਨ ਹੀ ਅੱਜ ਦੇਸ਼ ’ਚ ਗਰੀਬੀ, ਭੁੱਖਮਰੀ, ਬੇਰੋਜ਼ਗਾਰੀ ਵਰਗੀਆਂ ਵੱਡੀਆਂ ਸਮੱਸਿਆਵਾਂ ਹਨ। ਭਾਰਤ ’ਚ ਇਕ ਧਰਮ ਵਿਸ਼ੇਸ਼ ਨੂੰ ਆਪਣੇ ਧਰਮ ਦੇ ਨਾਂ ’ਤੇ ਆਪਣੀ ਆਬਾਦੀ ਵਧਾਉਣ ਦੀ ਛੋਟ ਹੈ, ਜੋ ਕਿ ਸਰਾਸਰ ਅਣਉਚਿਤ ਹੈ। ਸਾਨੂੰ ਇਕਸਾਰ ਨਾਗਰਿਕ ਜ਼ਾਬਤਾ ਅਤੇ ਆਬਾਦੀ ਕੰਟਰੋਲ ਕਾਨੂੰਨ ਲਿਆ ਕੇ ਇਸ ਮਨਮਾਨੀ ’ਤੇ ਵੀ ਰੋਕ ਲਗਾਉਣੀ ਹੋਵੇਗੀ। ਦੇਸ਼ ’ਚ ਯੂ. ਪੀ. ਦੀ ਯੋਗੀ ਸਰਕਾਰ ਨੇ ਇਸ ਵੱਲ ਆਪਣੇ ਕਦਮ ਵਧਾ ਦਿੱਤੇ ਹਨ ਅਤੇ ਆਸ ਹੈ ਕਿ ਸਾਰੇ ਸੂਬੇ ਦੀਆਂ ਸਰਕਾਰਾਂ ਆਪਣੇ-ਆਪਣੇ ਸੂਬੇ ’ਚ ਅਜਿਹੇ ਕਾਨੂੰਨ ਲਿਆਉਣਗੀਆਂ ਅਤੇ ਭਵਿੱਖ ’ਚ ਦੇਸ਼ ਦੀ ਤਰੱਕੀ, ਵਿਕਾਸ ਅਤੇ ਖੁਸ਼ਹਾਲੀ ਦਾ ਰਾਹ ਪੱਧਰਾ ਹੋਵੇਗਾ।

Bharat Thapa

This news is Content Editor Bharat Thapa