ਕਸ਼ਮੀਰ ’ਚ ਅੱਤਵਾਦੀਆਂ ਇਰਾਦੇ ’ਚ ਸਫਲ ਨਹੀਂ ਹੋਣਗੇ

10/10/2021 3:22:54 AM

ਅਵਧੇਸ਼ ਕੁਮਾਰ 
ਅੱਤਵਾਦੀਆਂ ਨੇ ਕਸ਼ਮੀਰ ਘਾਟੀ ’ਚ ਮੁੜ ਤੋਂ 1990 ਦਾ ਦਹਾਕਾ ਦੁਹਰਾਉਣ ਦੀ ਕਰਤੂਤ ਕੀਤੀ ਹੈ। ਜਿਸ ਤਰ੍ਹਾਂ ਸ਼੍ਰੀਨਗਰ ਦੇ ਸਕੂਲ ’ਚ ਪਛਾਣ ਪੱਤਰ ਦੇਖ ਕੇ ਮੁਸਲਮਾਨਾਂ ਨੂੰ ਵੱਖਰਾ ਕੀਤਾ ਗਿਆ ਅਤੇ ਇਕ ਹਿੰਦੂ ਅਧਿਆਪਕ ਅਤੇ ਉੱਥੋਂ ਦੀ ਸਿੱਖ ਪ੍ਰਿੰਸੀਪਲ ਨੂੰ ਗੋਲੀ ਮਾਰੀ ਗਈ, ਉਹ ਕਸ਼ਮੀਰ ’ਚ ਜਾਰੀ ਜਿਹਾਦੀ ਅੱਤਵਾਦ ਦੇ ਉਸੇ ਘਿਨੌਣੇ ਰੂਪ ਨੂੰ ਸਾਹਮਣੇ ਲਿਆਉਂਦਾ ਹੈ ਜਿਸ ਦਾ ਸਾਹਮਣਾ ਜੰਮੂ-ਕਸ਼ਮੀਰ ਅਤੇ ਭਾਰਤ ਲੰਬੇ ਸਮੇਂ ਤੋਂ ਕਰਦਾ ਰਿਹਾ ਹੈ।

ਅੱਤਵਾਦੀ ਸੰਗਠਨ ਲਸ਼ਕਰ-ਏ–ਤੋਇਬਾ ਦਾ ਹਿੱਟ ਸਕੁਐਡ ਅਖਵਾਉਣ ਵਾਲੇ ਸੰਗਠਨ ਟੀ. ਆਰ. ਐੱਫ. ਭਾਵ ਦਿ ਰੈਜੀਟੈਂਸ ਫ੍ਰੰਟ, ਜਿਸ ਨੇ ਇਸ ਦੀ ਜ਼ਿੰਮੇਵਾਰੀ ਲਈ, ਉਸ ਨੇ ਕਿਹਾ ਹੈ ਕਿ ਅਸੀਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ 15 ਅਗਸਤ ਦੇ ਆਜ਼ਾਦੀ ਦਿਵਸ ਪ੍ਰੋਗਰਾਮ ਨੂੰ ਨਾ ਕਰਨ ਲਈ ਕਿਹਾ ਸੀ। 15 ਅਗਸਤ ਦਾ ਪ੍ਰੋਗਰਾਮ ਨਹੀਂ ਹੋਣਾ ਚਾਹੀਦਾ ਸੀ ਪਰ ਅਧਿਆਪਕ ਦੀਪਕ ਚੰਦ ਪਟੋਲੀ ਮੰਗੋਤਰਿਆ ਅਤੇ ਸੁਪਿੰਦਰ ਕੌਰ ਨੇ 15 ਅਗਸਤ ਦਾ ਪ੍ਰੋਗਰਾਮ ਆਯੋਜਿਤ ਕੀਤਾ ਅਤੇ ਬੱਚਿਆਂ ਸਮੇਤ ਉਨ੍ਹਾਂ ਦੇ ਮਾਪਿਆਂ ਨੂੰ ਸ਼ਾਮਲ ਕੀਤਾ।

ਇਸ ਬਿਆਨ ਅਤੇ ਉਨ੍ਹਾਂ ਦੇ ਕਾਰੇ ਤੋਂ ਕਲਪਨਾ ਕੀਤੀ ਜਾ ਸਕਦੀ ਹੈ ਕਿ ਅੱਤਵਾਦੀ ਕਸ਼ਮੀਰ ਘਾਟੀ ’ਚ ਮੁੜ ਤੋਂ ਕੀ ਸੰਦੇਸ਼ ਦੇਣਾ ਚਾਹੁੰਦੇ ਹਨ। 7 ਅਕਤੂਬਰ ਦੀ ਇਸ ਘਟਨਾ ਤੋਂ ਪਹਿਲਾਂ 5 ਅਕਤੂਬਰ ਨੂੰ 3 ਅਤੇ 2 ਅਕਤੂਬਰ ਨੂੰ ਵੀ ਦੋ ਹੱਤਿਆਵਾਂ ਅੱਤਵਾਦੀਆਂ ਨੇ ਕੀਤੀਆਂ ਸਨ ਅਤੇ ਸਾਰਿਆਂ ਦਾ ਕਾਰਨ ਇਕ ਹੀ ਦੱਸਿਆ ਹੈ ਉਨ੍ਹਾਂ ਨੇ। ਉਹ ਕਾਰਨ ਹੈ, ਭਾਰਤ ਰਾਸ਼ਟਰ ਪ੍ਰਤੀ ਲਗਨ।

ਯਕੀਨੀ ਤੌਰ ’ਤੇ 5 ਅਕਤੂਬਰ ਨੂੰ ਸ਼੍ਰੀਨਗਰ ਦੀ ਹੀ ਇਕ ਫਾਰਮੇਸੀ ਦੇ ਮਾਲਕ ਮਾਖਨਲਾਲ ਬਿੰਦਰੂ ਦੀ ਇਕਬਾਲ ਪਾਰਕ ’ਚ ਉਨ੍ਹਾਂ ਦੇ ਕਾਰੋਬਾਰੀ ਕੰਪਲੈਕਸ ਦੇ ਅੰਦਰ ਅੱਤਵਾਦੀਆਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰਨ ਦੀ ਘਟਨਾ ਨਾਲ ਉੱਥੇ ਰਹਿਣ ਵਾਲੇ ਅਤੇ ਵਾਪਸੀ ’ਤੇ ਵਿਚਾਰ ਕਰਨ ਵਾਲੇ ਹਿੰਦੂਆਂ ’ਚ ਡਰ ਪੈਦਾ ਹੋ ਗਿਆ। ਇਸ ਤੋਂ ਵੱਡੀ ਬਦਕਿਸਮਤੀ ਕੀ ਹੋ ਸਕਦੀ ਹੈ ਕਿ ਕਸ਼ਮੀਰੀ ਪੰਡਿਤ ਬਿੰਦਰੂ, ਜੋ 1990 ’ਚ ਅੱਤਵਾਦ ਦੇ ਸਿਖਰ ’ਚ ਆਪਣੇ ਭਾਈਚਾਰੇ ਦੇ ਹੋਰਨਾਂ ਲੋਕਾਂ ਦੇ ਨਾਲ ਕਸ਼ਮੀਰ ਤੋਂ ਬਾਹਰ ਨਾ ਗਏ ਅਤੇ ਜਦੋਂ ਮਾਹੌਲ ਬਦਲ ਰਿਹਾ ਹੈ ਤਾਂ ਉਨ੍ਹਾਂ ਦੀ ਹੱਤਿਆ ਹੋ ਗਈ।

ਪਿਛਲੇ ਕੁਝ ਦਿਨਾਂ ’ਚ ਘਾਟੀ ’ਚ ਹਿੰਦੂਆਂ ’ਤੇ ਅੱਤਵਾਦੀ ਹਮਲੇ ਵਧੇ ਹਨ। ਅੱਤਵਾਦੀ ਅਤੇ ਉਨ੍ਹਾਂ ਨੂੰ ਪ੍ਰਾਯੋਜਿਤ ਕਰਨ ਵਾਲਾ ਸਰਹੱਦ ਪਾਰ ਪਾਕਿਸਤਾਨ ਕੀ ਚਾਹੁੰਦਾ ਹੈ, ਇਹ ਦੱਸਣ ਦੀ ਲੋੜ ਨਹੀਂ। ਧਾਰਾ 370 ਹਟਣ ਦੇ ਬਾਅਦ ਜੰਮੂ-ਕਸ਼ਮੀਰ ਦੀ ਸਥਿਤੀ ’ਚ ਹੋਇਆ ਕਾਫੀ ਬਦਲਾਅ ਜਿਹਾਦੀ ਅੱਤਵਾਦੀਆਂ ਅਤੇ ਪਾਕਿਸਤਾਨ ਤੋਂ ਸਹਿਣ ਨਹੀਂ ਹੋ ਰਿਹਾ। ਉਹ ਇਸ ਤਬਦੀਲੀ ਨੂੰ ਢਹਿ-ਢੇਰੀ ਕਰਨ ਲਈ ਜੋ ਕੁਝ ਵੀ ਕਰ ਸਕਦੇ ਹਨ, ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਉਨ੍ਹਾਂ ਨੂੰ ਜਾਪਦਾ ਹੈ ਕਿ ਜੇਕਰ ਅਸੀਂ ਹਿੰਦੂਆਂ, ਸਿੱਖਾਂ ਦਾ ਫਿਰ ਤੋਂ ਕਤਲ ਸ਼ੁਰੂ ਕੀਤਾ ਤਾਂ ਹਿਜਰਤ ਕਰ ਗਏ ਪੰਡਿਤਾਂ ਦੀ ਵਾਪਸੀ ਦਾ ਜੋ ਮਾਹੌਲ ਬਣਿਆ ਹੈ ਅਤੇ ਕਾਨੂੰਨ ’ਚ ਤਬਦੀਲੀ ਦੇ ਬਾਅਦ ਭਾਰਤ ਦੀਆਂ ਹੋਰਨਾਂ ਥਾਵਾਂ ਤੋਂ ਕਾਰੋਬਾਰ ਅਤੇ ਹੋਰਨਾਂ ਕੰਮਾਂ ਲਈ ਗੈਰ-ਮੁਸਲਿਮ ਭਾਈਚਾਰੇ ਦੇ ਲੋਕ ਉੱਥੇ ਆਉਣ ਲੱਗੇ ਹਨ, ਉਨ੍ਹਾਂ ’ਤੇ ਸਿੱਧੀ ਸੱਟ ਵੱਜੇਗੀ।

ਪਾਕਿਸਤਾਨ, ਅੱਤਵਾਦੀਆਂ ਅਤੇ ਇਨ੍ਹਾਂ ਦੇ ਸਮਰਥਕਾਂ ਦੀ ਸੋਚ ਇਹੀ ਹੈ ਕਿ ਜੇਕਰ ਕਸ਼ਮੀਰ ਘਾਟੀ ’ਚ ਇਕ ਹੀ ਭਾਈਚਾਰਾ ਭਾਵ ਮੁਸਲਮਾਨ ਰਹਿਣ ਤਾਂ ਉਨ੍ਹਾਂ ਲਈ ਵੱਖਵਾਦ ਨੂੰ ਭੜਕਾਉਣਾ ਅਤੇ ਪਾਕਿਸਤਾਨ ਦੇ ਸਮਰਥਨ ’ਚ ਫਿਰ ਤੋਂ ਨਾਅਰੇ ਲਗਵਾਉਣਾ ਸੌਖਾ ਹੋ ਜਾਵੇਗਾ। ਤਾਂ ਕੀ ਉਹ ਆਪਣੇ ਇਸ ਘਟੀਆ ਮਕਸਦ ’ਚ ਸਫਲ ਹੋਣਗੇ।

ਇਸ ’ਚ ਦੋ-ਰਾਵਾਂ ਨਹੀਂ ਹਨ ਕਿ ਇਨ੍ਹਾਂ ਹਮਲਿਆਂ ਨਾਲ ਸਥਿਤੀ ਵਿਗਾੜਣ ਦੀ ਕੋਸ਼ਿਸ਼ ਹੋਈ ਹੈ। ਸ਼੍ਰੀਨਗਰ ’ਚ ਅੱਤਵਾਦੀ ਘਨਟਾਵਾਂ ਨੂੰ ਕੌਮਾਂਤਰੀ ਸੁਰਖੀਆਂ ਮਿਲਦੀਆਂ ਹਨ। ਉੱਥੇ ਵਿਸ਼ਵ ਭਰ ਦੀ ਮੀਡੀਆ ਦੇ ਪ੍ਰਤੀਨਿਧੀ ਹਨ। ਵੱਖਵਾਦ ਅਤੇ ਅੱਤਵਾਦ ਦੇ ਸਮਰਥਕ ਵੱਖ-ਵੱਖ ਭੇਸਾਂ ’ਚ ਉਥੇ ਲੁਕੇ ਹੋਏ ਹਨ। ਉਹ ਸੋਸ਼ਲ ਮੀਡੀਆ ਤੋਂ ਲੈ ਕੇ ਹੋਰਨਾਂ ਵਸੀਲਿਆਂ ਰਾਹੀਂ ਇਸ ਨੂੰ ਫੈਲਾਉਂਦੇ ਅਤੇ ਕੂੜ ਪ੍ਰਚਾਰ ਕਰਦੇ ਹਨ ਕਿ ਕਸ਼ਮੀਰ ਦੀ ਇਹੀ ਸੱਚੀ ਸਥਿਤੀ ਹੈ ਪਰ ਅੱਤਵਾਦੀ, ਪਾਕਿਸਤਾਨ ਅਤੇ ਇਨ੍ਹਾਂ ਦੇ ਸਮਰਥਕ, ਸਹਿਯੋਗੀ ਪਹਿਲਾਂ ਵਾਂਗ ਆਪਣੇ ਟੀਚੇ ’ਚ ਕਿਸੇ ਵੀ ਤਰ੍ਹਾਂ ਸਫਲ ਨਹੀਂ ਹੋ ਸਕਦੇ।

ਪਿਛਲੇ ਦੋ ਸਾਲਾਂ ਦੇ ਅੰਦਰ ਦੀ ਤਬਦੀਲੀ ’ਤੇ ਨਜ਼ਰ ਰੱਖਣ ਵਾਲੇ ਜਾਣਦੇ ਹਨ ਕਿ ਅੱਜ ਦਾ ਜੰਮੂ-ਕਸ਼ਮੀਰ ਉਹ ਨਹੀਂ ਹੈ ਜੋ ਪਹਿਲਾਂ ਸੀ। ਬਿੰਦਰੂ ਦੀ ਹੱਤਿਆ ਦੇ ਬਾਅਦ ਉਨ੍ਹਾਂ ਦੀ ਡਾਕਟਰ ਧੀ ਨੇ ਜਿਸ ਤਰ੍ਹਾਂ ਮੀਡੀਆ ਦੇ ਸਾਹਮਣੇ ਜਨਤਕ ਤੌਰ ’ਤੇ ਅੱਤਵਾਦੀਆਂ ਨੂੰ ਚੁਣੌਤੀ ਦਿੱਤੀ, ਹਿੱਕ ਠੋਕ ਕੇ ਕਿਹਾ ਕਿ ਅਸੀਂ ਕਸ਼ਮੀਰੀ ਹਿੰਦੂ ਪੀੜਤ ਹਾਂ, ਇੱਥੇ ਰਹਾਂਗੇ, ਇਹੋ-ਜਿਹੀ ਸਥਿਤੀ ਦੀ ਕਲਪਨਾ ਕੀ ਕੁਝ ਸਾਲ ਪਹਿਲਾਂ ਕੀਤੀ ਜਾ ਸਕਦੀ ਸੀ? ਸਿੱਖ ਪ੍ਰਿੰਸੀਪਲ ਦੀ ਹੱਤਿਆ ਦੇ ਬਾਅਦ ਜਿਸ ਢੰਗ ਨਾਲ ਸ਼੍ਰੀਨਗਰ ’ਚ ਵੀ ਰੋਸ ਵਿਖਾਵਾ ਹੋਇਆ, ਉਹ ਵੀ ਪਹਿਲਾਂ ਸੰਭਵ ਨਹੀਂ ਸੀ। ਇਸ ਦੇ ਉਲਟ ਜੇਕਰ ਕੋਈ ਅੱਤਵਾਦੀ ਮਾਰਿਆ ਜਾਂਦਾ ਤਾਂ ਉਸ ਦੇ ਜਨਾਜ਼ੇ ’ਚ ਹਜ਼ਾਰਾਂ ਦੀ ਭੀੜ ਨਿਕਲਦੀ, ਭਾਰਤ ਵਿਰੋਧੀ ਨਾਅਰੇ ਲਗਾਏ ਜਾਂਦੇ ਅਤੇ ਸੁਰੱਖਿਆ ਬਲ ਉੱਥੇ ਮੂਕਦਰਸ਼ਕ ਬਣੇ ਰਹਿੰਦੇ ਸਨ। ਤਾਂ ਇਹ ਸਭ ਤਬਦੀਲੀ ਦਾ ਸੂਚਕ ਹੈ। ਕਸ਼ਮੀਰ ਦੀ ਇਸ ਤਬਦੀਲੀ ਨੇ ਉੱਥੇ ਹਿੰਦੂਆਂ, ਸਿੱਖਾਂ ਸਾਰਿਆਂ ਅੰਦਰ ਆਤਮਵਿਸ਼ਵਾਸ ਪੈਦਾ ਕੀਤਾ ਹੈ ਕਿ ਹੁਣ ਉੱਥੇ ਪਹਿਲਾਂ ਵਾਲੀ ਸਥਿਤੀ ਪਰਤ ਕੇ ਨਹੀਂ ਆਉਣ ਵਾਲੀ।

ਇਸ ਦਾ ਸੰਦੇਸ਼ ਕਸ਼ਮੀਰ ਦੇ ਬਾਹਰ ਵੀ ਗਿਆ ਹੈ। ਤਾਂ ਹੀ ਤਾਂ ਲਗਾਤਾਰ ਕਸ਼ਮੀਰ ਆਉਣ ਵਾਲੇ ਸੈਲਾਨੀਆਂ, ਕਾਰੋਬਾਰੀਆਂ ਆਦਿ ਦੀ ਗਿਣਤੀ ਵਧ ਰਹੀ ਹੈ। ਮੋਟਾ ਜਿਹਾ ਅੰਕੜਾ ਇਹ ਹੈ ਕਿ ਜੁਲਾਈ ਤੋਂ ਲੈ ਕੇ ਸਤੰਬਰ ਤੱਕ ਹਰ ਮਹੀਨੇ ਔਸਤ 10 ਤੋਂ 12 ਲੱਖ ਦੇ ਦਰਮਿਆਨ ਬਾਹਰੀ ਲੋਕ ਉੱਥੇ ਆਏ ਹਨ। ਇਨ੍ਹਾਂ ਸਾਰਿਆਂ ਨਾਲ ਉੱਥੋਂ ਦੇ ਮਾਹੌਲ ’ਤੇ ਫਰਕ ਪਿਆ ਹੈ। ਵਰ੍ਹਿਆਂ ਤੋਂ ਢਹਿ-ਢੇਰੀ ਉੱਥੋਂ ਦੀਆਂ ਆਰਥਿਕ ਸਰਗਰਮੀਆਂ ਪਟੜੀ ’ਤੇ ਪਰਤ ਰਹੀਆਂ ਹਨ। ਕਾਰੋਬਾਰੀ ਵੀ ਇੱਥੇ ਨਿਵੇਸ਼ ਕਰਨ ਆਉਣ ਲੱਗੇ ਹਨ। ਅਜਿਹੀ ਜਾਣਕਾਰੀ ਹੈ ਕਿ ਲਗਭਗ 26 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਦਾ ਐੱਮ. ਓ. ਯੂ. ਵੀ ਦਸਤਖਤ ਹੋਇਆ ਹੈ।

ਇਸ ਸਾਲ ਅੱਤਵਾਦ ਸ਼ੁਰੂ ਹੋਣ ਤੋਂ ਲੈ ਕੇ ਪਿਛਲੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ’ਚ ਸਭ ਤੋਂ ਘੱਟ ਘਟਨਾਵਾਂ ਹੋਈਆਂ ਹਨ ਤਾਂ ਸਾਨੂੰ ਹੌਸਲਾ ਰੱਖਣਾ ਚਾਹੀਦਾ ਹੈ ਕਿ ਅੱਗੇ ਵਧ ਚੁਕਾ ਕਸ਼ਮੀਰ ਹੁਣ ਪਿੱਛੇ ਨਹੀਂ ਪਰਤੇਗਾ। ਅੱਤਵਾਦੀ ਸਫਲ ਨਹੀਂ ਹੋਣਗੇ। ਉਨ੍ਹਾਂ ਦਾ ਖਾਤਮਾ ਹੋਵੇਗਾ। ਜੰਮੂ ਅਤੇ ਕਸ਼ਮੀਰ ਬਿਲਕੁਲ ਆਮ ਸਥਿਤੀ ’ਚ ਪਰਤੇਗਾ ਅਤੇ ਉੱਥੇ ਹਰ ਵਰਗ ਅਤੇ ਭਾਈਚਾਰੇ ਦੇ ਲੋਕ ਕਾਨੂੰਨ ਅਤੇ ਸੰਵਿਧਾਨ ਦੀਆਂ ਹੱਦਾਂ ਦੇ ਅੰਦਰ ਆਪਣੀਆਂ ਹਰ ਤਰ੍ਹਾਂ ਦੀਆਂ ਸਰਗਰਮੀਆਂ ਚਲਾ ਸਕਦੇ ਹਨ।

Bharat Thapa

This news is Content Editor Bharat Thapa