ਪੰਜਾਬ ਦੇ ਸੁਨਹਿਰੇ ਭਵਿੱਖ ਦਾ ਪ੍ਰਤੀਕ ‘ਸ਼ਾਹਪੁਰ ਕੰਡੀ ਡੈਮ’

06/28/2019 6:48:06 AM

ਭਾਖੜਾ ਡੈਮ ਦਾ ਉਦਘਾਟਨ ਕਰਦਿਆਂ ਬਹੁਤ ਭਾਵੁਕ ਅੰਦਾਜ਼ ’ਚ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰ. ਜਵਾਹਰ ਲਾਲ ਨਹਿਰੂ ਨੇ ਕਿਹਾ ਸੀ ਕਿ ਸਿੰਚਾਈ ਅਤੇ ਬਿਜਲੀ ਉਤਪਾਦਨ ਕਰਨ ਵਾਲੇ ਇਹ ਪ੍ਰਾਜੈਕਟ ਸਾਡੇ ਤੀਰਥ ਅਸਥਾਨ ਹਨ। ਬਿਲਕੁਲ ਸਹੀ ਹੈ ਕਿ ਦੇਸ਼ ’ਚ ਬਣ ਰਹੇ ਡੈਮ ਸਾਡੇ ਵਿਕਾਸ ਦੇ ਮੀਲ ਪੱਥਰ ਹਨ। 2003 ਵਿਚ ਜਦੋਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਨੇ ਥੀਨ ਡੈਮ ਦੇਸ਼ ਨੂੰ ਸਮਰਪਿਤ ਕੀਤਾ ਤਾਂ ਇਲਾਕਾ ਨਿਵਾਸੀਆਂ, ਪੰਜਾਬ ਅਤੇ ਦੇਸ਼ ਲਈ ਸ਼ੁੱਭ ਦਿਨ ਸ਼ੁਰੂ ਹੋ ਗਏ। ਕਰਮਚਾਰੀਆਂ ਦੇ ਕੁਆਰਟਰ, ਕਰਮਚਾਰੀ ਥੀਨ ਡੈਮ ਦੀ ਬਚੀ ਮਸ਼ੀਨਰੀ ਬੇਕਾਰ ਹੋ ਗਈ। ਉਸੇ ਇਨਫ੍ਰਾਸਟਰੱਕਚਰ ਨਾਲ 2003 ’ਚ ਥੀਨ ਡੈਮ ਤੋਂ 11 ਕਿਲੋਮੀਟਰ ਪੱਛਮ ਵੱਲ ਅਤੇ ਉਸੇ ਰਾਵੀ ਦਰਿਆ ’ਤੇ ਸ਼ਾਹਪੁਰ ਪਿੰਡ ਦੇ ਹੇਠਾਂ ਰਹਿਣ ਵਾਲੇ ਰਾਵੀ ਦਰਿਆ ਉੱਤੇ ਸ਼ਾਹਪੁਰ ਕੰਡੀ ਡੈਮ ਦਾ ਨਿਰਮਾਣ ਸ਼ੁਰੂ ਕੀਤਾ ਜਾਣਾ ਚਾਹੀਦਾ ਸੀ। 1993 ’ਚ ਸ਼ਾਹਪੁਰ ਕੰਡੀ ਡੈਮ ਦੀ ਲਾਗਤ 895.5 ਕਰੋੜ ਰੁਪਏ ਮਿੱਥੀ ਗਈ ਸੀ।

ਕੰਮ ਲਟਕਦਾ ਰਿਹਾ

ਬਦਕਿਸਮਤੀ ਨਾਲ ਕਦੇ ਕਰਮਚਾਰੀਆਂ ਦੇ ਵਿਵਾਦ, ਕਦੇ ਵਿੱਤੀ ਸੰਕਟ ਨਾਲ ਤਾਂ ਕਦੇ ਪੰਜਾਬ ਅਤੇ ਜੰਮੂ-ਕਸ਼ਮੀਰ ਸਰਕਾਰਾਂ ਦੇ ਆਪਸੀ ਮੱਤਭੇਦਾਂ ਕਾਰਣ ‘ਸ਼ਾਹਪੁਰ ਕੰਡੀ ਡੈਮ ਪ੍ਰਾਜੈਕਟ’ ਦਾ ਕੰਮ ਲਟਕਦਾ ਚਲਿਆ ਗਿਆ। ਰਾਵੀ ਦਰਿਆ ਦਾ ਪਾਣੀ ਵਿਅਰਥ ਪਾਕਿਸਤਾਨ ਨੂੰ ਜਾਂਦਾ ਰਿਹਾ। ਮਸ਼ੀਨਰੀ ਅਤੇ ਕਰਮਚਾਰੀ ਬੇਕਾਰ ਬੈਠੇ ਰਹੇ। ਸਰਕਾਰ ਨੂੰ ਰੋਜ਼ਾਨਾ 2 ਕਰੋੜ ਰੁਪਏ ਦਾ ਨੁਕਸਾਨ ਹੋਣ ਲੱਗਾ। ਇਸ ਦਰਦ ਨੂੰ ਥੀਨ ਡੈਮ ਦੇ ਸੇਵਾ ਮੁਕਤ ਕਰਮਚਾਰੀ ਪੰ. ਅਨੰਤ ਰਾਮ ਨੇ ਸਮਝਿਆ। ਰਣਜੀਤ ਸਾਗਰ ਡੈਮ ਵੈੱਲਫੇਅਰ ਸੋਸਾਇਟੀ ਸ਼ਾਹਪੁਰ ਕੰਡੀ ਜੁਗਿਆਲ ਦੇ ਉਹ ਪ੍ਰਧਾਨ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੱਥਾਂ ਸਮੇਤ 2003 ਤੋਂ 2018 ਤਕ ਰੋਜ਼ਾਨਾ 2 ਕਰੋੜ ਰੁਪਏ ਦੇ ਹਿਸਾਬ ਨਾਲ ਦੇਸ਼ ਨੂੰ 10,950 ਕਰੋੜ ਰੁਪਏ ਦਾ ਨੁਕਸਾਨ ਸ਼ਾਹਪੁਰ ਕੰਡੀ ਡੈਮ ਦੇ ਨਾ ਬਣਨ ਨਾਲ ਦੇਸ਼ ਨੂੰ ਹੋਣ ਦੇ ਸਬੰਧ ਵਿਚ ਜਾਣੂ ਕਰਵਾਇਆ।

ਪੰ. ਅਨੰਤ ਰਾਮ ਦੇ ਪੱਤਰ ਵਿਵਹਾਰ ਦਾ ਨਰਿੰਦਰ ਮੋਦੀ ਅਤੇ ਗਡਕਰੀ ਨੇ ਤੁਰੰਤ ਨੋਟਿਸ ਲਿਆ। ਪੰਜਾਬ ਸਰਕਾਰ ਅਤੇ ਥੀਨ ਡੈਮ ਅਧਿਕਾਰੀਆਂ ਨੂੰ ਤੁਰੰਤ ਸ਼ਾਹਪੁਰ ਕੰਡੀ ਡੈਮ ਨੂੰ ਸ਼ੁਰੂ ਕਰਨ ਦੇ ਹੁਕਮ ਦਿੱਤੇ। 2838 ਕਰੋੜ ਰੁਪਏ ਦੀ ਵਿਵਸਥਾ ਨਰਿੰਦਰ ਮੋਦੀ ਨੇ ਕੀਤੀ ਅਤੇ ਕੰਮ ਸ਼ੁਰੂ ਕਰਵਾਇਆ। ਮਾਰਚ 2013 ’ਚ ਸ਼ਾਹਪੁਰ ਕੰਡੀ ਡੈਮ ਨੂੰ ਬਣਾਉਣ ਦਾ ਠੇਕਾ ਮੈਸ: ਸੋਮਾ ਐਂਡ ਕੰਪਨੀ ਨੂੰ ਦੇ ਦਿੱਤਾ ਗਿਆ ਸੀ। ਪੈਸਾ ਨਾ ਮਿਲਣ ਕਾਰਣ ਕੰਮ ਠੱਪ ਪਿਆ ਸੀ। ਮਸ਼ੀਨਰੀ ਖਰਾਬ ਹੋ ਰਹੀ ਸੀ। ਕੁਆਰਟਰ ਖੰਡਰ ਬਣ ਰਹੇ ਸਨ ਅਤੇ ਕਰਮਚਾਰੀ ਬਿਨਾਂ ਕੰਮ ਦੇ ਤਨਖਾਹ ਲੈ ਰਹੇ ਸਨ। ਅਜਿਹੇ ਹਾਲਾਤ ’ਚ ਪੈਸੇ ਦਾ ਆਉਣਾ, ਡੈਮ ਦੇ ਕੰਮ ਦਾ ਧੜਾਧੜ ਸ਼ੁਰੂ ਹੋ ਜਾਣਾ ਇਕ ਚਮਤਕਾਰ ਤੋਂ ਘੱਟ ਨਹੀਂ। ਇਸ ਦਾ ਸਿਹਰਾ ਪੰ. ਅਨੰਤ ਰਾਮ ਨੂੰ ਦਿੱਤਾ ਜਾਣਾ ਚਾਹੀਦਾ ਹੈ।

ਸ਼ਾਹਪੁਰ ਕੰਡੀ ਡੈਮ ਪਠਾਨਕੋਟ ਤੋਂ ਉੱਤਰ ਦਿਸ਼ਾ ’ਚ 11 ਕਿਲੋਮੀਟਰ ਦੀ ਦੂਰੀ ’ਤੇ ਹੈ। ਲੱਗਭਗ ਇੰਨੀ ਹੀ ਦੂਰੀ ਇਸ ਨਿਰਮਾਣ ਅਧੀਨ ਸ਼ਾਹਪੁਰ ਕੰਡੀ ਡੈਮ ਦੀ ਰਣਜੀਤ ਸਾਗਰ ਡੈਮ ਤੋਂ ਹੈ। ਸ਼ਾਹਪੁਰ ਕੰਡੀ ਇਕ ਇਤਿਹਾਸਿਕ ਪਿੰਡ ਹੈ, ਜਿਸ ਦਾ ਪ੍ਰਾਚੀਨ ਵੈਦਿਕ ਸਾਹਿਤ ’ਚ ਸ਼ਾਰਦਾਪੁਰਮ ਨਾਂ ਸੀ। ਇਸੇ ਪਿੰਡ ਦੇ ਬਿਲਕੁਲ ਹੇਠਾਂ ਰਾਵੀ ਦਰਿਆ ਵਹਿੰਦਾ ਹੈ। ਇਸੇ ਸਥਾਨ ’ਤੇ ਪਠਾਣੀਆਂ, ਰਾਜਪੂਤ ਰਾਜਿਆਂ ਦਾ ਪ੍ਰਾਚੀਨ ਕਿਲਾ ਅਤੇ ਸ਼ਾਰਦਾ ਮਾਤਾ ਦਾ ਇਤਿਹਾਸਿਕ ਮੰਦਰ ਹੈ। ਇਸ ਕਿਲੇ ਤੋਂ ਫਰਲਾਂਗ ਭਰ ਦੀ ਦੂਰੀ ’ਤੇ ਡੈਮ ਦਾ ਕੰਮ ਦਿਨ-ਰਾਤ ਚੱਲ ਰਿਹਾ ਹੈ। ਕੰਪਨੀ ਨੇ ਇਹ ਡੈਮ 36 ਮਹੀਨਿਆਂ ਵਿਚ ਤਿਆਰ ਕਰ ਕੇ ਦੇਸ਼ ਨੂੰ ਦੇਣਾ ਹੈ ਤਾਂ ਕਿ ਰਾਵੀ ਦਰਿਆ ਦਾ ਪਾਣੀ ਪਾਕਿਸਤਾਨ ਨੂੰ ਨਾ ਜਾ ਸਕੇ। 2038 ਕਰੋੜ ਦੇ ਇਸ ਬਹੁਮੁਖੀ ਪ੍ਰਾਜੈਕਟ ਨਾਲ ਪੰਜਾਬ ਅਤੇ ਗੁਆਂਢੀ ਰਾਜਾਂ ਦੀ ਕਿਸਮਤ ਬਦਲਣ ਵਾਲੀ ਹੈ। ਖੁਸ਼ਕਿਸਮਤੀ ਨਾਲ ਸ਼ਾਹਪੁਰ ਕੰਡੀ ਡੈਮ ਦੇ ਕੰਮ ਨੂੰ ਦੇਖਣ ਦਾ ਮੌਕਾ ਇਥੋਂ ਦੇ ਐੱਸ. ਈ. ਸੁਧੀਰ ਗੁਪਤਾ ਅਤੇ ਐਕਸੀਅਨ ਜਨਕ ਰਾਜ ਡੋਗਰਾ ਦੇ ਰਾਹੀਂ ਹਾਸਿਲ ਹੋਇਆ।

ਡੈਮ ਦੀਆਂ ਵਿਸ਼ੇਸ਼ਤਾਵਾਂ

ਸ਼ਾਹਪੁਰ ਕੰਡੀ ਡੈਮ ਦੀਆਂ ਕੁਝ ਵਿਸ਼ੇਸ਼ਤਾਵਾਂ ਤੁਹਾਡੀ ਸੇਵਾ ’ਚ ਰੱਖਣਾ ਚਾਹਾਂਗਾ–

(1) ਇਕ ਨਹਿਰ ਕੱਢੀ ਜਾਵੇਗੀ, ਜੋ ਮਾਧੋਪੁਰ ਦੇ ਮੁਕਾਮ ’ਤੇ ਅੱਪਰ ਬਾਰੀ ਦੁਆਬ ’ਚ ਜਾ ਕੇ ਮਿਲ ਜਾਵੇਗੀ। ਦੂਜੀ ਨਹਿਰ ਜੰਮੂ-ਕਸ਼ਮੀਰ ਦੇ ਖੇਤਰ ’ਚ ਕੱਢੀ ਜਾਵੇਗੀ।

(2) ਸ਼ਾਹਪੁਰ ਕੰਡੀ ਡੈਮ ਦੇ ਨਿਰਮਾਣ ’ਚ ਲੱਗਭਗ 11,00,000 ਕਿਊਬਿਕ ਮੀਟਰ ਕੰਕਰੀਟ ਕੰਮ ਆਵੇਗਾ। ਸੀਮੈਂਟ ਦੇ ਲੱਗਭਗ 55,00,000 ਬੋਰਿਆਂ ਦੀ ਵਰਤੋਂ ਹੋਵੇਗੀ।

(3) 20,000 ਮੀਟ੍ਰਿਕ ਟਨ ਲੋਹਾ ਇਸ ਦੇ ਨਿਰਮਾਣ ’ਚ ਵਰਤਿਆ ਜਾਵੇਗਾ।

(4.) ਇਹ ਡੈਮ 55.4 ਮੀਟਰ ਉੱਚਾ ਹੋਵੇਗਾ। ਇਸ ਦੀ ਲੰਬਾਈ 133 ਮੀਟਰ ਅਤੇ ਚੌੜਾਈ 15 ਮੀਟਰ ਹੋਵੇਗੀ।

(5) 36 ਮਹੀਨੇ ਦਿਨ-ਰਾਤ 700 ਕਰਮਚਾਰੀ ਕੰਮ ਕਰਦੇ ਰਹਿਣਗੇ।

(6) ਜੰਮੂ-ਕਸ਼ਮੀਰ ਨੂੰ ਪੰਜਾਬ ਨਾਲ ਜੋੜਨ ਵਾਲਾ ਇਕ ਆਧੁਨਿਕ ਪੁਲ ਬਣਾਇਆ ਜਾਵੇਗਾ, ਜਿਸ ਦਾ ਇਕ ਸਿਰਾ ਜੰਮੂ-ਕਸ਼ਮੀਰ ਦੇ ਪਿੰਡ ਵਸੰਤਪੁਰ ਅਤੇ ਦੂਸਰਾ ਪੰਜਾਬ ਦੇ ਅੱਛਬਾਲ ਪਿੰਡ ਨੂੰ ਛੂਹੇਗਾ।

(7) ਡੈਮ ਦੇ ਉਪਰਲੇ ਹਿੱਸੇ ਦੀ ਚੌੜਾਈ 10 ਮੀਟਰ ਅਤੇ ਪੁਲ ਦੀ ਚੌੜਾਈ 15 ਮੀਟਰ ਹੋਵੇਗੀ। ਇਸ ਡੈਮ ਦੇ 22 ਸਪੈਨ ਹੋਣਗੇ।

(8) ਇਸ ਡੈਮ ਦੇ ਪੂਰਾ ਹੋਣ ’ਤੇ 602 ਮੈਗਾਵਾਟ ਬਿਜਲੀ ਦਾ ਉਤਪਾਦਨ ਹੋਵੇਗਾ, ਜਿਸ ਨਾਲ ਪੰਜਾਬ ਅਤੇ ਜੰਮੂ-ਕਸ਼ਮੀਰ ’ਚ ਬਿਜਲੀ ਦੀ ਕਮੀ ਨੂੰ ਪੂਰਾ ਕੀਤਾ ਜਾਵੇਗਾ। ਦੋਹਾਂ ਸੂਬਿਆਂ ਵੱਲ 2-2 ਬਿਜਲੀਘਰਾਂ ਦਾ ਨਿਰਮਾਣ ਕੀਤਾ ਜਾਵੇਗਾ।

(9) ਇਸ ਪ੍ਰਾਜੈਕਟ ਦੇ ਪੂਰਾ ਹੋਣ ਨਾਲ ਪੰਜਾਬ ਦੀ 3.48 ਲੱਖ ਹੈਕਟੇਅਰ ਜ਼ਮੀਨ ਅਤੇ ਜੰਮੂ-ਕਸ਼ਮੀਰ ਦੀ 32,173 ਹੈਕਟੇਅਰ ਜ਼ਮੀਨ ਨੂੰ ਸਿੰਚਾਈਯੋਗ ਬਣਾਇਆ ਜਾਵੇਗਾ।

ਖੇਤਰ ਲਹਿਲਹਾਉਣ ਲੱਗਣਗੇ

ਪੰਜਾਬ ਦੇ ਲੋਕਾਂ ਨੂੰ ਇਹ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਮਾਧੋਪੁਰ ਤੋਂ ਦੁਨੇਰਾ ਤਕ ਇਹ ਖੇਤਰ ਪੱਛੜਿਆ ਹੋਇਆ ਹੈ ਅਤੇ ਸਿੰਚਾਈ ਦੀਆਂ ਤਮਾਮ ਸਹੂਲਤਾਂ ਤੋਂ ਵਾਂਝਾ ਹੈ। ਇਸ ਨੂੰ ਕੰਡੀ ਦਾ ਮਾਰੂ ਇਲਾਵਨ ਕਹਿੰਦੇ ਹਨ। ਪੰਜਾਬ ਦੇ ਦੂਜੇ ਪਾਸੇ ਜੰਮੂ-ਕਸ਼ਮੀਰ ਦਾ ਸਾਰਾ ਖੇਤਰ ਅਰਧ ਪਹਾੜੀ ਅਤੇ ਕੰਡੀ ਖੇਤਰ ਅਖਵਾਉਂਦਾ ਹੈ। ਜਦੋਂ ਦੋਨਾਂ ਪਾਸੇ ਸਿੰਚਾਈ ਲਈ ਨਹਿਰਾਂ ਨਿਕਲਣਗੀਆਂ ਤਾਂ ਦੋਨਾਂ ਪਾਸਿਆਂ ਦੀ ਖੇਤੀ ਲਹਿਲਹਾਉਣ ਲੱਗੇਗੀ। ਪੰਜਾਬ ਤੋਂ ਜੰਮੂ, ਕਠੂਆ, ਮਾਨਪੁਰ ਅਤੇ ਬਸੋਹਲੀ ਜਾਣ ਵਾਲਿਆਂ ਦੀ ਮੀਲਾਂ ਦੀ ਦੂਰੀ ਘਟੇਗੀ। ਮੈਨੂੰ ਯਾਦ ਹੈ, ਜਦੋਂ ਮੈਂ ਇਸ ਖੇਤਰ ਦੀ ਪ੍ਰਤੀਨਿਧਤਾ ਕਰਦਾ ਸੀ ਤਾਂ ‘ਅਟਲ ਸੇਤੂ’ ਪੁਲ ਬਣਵਾਉਣ ਲਈ ਵਾਜਪਾਈ ਸਰਕਾਰ ਤੋਂ 649 ਕਰੋੜ ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਸੀ। ਅਟਲ ਸੇਤੂ, ਜੋ ਬਸੋਹਲੀ ਦੇ ਮੁਕਾਮ ’ਤੇ ਬਣਿਆ ਹੈ, ਉਸ ਨੇ ਉਸ ਖੇਤਰ ਦਾ ਰੂਪ ਹੀ ਬਦਲ ਦਿੱਤਾ ਹੈ।

ਜਦੋਂ ਇਸ ਕਿਸਮ ਦੇ ਡੈਮ ਬਣ ਜਾਂਦੇ ਹਨ ਤਾਂ ਇਨ੍ਹਾਂ ਬਹੁਮੁਖੀ ਪ੍ਰਾਜੈਕਟਾਂ ਨਾਲ ਖੇਤਰ ਦੀ ਨੁਹਾਰ ਬਦਲ ਜਾਂਦੀ ਹੈ। ਟੂਰਿਜ਼ਮ ਦੇ ਨਵੇਂ-ਨਵੇਂ ਦਾਇਰੇ ਖੁੱਲ੍ਹ ਜਾਂਦੇ ਹਨ। ਬਿਜਲੀ ਅਤੇ ਸਿੰਚਾਈ ਦੀਆਂ ਸਹੂਲਤਾਂ ਤਾਂ ਮਿਲਦੀਆਂ ਹੀ ਹਨ, ਨਾਲ ਹੀ ਕਿਸ਼ਤੀਚਾਲਨ, ਮੱਛੀ ਪਾਲਣ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਮੁਹੱਈਆ ਹੋਣ ਲੱਗਦੇ ਹਨ। ਸ਼ਰਤ ਹੁਣ ਸਿਰਫ ਇੰਨੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸ਼ਾਹਪੁਰ ਕੰਡੀ ਡੈਮ ਦੇ ਨਿਰਮਾਣ ਨੂੰ ਲਗਾਤਾਰ ਚਲਾਈ ਰੱਖਣ ਲਈ ਕੇਂਦਰ ਸਰਕਾਰ ’ਤੇ ਦਬਾਅ ਬਣਾਈ ਰੱਖਣ।
 

Bharat Thapa

This news is Content Editor Bharat Thapa