ਭਾਰਤ ’ਚ ਭਿਆਨਕ ਹੁੰਦੀ ਭੁੱਖ ਦੀ ਸਮੱਸਿਆ

04/04/2021 3:33:23 AM

ਰੰਜਨਾ ਮਿਸ਼ਰਾ
ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਅਨੁਸਾਰ ਪੂਰੀ ਦੁਨੀਆ ’ਚ ਹਰ ਸਾਲ ਭੁੱਖ ਨਾਲ ਮਰਨ ਵਾਲਿਆਂ ਦੀ ਗਿਣਤੀ ਏਡਜ਼, ਟੀ. ਬੀ. ਅਤੇ ਮਲੇਰੀਆ ਨਾਲ ਮਰਨ ਵਾਲਿਆਂ ਦੀ ਗਿਣਤੀ ਤੋਂ ਕਿਤੇ ਵੱਧ ਹੈ। ਰਿਪੋਰਟ ਅਨੁਸਾਰ ਪੂਰੀ ਦੁਨੀਆ ’ਚ ਹਰ ਸਾਲ ਭੁੱਖ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਭਗ 90 ਲੱਖ ਹੈ। 2020 ਦੇ ‘ਗਲੋਬਲ ਹੰਗਰ ਇੰਡੈਕਸ’ ’ਚ ਸ਼ਾਮਲ ਕੁੱਲ 107 ਦੇਸ਼ਾਂ ’ਚ ਭਾਰਤ 94ਵੇਂ ਸਥਾਨ ’ਤੇ ਹੈ ਜਦਕਿ ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ, ਨੇਪਾਲ, ਤੰਜਾਨੀਆ, ਬੁਰਕਿਨਾ ਫਾਸੋ ਅਤੇ ਇਥੋਪੀਆ ਵਰਗੇ ਦੇਸ਼ਾਂ ਦੀ ਹਾਲਤ ਭਾਰਤ ਨਾਲੋਂ ਚੰਗੀ ਹੈ। ਇਸ ਰਿਪੋਰਟ ਦੇ ਅਨੁਸਾਰ ਬੱਚਿਆਂ ’ਚ ਕੁਪੋਸ਼ਣ ਦੇ ਮਾਮਲੇ ’ਚ ਭਾਰਤ ਪਹਿਲੇ ਨੰਬਰ ’ਤੇ ਹੈ। ਪਿਛਲੇ ਸਾਲ ਭਾਰਤ ਇਸ ਇੰਡੈਕਸ ’ਚ 117 ਦੇਸ਼ਾਂ ਦੀ ਸੂਚੀ ’ਚ 102 ਨੰਬਰ ’ਤੇ ਸੀ। ਭਾਰਤ ਦੀ ਇਹ ਹਾਲਤ ਬੇਹੱਦ ਚਿੰਤਾਜਨਕ ਹੈ। ਸੰਯੁਕਤ ਰਾਸ਼ਟਰ ਦੀ ਇਕ ਸੰਸਥਾ ‘ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ’ ਅਨੁਸਾਰ ਪੂਰੀ ਦੁਨੀਆ ’ਚ ਪੈਦਾ ਹੋਣ ਵਾਲਾ 33 ਫੀਸਦੀ ਭੋਜਨ ਲੋੜਵੰਦਾਂ ਕੋਲ ਪਹੁੰਚਦਾ ਹੀ ਨਹੀਂ। 45 ਫੀਸਦੀ ਫਲ ਅਤੇ ਸਬਜ਼ੀਆਂ, 30 ਫੀਸਦੀ ਅਨਾਜ, 35 ਫੀਸਦੀ ਸੀ ਫੂਡ, 20 ਫੀਸਦੀ ਦੁੱਧ ਦੇ ਉਤਪਾਦ ਅਤੇ 20 ਫੀਸਦੀ ਮੀਟ ਵੀ ਲੋਕਾਂ ਦੀ ਭੁੱਖ ਮਿਟਾਉਣ ਦੇ ਕੰਮ ਨਹੀਂ ਆਉਂਦੇ ਅਤੇ ਬਰਬਾਦ ਹੋ ਜਾਂਦੇ ਹਨ। ਅਨੁਮਾਨ ਅਨੁਸਾਰ ਪੂਰੀ ਦੁਨੀਆ ’ਚ ਬਰਬਾਦ ਹੋਣ ਵਾਲੇ ਭੋਜਨ ਦਾ 25 ਫੀਸਦੀ ਵੀ ਜੇਕਰ ਬਚਾ ਲਿਆ ਜਾਵੇ ਤਾਂ ਦੁਨੀਆ ਭਰ ਦੇ ਲਗਭਗ 82 ਕਰੋੜ ਲੋਕਾਂ ਦਾ ਢਿੱਡ ਭਰ ਸਕਦਾ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਅਨੁਸਾਰ ਹਰ ਸਾਲ ਬਰਬਾਦ ਹੋਣ ਵਾਲੇ ਭੋਜਨ ਦਾ ਭਾਰ 130 ਕਰੋੜ ਟਨ ਤੋਂ ਵੱਧ ਹੈ। ਵਿਕਸਿਤ ਦੇਸ਼ਾਂ ’ਚ ਲਗਭਗ 47 ਲੱਖ ਕਰੋੜ ਰੁਪਏ ਦੀ ਕੀਮਤ ਦਾ ਅਤੇ ਵਿਕਾਸਸ਼ੀਲ ਦੇਸ਼ਾਂ ’ਚ ਲਗਭਗ 22 ਲੱਖ ਕਰੋੜ ਰੁਪਏ ਦਾ ਭੋਜਨ ਬਰਬਾਦ ਕੀਤਾ ਜਾਂਦਾ ਹੈ।

ਵਧੇਰੇ ਲੋਕ ਭੋਜਨ ਤਾਂ ਕਰਦੇ ਹਨ ਪਰ ਉਨ੍ਹਾਂ ਨੂੰ ਸਹੀ ਜਾਣਕਾਰੀ ਹੁੰਦੀ ਹੀ ਨਹੀਂ ਕਿ ਤੰਦਰੁਸਤ ਰਹਿਣ ਲਈ ਉਨ੍ਹਾਂ ਨੂੰ ਕਿਹੋ-ਜਿਹਾ ਅਤੇ ਕਿੰਨਾ ਭੋਜਨ ਕਰਨਾ ਚਾਹੀਦਾ ਹੈ। ਭਾਰਤ ’ਚ ਪੋਸ਼ਣ ਦਾ ਪੈਮਾਨਾ ਤੈਅ ਕਰਨ ਵਾਲੀ ਸੰਸਥਾ ‘ਨੈਸ਼ਨਲ ਇੰਸਟੀਚਿਊਟ ਆਫ ਨਿਊਟ੍ਰੀਸ਼ਨ’ ਦੀ ਇਕ ਰਿਪੋਰਟ ਜਿਸ ਦਾ ਵਿਸ਼ਾ ਹੈ ‘ਵ੍ਹਟ ਇੰਡੀਆ ਈਟਸ’ ਭਾਵ ‘ਭਾਰਤੀ ਲੋਕ ਕੀ ਖਾਂਦੇ ਹਨ’ ਦੇ ਅਨੁਸਾਰ ਦਿਨ ਭਰ ’ਚ ਵਿਅਕਤੀ ਨੂੰ ਡੇਢ ਸੌ ਗ੍ਰਾਮ ਫਲ, 90 ਗ੍ਰਾਮ ਦਾਲ, ਅੰਡੇ ਜਾਂ ਮੀਟ, 20 ਗ੍ਰਾਮ ਡ੍ਰਾਈ ਫਰੂਟਸ, 27 ਗ੍ਰਾਮ ਤੇਲ ਜਾਂ ਘਿਓ, 270 ਗ੍ਰਾਮ ਅਨਾਜ, 350 ਗ੍ਰਾਮ ਹਰੀਆਂ ਸਬਜ਼ੀਆਂ ਅਤੇ ਘੱਟੋ-ਘੱਟ 300 ਮਿ.ਲੀ. ਦੁੱਧ ਜਾਂ ਦਹੀਂ ਖਾਣਾ ਚਾਹੀਦਾ ਹੈ। ਇਹ ਇਕ ਸਟੈਂਡਰਡ ਡਾਈਟ ਹੈ। ਇਕ ਵਿਅਕਤੀ ਨੂੰ ਔਸਤਨ ਇਕ ਦਿਨ ’ਚ 2000 ਕੈਲੋਰੀਜ਼ ਦੀ ਲੋੜ ਹੁੰਦੀ ਹੈ। ਭਾਰਤ ਦੇ ਸ਼ਹਿਰਾਂ ’ਚ 1 ਵਿਅਕਤੀ ਲਗਭਗ 1943 ਕੈਲੋਰੀਜ਼ ਅਤੇ ਪਿੰਡ ’ਚ 2081 ਕੈਲੋਰੀਜ਼ ਲੈਂਦਾ ਹੈ। ਪਿੰਡਾਂ ਅਤੇ ਸ਼ਹਿਰਾਂ ਦੇ ਭੋਜਨ ’ਚ ਬਹੁਤ ਫਰਕ ਹੈ। ਪਿੰਡ ਦੀ ਥਾਲੀ ’ਚ ਜੌਂਅ, ਕਣਕ, ਬਾਜਰਾ ਅਤੇ ਮੱਕਾ ਆਦਿ ਅਨਾਜ ਲਗਭਗ 65 ਫੀਸਦੀ ਤੱਕ ਹੁੰਦੇ ਹਨ ਜਦਕਿ ਸ਼ਹਿਰਾਂ ਦੀ ਥਾਲੀ ’ਚ ਅਨਾਜ ਸਿਰਫ 51 ਫੀਸਦੀ ਹੁੰਦੇ ਹਨ। ਪਿੰਡਾਂ ਦੇ ਮੁਕਾਬਲੇ ਸ਼ਹਿਰੀ ਲੋਕਾਂ ਦੇ ਭੋਜਨ ’ਚ ਫੈਟ ਅਤੇ ਤੇਲ ਦੀ ਮਾਤਰਾ ਦੁੱਗਣੀ ਹੁੰਦੀ ਹੈ। ਸ਼ਹਿਰ ਦੇ ਲੋਕ ਲਗਭਗ 13 ਫੀਸਦੀ ਫੈਟ ਭਾਵ ਘਿਓ ਅਤੇ ਤੇਲ ਨਾਲ ਬਣੀਆਂ ਚੀਜ਼ਾਂ ਖਾ ਰਹੇ ਹਨ ਜਿਨ੍ਹਾਂ ’ਚ ਜੰਕ ਫੂਡਜ਼ ਜਾਂ ਫਾਸਟ ਫੂਡਜ਼ ਦਾ ਸਭ ਤੋਂ ਵੱਧ ਯੋਗਦਾਨ ਹੈ ਜਦਕਿ ਪਿੰਡਾਂ ਦੇ ਲੋਕਾਂ ਦੇ ਭੋਜਨ ’ਚ ਫੈਟ ਭਾਵ ਘਿਓ ਅਤੇ ਤੇਲ ਨਾਲ ਬਣੀਆਂ ਚੀਜ਼ਾਂ ਸਿਰਫ 7 ਫੀਸਦੀ ਤੱਕ ਹੀ ਸ਼ਾਮਲ ਹਨ।

ਇਕ ਰੋਟੀ ’ਚ 80 ਕੈਲੋਰੀਜ਼ ਹੁੰਦੀਆਂ ਹਨ ਜਦਕਿ ਪਰੌਂਠੇ ’ਚ ਰੋਟੀ ਨਾਲੋਂ ਦੁੱਗਣੀਆਂ ਭਾਵ 150 ਕੈਲੋਰੀਜ਼ ਹੁੰਦੀਆਂ ਹਨ। 250 ਗ੍ਰਾਮ ਚੌਲਾਂ ’ਚ 170 ਕੈਲੋਰੀਜ਼, 100 ਗ੍ਰਾਮ ਦਾਲ ’ਚ 100 ਕੈਲੋਰੀਜ਼ ਅਤੇ ਢਾਈ ਸੌ ਗ੍ਰਾਮ ਸਬਜ਼ੀ ’ਚ 170 ਕੈਲੋਰੀਜ਼ ਹੁੰਦੀਆਂ ਹਨ। ਇਕ ਉਬਲੇ ਆਂਡੇ ’ਚ 90 ਕੈਲੋਰੀਜ਼, 250 ਗ੍ਰਾਮ ਕਾਰਨਫਲੈਕ ’ਚ 220 ਕੈਲੋਰੀਜ਼, 250 ਗ੍ਰਾਮ ਪੋਹਾ ’ਚ 270 ਕੈਲੋਰੀਜ਼, 2 ਇਡਲੀ ’ਚ 150 ਕੈਲੋਰੀਜ਼ ਅਤੇ ਇਕ ਸਮੋਸੇ ’ਚ 200 ਕੈਲੋਰੀਜ਼ ਮਿਲਦੀਆਂ ਹਨ। ਇਕ ਕੱਪ ਚਾਹ ’ਚ 75 ਕੈਲੋਰੀਜ਼ ਹੁੰਦੀਆਂ ਹਨ, 200 ਮਿ. ਲੀ. ਕੋਲਡ ਡ੍ਰਿੰਕਸ ’ਚ 150 ਕੈਲੋਰੀਜ਼, ਪਿੱਜ਼ਾ ਦੀ ਇਕ ਸਲਾਈਸ ’ਚ 200 ਕੈਲੋਰੀਜ਼, 100 ਗ੍ਰਾਮ ਕੇਸਰ ਦੇ ਹਲਵੇ ’ਚ 320 ਕੈਲੋਰੀਜ਼ ਹੁੰਦੀਆਂ ਹਨ।

ਭਾਰਤ ਦੇ ਪਿੰਡਾਂ ’ਚ ਲਗਭਗ 63 ਫੀਸਦੀ ਲੋਕ ਪੌਸ਼ਟਿਕ ਭੋਜਨ ਤੋਂ ਵਾਂਝੇ ਰਹਿੰਦੇ ਹਨ। ਪਿੰਡਾਂ ’ਚ ਪੌਸ਼ਟਿਕ ਤੱਤਾਂ ਨਾਲ ਭਰਪੂਰ ਇਕ ਥਾਲੀ ਦੀ ਕੀਮਤ ਲਗਭਗ 45 ਰੁਪਏ ਹੁੰਦੀ ਹੈ ਜਿਸ ਨੂੰ ਖਰੀਦਣ ’ਚ ਪਿੰਡ ਦਾ ਵਿਅਕਤੀ ਅਸਮਰੱਥ ਹੁੰਦਾ ਹੈ। ਇਸ ਤਰ੍ਹਾਂ ਇਕ ਪਾਸੇ ਤਾਂ ਸਮਰੱਥ ਅਤੇ ਧਨਾਢ ਵਿਅਕਤੀ ਬਿਨਾਂ ਸਹੀ ਜਾਣਕਾਰੀ ਦੇ ਪੌਸ਼ਟਿਕ ਦੀ ਬਜਾਏ ਸਵਾਦ ਪਾਉਣ ਲਈ ਅਨਿਯਮਿਤ ਅਤੇ ਅਸੰਤੁਲਿਤ ਭੋਜਨ ਗ੍ਰਹਿਣ ਕਰਦੇ ਹਨ ਜਿਸ ਨਾਲ ਉਨ੍ਹਾਂ ਦਾ ਮੋਟਾਪਾ ਵਧਦਾ ਜਾਂਦਾ ਹੈ ਅਤੇ ਦੂਸਰੇ ਪਾਸੇ ਦੇਸ਼ ਦੇ ਕਿੰਨੇ ਹੀ ਗਰੀਬ ਅਤੇ ਲੋੜਵੰਦ ਲੋਕ ਭੋਜਨ ਦੀ ਲੋਂੜੀਦੀ ਘੱਟੋ-ਘੱਟ ਮਾਤਰਾ ਤੋਂ ਵੀ ਵਾਂਝੇ ਰਹਿ ਜਾਂਦੇ ਹਨ।

ਸਾਨੂੰ ਨਾਸ਼ਤੇ ’ਚ 800 ਕੈਲੋਰੀਜ਼, ਲੰਚ ’ਚ 600 ਕੈਲੋਰੀਜ਼, ਸਨੈਕਸ ’ਚ 200 ਕੈਲੋਰੀਜ਼ ਅਤੇ ਡਿਨਰ ’ਚ 400 ਕੈਲੋਰੀਜ਼ ਲੈਣੀਆਂ ਚਾਹੀਦੀਆਂ ਹਨ। ਸਹੀ ਸਮੇਂ ’ਤੇ ਕੀਤਾ ਗਿਆ ਸਹੀ ਭੋਜਨ ਹੀ ਸਾਡੀ ਸਿਹਤ ਲਈ ਚੰਗਾ ਹੋਵੇਗਾ। ਜੇਕਰ ਅਸੀਂ ਸੰਤੁਲਿਤ ਭੋਜਨ ਕਰਾਂਗੇ ਤਾਂ ਖੁਦ ਤਾਂ ਤੰਦਰੁਸਤ ਰਹਾਂਗੇ ਹੀ, ਨਾਲ ਹੀ ਇਸ ਨਾਲ ਖਾਣੇ ਦੀ ਬਰਬਾਦੀ ਵੀ ਬਚੇਗੀ ਅਤੇ ਭੁੱਖੇ ਲੋੜਵੰਦਾਂ ਨੂੰ ਵੀ ਭੋਜਨ ਮਿਲ ਸਕੇਗਾ। ਜੇਕਰ ਅਸੀਂ ਆਪਣੀ ਭੁੱਖ ਮਿਟਾਉਣ ਦੇ ਨਾਲ-ਨਾਲ ਗਰੀਬ ਅਤੇ ਲੋੜਵੰਦ ਲੋਕਾਂ ਦੀ ਭੁੱਖ ਮਿਟਾਉਣ ਦੀ ਜ਼ਿੰਮੇਵਾਰੀ ਵੀ ਲੈ ਲੈਂਦੇ ਹਾਂ ਤਾਂ ਬਹੁਤ ਹੱਦ ਤੱਕ ਸਾਡੇ ਦੇਸ਼ ਦੀ ਇਸ ਭਿਆਨਕ ਸਮੱਸਿਆ ਦਾ ਹੱਲ ਨਿਕਲ ਸਕਦਾ ਹੈ।

Bharat Thapa

This news is Content Editor Bharat Thapa