ਅਯੁੱਧਿਆ ’ਚ ਰਾਮ ਮੰਦਿਰ ਦਾ ਨੀਂਹ ਪੱਥਰ ਅਤੇ ਪਾਲਮਪੁਰ ਦਾ ਰੋਟਰੀ ਭਵਨ

08/02/2020 3:27:03 AM

ਸ਼ਾਂਤਾ ਕੁਮਾਰ
ਸਾਬਕਾ ਮੁੱਖ ਮੰਤਰੀ ਹਿ. ਪ੍ਰ.

ਅਗਸਤ, 2020 ਦਾ ਦਿਨ ਭਾਰਤ ਦੇ ਇਤਿਹਾਸ ’ਚ ਸੁਨਹਿਰੀ ਅੱਖਰਾਂ ’ਚ ਲਿਖਿਆ ਜਾਵੇਗਾ ਅਤੇ ਹਮੇਸ਼ਾ ਲਈ ਯਾਦ ਕੀਤਾ ਜਾਵੇਗਾ। 500 ਸਾਲਾਂ ਦੇ ਲੰਬੇ ਸੰਘਰਸ਼, ਅਣਗਿਣਤ ਕੁਰਬਾਨੀਅਾਂ ਅਤੇ ਲੰਬੀ ਮੁਕੱਦਮੇਬਾਜ਼ੀ ਤੋਂ ਬਾਅਦ 5 ਅਗਸਤ ਨੂੰ ਪ੍ਰਧਾਨ ਮੰਤਰੀ ਮਾਣਯੋਗ ਸ਼੍ਰੀ ਨਰਿੰਦਰ ਮੋਦੀ ਜੀ ਰਾਮ ਮੰਦਿਰ ਦਾ ਨੀਂਹ ਪੱਥਰ ਰੱਖ ਰਹੇ ਹਨ।

ਭਾਰਤ ’ਚ ਸਦੀਅਾਂ ਦੀ ਗੁਲਾਮੀ ਦਾ ਇਹ ਬੜਾ ਦੁਖਦਾਈ ਪਹਿਲੂ ਰਿਹਾ ਹੈ ਕਿ ਭਾਰਤ ’ਚ ਵੀ ਪ੍ਰਭੂ ਰਾਮ ਦੇ ਜਨਮ ਅਸਥਾਨ ਅਯੁੱਧਿਆ ’ਚ ਰਾਮ ਮੰਦਿਰ ਬਣਾਉਣ ਲਈ ਇੰਨਾ ਲੰਬਾ ਸੰਘਰਸ਼ ਕਰਨਾ ਪਿਆ। ਇਸ ਦੁੱਖਦਾਈ ਇਤਿਹਾਸ ਦਾ ਇਕ ਹੀ ਕਾਰਨ ਹੈ ਕਿ ਭਾਰਤ ਆਪਣੀ ਹੋਂਦ ਨੂੰ ਭੁੱਲ ਗਿਆ, ਗੁਲਾਮ ਹੋਇਆ ਅਤੇ ਇਸ ਤਰ੍ਹਾਂ ਦੀਅਾਂ ਕਈ ਮੰਦਭਾਗੀਅਾਂ ਬੇਇਨਸਾਫੀਅਾਂ ਸਹਿਣੀਅਾਂ ਪਈਅਾਂ।

ਇਸ ਇਤਿਹਾਸਕ ਪ੍ਰਾਪਤੀ ਦੇ ਨਾਲ ਹਿਮਾਚਲ ਅਤੇ ਪਾਲਮਪੁਰ ਦਾ ਇਤਿਹਾਸਕ ਮਹੱਤਵ ਹੈ। ਅੱਜ ਤੋਂ 31 ਸਾਲ ਪਹਿਲਾਂ ਭਾਰਤੀ ਜਨਤਾ ਪਾਰਟੀ ਦੀ ਰਾਸ਼ਟਰੀ ਵਰਕਿੰਗ ਕਮੇਟੀ ਨੇ ਇਸੇ ਪਾਲਮਪੁਰ ਦੇ ਰੋਟਰੀ ਭਵਨ ’ਚ ਰਾਮ ਮੰਦਿਰ ਅੰਦੋਲਨ ’ਚ ਸ਼ਾਮਲ ਹੋਣ ਦਾ ਇਤਿਹਾਸਕ ਫੈਸਲਾ ਕੀਤਾ ਸੀ। ਉਸ ਤੋਂ ਬਾਅਦ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਜੀ ਨੇ ਸੋਮਨਾਥ ਤੋਂ ਲੈ ਕੇ ਅਯੁੱਧਿਆ ਤਕ ਇਤਿਹਾਸਕ ਰੱਥ ਯਾਤਰਾ ਕੱਢੀ। ਦੇਸ਼ ਜਾਗਿਆ, ਪੂਰਾ ਦੇਸ਼ ਅੰਦੋਲਨ ਦੇ ਨਾਲ ਖੜ੍ਹਾ ਹੋ ਗਿਆ।

6 ਦਸੰਬਰ 1992 ਨੂੰ ਅਯੁੱਧਿਆ ’ਚ ਮਸਜਿਦ ਢਹਿ-ਢੇਰੀ ਹੋਈ। ਭਾਜਪਾ ਦੀਅਾਂ 4 ਸਰਕਾਰਾਂ ਭੰਗ ਹੋ ਗਈਅਾਂ। ਲੰਬੀ ਮੁਕੱਦਮੇਬਾਜ਼ੀ ਹੋਈ। ਰਾਮ ਭਗਤਾਂ ਦੇ ਯਤਨਾਂ ਨਾਲ ਅਾਖਿਰ ’ਚ ਸੁਪਰੀਮ ਕੋਰਟ ਨੇ ਫੈਸਲਾ ਲਿਆ ਅਤੇ ਸ਼ਾਨਦਾਰ ਰਾਮ ਮੰਦਿਰ ਦੀ ਉਸਾਰੀ ਹੋ ਰਹੀ ਹੈ।

1989 ’ਚ ਮੈਂ ਪ੍ਰਦੇਸ਼ ਭਾਜਪਾ ਦਾ ਪ੍ਰਧਾਨ ਸੀ। ਪਾਰਟੀ ਵਲੋਂ ਵਰਕਿੰਗ ਕਮੇਟੀ ਦੀ ਬੈਠਕ ਪਾਲਮਪੁਰ ’ਚ ਕਰਨ ਲਈ ਕਿਹਾ ਗਿਆ। ਸੂਬੇ ਦੇ ਇੰਚਾਰਜ ਸ਼੍ਰੀ ਲਾਲ ਕ੍ਰਿਸ਼ਨ ਸ਼ਰਮਾ ਜੀ ਨੇ ਮੈਨੂੰ ਬੇਨਤੀ ਕੀਤੀ ਕਿ ਮੈਂ ਖੁਦ ਪਾਲਮਪੁਰ ’ਚ ਵਰਕਿੰਗ ਕਮੇਟੀ ਦਾ ਸੱਦਾ ਦੇਵਾਂ। ਪਾਲਮਪੁਰ ’ਚ ਇੰਨਾ ਵੱਡਾ ਪ੍ਰੋਗਰਾਮ ਕਰਨਾ ਬੜਾ ਹੀ ਔਖਾ ਲੱਗ ਰਿਹਾ ਸੀ ਪਰ ਅਸੀਂ ਇਹ ਬੇਨਤੀ ਪ੍ਰਵਾਨ ਕੀਤੀ। ਮੈਨੂੰ ਯਾਦ ਹੈ ਕਿ ਸਭ ਤੋਂ ਵੱਡੀ ਔਕੜ ਤਿੰਨ ਦਿਨ ਦੀ ਵਰਕਿੰਗ ਕਮੇਟੀ ਦਾ ਛੋਟੇ ਜਿਹੇ ਪਾਲਮਪੁਰ ’ਚ ਪ੍ਰਬੰਧ ਕਰਨਾ ਅਤੇ ਉਸ ਲਈ ਪੈਸੇ ਦੀ ਵਿਵਸਥਾ ਕਰਨੀ ਸੀ। ਉਸ ਸਮੇਂ ਪਾਰਟੀ ਦੇ ਪ੍ਰੋਗਰਾਮ ਪੂਰੀ ਤਰ੍ਹਾਂ ਵਰਕਰਾਂ ਨੂੰ ਹੀ ਕਰਨੇ ਪੈਂਦੇ ਸਨ।

ਅੱਜ ਦੇ ਵਾਂਗ ਸੰੰਪੰਨਤਾ ਨਹੀਂ ਸੀ। ਜ਼ਿਲੇ ਭਰ ਦੇ ਵਰਕਰਾਂ ਨੇ ਸਹਿਯੋਗ ਦਿੱਤਾ, ਧਨ ਇਕੱਠਾ ਹੋਇਆ। ਹਰ ਕਿਸਮ ਦੀ ਵਿਵਸਥਾ ਕੀਤੀ। ਪਾਲਮਪੁਰ ਦੇ ਰੋਟਰੀ ਭਵਨ ’ਚ 9, 10, 11 ਜੂਨ 1989 ਨੂੰ ਵਰਕਿੰਗ ਕਮੇਟੀ ਦੀ ਬੈਠਕ ਹੋਈ। ਬੈਠਕ ਦੀ ਪੂਰੀ ਵਿਵਸਥਾ ਵੀ ਮੇਰੇ ਜ਼ਿੰਮੇ ਸੀ ਅਤੇ ਵਰਕਿੰਗ ਕਮੇਟੀ ਦਾ ਮੈਂਬਰ ਹੋਣ ਦੇ ਕਾਰਨ ਮੈਂ ਬੈਠਕ ’ਚ ਹਿੱਸਾ ਵੀ ਲੈ ਰਿਹਾ ਸੀ। ਲੰਬੀ ਚਰਚਾ ਤੋਂ ਬਾਅਦ ਵਰਕਿੰਗ ਕਮੇਟੀ ਨੇ ਮਤਾ ਪਾਸ ਕੀਤਾ ਕਿ ਭਾਜਪਾ ਮੰਦਿਰ ਬਣਾਉਣ ਦੇ ਅੰਦੋਲਨ ’ਚ ਪੂਰੀ ਸ਼ਕਤੀ ਲਾਏਗੀ।

ਸ਼੍ਰੀ ਅਟਲ ਜੀ, ਸ਼੍ਰੀ ਅਡਵਾਨੀ ਜੀ ਅਤੇ ਵਿਜੇ ਰਾਜੇ ਸਿੰਧੀਅਾ ਜੀ ਨੂੰ ਪਾਲਮਪੁਰ ਸੈਸ਼ਨ ਹਾਊਸ ’ਚ ਠਹਿਰਾਇਆ ਗਿਆ ਸੀ। ਉਸ ਦੀ ਇਜਾਜ਼ਤ ਹਾਈਕੋਰਟ ਤੋਂ ਲੈਣੀ ਪਈ। ਸ਼੍ਰੀਮਤੀ ਸਿੰਧੀਆ ਜੀ ‘ਰਾਮਾਇਣ’ ਸੀਰੀਅਲ ਦੇਖਣ ਲਈ ਇਕ ਵਰਕਰ ਨੂੰ ਨਾਲ ਲੈ ਕੇ ਅਚਾਨਕ ਸਾਡੇ ਘਰ ਪਹੁੰਚ ਗਏ। ਉਨ੍ਹੀਂ ਦਿਨੀਂ ਸੈਸ਼ਨ ਹਾਊਸ ’ਚ ਟੀ. ਵੀ. ਨਹੀਂ ਸੀ। ਅਸੀਂ ਹੈਰਾਨ ਹੋਏ ਪਰ ਬਹੁਤ ਖੁਸ਼ ਹੋਏ। ਮੇਰੇ ਘਰ ’ਚ ਬੈਠ ਕੇ ਉਨ੍ਹਾਂ ਨੇ ਰਾਮਾਇਣ ਦੇਖੀ। ਇਕ ਦਿਨ ਪਾਲਮਪੁਰ ਦੇ ਮੇਰੇ ਨਿਵਾਸ ’ਤੇ ਪੂਰੀ ਵਰਕਿੰਗ ਕਮੇਟੀ ਨੂੰ ਕਾਂਗੜੀ-ਧਾਮ ਖੁਆਈ। ਸ਼੍ਰੀ ਅਟਲ ਜੀ ਸਮੇਤ ਸਾਰੇ ਨੇਤਾ ਧਰਤੀ ’ਤੇ ਬੈਠੇ ਅਤੇ ਪੱਤਲਾਂ ’ਤੇ ਭੋਜਨ ਕੀਤਾ।

ਵਰਕਿੰਗ ਕਮੇਟੀ ਦੇ ਆਖਰੀ ਦਿਨ ਪਾਲਮਪੁਰ ’ਚ ਇਤਿਹਾਸਕ ਵਿਸ਼ਾਲ ਰੈਲੀ ਹੋਈ। ਪੂਰਾ ਗਾਂਧੀ ਮੈਦਾਨ ਭਰ ਗਿਆ। ਲੋਕ ਦੂਰ ਤਕ ਖੜ੍ਹੇ ਰਹੇ। ਬਾਜ਼ਾਰ ’ਚ ਦੂਰ ਤਕ ਲਾਊਡ ਸਪੀਕਰ ਲਾਉਣੇ ਪਏ। ਰੈਲੀ ਖਤਮ ਹੋ ਗਈ ਪਰ ਲੋਕਾਂ ਦੇ ਆਉਣ ਦਾ ਤਾਂਤਾ ਲੱਗਾ ਰਿਹਾ। ਉਹੋ ਜਿਹੀ ਰੈਲੀ ਨਾ ਕਦੇ ਪਹਿਲਾਂ ਹੋਈ ਸੀ, ਨਾ ਕਦੇ ਉਸ ਤੋਂ ਬਾਅਦ ਕਦੀ ਹੋਈ। ਪਾਲਮਪੁਰ ਦੀ ਜਨਤਾ ਨੂੰ ਵੀ ਇਤਿਹਾਸਕ ਵਰਕਿੰਗ ਕਮੇਟੀ ਦੀ ਬੈਠਕ ਯਾਦ ਹੈ ਅਤੇ ਵਰਕਿੰਗ ਕਮੇਟੀ ਦੇ ਮੈਂਬਰਾਂ ਨੂੰ ਵੀ ਕਈ ਦਿਨ ਤਕ ਪਾਲਮਪੁਰ ਦੀ ਕਾਂਗੜੀ ਧਾਮ ਯਾਦ ਰਹੀ ਸੀ। ਸਾਡੇ ਸਾਰਿਅਾਂ ਲਈ ਇਹ ਬੜਾ ਕਿਸਮਤ ਵਾਲਾ ਮੌਕਾ ਸੀ।

ਉਸ ਤੋਂ ਬਾਅਦ ਸੂਬੇ ਦੀ ਇਕ ਬੈਠਕ ’ਚ ਇਹ ਤੈਅ ਹੋਇਆ ਕਿ 1990 ਦੀ ਵਿਧਾਨ ਸਭਾ ਦੀ ਦ੍ਰਿਸ਼ਟੀ ਤੋਂ ਪਾਰਟੀ ਨੂੰ ਕੋਈ ਵਿਸ਼ੇਸ਼ ਪ੍ਰੋਗਰਾਮ ਕਰਨਾ ਚਾਹੀਦਾ ਹੈ। ਮਹਿੰਦਰ ਸੋਫਤ ਪ੍ਰਦੇਸ਼ ਮੰਤਰੀ ਸਨ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਮੈਂ ਪਾਲਮਪੁਰ ਤੋਂ ਸ਼ਿਮਲਾ ਤਕ ਪੈਦਲ ਯਾਤਰਾ ਕਰਾਂ। ਕ੍ਰਿਸ਼ਨ ਲਾਲ ਸ਼ਰਮਾ ਜੀ ਨੇ ਸੁਝਾਅ ਨੂੰ ਸਲਾਹਿਆ। ਮੈਂ ਪ੍ਰਵਾਨ ਕੀਤਾ ਅਤੇ ਫਿਰ 14 ਦਿਨ ਦੀ ਇਤਿਹਾਸਕ ਯਾਤਰਾ ਪਾਲਮਪੁਰ ਤੋਂ ਸ਼ਿਮਲਾ ਤਕ ਕੀਤੀ। ਮੈਂ ਦਿਨ ਭਰ ਚੱਲਦਾ। ਸੈਂਕੜੇ ਵਰਕਰ ਮੇਰੇ ਨਾਲ ਚੱਲਦੇ। ਕਈ ਥਾਵਾਂ ’ਤੇ ਮੇਰਾ ਭਾਸ਼ਣ ਹੁੰਦਾ। ਰਾਤ ਨੂੰ ਜਿਥੇ ਠਹਿਰਦਾ, ਉਥੇ ਵੀ ਖੂਬ ਭੀੜ ਇਕੱਠੀ ਹੋ ਜਾਂਦੀ। ਅਜਿਹਾ ਜਨ-ਅੰਦੋਲਨ ਬਣ ਗਿਆ ਕਿ ਭਾਜਪਾ ਵਰਕਰ ਹੀ ਨਹੀਂ, ਆਮ ਜਨਤਾ ਸਾਡੇ ਨਾਲ ਸ਼ਾਮਲ ਹੋ ਗਈ। ਕਈ ਥਾਵਾਂ ’ਤੇ ਵਰਕਰ ਦਾ ਘਰ ਨਹੀਂ ਸੀ ਤਾਂ ਉਸ ਥਾਂ ਦੇ ਕਿਸੇ ਪ੍ਰਮੁੱਖ ਵਿਅਕਤੀ ਨੇ ਬੜੇ ਪਿਆਰ ਤੇ ਸਤਿਕਾਰ ਨਾਲ ਮੈਨੂੰ ਆਪਣੇ ਘਰ ਠਹਿਰਾਇਆ। ਮੇਰੇ ਨਾਲ ਚੱਲਣ ਵਾਲਿਅਾਂ ’ਚ ਔਰਤਾਂ ਤੇ ਆਮ ਜਨਤਾ ਵੀ ਸ਼ਾਮਲ ਹੋਣ ਲੱਗੀ।

ਪੈਦਲ ਯਾਤਰਾ ਦੀ ਪੂਰੀ ਵਿਵਸਥਾ ਮੁੱਖ ਤੌਰ ’ਤੇ ਸ਼੍ਰੀ ਮਹਿੰਦਰ ਸੋਫਤ ਨੇ ਕੀਤੀ ਸੀ। ਘੁਮਾਰਵੀਂ ਤੋਂ ਅੱਗੇ ਇਕ ਪੁਲ ’ਤੇ ਉਹ ਚੰਡੀਗੜ੍ਹ ਦੇ ਪ੍ਰਮੁੱਖ ਪੱਤਰਕਾਰਾਂ ਨੂੰ ਲੈ ਆਏ ਸਨ। ਉਸ ਦੇ ਦੋਵੇਂ ਪਾਸੇ ਭੀੜ ਸੀ। ਉਸ ਦਿਨ ਤੋਂ ਬਾਅਦ ਪੂਰੇ ਮੀਡੀਆ ’ਚ ਪੈਦਲ ਯਾਤਰਾ ਦੀਅਾਂ ਖਬਰਾਂ ਛਾਈਅਾਂ ਰਹੀਅਾਂ ਸਨ।

ਉਸ ਤੋਂ ਬਾਅਦ ਸ਼ਿਮਲਾ ’ਚ ਇਕ ਵਿਸ਼ਾਲ ਇਤਿਹਾਸਕ ਰੈਲੀ ਹੋਈ। ਸ਼੍ਰੀ ਅਟਲ ਜੀ ਅਤੇ ਸ਼੍ਰੀਮਤੀ ਸੁਸ਼ਮਾ ਸਵਰਾਜ ਜੀ ਆਏ ਸਨ। ਅੱਜ ਉਹ ਦੋਵੇਂ ਇਸ ਦੁਨੀਆ ’ਚ ਨਹੀਂ ਹਨ ਪਰ ਉਨ੍ਹਾਂ ਦੋਵਾਂ ਦੀ ਰੈਲੀ ’ਚ ਕਹੀ ਹੋਈ ਇਕ-ਇਕ ਗੱਲ ਮੈਨੂੰ ਯਾਦ ਹੈ। ਸ਼ਿਮਲਾ ’ਚ ਰਿੱਜ ਦੇ ਹੇਠਾਂ ਦਾ ਮੈਦਾਨ ਘੱਟ ਪੈ ਗਿਆ। ਲੋਕ ਦੂਰ-ਦੂਰ ਤਕ ਪਹਾੜੀਅਾਂ ’ਤੇ ਬੈਠੇ ਸੁਣ ਰਹੇ ਸਨ। ਸੁਸ਼ਮਾ ਸਵਰਾਜ ਜੀ ਨੇ ਕਿਹਾ ਸੀ, ‘‘ਮੈਂ ਰੁੱਖਾਂ ਦੇ ਪਹਾੜ ਤਾਂ ਦੇਖੇ ਹਨ ਪਰ ਅੱਜ ਪਹਿਲੀ ਵਾਰ ਮੈਂ ਮਨੁੱਖਾਂ ਦੇ ਪਹਾੜ ਦੇਖ ਰਹੀ ਹਾਂ।’’ ਸ਼੍ਰੀ ਅਟਲ ਜੀ ਨੇ ਕਿਹਾ ਸੀ, ‘‘ਪਾਲਮਪੁਰ ’ਚ ਵਰਕਿੰਗ ਕਮੇਟੀ ਦੀ ਬੈਠਕ, ਉਸ ਤੋਂ ਬਾਅਦ ਰਾਮ ਮੰਦਿਰ ਮਤਾ ਅਤੇ ਫਿਰ ਪਾਲਮਪੁਰ ਦੀ ਵਿਸ਼ਾਲ ਰੈਲੀ, ਉਸ ਤੋਂ ਬਾਅਦ ਸ਼ਾਂਤਾ ਕੁਮਾਰ ਦੀ ਪੈਦਲ ਯਾਤਰਾ ਅਤੇ ਫਿਰ ਅੱਜ ਇਹ ਇੰਨੀ ਵੱਡੀ ਰੈਲੀ ਦੇਖ ਕੇ ਮੈਨੂੰ ਯਕੀਨ ਹੋ ਗਿਆ ਹੈ ਕਿ ਆਉਣ ਵਾਲੀ ਚੋਣ ’ਚ ਸ਼ਾਂਤਾ ਕੁਮਾਰ ਹਿਮਾਚਲ ਦੇ ਮੁੱਖ ਮੰਤਰੀ ਬਣਨਗੇ।’’

ਫਿਰ ਕੁਝ ਰੁਕ ਕੇ ਬੋਲੇ, ‘‘ਮੈਨੂੰ ਜਾਪ ਰਿਹਾ ਹੈ ਕਿ ਚੋਣ ਤਾਂ ਅੱਜ ਹੀ ਹੋ ਗਈ ਹੈ ਬਸ ਵੋਟਾਂ ਦੀ ਗਿਣਤੀ ਉਸ ਦਿਨ ਹੋਵੇਗੀ।’’

ਉਸ ਤੋਂ ਕੁਝ ਦਿਨ ਬਾਅਦ ਲੋਕ ਸਭਾ ਦੀ ਚੋਣ ਹੋਈ। ਮੈਂ ਲੋਕ ਸਭਾ ਲਈ ਚੁਣਿਆ ਗਿਆ। ਕੁਝ ਦਿਨ ਬਾਅਦ ਹੀ ਹਿਮਾਚਲ ਵਿਧਾਨ ਸਭਾ ਦੀ ਚੋਣ ਹੋਈ। ਭਾਜਪਾ ਦੀ ਅਜਿਹੀ ਇਤਿਹਾਸਕ ਜਿੱਤ ਹਾਸਲ ਹੋਈ, ਜੋ ਅੱਜ ਤਕ ਕਦੇ ਕਿਸੇ ਪਾਰਟੀ ਨੂੰ ਪ੍ਰਾਪਤ ਨਹੀਂ ਹੋਈ। ਸਮਝੌਤੇ ’ਚ 51 ਸੀਟਾਂ ਲੜ ਕੇ ਅਸੀਂ 46 ਜਿੱਤੀਅਾਂ।

ਅਖ਼ਬਾਰਾਂ ਦੇ ਪੰਨਿਅਾਂ ’ਤੇ ਜਿੱਤਣ ਵਾਲਿਅਾਂ ਦੀ ਚਰਚਾ ਨਹੀਂ ਹੁੰਦੀ ਸੀ। ਇਹ ਚਰਚਾ ਹੁੰਦੀ ਸੀ ਕਿ ਉਹ 5 ਕਿਹੜੇ ਬਦਕਿਸਮਤ ਹਨ, ਜੋ ਇੰਨੀ ਵੱਡੀ ਲਹਿਰ ’ਚ ਵੀ ਜਿੱਤ ਨਹੀਂ ਸਕੇ। ਮੈਂ ਦੋ ਥਾਵਾਂ ਸੁਲਹ ਅਤੇ ਪਾਲਮਪੁਰ ਵਿਧਾਨ ਸਭਾ ਹਲਕੇ ਤੋਂ ਚੁਣਿਆ ਗਿਆ। ਸਿਆਸੀ ਇਤਿਹਾਸ ’ਚ ਇਕ ਨਵਾਂ ਰਿਕਾਰਡ ਬਣਿਆ। ਇਕ ਹੀ ਸਮੇਂ ’ਚ ਮੈਂ ਸੰਸਦ ਮੈਂਬਰ ਵੀ ਸੀ ਅਤੇ ਦੋ ਥਾਵਾਂ ਤੋਂ ਵਿਧਾਇਕ ਵੀ ਸੀ। ਕੁਝ ਦਿਨ ਬਾਅਦ ਹੀ ਇਕ ਲੋਕ ਸਭਾ ਅਤੇ ਇਕ ਵਿਧਾਨ ਸਭਾ ਦੀ ਸੀਟ ਤੋਂ ਅਸਤੀਫਾ ਦੇ ਕੇ ਮੈਂ ਹਿਮਾਚਲ ਪ੍ਰਦੇਸ਼ ਦਾ ਦੂਸਰੀ ਵਾਰ ਮੁੱਖ ਮੰਤਰੀ ਬਣਿਆ। 1989 ਅਤੇ 1990 ਦਾ ਸਮਾਂ ਹਿਮਾਚਲ ਦੇ ਇਤਿਹਾਸ ’ਚ ਭਾਜਪਾ ਦੀ ਇਤਿਹਾਸਕ ਪ੍ਰਾਪਤੀ ਲਈ ਯਾਦ ਕੀਤਾ ਜਾਵੇਗਾ।

ਪੂਰਾ ਵਿਸ਼ਵ ਉਨ੍ਹਾਂ ਮਰਿਆਦਾ ਪੁਰਸ਼ੋਤਮ ਨੂੰ ਬੜੀ ਸ਼ਰਧਾ ਤੇ ਸਨਮਾਨ ਨਾਲ ਦੇਖਦਾ ਹੈ। ਪ੍ਰਭੂ ਰਾਮ ਪੂਰੇ ਦੇਸ਼ ਦੇ ਹਨ। ਅਮਰੀਕਾ ਵਿਚ ਨਿਊਯਾਰਕ ’ਚ ਸਥਿਤ ਪ੍ਰਸਿੱਧ ‘ਟਾਈਮਸ ਸਕਵੇਅਰ’ ਉੱਤੇ 5 ਅਗਸਤ ਨੂੰ ਭਗਵਾਨ ਸ਼੍ਰੀ ਰਾਮ ਜੀ ਦੀ ਵਿਸ਼ਾਲ ਤਸਵੀਰ ਅਤੇ ਰਾਮ ਮੰਦਿਰ ਦਾ 3-ਡੀ ਅਕਸ ਦਿਖਾਇਆ ਜਾਵੇਗਾ। ਨਿਊਯਾਰਕ ਦੇ ਭਾਰਤ-ਅਮਰੀਕੀ ਲੋਕ ਮਾਮਲਿਅਾਂ ਦੀ ਕਮੇਟੀ ਦੇ ਪ੍ਰਧਾਨ ਜਗਦੀਸ਼ ਸੇਵਹਾਨੀ ਨੇ ਦੱਸਿਆ ਕਿ ਉਸ ਖਾਸ ਮੌਕੇ ਲਈ ਇਕ ਵਿਸ਼ਾਲ ਸਕ੍ਰੀਨ ਅਤੇ 17 ਹਜ਼ਾਰ ਵਰਗ ਫੁੱਟ ਦੀ ਐੱਲ. ਈ. ਡੀ. ਡਿਸਪਲੇਅ ਸਕ੍ਰੀਨ ਲਗਾਈ ਜਾ ਰਹੀ ਹੈ। ਅਯੁੱਧਿਆ ’ਚ ਸਤਿਕਾਰਯੋਗ ਨਰਿੰਦਰ ਮੋਦੀ ਜੀ ਵਲੋਂ ਸ਼੍ਰੀ ਰਾਮ ਮੰਦਿਰ ਦੇ ਨਿਰਮਾਣ ਦੇ ਭੂਮੀ ਪੂਜਨ ਦੀਅਾਂ ਤਸਵੀਰਾਂ ਪ੍ਰਦਰਸ਼ਿਤ ਕੀਤੀਅਾਂ ਜਾਣਗੀਅਾਂ। ਮੈਂ ਸਾਰੇ ਭਾਰਤ ਵਾਸੀਅਾਂ ਨੂੰ ਇਹ ਅਪੀਲ ਕਰਦਾ ਹਾਂ ਕਿ 5 ਅਗਸਤ ਨੂੰ ਨੀਂਹ ਪੱਥਰ ਰੱਖਣ ਦੇ ਸਮੇਂ ਸਾਰੇ ਭਰਾ-ਭੈਣਾਂ ਆਪਣੇ ਘਰਾਂ ’ਚ ਰਾਮ ਜੀ ਦੀ ਤਸਵੀਰ ਦੇ ਸਾਹਮਣੇ ਫੁੱਲ ਅਰਪਣ ਕਰ ਕੇ ਇਸ ਇਤਿਹਾਸਕ ਦਿਨ ਨੂੰ ਜ਼ਰੂਰ ਮਨਾਉਣ।

Bharat Thapa

This news is Content Editor Bharat Thapa