ਸੁਖਬੀਰ ਬਾਦਲ ਦਾ ਮਾਫੀ ਮੰਗਣਾ ਕਿਤੇ ਸਿਆਸੀ ਸਟੰਟ ਤਾਂ ਨਹੀਂ

12/29/2023 12:00:32 PM

ਪੰਜਾਬ ਦੀ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ, ਜਿਸ ਦੀ ਸਥਾਪਨਾ ਅੰਗ੍ਰੇਜ਼ ਹਕੂਮਤ ਵੱਲੋਂ ਸਿੱਖ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ’ਚ ਦਖਲ-ਅੰਦਾਜ਼ੀ ਦੇ ਵਿਰੋਧ ਵਿਚ ਬਣਾਈ ਗਈ ਸ਼੍ਰੋਮਣੀ ਕਮੇਟੀ ਦੇ ਰਾਜਨੀਤਕ ਵਿੰਗ ਵਜੋਂ ਕੀਤੀ ਗਈ ਸੀ, ਦੇ ਆਗੂਆਂ ਵੱਲੋਂ ਪਿਛਲੇ ਦਿਨੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਪਾਰਟੀ ਦੇ 103ਵੇਂ ਸਥਾਪਨਾ ਦਿਵਸ ਮਨਾਉਣ ਲਈ ਕਰਵਾਏ ਗਏ ਇਕ ਸਮਾਗਮ ਸਮੇਂ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਦੀ ਸਰਕਾਰ ਸਮੇਂ ਹੋਈਆਂ ਗਲਤੀਆਂ ਲਈ ਮੁਆਫ਼ੀ ਮੰਗੀ ਗਈ। ਬਾਦਲ ਵੱਲੋਂ ਮੰਗੀ ਮੁਆਫ਼ੀ ਨੂੰ ਲੈ ਕੇ ਸਿੱਖ ਪੰਥ ਵਿਚ ਵੱਡੀ ਵਿਚਾਰ ਚਰਚਾ ਛਿੜ ਗਈ ਹੈ। ਕੁਝ ਲੋਕ ਇਸ ਮੁਆਫੀ ਮੰਗਣ ਦੀ ਕਾਰਵਾਈ ਦਾ ਸਵਾਗਤ ਕਰ ਰਹੇ ਹਨ ਤੇ ਕੁਝ ਲੋਕ ਇਸ ਨੂੰ ਸਿਆਸੀ ਸਟੰਟ ਅਤੇ ਸਿੱਖ ਰਵਾਇਤਾਂ ਦੇ ਉਲਟ ਮੰਨ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਮਰਜੀਵੜਿਆਂ ਦੀ ਪਾਰਟੀ ਮੰਨੀ ਜਾਂਦੀ ਸੀ ਅਤੇ ਸਿੱਖ ਹੱਕਾਂ ਦੀ ਰਾਖੀ ਲਈ ਹਮੇਸ਼ਾ ਕੁਰਬਾਨੀਆਂ ਕਰਨ ਲਈ ਤਿਆਰ ਰਹਿੰਦੀ ਸੀ, ਦੇ ਆਗੂਆਂ ਤੇ ਵਰਕਰਾਂ ਨੇ ਸ਼ਹੀਦੀਆਂ ਤੱਕ ਵੀ ਪ੍ਰਾਪਤ ਕੀਤੀਆਂ ਅਤੇ ਆਪਣੇ ਸਿੱਖੀ ਫਲਸਫੇ ’ਤੇ ਅਡੋਲ ਰਹੇ। ਪਰ ਪਿਛਲੇ ਸਮੇਂ ਵਿਚ ਅਕਾਲੀ ਆਗੂ ਸਿੱਖ ਕੌਮ ਦੀਆਂ ਮੁਸ਼ਕਲਾਂ ਹੱਲ ਕਰਨ ਵੱਲ ਧਿਆਨ ਦੇਣ ਦੀ ਜਗ੍ਹਾ ’ਤੇ ਸਰਕਾਰਾਂ ਦੀ ਸ਼ਕਤੀ ਦਾ ਅਨੰਦ ਮਾਣਨ ਵਿਚ ਰੁੱਝੇ ਰਹੇ ਅਤੇ ਉਨ੍ਹਾਂ ਨੇ ਪਾਰਟੀ ਦੇ ਅਸਲ ਮੁੱਦੇ ਠੰਡੇ ਬਸਤੇ ਵਿਚ ਸੁੱਟ ਦਿੱਤੇ।

ਸ਼੍ਰੋਮਣੀ ਅਕਾਲੀ ਦਲ ’ਚ ਵਖਰੇਵੇਂ ਆਏ ਅਤੇ ਕਈ ਅਕਾਲੀ ਦਲ ਹੋਂਦ ਵਿਚ ਆਏ ਪਰ ਲੋਕਾਂ ਨੇ ਅਕਾਲੀ ਦਲ ਬਾਦਲ ਦਾ ਸਾਥ ਦਿੱਤਾ ਤੇ ਪ੍ਰਕਾਸ਼ ਸਿੰਘ ਬਾਦਲ ਦੇ ਨਾਂ ’ਤੇ ਬਣਾਏ ਗਏ ਅਕਾਲੀ ਦਲ ਦੀਆਂ ਸਰਕਾਰਾਂ ਬਣੀਆਂ ਪਰ ਬਾਦਲ ਸਰਕਾਰ ਸਮੇਂ ਜਿਸ ਤਰ੍ਹਾਂ ਸੱਚਾ ਸੌਦਾ ਵਾਲੇ ਰਾਮ ਰਹੀਮ ਦੀ ਮੁਆਫੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ, ਬਹਿਬਲ ਕਲਾਂ ਅਤੇ ਕੋਟਕਪੂਰਾ ਦੇ ਗੋਲੀ ਕਾਂਡ ਅਤੇ ਸਰਕਾਰ ਦੇ ਚਹੇਤਿਆਂ ਦਾ ਰੇਤਾ, ਨਸ਼ੇ ਅਤੇ ਕੁਰੱਪਸ਼ਨ ਦੇ ਇਲਜ਼ਾਮਾਂ ਵਿਚ ਘਿਰਨਾ ਅਤੇ ਸਿੱਖ ਰਹਿਤ ਮਰਿਆਦਾ ਤੋਂ ਵਿਹੂਣੇ ਲੋਕਾਂ ਨੂੰ ਵੱਡੇ ਅਹੁਦੇ ਦੇ ਕੇ ਪਾਰਟੀ ਵਿਚ ਪੀੜ੍ਹੀਆਂ ਤੋਂ ਵਫਾਦਾਰੀ ਨਾਲ ਕੰਮ ਕਰਦੇ ਵਰਕਰਾਂ ਦੇ ਸਿਰ ’ਤੇ ਬਿਠਾਏ ਜਾਣ ਨਾਲ ਪਾਰਟੀ ਨੂੰ ਬਹੁਤ ਨੁਕਸਾਨ ਹੋਇਆ ਅਤੇ ਆਖਿਰ ਪਾਰਟੀ ਪੰਜਾਬ ਵਿਧਾਨ ਸਭਾ ਵਿਚ ਤਿੰਨ ਸੀਟਾਂ ’ਤੇ ਸਿਮਟ ਕੇ ਰਹਿ ਗਈ। ਉਸ ਤੋਂ ਬਾਅਦ ਹੋਈਆਂ ਲੋਕ ਸਭਾ ਦੀਆਂ ਜ਼ਿਮਨੀ ਚੋਣਾਂ ਵਿਚ ਵੀ ਪਾਰਟੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਪਾਰਟੀ ਦੇ ਕਈ ਵੱਡੇ ਲੀਡਰ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਅਤੇ ਕੀਤੀਆਂ ਗਲਤੀਆਂ ਦੀ ਮੁਆਫ਼ੀ ਮੰਗਣ ਦੀ ਮੰਗ ਕਰ ਕੇ ਅਕਾਲੀ ਦਲ ਨਾਲੋਂ ਤੋੜ-ਵਿਛੋੜਾ ਕਰ ਗਏ।

ਦੋ ਵੱਡੇ ਲੀਡਰਾਂ ਸੁਖਦੇਵ ਸਿੰਘ ਢੀਂਡਸਾ ਅਤੇ ਬੀਬੀ ਜਗੀਰ ਕੌਰ ਦੇ ਪਾਰਟੀ ਛੱਡਣ ਨਾਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਸਵਾਲਾਂ ਦੇ ਘੇਰੇ ਵਿਚ ਆ ਗਈ। ਅਕਾਲੀ ਦਲ ਵੱਲੋਂ ਬਣਾਈ ਗਈ ਝੂੰਦਾ ਕਮੇਟੀ ਦੀ ਰਿਪੋਰਟ, ਜਿਸ ਵਿਚ ਬਹੁਤ ਸਾਰੇ ਹੋਰ ਸੁਝਾਵਾਂ ਦੇ ਨਾਲ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੂੰ ਬਦਲਣ ਦੇ ਸੁਝਾਅ ਨੇ ਅਕਾਲੀ ਦਲ ਨੂੰ ਕਸੂਤੀ ਸਥਿਤੀ ਵਿਚ ਫਸਾ ਦਿੱਤਾ ਅਤੇ ਅਕਾਲੀ ਦਲ ਦੀ ਹਾਲਤ ਦਿਨੋਂ-ਦਿਨ ਪਤਲੀ ਹੁੰਦੀ ਗਈ।

ਸੁਖਬੀਰ ਸਿੰਘ ਬਾਦਲ ਵੱਲੋਂ ਮੁਆਫੀ ਮੰਗਣ ਦਾ ਕਈ ਵੱਡੇ ਅਕਾਲੀ ਲੀਡਰਾਂ ਨੇ ਸਵਾਗਤ ਕੀਤਾ ਹੈ। ਦਿੱਲੀ ਦੇ ਪ੍ਰਮੁੱਖ ਸਿੱਖ ਆਗੂ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਬਾਕਾਇਦਾ ਤੌਰ ’ਤੇ ਬਿਨਾਂ ਸ਼ਰਤ ਅਕਾਲੀ ਦਲ ਬਾਦਲ ਵਿਚ ਸ਼ਾਮਲ ਹੋ ਗਏ ਹਨ। ਬੀਬੀ ਜਗੀਰ ਕੌਰ ਨੇ ਉਨ੍ਹਾਂ ਵਿਰੁੱਧ ਪਾਰਟੀ ਵੱਲੋਂ ਪਾਏ ਗਏ ਮਤੇ ਨੂੰ ਰੱਦ ਕਰਨ ਦੀ ਸ਼ਰਤ ’ਤੇ ਪਾਰਟੀ ਵਿਚ ਵਾਪਸੀ ਲਈ ਰਜ਼ਾਮੰਦੀ ਜ਼ਾਹਿਰ ਕੀਤੀ ਹੈ।

ਪੰਜਾਬ ਦੇ ਕੱਦਾਵਰ ਅਕਾਲੀ ਆਗੂ ਅਤੇ ਸਵਰਗੀ ਪ੍ਰਕਾਸ਼ ਸਿੰਘ ਬਾਦਲ ਦੇ ਨਜ਼ਦੀਕੀ ਰਹੇ ਸੁਖਦੇਵ ਸਿੰਘ ਢੀਂਡਸਾ ਨੇ ਵੀ ਸੁਖਬੀਰ ਸਿੰਘ ਬਾਦਲ ਵੱਲੋਂ ਮੁਆਫ਼ੀ ਮੰਗਣ ਦਾ ਸਵਾਗਤ ਕੀਤਾ ਸੀ ਅਤੇ ਅਕਾਲੀ ਦਲ ਨਾਲ ਇਕਮੁੱਠਤਾ ਕਰਨ ਲਈ ਬਾਕਾਇਦਾ ਇਕ ਪੰਜ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਸੀ ਅਤੇ ਐਲਾਨ ਕੀਤਾ ਸੀ ਕਿ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਵਰਕਰਾਂ ਨਾਲ ਅਕਾਲੀ ਦਲ ਬਾਦਲ ਨਾਲ ਰਲੇਵੇਂ ਬਾਰੇ ਵਿਚਾਰ-ਵਟਾਂਦਰਾ ਕਰ ਕੇ ਰਲੇਵੇਂ ਦਾ ਫੈਸਲਾ ਕਰਨਗੇ ਪਰ ਇਹ ਸਭ ਬਾਹਰੀ ਤੌਰ ’ਤੇ ਦਿਸ ਰਿਹਾ ਹੈ। ਅਸਲ ਵਿਚ ਉਸ ਤਰ੍ਹਾਂ ਨਹੀਂ ਹੈ। ਢੀਂਡਸਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਹਾਜ਼ਰ ਬਹੁਤ ਸਾਰੇ ਆਗੂ ਅਕਾਲੀ ਦਲ ਬਾਦਲ ਨਾਲ ਸਮਝੌਤਾ ਕਰਨ ਦੇ ਵਿਰੁੱਧ ਹਨ। ਇਸੇ ਕਰ ਕੇ ਸ. ਸੁਖਦੇਵ ਸਿੰਘ ਢੀਂਡਸਾ ਵੀ ਅਕਾਲੀ ਦਲ ਬਾਦਲ ਨਾਲ ਸਮਝੌਤੇ ਦੇ ਮਾਮਲੇ ’ਤੇ ਦੁਚਿੱਤੀ ਵਿਚ ਜਾਪਦੇ ਹਨ।

ਦਿੱਲੀ ਵਿਚ ਮਨਜੀਤ ਸਿੰਘ ਜੀ. ਕੇ. ਦੇ ਅਕਾਲੀ ਦਲ ਬਾਦਲ ਵਿਚ ਸ਼ਾਮਲ ਹੋਣ ’ਤੇ ਬਾਦਲ ਧੜਾ ਖੁਸ਼ੀ ਦਾ ਇਜ਼ਹਾਰ ਕਰ ਰਿਹਾ ਹੈ ਅਤੇ ਇਸ ਨੂੰ ਦਿੱਲੀ ਵਿੱਚ ਪੰਥਕ ਏਕਤਾ ਦਾ ਨਾਂ ਦੇ ਰਿਹਾ ਹੈ। ਹਾਲਾਂਕਿ ਮਨਜਿੰਦਰ ਸਿੰਘ ਸਿਰਸਾ ਅਤੇ ਹਰਮੀਤ ਸਿੰਘ ਕਾਲਕਾ ਜੋ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕ੍ਰਮਵਾਰ ਸਾਬਕਾ ਅਤੇ ਮੌਜੂਦਾ ਪ੍ਰਧਾਨ ਹਨ, ਦਾ ਧੜਾ ਅਕਾਲੀ ਦਲ ਦੇ ਖਿਲਾਫ ਖੜ੍ਹਾ ਹੈ। ਇਸੇ ਤਰ੍ਹਾਂ ਪੰਜਾਬ ਵਿਚ ਸੰਯੁਕਤ ਅਕਾਲੀ ਦਲ ਬਾਦਲ ਅਕਾਲੀ ਦਲ ਨਾਲ ਰਲੇਵਾਂ ਕਰਦਾ ਹੈ ਤਾਂ ਅਕਾਲੀ ਏਕਤਾ ਹੀ ਕਿਹਾ ਜਾਵੇਗਾ ਨਾ ਕਿ ਪੰਥਕ ਏਕਤਾ। 

ਸੁਖਬੀਰ ਸਿੰਘ ਬਾਦਲ ਵੱਲੋਂ ਮੁਆਫੀ ਮੰਗਣ ਨਾਲ ਕੁਝ ਲੀਡਰ ਤਾਂ ਬਾਦਲ ਦਲ ਵਿਚ ਸ਼ਾਮਲ ਹੋ ਸਕਦੇ ਹਨ ਤੇ ਉਨ੍ਹਾਂ ਦੇ ਸਮਰਥਕ ਵੀ ਨਾਲ ਆ ਸਕਦੇ ਹਨ ਪਰ ਆਮ ਸਿੱਖ ਸੰਗਤ ਇੰਨੀ ਸੌਖੀ ਅਕਾਲੀ ਲੀਡਰਸ਼ਿਪ ਦੀ ਅਗਵਾਈ ਨਹੀਂ ਮੰਨਣ ਲੱਗੀ। ਇਹ ਮੁਆਫੀ ਉਦੋਂ ਹੀ ਕੁਝ ਅਸਰ ਕਰੇਗੀ ਜਦੋਂ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਸਾਥੀ ਪਿਛਲੀਆਂ ਗਲਤੀਆਂ ਦਾ ਪਸ਼ਚਾਤਾਪ ਕਰ ਕੇ, ਲੋਕਤੰਤਰਿਕ ਢੰਗ-ਤਰੀਕੇ ਅਪਣਾ ਕੇ ਅਕਾਲੀ ਵਰਕਰਾਂ ਅਤੇ ਅਕਾਲੀ ਦਲ ਦੀ ਲੰਮੇ ਸਮੇਂ ਤੋਂ ਸਮਰਥਕ ਰਹੀ ਆਮ ਪਬਲਿਕ ਨੂੰ ਇਹ ਅਹਿਸਾਸ ਕਰਵਾਉਣ ਵਿਚ ਕਾਮਯਾਬ ਨਹੀਂ ਹੋ ਜਾਂਦੇ ਕਿ ਅਕਾਲੀ ਲੀਡਰਸ਼ਿਪ ਨੇ ਪਿਛਲੀਆਂ ਗਲਤੀਆਂ ਤੋਂ ਸਬਕ ਸਿੱਖ ਲਿਆ ਹੈ ਤੇ ਹੁਣ ਉਹ ਸਿੱਖ ਸਿਧਾਂਤਾਂ ’ਤੇ ਅਮਲ ਕਰ ਰਹੇ ਹਨ।

ਸੁਖਬੀਰ ਬਾਦਲ ਦੀ ਮੁਆਫੀ ’ਤੇ ਭਾਰੀ ਪੈ ਸਕਦੀ ਹੈ ਭਾਈ ਕਾਉਂਕੇ ਦੀ ਰਿਪੋਰਟ
ਅਕਾਲ ਤਖ਼ਤ ਸਾਹਿਬ ਦੇ ਸਾਬਕਾ ਐਕਟਿੰਗ ਜਥੇਦਾਰ ਮਰਹੂਮ ਭਾਈ ਗੁਰਦੇਵ ਸਿੰਘ ਦੀ ਗੁੰਮਸ਼ੁਦਗੀ ਬਾਰੇ 1999 ਵਿਚ ਪੰਜਾਬ ਸਰਕਾਰ ਕੋਲ ਪੇਸ਼ ਕੀਤੀ ਗਈ ਰਿਪੋਰਟ ਇਕ ਮਨੁੱਖੀ ਅਧਿਕਾਰ ਸੰਸਥਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੌਂਪਣ ਨਾਲ ਜਿੱਥੇ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਨਵੀਆਂ ਮੁਸ਼ਕਲਾਂ ਵਿਚ ਖੜ੍ਹਾ ਕਰ ਦਿੱਤਾ ਹੈ ਉੱਥੇ ਪਹਿਲਾਂ ਹੀ ਵਿਰੋਧੀ ਧਿਰਾਂ ਦੀ ਨੁਕਤਾਚੀਨੀ ਦਾ ਸ਼ਿਕਾਰ ਪੰਜਾਬ ਦੀ ਮਾਨ ਸਰਕਾਰ ਨੂੰ ਵੀ ਮੁਸ਼ਕਲ ਵਿਚ ਪਾ ਦਿੱਤਾ ਹੈ।

ਜਥੇਦਾਰ ਕਾਉਂਕੇ ਬਾਰੇ ਉਸ ਵੇਲੇ ਦੇ ਏ. ਡੀ. ਜੀ. ਪੀ. ਬੀ. ਪੀ. ਤਿਵਾੜੀ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਨੇ ਇਹ ਸਾਫ ਕਰ ਦਿੱਤਾ ਹੈ ਕਿ ਜਥੇਦਾਰ ਕਾਉਂਕੇ ਬਾਰੇ ਪੁਲਸ ਵੱਲੋਂ ਬਣਾਈ ਗਈ ਕਹਾਣੀ ਕਾਬਲੇ ਇਤਬਾਰ ਨਹੀਂ ਹੈ ਅਤੇ ਇਸ ਲਈ ਕਈ ਪੁਲਸ ਅਫ਼ਸਰ ਦੋਸ਼ੀ ਹਨ। ਇਸ ਰਿਪੋਰਟ ਨੇ ਅਕਾਲੀ ਦਲ ਬਾਦਲ ਦੇ ਵਿਰੋਧੀਆਂ ਨੂੰ ਇਹ ਕਹਿਣ ਦਾ ਮੌਕਾ ਦੇ ਦਿੱਤਾ ਹੈ ਕਿ ਬਾਦਲ ਸਰਕਾਰ ਜੋ ਕਿ ਖੁਦ ਨੂੰ ਸਿੱਖ ਹੱਕਾਂ ਦੀ ਅਲੰਬਰਦਾਰ ਪਾਰਟੀ ਵਜੋਂ ਪੇਸ਼ ਕਰਦੀ ਹੈ, ਨੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ।

ਇਹ ਰਿਪੋਰਟ ਮਿਲਣ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸ਼੍ਰੋਮਣੀ ਕਮੇਟੀ ਨੂੰ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਹੈ ਅਤੇ ਸ਼੍ਰੋਮਣੀ ਕਮੇਟੀ ਨੇ ਵੀ ਦਾਅਵਾ ਕੀਤਾ ਹੈ ਕਿ ਉਹ ਇਸ ਮਾਮਲੇ ’ਤੇ ਕਾਨੂੰਨੀ ਕਾਰਵਾਈ ਕਰੇਗੀ, ਤੇ ਅਕਾਲ ਤਖ਼ਤ ਦੇ ਆਦੇਸ਼ਾਂ ਦਾ ਪਾਲਣ ਕਰੇਗੀ ਪਰ ਸ਼੍ਰੋਮਣੀ ਕਮੇਟੀ ਲਈ ਪੰਜਾਬ ਸਰਕਾਰ ਤੋਂ ਇਹ ਕਾਰਵਾਈ ਕਰਵਾਉਣਾ ਕੋਈ ਸੌਖਾ ਕੰਮ ਨਹੀਂ ਹੋਵੇਗਾ ਕਿਉਂਕਿ ਪੰਜਾਬ ਸਰਕਾਰ ਇਸ ਵੇਲੇ ਗੈਂਗਸਟਰਾਂ ਦੇ ਮਾਮਲੇ ’ਤੇ ਪੂਰੀ ਤਰ੍ਹਾਂ ਪੁਲਸ ’ਤੇ ਨਿਰਭਰ ਹੈ ਅਤੇ ਪਿਛਲੇ ਕੁਝ ਦਿਨਾਂ ਵਿਚ ਹੀ ਗੈਂਗਸਟਰਾਂ ਨਾਲ ਤਕਰੀਬਨ ਇਕ ਦਰਜਨ ਮੁਕਾਬਲੇ ਹੋ ਚੁੱਕੇ ਹਨ।

ਅਜਿਹੀ ਹਾਲਤ ਵਿਚ ਪੰਜਾਬ ਸਰਕਾਰ ਪੁਲਸ ਅਫ਼ਸਰਾਂ ਖਿਲਾਫ ਕੋਈ ਸਖਤ ਕਦਮ ਚੁੱਕਣ ਤੋਂ ਗ਼ੁਰੇਜ਼ ਕਰਦੀ ਹੈ ਤਾਂ ਸਰਕਾਰ ਤੇ ਸ਼੍ਰੋਮਣੀ ਕਮੇਟੀ ਵਿਚ ਟਕਰਾਅ ਦੀ ਸਥਿਤੀ ਬਣ ਸਕਦੀ ਹੈ ਕਿਉਂਕਿ ਅਕਾਲੀ ਦਲ ਬਾਦਲ ਕੋਲ ਆਪਣੀ ਸਰਕਾਰ ਸਮੇਂ ਇਸ ਰਿਪੋਰਟ ’ਤੇ ਕਾਰਵਾਈ ਨਾ ਕਰਨ ਦਾ ਕੋਈ ਠੋਸ ਕਾਰਨ ਨਹੀਂ ਹੈ।

ਇਕਬਾਲ ਸਿੰਘ ਚੰਨੀ

Tanu

This news is Content Editor Tanu