ਕੋਵਿਡ ਦਾ ਖਤਰਾ ਬਰਕਰਾਰ, ਠਰ੍ਹੰਮੇ ਦੀ ਲੋੜ

08/05/2021 3:30:51 AM

ਵਿਪਿਨ ਪੱਬੀ 
ਸਰਕਾਰ ਵੱਲੋਂ ਸੰਚਾਲਿਤ ਮੀਡੀਆ ’ਚ ਵਾਰ-ਵਾਰ ਚੱਲਣ ਵਾਲੇ ਸੰਦੇਸ਼ਾਂ, ਮੋਬਾਇਲ ਤੇ ਵੱਜਣ ਵਾਲੀ ਰਿੰਗ ਟੋਨਜ਼ ਅਤੇ ਕੋਵਿਡ ਪ੍ਰੋਟੋਕਾਲ ਦਾ ਅਨੁਸਰਨ ਕਰਨ ਅਤੇ ਸਾਵਧਾਨੀਆਂ ਵਰਤਣ ਦੀ ਲੋੜ ਸ਼ਾਇਦ ਸਾਡੇ ਕੰਨਾਂ ਨੂੰ ਚੜ੍ਹਾਉਣ ਵਾਲੀ ਗੱਲ ਹੋ ਸਕਦੀ ਹੈ ਪਰ ਅਸਲੀਅਤ ਇਹ ਹੈ ਕਿ ਦੇਸ਼ ’ਚ ਕੋਵਿਡ ਦੀ ਸਥਿਤੀ ਖਤਰਨਾਕ ਰੂਪ ਧਾਰਨ ਕਰ ਰਹੀ ਹੈ।

ਤਾਜ਼ਾ ਰਿਪੋਰਟਾਂ ਦੇ ਅਨੁਸਾਰ ਆਰ ਫੈਕਟਰ ਭਾਵ ਕਿ ਰੀ-ਪ੍ਰੋਡਕਟਿਵ ਫੈਕਟਰ ਜੋ ਕਿ ਪ੍ਰਤੀ ਵਿਅਕਤੀ ਇਨਫੈਕਸ਼ਨ ਦੇ ਬਾਰੇ ’ਚ ਵਾਧਾ ਦਰ ਦਰਸਾਉਂਦਾ ਹੈ, 8 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਵੱਧ ਰਿਹਾ ਹੈ। ਸਭ ਤੋਂ ਵਾਧੇ ਵਾਲਾ ਫੈਕਟਰ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ’ਚ ਦਿਖਾਈ ਦਿੰਦਾ ਹੈ। ਹੋਰ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੋ ਕਿ ਸਭ ਤੋਂ ਵੱਧ ਪ੍ਰਭਾਵਿਤ ਹਨ, ਉਨ੍ਹਾਂ ’ਚ ਤਾਮਿਲਨਾਡੂ, ਕਰਨਾਟਕ, ਕੇਰਲ, ਪੁਡੂਚੇਰੀ ਅਤੇ ਲਕਸ਼ਦੀਪ ਸ਼ਾਮਲ ਹਨ।

ਆਰ ਫੈਕਟਰ ਦਰ 0.6 ਤੱਕ ਡਿਗ ਗਈ ਹੈ ਅਤੇ ਕਈ ਇਲਾਕਿਆਂ ’ਚ ਇਹ 1.4 ਤੋਂ ਵੱਧ ਦਰਜ ਕੀਤੀ ਗਈ ਹੈ। ਸਰਕਾਰ ਦੇ ਨਾਲ ਕੰਮ ਕਰ ਰਹੇ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਵਾਧਾ ਦਰਸਾਉਂਦਾ ਹੈ ਕਿ ਇਨਫੈਕਟਿਡ ਲੋਕਾਂ ਦੀ ਗਿਣਤੀ ’ਚ ਵਾਧਾ ਹੋ ਰਿਹਾ ਹੈ ਅਤੇ ਭਾਰਤ ’ਚ ਤੀਸਰੀ ਲਹਿਰ ਆ ਸਕਦੀ ਹੈ।

ਕੋਵਿਡ ਦੀ ਡੈਲਟਾ ਕਿਸਮ ਜੋ ਕਿ ਅਸਲ ’ਚ ਭਾਰਤ ’ਚ ਹੀ ਵਿਕਸਤ ਹੋਈ ਸੀ, ਵਰਤਮਾਨ ’ਚ ਚੀਨ ਸਮੇਤ ਕਈ ਹੋਰ ਦੇਸ਼ਾਂ ’ਚ ਡਰਾਉਣੀ ਸਥਿਤੀ ਪੈਦਾ ਕਰ ਰਹੀ ਹੈ। ਵੱਖ-ਵੱਖ ਦੇਸ਼ਾਂ ’ਚ ਲਾਕਡਾਊਨ ਲਗਾਏ ਗਏ ਹਨ ਅਤੇ ਕੋਵਿਡ ਦੀ ਇਸ ਨਵੀਂ ਕਿਸਮ ਦੇ ਵਿਰੁੱਧ ਹਾਈ ਅਲਰਟ ਜਾਰੀ ਕੀਤੇ ਹਨ। ਡੈਲਟਾ ਵੇਰੀਐਂਟ ਨੇ ਇਨਫੈਕਸ਼ਨ ਨੂੰ ਲੈ ਕੇ ਅਮਰੀਕਾ ’ਚ 30 ਫੀਸਦੀ ਤੱਕ ਦਾ ਵਾਧਾ ਦਰਜ ਕੀਤਾ ਹੈ। ਦੱਖਣੀ ਅਮਰੀਕਾ ਅਤੇ ਉਸ ਦੇ ਨਾਲ ਲੱਗਦੇ ਇਲਾਕਿਆਂ ’ਚ ਵੀ ਇਸ ਕਿਸਮ ਦਾ ਵਾਧਾ ਦਰਜ ਕੀਤਾ ਗਿਆ ਹੈ।

ਅਸੀਂ ਅਜੇ ਵੀ ਨਹੀਂ ਜਾਣਦੇ ਕਿ ਮੌਤਾਂ ਦਾ ਸਹੀ ਅੰਕੜਾ ਕੀ ਹੈ। ਨਾ ਹੀ ਅਸੀਂ ਦੇਸ਼ ’ਚ ਇਨਫੈਕਟਿਡ ਲੋਕਾਂ ਦੀ ਕੁਲ ਅਸਲੀ ਗਿਣਤੀ ਦਾ ਅਨੁਮਾਨ ਲਗਾ ਸਕਦੇ ਹਾਂ। ਅਧਿਕਾਰਕ ਅੰਕੜੇ ਇਸ ਗਿਣਤੀ ਨੂੰ 3.7 ਕਰੋੜ ਤੋਂ ਵੱਧ ਦਰਸਾਉਂਦੇ ਹਨ ਅਤੇ 4.25 ਲੱਖ ਮੌਤਾਂ ਰਿਕਾਰਡ ਕੀਤੀਆਂ ਗਈਆਂ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਅਸਲੀ ਅੰਕੜੇ ਅਧਿਕਾਰਕ ਅੰਕੜਿਆਂ ਨਾਲੋਂ ਕਿਤੇ ਵੱਧ ਹੋ ਸਕਦੇ ਹਨ। ਅਜਿਹਾ ਖਦਸ਼ਾ ਹੈ ਕਿ ਅਧਿਕਾਰਕ ਅੰਕੜੇ ਅਸਲ ਅੰਕੜਿਆਂ ਨਾਲੋਂ ਕਿਤੇ ਹੇਠਾਂ ਹਨ।

ਪਰ ਹੁਣ ਜੋ ਗੰਭੀਰ ਚਿੰਤਾ ਵਾਲੀ ਗੱਲ ਹੈ ਉਹ ਇਹ ਹੈ ਕਿ ਲੋਕਾਂ ਦਾ ਵਤੀਰਾ ਬੇਹੱਦ ਲਾਪਰਵਾਹੀ ਵਾਲਾ ਹੈ। ਅਸੀਂ ਸਾਰਿਆਂ ਨੇ ਕੋਵਿਡ ਪ੍ਰੋਟੋਕਾਲ ਨੂੰ ਮੰਨਣਾ ਬੰਦ ਕਰ ਦਿੱਤਾ ਹੈ ਅਤੇ ਇਹ ਮੰਨਣਾ ਸ਼ੁਰੂ ਕਰ ਦਿੱਤਾ ਹੈ ਕਿ ਸਾਨੂੰ ਕੁਝ ਵੀ ਹੋਣ ਵਾਲਾ ਨਹੀਂ ਹੈ। ਅਸੀਂ ਸੈਰ-ਸਪਾਟੇ ਵਾਲੀਆਂ ਥਾਵਾਂ, ਸ਼ਾਪਿੰਗ ਮਾਲਾਂ ਅਤੇ ਬਾਜ਼ਾਰਾਂ ’ਚ ਹਜ਼ਾਰਾਂ ਦੀ ਗਿਣਤੀ ’ਚ ਭੀੜ ਇਕੱਠੀ ਹੁੰਦੀ ਦੇਖੀ ਹੈ। ਕੁਝ ਸੂਬਾ ਸਰਕਾਰਾਂ ਨੇ ਸਿੱਖਿਆ ਸੰਸਥਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਮੀਡੀਆ ’ਚ ਪ੍ਰਕਾਸ਼ਿਤ ਤਸਵੀਰਾਂ ਦਰਸਾਉਂਦੀਆਂ ਹਨ ਕਿ ਛੋਟੇ ਬੱਚਿਆਂ ਨੂੰ ਕਿਸ ਤਰ੍ਹਾਂ ਅਸੀਂ ਜੋਖਮ ’ਚ ਪਾ ਰਹੇ ਹਾਂ ਕਿਉਂਕਿ ਸਰਕਾਰ ਵੱਲੋਂ ਸੰਚਾਲਿਤ ਕੁਝ ਸਕੂਲ ਨਿਯਮਾਂ ਨੂੰ ਅਣਡਿੱਠ ਕਰਦੇ ਹਨ। ਬੱਚਿਆਂ ਦੀ ਦੇਖਭਾਲ ਦੇ ਲਈ ਸਾਨੂੰ ਹੋਰ ਸਖਤ ਹੋਣ ਦੀ ਲੋੜ ਹੈ ਕਿਉਂਕਿ ਛੋਟੇ ਬੱਚੇ ਜਲਦੀ ਹੀ ਲਪੇਟ ’ਚ ਆ ਜਾਣਗੇ, ਜੇਕਰ ਭਾਰਤ ’ਚ ਤੀਸਰੀ ਲਹਿਰ ਆ ਗਈ। ਮੰਗਲਵਾਰ ਨੂੰ ਭਾਰਤ ’ਚ 42, 497 ਕੋਵਿਡ ਦੇ ਨਵੇਂ ਮਾਮਲੇ ਦਰਜ ਕੀਤੇ ਗਏ। ਪਿਛਲੇ ਕੁਝ ਦਿਨਾਂ ’ਚ ਰੋਜ਼ਾਨਾ ਦੀ ਗਿਣਤੀ 40 ਹਜ਼ਾਰ ਤੋਂ ਉਪਰ ਦੀ ਹੈ। ਇਸ ਦੌਰਾਨ ਨੇਪਾਲ ’ਚ ਮੰਗਲਵਾਰ ਨੂੰ ਕੋਵਿਡ-19 ਦੇ ਮਾਮਲੇ 23,500 ਨੂੰ ਪਾਰ ਕਰ ਗਏ ਜੋ ਕਿ ਪਿਛਲੇ 2 ਮਹੀਨਿਆਂ ’ਚ ਕਿਸੇ ਵੀ ਸੂਬਾ ਸਰਕਾਰ ਵੱਲੋਂ ਇਕ ਦਿਨ ’ਚ ਸਭ ਤੋਂ ਵੱਧ ਰਿਕਾਰਡ ਮਾਮਲੇ ਹਨ।

ਅਜਿਹੀ ਗਿਣਤੀ ਅਤੇ ਅੰਕੜੇ ਬੇਹੱਦ ਡਰਾਉਣੇ ਹਨ। ਦੂਸਰੀ ਲਹਿਰ ਦੌਰਾਨ ਦੇਸ਼ ਅਤੇ ਲੋਕ ਕੋਵਿਡ - 19 ਦੀ ਪਕੜ ’ਚ ਆ ਗਏ ਸਨ, ਜਿਸ ਦੇ ਕਾਰਨ ਕਈ ਮੌਤਾਂ ਹੋਣ ਦਾ ਦਾਅਵਾ ਕੀਤਾ ਗਿਆ ਸੀ। ਦੂਸਰੀ ਲਹਿਰ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ ਬੇਹੱਦ ਹੈਰਾਨ ਕਰਨ ਵਾਲੀ ਸੀ।

ਸਰਕਾਰ ਇਕ ਨਿਸ਼ਚਿਤ ਦਿਖਾਈ ਦੇਣ ਵਾਲੀ ਤੀਸਰੀ ਲਹਿਰ ਦੇ ਲਈ ਤਿਆਰੀਆਂ ਕਰ ਰਹੀ ਹੈ ਪਰ ਆਮ ਲੋਕਾਂ ਦੇ ਲਈ ਅਜਿਹਾ ਨਹੀਂ ਕਿਹਾ ਜਾ ਸਕਦਾ। ਅਜਿਹੇ ਲੋਕ ਨਾ ਸਿਰਫ ਆਪਣੀ ਜ਼ਿੰਦਗੀ ਜੋਖਮ ’ਚ ਪਾ ਰਹੇ ਹਨ, ਸਗੋਂ ਆਪਣੇ ਨੇੜਲਿਆਂ ਅਤੇ ਬੱਚਿਆਂ ਦੀ ਜ਼ਿੰਦਗੀ ਵੀ ਖਤਰੇ ’ਚ ਪਾ ਰਹੇ ਹਨ।

Bharat Thapa

This news is Content Editor Bharat Thapa