ਲੋਕ ਸਭਾ ਵਿਚ ਨੇਤਾ ਦੀ ਚੋਣ ’ਚ ਕਾਂਗਰਸ ਨੇ ਕੀਤਾ ਹੈਰਾਨ

06/24/2019 7:26:42 AM

ਰਾਹਿਲ ਨੋਰਾ ਚੋਪੜਾ
ਲੋਕ ਸਭਾ ਵਿਚ ਪਾਰਟੀ ਦੇ ਨੇਤਾ ਦੀ ਚੋਣ ਕਰਨ ਦੇ ਮਾਮਲੇ ’ਚ ਕਾਂਗਰਸ ਨੇ ਹੈਰਾਨ ਕਰਨ ਵਾਲਾ ਫੈਸਲਾ ਲਿਆ ਹੈ। ਹਾਲਾਂਕਿ ਪਾਰਟੀ ਕੋਲ ਮਨੀਸ਼ ਤਿਵਾੜੀ, ਸ਼ਸ਼ੀ ਥਰੂਰ ਅਤੇ ਕੋਡੀਕੁਨਿਲ ਸੁਰੇਸ਼ ਵਰਗੇ ਮਸ਼ਹੂਰ ਅਤੇ ਭਾਸ਼ਣ ’ਚ ਨਿਪੁੰਨ ਨੇਤਾ ਹਨ, ਜੋ ਸੰਸਦੀ ਮਾਮਲਿਆਂ ਦੀ ਵੀ ਡੂੰਘੀ ਸਮਝ ਰੱਖਦੇ ਹਨ ਪਰ ਇਸ ਦੇ ਬਾਵਜੂਦ ਪਾਰਟੀ ਨੇ ਲੋਕ ਸਭਾ ਵਿਚ ਆਪਣੇ ਨੇਤਾ ਦੇ ਤੌਰ ’ਤੇ ਅਧੀਰ ਰੰਜਨ ਚੌਧਰੀ ਨੂੰ ਚੁਣਿਆ। ਇਸ ਤੋਂ ਕਾਂਗਰਸ ਦੇ ਸੰਸਦ ਮੈਂਬਰ ਅਤੇ ਨੇਤਾ ਵੀ ਹੈਰਾਨ ਹਨ। ਪੱਛਮੀ ਬੰਗਾਲ ਤੋਂ 5 ਵਾਰ ਸੰਸਦ ਮੈਂਬਰ ਰਹੇ ਅਧੀਰ ਰੰਜਨ ਚੌਧਰੀ ਦੀ ਪਛਾਣ ਇਕ ਜੁਝਾਰੂ ਜ਼ਮੀਨੀ ਪੱਧਰ ਦੇ ਵਰਕਰ ਦੀ ਹੈ, ਜਿਨ੍ਹਾਂ ਦਾ ਪੱਛਮੀ ਬੰਗਾਲ ’ਚ ਚੰਗਾ ਜਨ-ਆਧਾਰ ਹੈ।

ਚੌਧਰੀ ਅਜਿਹੇ ਪਹਿਲੇ ਵਿਅਕਤੀ ਸਨ, ਜਿਨ੍ਹਾਂ ਨੇ ਮਮਤਾ ’ਤੇ ਸਾਰਦਾ ਘਪਲੇ ਦੇ ਦੋਸ਼ ਲਾਏ ਸਨ। ਸਿਆਸੀ ਤੌਰ ’ਤੇ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਸਦਨ ਦਾ ਨੇਤਾ ਇਸ ਲਈ ਬਣਾਇਆ ਗਿਆ ਕਿਉਂਕਿ ਉਹ ਆਪਣੇ ਵਿਘਨ ਪਾਉਣ ਵਾਲੇ ਵਿਵਹਾਰ ਨਾਲ ਸਦਨ ਨੂੰ ਮੁਲਤਵੀ ਕਰਵਾਉਣ ’ਚ ਕਾਮਯਾਬ ਰਹਿਣਗੇ ਅਤੇ ਲੋਕਾਂ ਦਾ ਧਿਆਨ ਆਕਰਸ਼ਿਤ ਕਰਨਗੇ। ਇਸ ਤੋਂ ਇਲਾਵਾ ਪਾਰਟੀ ਲੀਡਰਸ਼ਿਪ ਉਨ੍ਹਾਂ ਤੋਂ ਕੋਈ ਖਤਰਾ ਵੀ ਮਹਿਸੂਸ ਨਹੀਂ ਕਰਦੀ। ਉਨ੍ਹਾਂ ਦੇ ਨਾਲ ਇਕ ਦਿੱਕਤ ਇਹ ਵੀ ਆ ਸਕਦੀ ਹੈ ਕਿ ਉਨ੍ਹਾਂ ਨੂੰ ਸਦਨ ਦੇ ਫਲੋਰ ’ਤੇ ਟੀ. ਐੱਮ. ਸੀ. ਨਾਲ ਤਾਲਮੇਲ ਬਿਠਾਉਣ ’ਚ ਮੁਸ਼ਕਿਲ ਆ ਸਕਦੀ ਹੈ। ਨੇਤਾ ਦੇ ਤੌਰ ’ਤੇ ਚੌਧਰੀ ਦੀ ਚੋਣ ਕਰ ਕੇ ਪਾਰਟੀ ਨੇ ਆਪਣੇ ਵਰਕਰਾਂ ਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਜ਼ਮੀਨ ਨਾਲ ਜੁੜੇ ਵਰਕਰਾਂ ਦੀ ਕਦਰ ਕਰਦੀ ਹੈ ਅਤੇ ਉਨ੍ਹਾਂ ਦੀ ਮਿਹਨਤ ਬੇਕਾਰ ਨਹੀਂ ਜਾਵੇਗੀ।

ਮਨਮੋਹਨ ਸਿੰਘ ਕਿੱਥੋਂ ਜਾਣਗੇ ਰਾਜ ਸਭਾ ’ਚ

ਅਜਿਹਾ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਨੇ ਡੀ. ਐੱਮ. ਕੇ. ਤੋਂ ਰਾਜ ਸਭਾ ਦੀ ਇਕ ਸੀਟ ਲਈ ਮਦਦ ਮੰਗੀ ਹੈ। ਅਜਿਹੇ ਸੰਕੇਤ ਹਨ ਕਿ ਇਸ ਸੀਟ ਦੀ ਵਰਤੋਂ ਕਾਂਗਰਸ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਰਾਜ ਸਭਾ ’ਚ ਲਿਆਉਣ ਲਈ ਕਰਨਾ ਚਾਹੁੰਦੀ ਹੈ, ਜੋ 15 ਜੂਨ ਨੂੰ ਰਿਟਾਇਰ ਹੋ ਗਏ ਹਨ। ਕਾਂਗਰਸੀ ਸੂਤਰਾਂ ਅਨੁਸਾਰ ਪਾਰਟੀ ਨੇ ਡੀ. ਐੱਮ. ਕੇ. ਤੋਂ ਉਨ੍ਹਾਂ 3 ਸੀਟਾਂ ’ਚੋਂ ਇਕ ਦੀ ਮੰਗ ਕੀਤੀ ਹੈ, ਜਿਨ੍ਹਾਂ ’ਚ ਡੀ. ਐੱਮ. ਕੇ. ਦੀ ਜਿੱਤ ਸੰਭਾਵਿਤ ਹੈ, ਬਾਕੀ 3 ਸੀਟਾਂ ਏ. ਆਈ. ਏ. ਡੀ. ਐੱਮ. ਕੇ. ਦੇ ਖਾਤੇ ਵਿਚ ਜਾਣਗੀਆਂ, ਜੇਕਰ ਉਹ ਆਪਣੇ ਮੈਂਬਰਾਂ ਨੂੰ ਇਕਜੁੱਟ ਰੱਖਣ ’ਚ ਕਾਮਯਾਬ ਰਹੇ। ਸੂਤਰਾਂ ਦਾ ਕਹਿਣਾ ਹੈ ਕਿ ਡੀ. ਐੱਮ. ਕੇ. ਕਾਂਗਰਸ ਦੀ ਇਸ ਮੰਗ ’ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ, ਫਿਰ ਵੀ ਜੇਕਰ ਗੱਲ ਨਹੀਂ ਬਣੀ ਤਾਂ ਬਦਲ ਦੇ ਤੌਰ ’ਤੇ ਅੰਬਿਕਾ ਸੋਨੀ ਦੀ ਸੀਟ ਖਾਲੀ ਕਰਵਾ ਕੇ ਮਨਮੋਹਨ ਸਿੰਘ ਨੂੰ ਪੰਜਾਬ ਤੋਂ ਰਾਜ ਸਭਾ ਵਿਚ ਭੇਜਿਆ ਜਾ ਸਕਦਾ ਹੈ।

ਰਾਜਨੀਤੀ ’ਚ ਅਭਿਨੇਤਰੀਆਂ

ਲੋਕ ਸਭਾ ਚੋਣਾਂ ਤੋਂ ਬਾਅਦ ਪਹਿਲੀ ਵਾਰ ਆਈਆਂ ਮਹਿਲਾ ਸੰਸਦ ਮੈਂਬਰਾਂ, ਜੋ ਕਿ ਅਭਿਨੇਤਰੀਆਂ ਹਨ, ਜਿਵੇਂ ਕਰਨਾਟਕ ਤੋਂ ਸੁਮਲਤਾ ਅਮਰਨਾਥ, ਪੱਛਮੀ ਬੰਗਾਲ ਤੋਂ ਮੀਮੀ ਚੱਕਰਵਰਤੀ ਅਤੇ ਨੁਸਰਤ ਜਹਾਂ ਬਾਰੇ ਹਰ ਕੋਈ ਚਰਚਾ ਕਰ ਰਿਹਾ ਹੈ ਪਰ ਦਲਿਤ ਅਭਿਨੇਤਰੀ ਨਵਨੀਤ ਕੌਰ ਦੀ ਕੋਈ ਜ਼ਿਆਦਾ ਚਰਚਾ ਨਹੀਂ ਹੋਈ, ਜਿਨ੍ਹਾਂ ਨੇ ਸ਼ਿਵ ਸੈਨਾ ਦੇ 5 ਵਾਰ ਸੰਸਦ ਮੈਂਬਰ ਰਹੇ ਆਨੰਦ ਰਾਵ ਅਡਸੂਲ ਨੂੰ ਮੋਦੀ ਲਹਿਰ ਦੇ ਬਾਵਜੂਦ ਅਮਰਾਵਤੀ ਤੋਂ ਹਰਾਇਆ ਹੈ। ਨਵਨੀਤ ਕੌਰ ਪੰਜਾਬੀ ਹੈ ਅਤੇ ਉਸ ਨੇ ਤੇਲਗੂ, ਮਲਿਆਲਮ, ਕੰਨੜ, ਪੰਜਾਬੀ, ਤਮਿਲ ਅਤੇ ਹਿੰਦੀ ਫਿਲਮਾਂ ’ਚ ਕੰਮ ਕੀਤਾ ਹੈ ਪਰ ਮਰਾਠੀ ਫਿਲਮਾਂ ’ਚ ਕਦੇ ਕੰਮ ਨਹੀਂ ਕੀਤਾ।

ਵਸੁੰਧਰਾ ਰਾਜੇ ਦਾ ਬੁਰਾ ਸਮਾਂ

ਕਿਸੇ ਸਮੇਂ ਸਭ ਤੋਂ ਪ੍ਰਸਿੱਧ ਨੇਤਾ ਅਤੇ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦੀ ਤੂਤੀ ਬੋਲਦੀ ਸੀ ਪਰ ਲੋਕ ਸਭਾ ਚੋਣਾਂ ਤੋਂ ਬਾਅਦ ਉਹ ਆਪਣੇ ਬੇਟੇ ਰਾਣਾ ਦੁਸ਼ਯੰਤ ਸਿੰਘ ਨੂੰ ਕੇਂਦਰੀ ਮੰਤਰੀ ਮੰਡਲ ਵਿਚ ਮੰਤਰੀ ਅਹੁਦਾ ਦਿਵਾਉਣ ’ਚ ਅਸਫਲ ਰਹੀ। ਨਰਿੰਦਰ ਮੋਦੀ ਨੇ ਗਜੇਂਦਰ ਸਿੰਘ ਸ਼ੇਖਾਵਤ ਅਤੇ ਅਰਜੁਨ ਰਾਮ ਮੇਘਵਾਲ ਨੂੰ ਮੰਤਰੀ ਬਣਾਇਆ ਹੈ, ਜੋ ਵਸੁੰਧਰਾ ਰਾਜੇ ਦੇ ਵਿਰੋਧੀ ਧੜੇ ਦੇ ਮੰਨੇ ਜਾਂਦੇ ਹਨ। ਇਸ ਤੋਂ ਇਲਾਵਾ ਓਮ ਬਿਰਲਾ ਨੂੰ ਲੋਕ ਸਭਾ ਸਪੀਕਰ ਬਣਾ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਸਮਾਜਿਕ ਕੰਮਾਂ ਅਤੇ ਜਨਸੇਵਾ ਦਾ ਇਨਾਮ ਦਿੱਤਾ ਗਿਆ ਹੈ। ਕੁਲ ਮਿਲਾ ਕੇ ਸੰਕੇਤ ਇਹ ਹੈ ਕਿ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦੀ ਪਾਰਟੀ ਹਾਈਕਮਾਨ ਵਿਚ ਹੁਣ ਪਹਿਲਾਂ ਵਰਗੀ ਪੈਠ ਨਹੀਂ ਰਹੀ।

ਦਿੱਲੀ ਕਾਂਗਰਸ ’ਚ ਅੰਦਰੂਨੀ ਕਲੇਸ਼

ਕਾਂਗਰਸ ਦਿੱਲੀ ਵਿਚ ਲੋਕ ਸਭਾ ਦੀਆਂ ਸਾਰੀਆਂ 7 ਸੀਟਾਂ ਹਾਰ ਚੁੱਕੀ ਹੈ ਅਤੇ ਹੁਣ ਸ਼ੀਲਾ ਦੀਕਸ਼ਿਤ ਅਤੇ ਅਜੈ ਮਾਕਨ ਧੜਿਆਂ ’ਚ ਅੰਦਰੂਨੀ ਕਲੇਸ਼ ਇਕ ਵਾਰ ਫਿਰ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਇਸ ਵਾਰ ਸ਼ੀਲਾ ਦੀਕਸ਼ਿਤ ਧੜੇ ਨੇ ਏ. ਆਈ. ਸੀ. ਸੀ. ਦੇ ਦਿੱਲੀ ਦੇ ਇੰਚਾਰਜ ਪੀ. ਸੀ. ਚਾਕੋ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਸ ਹਾਰ ਲਈ ਜ਼ਿੰਮੇਵਾਰ ਠਹਿਰਾਇਆ ਹੈ। ਪੀ. ਸੀ. ਚਾਕੋ ਅਜੈ ਮਾਕਨ ਦੇ ਨਜ਼ਦੀਕੀ ਮੰਨੇ ਜਾਂਦੇ ਹਨ। ਉਧਰ ਮਾਕਨ ਧੜਾ ਲੋਕ ਸਭਾ ਚੋਣਾਂ ’ਚ ਹਾਰ ਲਈ ਸ਼ੀਲਾ ਦੀਕਸ਼ਿਤ ਨੂੰ ਦੋਸ਼ੀ ਠਹਿਰਾ ਰਿਹਾ ਹੈ। ਅਜੈ ਮਾਕਨ ਧੜੇ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼ੀਲਾ ਦੀਕਸ਼ਿਤ ਨੂੰ ਪ੍ਰਦੇਸ਼ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਪਾਰਟੀ ਹਾਈਕਮਾਨ ਸਾਹਮਣੇ ਰੱਖੀ ਹੈ। ਪਾਰਟੀ ਹਾਈਕਮਾਨ ਨੇ ਭਰੋਸਾ ਦਿੱਤਾ ਹੈ ਕਿ ਇਸ ਸਬੰਧ ’ਚ ਉਚਿਤ ਸਮੇਂ ’ਤੇ ਫੈਸਲਾ ਲਿਆ ਜਾਵੇਗਾ ਪਰ ਉਦੋਂ ਤਕ ਉਹ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਇਕਜੁੱਟ ਹੋ ਕੇ ਕੰਮ ਕਰਨ।

nora_chopra@yahoo.com
 

Bharat Thapa

This news is Content Editor Bharat Thapa