ਸੋਸ਼ਲ ਮੀਡੀਆ-ਕਿਰਪਾ ਕਰ ਕੇ ਇਸ ਸਮੇਂ ਤਾਂ ਝੂਠ ਨੂੰ ਨਾ ਫੈਲਾਓ

04/30/2021 2:18:24 AM

ਅੱਕੂ ਸ਼੍ਰੀਵਾਸਤਵ

ਇਸ ਕੋਰੋਨਾ ਕਾਲ ’ਚ ਪੂਰਾ ਦੇਸ਼ ਕਈ ਮੋਰਚਿਆਂ ’ਤੇ ਲੜ ਰਿਹਾ ਹੈ। ਇਹ ਸਭ ਮੋਰਚੇ ਵਾਇਰਸ ਵਿਰੁੱਧ ਅਤੇ ਉਸ ਤੋਂ ਬਾਅਦ ਦੇ ਹਾਲਾਤ, ਪਰਿਵਾਰ ਦੇ ਹਾਲ ’ਤੇ ਹਨ। ਪਰਿਵਾਰ, ਸਮਾਜ ਅਤੇ ਦੇਸ਼ ਦੇ ਪੱਧਰ ’ਤੇ ਅਸੀਂ ਇਸ ਨਾਲ ਜੂਝ ਰਹੇ ਹਾਂ। ਇਹ ਜੰਗ ਸਿਰਫ ਵੱਡੇ ਸ਼ਹਿਰਾਂ ਤੱਕ ਸੀਮਤ ਨਹੀਂ ਹੈ, ਇਹ ਤਾਂ ਪਿੰਡਾਂ ’ਚ ਵੀ ਪਹੁੰਚ ਗਈ ਹੈ ਤੇ ਦਿਨ-ਬ-ਦਿਨ ਭਿਆਨਕ ਹੁੰਦੀ ਜਾ ਰਹੀ ਹੈ। ਕੋਈ ਦਿਨ ਵੀ ਅਜਿਹਾ ਨਹੀਂ ਬੀਤਤਾ ਜਦੋਂ ਕੋਈ ਆਪਣਾ ਜਾਣੂ ਜਾਂ ਨਾਲ ਕੰਮ ਕਰਨ ਵਾਲਾ ਇਸ ਦਾ ਸ਼ਿਕਾਰ ਨਾ ਹੋ ਰਿਹਾ ਹੋਵੇ।

ਫਿਰ ਬੀਮਾਰਾਂ ਨੂੰ ਲੈ ਕੇ ਲੜਾਈ ਆਪਣੇ ਵੱਖਰੇ ਪੱਧਰ ’ਤੇ ਹੋ ਰਹੀ ਹੈ। ਕਿਸੇ ਨੂੰ ਹਸਪਤਾਲ ’ਚ ਐਡਮਿਸ਼ਨ ਚਾਹੀਦੀ ਹੈ ਤਾਂ ਕਿਸੇ ਨੂੰ ਆਕਸੀਜਨ ਦੇ ਸਿਲੰਡਰ ਚਾਹੀਦੇ ਹਨ। ਕਿਸੇ ਹੋਰ ਨੂੰ ਰੇਮਡੇਸਿਵਿਰ ਦੀ ਲੋੜ ਹੈ। ਇਨ੍ਹਾਂ ਸਭ ਲਈ ਜੋ ਮਿਹਨਤ ਕਰਨੀ ਪੈ ਰਹੀ ਹੈ, ਉਹ ਆਜ਼ਾਦ ਭਾਰਤ ਨੇ ਅੱਜ ਤੱਕ ਨਹੀਂ ਵੇਖੀ। ਹੋਰ ਤਾਂ ਹੋਰ, ਮੈਡੀਕਲ ਐਂਬੂਲੈਂਸ ਲਈ ਸਿਫਾਰਿਸ਼ਾਂ ਪਾਉਣੀਆਂ ਪੈ ਰਹੀਅਾਂ ਹਨ, ਨਾਲ ਹੀ ਇਹ ਕੋਸ਼ਿਸ਼ ਹੋ ਰਹੀ ਹੈ ਜੋ ਚਲਾ ਗਿਆ ਹੈ, ਉਸ ਦੀ ਸਤਿਕਾਰ ਭਰੇ ਢੰਗ ਨਾਲ ਪੂਰਨ ਵਿਦਾਇਗੀ ਹੋ ਸਕੇ। ਇਹ ਸਭ ਲੜਾਈ ਹਰ ਮੰਚ ’ਤੇ ਲੜੀ ਜਾ ਰਹੀ ਹੈ।

ਇਸ ਸਮੇਂ ਇਸ ਲੜਾਈ ’ਚ ਸੋਸ਼ਲ ਮੀਡੀਆ ਇਕ ਵੱਡਾ ਹਥਿਆਰ ਹੈ। ਇਸ ਦੀ ਵਰਤੋਂ ਪਹਿਲਾਂ ਵੀ ਕਟਹਿਰੇ ’ਚ ਹੋ ਰਹੀ ਹੈ। ਇਹ ਮੰਨਿਆ ਜਾਂਦਾ ਰਿਹਾ ਹੈ ਕਿ ਜਦੋਂ ਤੱਕ ਉਹ ਮਨੋਰੰਜਨ ਜਾਂ ਸੂਚਨਾ ਦੇਣ ਲਈ ਕੰਮ ਕਰਦਾ ਹੈ, ਉਦੋਂ ਤੱਕ ਤਾਂ ਠੀਕ ਹੈ ਪਰ ਜਿਵੇਂ ਹੀ ਪ੍ਰਾਪੇਗੰਡਾ ’ਚ ਉਸ ਦੀ ਵਰਤੋਂ ਹੁੰਦੀ ਹੈ, ਉਹ ਚਾਕੂ ਦੀ ਥਾਂ ਤਲਵਾਰ ਦਾ ਰੂਪ ਧਾਰਨ ਕਰ ਲੈਂਦਾ ਹੈ, ਫਿਰ ਲਾਭ ਦੀ ਥਾਂ ਨੁਕਸਾਨ ਵਧੇਰੇ ਕਰਦਾ ਹੈ, ਵਿਅਕਤੀ ਦਾ ਵੀ ਅਤੇ ਸਮਾਜ ਦਾ ਵੀ। ਇਹ ਦੋ-ਧਾਰੀ ਤਲਵਾਰ ਹੈ।

ਸਮਾਰਟ ਹੋਣ ਕਾਰਨ ਇਸ ਦੀ ਪਹੁੰਚ ਦੇਸ਼ ਦੀ ਬਹੁਤ ਵੱਡੀ ਆਬਾਦੀ ਤੱਕ ਹੈ। ਸਭ ਤੋਂ ਵੱਧ ਚਰਚਿਤ ਫੇਸਬੁੱਕ ’ਚ ਦੇਸ਼ ’ਚ ਹੀ 32 ਕਰੋੜ ਦੀ ਆਬਾਦੀ ਲੱਗੀ ਰਹਿੰਦੀ ਹੈ। ਦੁਨੀਆ ’ਚ ਸਭ ਤੋਂ ਵੱਧ ਅਤੇ ਅਮਰੀਕਾ ਤੋਂ ਇਹ ਲਗਭਗ ਦੁੱਗਣੀ ਹੈ। ਇਹ ਆਬਾਦੀ ਔਸਤ 2 ਘੰਟੇ 40 ਮਿੰਟ ਰੋਜ਼ਾਨਾ ਫੇਸਬੁੱਕ ਨਾਲ ਜੁੜੀ ਰਹਿੰਦੀ ਹੈ। ਜਾਪਾਨ ’ਚ ਇਹ ਔਸਤ 45 ਮਿੰਟ ਦੀ ਹੈ। ਇਸ ’ਚ ਚੁਟਕਲੇਬਾਜ਼ੀ ਤੋਂ ਲੈ ਕੇ ਲੱਤਾਂ ਖਿੱਚਣ ਤੱਕ ਇਹ ਲੋਕ ਸ਼ਾਮਲ ਰਹਿੰਦੇ ਹਨ। 25 ਤੋਂ 35 ਸਾਲ ਦੀ ਉਮਰ ਵਾਲੇ ਲੋਕ ਇਸ ਦੇ ਵੱਡੇ ਗਾਹਕ ਹਨ। ਇਹ 77 ਫੀਸਦੀ ਤੋਂ ਵੀ ਵੱਧ ਹਨ। ਇਸ ਦੇ ਮੁਕਾਬਲੇ ’ਚ ਟਵੀਟਰ ਦੀ ਵਰਤੋਂ 2 ਕਰੋੜ ਤੋਂ ਵੀ ਘੱਟ ਲੋਕ ਭਾਰਤ ’ਚ ਕਰਦੇ ਹਨ। ਇਨ੍ਹਾਂ ਦੀ ਕੁਲ ਗਿਣਤੀ 1 ਕਰੋੜ 80 ਲੱਖ ਹੈ।

ਪਰ ਪ੍ਰੋਟੋਕਾਲ ਦੇ ਸਮੇਂ ’ਚ ਇਸ ਸੋਸ਼ਲ ਮੀਡੀਆ ਨੇ ਬੇਮਿਸਾਲ ਕੰਮ ਕੀਤਾ ਹੈ ਲੋਕਾਂ ਦੀ ਮਦਦ ਕਰਨ ’ਚ। ਲੋਕ ਫੇਸਬੁੱਕ ’ਤੇ ਗਰੁੱਪ ਬਣਾ ਕੇ ਲੋੜਵੰਦਾਂ ਦੀ ਮਦਦ ਕਰ ਰਹੇ ਹਨ। ਇਹ ਮਦਦ ਭੋਜਨ ਪਹੁੰਚਾਉਣ ਤੱਕ ਹੀ ਸੀਮਤ ਨਹੀਂ ਹੈ ਸਗੋਂ ਪੀੜਤਾਂ ਨੂੰ ਉਨ੍ਹਾਂ ਦੀ ਲੋੜ ਮੁਤਾਬਕ ਸਾਮਾਨ ਪਹੁੰਚਾਉਣ ਦਾ ਕੰਮ ਵੀ ਹੋ ਰਿਹਾ ਹੈ। ਟਵੀਟਰ ਦੇ ਹੈਸ਼ਟੈਗ ਰਾਹੀਂ ਗੰਭੀਰ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਦੀ ਅਪੀਲ ਸਬੰਧਤ ਅਧਿਕਾਰੀਆਂ ਅਤੇ ਮਦਦਗਾਰਾਂ ਤੱਕ ਮਿੰਟਾਂ ’ਚ ਪਹੁੰਚ ਰਹੀ ਹੈ। ਹੈਸ਼ਟੈਗ ਇਕ ਅਜਿਹਾ ਟੂਲ ਹੋ ਗਿਆ ਹੈ ਜੋ ਸਭ ਤੋਂ ਵੱਧ ਲਾਹੇਵੰਦ ਸਾਬਤ ਹੋ ਰਿਹਾ ਹੈ। ਹਸਪਤਾਲ ’ਚ ਭਰਤੀ ਹੋਣ ਤੋਂ ਲੈ ਕੇ ਜ਼ਰੂਰੀ ਦਵਾਈ, ਆਕਸੀਜਨ ਕਿੱਥੋਂ ਮਿਲੇਗੀ ਅਤੇ ਕਿਵੇਂ ਮਿਲੇਗੀ ਸਭ ਕੁਝ ਸਾਂਝਾ ਕੀਤਾ ਜਾ ਰਿਹਾ ਹੈ।

ਕਿਸੇ ਗੰਭੀਰ ਮਰੀਜ਼ ਨੂੰ ਪਲਾਜ਼ਮਾ ਦੀ ਲੋੜ ਹੋਵੇ ਤਾਂ ਟਵੀਟਰ, ਫੇਸਬੁੱਕ, ਵ੍ਹਟਸਐਪ ਅਤੇ ਟੈਲੀਗ੍ਰਾਮ ’ਤੇ ਬੇਨਤੀ ਪਾਉਂਦਿਆਂ ਹੀ ਕੋਈ ਨਾ ਕੋਈ ਮਦਦ ਕਰਨ ਵਾਲਾ ਦੇਵਦੂਤ ਵਾਂਗ ਪ੍ਰਗਟ ਹੋ ਜਾਂਦਾ ਹੈ, ਜੋ ਆਪਣੇ ਸਾਹ ਗਿਣ ਰਹੇ ਰੋਗੀ ਦੀ ਜਾਨ ਬਚਾਉਣ ’ਚ ਭਗਵਾਨ ਦਾ ਹੀ ਕੋਈ ਰੂਪ ਨਜ਼ਰ ਆਉਂਦਾ ਹੈ। ਅਜਿਹੇ ਚੰਗੇ ਲੋਕ ਸੋਸ਼ਲ ਮੀਡੀਆ ਰਾਹੀਂ ਇਸ ਔਖੇ ਸਮੇਂ ’ਚ ਵੀ ਲਗਾਤਾਰ ਮਨੁੱਖਤਾ ਦੀ ਸੇਵਾ ਕਰ ਰਹੇ ਹਨ। ਮੌਤ ਤੋਂ ਬਾਅਦ ਤੱਕ ਵੀ ਸਾਥ ਦਿੰਦੇ ਹਨ। ਜਿਨ੍ਹਾਂ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਨ ਲਈ ਕੋਈ ਪਰਿਵਾਰਕ ਮੈਂਬਰ ਨਹੀਂ, ਉਨ੍ਹਾਂ ਲਈ ਇਕ ਸਕੇ ਤੋਂ ਵੀ ਵੱਡਾ ਰਿਸ਼ਤਾ ਉਹ ਨਿਭਾਉਂਦੇ ਹਨ। ਸਭ ਕੁਝ ਬਿਨਾਂ ਧਰਮ ਅਤੇ ਜਾਤੀ ਦਾ ਭੇਦ ਕਿਤੇ ਬਿਨਾਂ ਕੀਤਾ ਜਾਂਦਾ ਹੈ।

ਲਖਨਊ ’ਚ 5-6 ਨੌਜਵਾਨਾਂ ਨੇ ਕਰਬਲਾ ਨਾਂ ਦਾ ਇਕ ਵ੍ਹਟਸਐਪ ਗਰੁੱਪ ਬਣਾਇਆ ਅਤੇ ਪੁਰਾਣੀ ਪਈ ਐਂਬੂਲੈਂਸ ਦੀ ਵਰਤੋਂ ਰਿਸ਼ਤੇਦਾਰਾਂ ਨੂੰ ਲਿਆਉਣ-ਲਿਜਾਣ ਲਈ ਕਰਨੀ ਸ਼ੁਰੂ ਕੀਤੀ। ਹੌਲੀ-ਹੌਲੀ ਕਾਰਵਾਂ ਵਧਦਾ ਗਿਆ। ਅੱਜ ਉਨ੍ਹਾਂ ਵੱਲੋਂ ਦਵਾਈਆਂ ਆਦਿ ਵੀ ਲੋਕਾਂ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਹ ਲਾਸ਼ਾਂ ਨੂੰ ਸ਼ਮਸ਼ਾਨਘਾਟ ਅਤੇ ਕਬਰਿਸਤਾਨ ਤੱਕ ਲਿਜਾ ਰਹੇ ਹਨ। ਅੱਜ ਜਦੋਂ ਸਿਆਸੀ ਪਾਰਟੀਆਂ ਦੁਬਕੀਆਂ ਬੈਠੀਆਂ ਹਨ ਤਾਂ ਇਹ ਛੋਟੇ-ਛੋਟੇ ਗਰੁੱਪ ਆਪਣਾ ਵਜੂਦ ਖੁਦ ਬਣਾ ਰਹੇ ਹਨ। ਉਨ੍ਹਾਂ ਲਈ ਮਨੁੱਖਤਾ ਤੋਂ ਵੱਡਾ ਕੋਈ ਧਰਮ ਨਹੀਂ, ਕੋਈ ਜਾਤੀ ਨਹੀਂ। ਪਰਉਪਕਾਰ ਸਭ ਤੋਂ ਵੱਡਾ ਧਰਮ ਹੈ। ਇਨ੍ਹਾਂ ਕਰਮਯੋਗੀਆਂ ਲਈ ਸੋਸ਼ਲ ਮੀਡੀਆ ਸੰਤ ਤੁਲਸੀਦਾਸ ਦੇ ਕਥਨ ‘ਪਰਹਿਤ ਸਰਿਸ ਧਰਮ ਨਹੀਂ ਭਾਈ’ ਦੀ ਪਰਮ ਸਾਧਨਾ ਦਾ ਸਾਧਨ ਹੈ।

ਪਰ ਇਸ ਕੋਰੋਨਾ ਕਾਲ ’ਚ ਸੋਸ਼ਲ ਮੀਡੀਆ ਦਾ ਇਕ ਅਜਿਹਾ ਰੂਪ ਵੀ ਸਾਹਮਣੇ ਆ ਰਿਹਾ ਹੈ ਜੋ ਵਾਇਰਸ ਤੋਂ ਵੀ ਤੇਜ਼ ਅਤੇ ਖਤਰਨਾਕ ਹੈ। ਕੁਝ ਬੁਰੇ ਲੋਕਾਂ ਲਈ ਇਹ ਅਫਵਾਹ ਫੈਲਾਉਣ ਦਾ ਜਾਣੇ-ਅਣਜਾਣੇ ’ਚ ਸੌਖਾ ਸਾਧਨ ਬਣ ਗਿਆ ਹੈ। ਇਕ ਪੂਰੀ ਮਸ਼ੀਨਰੀ ਇਹ ਸਾਬਤ ਕਰਨ ’ਚ ਲੱਗ ਗਈ ਹੈ ਕਿ ਇਹ ਸਭ ਕੁਝ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ। ਇਹ ਗੱਲ ਸਭ ਮੰਨਦੇ ਹਨ ਕਿ ਹਾਲਾਤ ਨਾਲ ਠੀਕ ਢੰਗ ਨਾਲ ਨਾ ਨਜਿੱਠ ਸਕਣ ’ਚ ਸਰਕਾਰਾਂ ਆਪਣਾ ਫਰਜ਼ ਪੂਰੀ ਤਰ੍ਹਾਂ ਨਹੀਂ ਨਿਭਾਅ ਸਕੀਆਂ। ਪੁਰਾਣੇ ਅਤੇ ਸਿੱਧੇ-ਪੁੱਠੇ ਭਾਸ਼ਣਾਂ ਨੂੰ ਫਾਰਵਰਡ ਕਰਨ ’ਚ ਇਨ੍ਹਾਂ ਲੋਕਾਂ ਦੀ ਏਜੰਸੀ ਇਸ ਤਰ੍ਹਾਂ ਲੱਗ ਗਈ ਜਿਵੇਂ ਦੇਸ਼ ’ਚ ਹੁਣ ਉਲਟ ਹਾਲਾਤ ਨਾਲ ਨਜਿੱਠਣ ਦੀ ਸਮਰੱਥਾ ਹੀ ਨਹੀਂ ਰਹੀ।

ਨਾਗਪੁਰ ਦੇ ਇਕ ਬਜ਼ੁਰਗ ਸੱਜਣ ਨੇ ਆਪਣੇ ਤੋਂ ਘੱਟ ਉਮਰ ਦੇ ਨੌਜਵਾਨ ਲਈ ਹਸਪਤਾਲ ਦਾ ਬਿਸਤਰਾ ਛੱਡ ਦਿੱਤਾ ਤਾਂ ਉਸ ’ਤੇ ਵੀ ਸਵਾਲ ਉਠਾਏ ਜਾਣ ਲੱਗੇ। ਕੋਰੋਨਾ ਕਾਰਨ ਪੀੜਤ ਹੋਣ ਦੇ ਬਾਵਜੂਦ ਸਿਹਤਮੰਦ ਹੋ ਕੇ ਘਰ ਪਰਤੀ ਇਕ ਬੱਚੀ ਦੀ ਖਬਰ ਇਸ ਝੂਠ ਨਾਲ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਗਈ ਕਿ ਆਪਣੀ ਗੋਲਕ ਤੋੜ ਕੇ ਪ੍ਰਧਾਨ ਮੰਤਰੀ ਕੇਅਰ ਫੰਡ ’ਚ ਦਾਨ ਦੇਣ ਵਾਲੀ ਬੱਚੀ ਦੀ ਮੌਤ ਹੋ ਗਈ ਹੈ। ਸੱਚਾਈ ਇਹ ਹ ੈ ਕਿ ਗਾਜ਼ੀਆਬਾਦ ਦੀ ਇਹ ਬੱਚੀ ਤੰਦਰੁਸਤ ਹੋ ਕੇ ਆਪਣੇ ਘਰ ’ਚ ਇਕ ਪ੍ਰਤੀਯੋਗੀ ਪ੍ਰੀਖਿਆ ਦੇਣ ਦੀ ਤਿਆਰੀ ਕਰ ਰਹੀ ਹੈ।

ਮੁਸ਼ਕਲ ਉਦੋਂ ਆਉਂਦੀ ਹੈ ਜਦੋਂ ਸਮਾਜ ਦੇ ਵੱਕਾਰੀ ਲੋਕ ਅਜਿਹੀਆਂ ਖਬਰਾਂ ਦੇ ਝਾਂਸੇ ’ਚ ਆ ਜਾਂਦੇ ਹਨ। ਉਹ ਇਨ੍ਹਾਂ ਨੂੰ ਰੀਟਵੀਟ, ਫਾਰਵਰਡ ਅਤੇ ਸ਼ੇਅਰ ਕਰ ਦਿੰਦੇ ਹਨ। ਆਏ ਦਿਨ ਕਿਸੇ ਨਾ ਕਿਸੇ ਸੈਲੀਬ੍ਰਿਟੀ ਦੀ ਮੌਤ ਦੀ ਝੂਠੀ ਖਬਰ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ ਜਾਂਦੀ ਹੈ। ਹੁਣੇ ਜਿਹੇ ਹੀ ਬੁੱਧੀਜੀਵੀ ਸਿਆਸਤਦਾਨ ਮੰਨੇ ਜਾਣ ਵਾਲੇ ਸ਼ਸ਼ੀ ਥਰੂਰ ਵੀ ਇਕ ਅਜਿਹੀ ਹੀ ਝੂਠੀ ਖਬਰ ਦੇ ਝਾਂਸੇ ’ਚ ਆ ਗਏ ਸਨ। ਉਨ੍ਹਾਂ ਲੋਕ ਸਭਾ ਦੀ ਸਾਬਕਾ ਸਪੀਕਰ ਸੁਮਿੱਤਰਾ ਮਹਾਜਨ ਦੀ ਮੌਤ ਦੀ ਝੂਠੀ ਖਬਰ ਟਵੀਟ ਕਰ ਦਿੱਤੀ ਸੀ। ਬਾਅਦ ’ਚ ਉਨ੍ਹਾਂ ਨੇ ਟਵੀਟ ਨੂੰ ਡਿਲੀਟ ਕਰ ਕੇ ਮੁਆਫੀ ਮੰਗੀ। ਜੇ ਬੁੱਧੀਜੀਵੀਆਂ ਦਾ ਇਹ ਹਾਲ ਹੈ ਤਾਂ ਆਮ ਲੋਕਾਂ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਕ ਝੂਠ ਉਨ੍ਹਾਂ ਨੂੰ ਆਪਣੇ ਜਾਲ ’ਚ ਕਿਵੇ ਆਸਾਨੀ ਨਾਲ ਫਸਾ ਸਕਦਾ ਹੈ।

ਕੁਝ ਝੂਠ ਸਮਾਜ ’ਚ ਗੁੱਸਾ ਵਧਾਉਣ ਲਈ ਜਾਣਬੁੱਝ ਕੇ ਵਾਇਰਲ ਕੀਤਾ ਜਾਂਦਾ ਹੈ। ਅਜਿਹਾ ਨਹੀਂ ਕਿ ਇਹ ਰੁਝਾਨ ਮਹਾਮਾਰੀ ਦੇ ਦੌਰ ’ਚ ਹੀ ਸ਼ੁਰੂ ਹੋਇਆ ਹੈ, ਧਰਮ ਅਤੇ ਜਾਤੀ ਨੂੰ ਲੈ ਕੇ ਸਮਾਜ ’ਚ ਅਜਿਹੇ ਝੂਠ ਬੋਲ ਕੇ ਅਸ਼ਾਂਤੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੰਕਟ ਅਤੇ ਔਖੇ ਸਮੇਂ ’ਚ ਵੀ ਸਾਡੇ ਅੰਦਰ ਕੋਈ ਸੁਧਾਰ ਨਹੀਂ ਹੁੰਦਾ।

ਕੋੋਰੋਨਾ ਨਾਲ ਨਜਿੱਠਣ ਦੇ ਆਤਮਘਾਤੀ ਨੁਸਖਿਆਂ ਦੀ ਸੋਸ਼ਲ ਮੀਡੀਆ ’ਤੇ ਭਰਮਾਰ ਹੈ। ਜਿਸ ਵਾਇਰਸ ਦੇ ਪੂਰੇ ਮਾਇਆਜਾਲ ਨੂੰ ਦੋ ਸਾਲ ’ਚ ਵਿਗਿਆਨੀ ਸਹੀ ਢੰਗ ਨਾਲ ਨਹੀਂ ਸਮਝ ਸਕੇ, ਉਸ ਨਾਲ ਨਜਿੱਠਣ ਦਾ ਫਾਰਮੂਲਾ ਸੋਸ਼ਲ ਮੀਡੀਆ ਦੇ ਵੀਰ ਬਹਾਦੁਰ ਛੋਲਿਆਂ ਵਾਂਗ ਵੰਡ ਰਹੇ ਹਨ। ਅਜਿਹਾ ਵਾਇਰਸ ਜਿਸ ਦਾ ਜੀਮੋਨ ਡਾਟਾ ਤਿੰਨ ਹਜ਼ਾਰ ਦੇ ਆਸ-ਪਾਸ ਜੀਨ ਦਾ ਹੈ ਅਤੇ ਕਿਹੜਾ ਜੀਨ ਕਦੋਂ ਬਦਲ ਜਾਵੇ, ਕੋਈ ਨਹੀਂ ਦੱਸ ਸਕਦਾ, ਉਸ ਦੇ ਇਲਾਜ ਦੇ ਆਯੁਰਵੈਦਿਕ ਅਤੇ ਹੋਮਿਓਪੈਥਿਕ ਨੁਸਖੇ ਸੈਂਕੜਿਆਂ ਦੀ ਗਿਣਤੀ ’ਚ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੇ ਜਾ ਰਹੇ ਹਨ।

ਕੋਈ ਤਾਂ ਸੇਂਧਾ ਨਮਕ ਅਤੇ ਪਿਆਜ਼ ਨਾਲ ਹੀ ਕੋਰੋਨਾ ਦੇ ਪੂਰੇ ਇਲਾਜ ਦਾ ਗਿਆਨ ਦੇ ਰਿਹਾ ਹੈ। ਪਿਆਜ਼ ਫਾਇਦੇਮੰਦ ਹੋ ਸਕਦਾ ਹੈ, ਇਸ ’ਚ ਦੋ-ਰਾਵਾਂ ਨਹੀਂ ਪਰ ਇਸ ਕਾਰਨ ਵਾਇਰਸ ਖਤਮ ਹੋ ਜਾਵੇਗਾ, ਇਹ ਸਮਝਣਾ ਹੀ ਹੈਰਾਨੀਜਨਕ ਲੱਗਦਾ ਹੈ। ਆਕਸੀਜਨ ਦੀ ਕਮੀ ਦੂਰ ਕਰਨ ਲਈ ਤਾਂ ਅਜਿਹੇ-ਅਜਿਹੇ ਨੁਸਖੇ ਦੱਸੇ ਜਾ ਰਹੇ ਹਨ ਜੋ ਕਿਸੇ ਮਰੀਜ਼ ਲਈ ਜਾਨਲੇਵਾ ਵੀ ਸਾਬਤ ਹੋ ਸਕਦੇ ਹਨ। ਕੁਝ ਕੰਪਨੀਆਂ ਇਸ ਨੂੰ ਆਪਣੀਆਂ ਦਮਾ ਅਤੇ ਸਾਹ ਸਬੰਧੀ ਬੀਮਾਰੀਆਂ ਦੀਆਂ ਦਵਾਈਆਂ ਨੂੰ ਵੇਚਣ ਦਾ ਸੁਨਹਿਰੀ ਮੌਕਾ ਮੰਨ ਰਹੀਆਂ ਹਨ। ਸੋਸ਼ਲ ਮੀਡੀਆ ’ਤੇ ਇਕ ਹੋਮਿਓਪੈਥਿਕ ਦਵਾਈ ਅਜਿਹੀ ਵੀ ਦੱਸੀ ਜਾ ਰਹੀ ਹੈ ਜਿਸ ਨੂੰ ਮਰੀਜ਼ ਦੇ ਬਿਸਤਰੇ ’ਤੇ ਛਿੜਕਣ ਨਾਲ ਮਰੀਜ਼ ਨੂੰ ਆਕਸੀਜਨ ਦੀ ਕਮੀ ਨਹੀਂ ਰਹਿੰਦੀ।

ਅਜਿਹੀ ਹੀ ਇਕ ਹੋਰ ਦਵਾਈ ਦੀ ਗੱਲ ਕਹੀ ਜਾ ਰਹੀ ਹੈ ਜਿਸ ਦਾ ਸਬੰਧ ਅਮਰੀਕੀ ਮਹਾਦੀਪ ’ਚ ਪਾਏ ਜਾਣ ਵਾਲੇ ਇਕ ਖਾਸ ਰੁੱਖ ਨਾਲ ਹੈ। ਦਵਾਈ ਦਾ ਨਾਂ ਇੱਥੇ ਜਾਣਬੁੱਝ ਕੇ ਨਹੀਂ ਦਿੱਤਾ ਜਾ ਰਿਹਾ। ਇਸ ਦਵਾਈ ਨੂੰ ਵੀ ਸੋਸ਼ਲ ਮੀਡੀਆ ’ਤੇ ਆਕਸੀਜਨ ਦਾ ਲੈਵਲ ਸੁਧਾਰਨ ਵਾਲਾ ਦੱਸਿਆ ਜਾ ਰਿਹਾ ਹੈ, ਜਦੋਂ ਕਿ ਇਸ ਦੇ ਕਈ ਗੰਭੀਰ ਸਾਈਡ ਇਫੈਕਟਸ ਵੀ ਹਨ। ਇਸ ਦਵਾਈ ਬਾਰੇ ਸਪੱਸ਼ਟ ਨਿਰਦੇਸ਼ ਹਨ ਕਿ ਇਸ ਨੂੰ ਡਾਕਟਰਾਂ ਦੀ ਸਲਾਹ ਤੋਂ ਬਿਨਾਂ ਨਹੀਂ ਲਿਆ ਜਾ ਸਕਦਾ। ਇਸ ਤਰ੍ਹਾਂ ਕਪੂਰ ਦੇ ਵੀ ਕੁਝ ਮਾੜੇ ਅਸਰ ਹੁੰਦੇ ਹਨ। ਖਾਸ ਤੌਰ ’ਤੇ ਇਸ ਦਾ ਖੂਨ ’ਚ ਪਹੁੰਚਣ ਜਾਂ ਲੀਵਰ ਤੱਕ ਪਹੁੰਚਣ ’ਤੇ ਅਸਰ ਪੈਂਦਾ ਹੈ।

ਕਪੂਰ ਅਤੇ ਅਜਵਾਇਣ ਦੀ ਪੋਟਲੀ ਸੁੰਘ ਕੇ ਆਕਸੀਜਨ ਦਾ ਲੈਵਲ ਵਧਾਉਣ ਦੀ ਸਲਾਹ ਸੋਸ਼ਲ ਮੀਡੀਆ ਦੇ ਹਰ ਤੀਸ ਮਾਰ ਖਾਂ ਦੇ ਹੈਂਡਲ ਅਤੇ ਪੇਜ ’ਤੇ ਨਜ਼ਰ ਆਵੇਗੀ। ਪਿੱਪਲ ਤੋਂ ਲੈ ਕੇ ਚਾਹ-ਪੱਤੀ ਤੱਕ ਨਾਲ ਉਕਤ ਵਿਅਕਤੀ ਕੋਰੋਨਾ ਦੇ ਇਲਾਜ ਦਾ ਅਜਿਹਾ ਦਾਅਵਾ ਕਰ ਰਹੇ ਹਨ ਜਿਵੇਂ ਕਈ ਸਾਲਾਂ ਤੋਂ ਉਹ ਕੋਰੋਨਾ ਬਾਰੇ ਹੀ ਖੋਜ ਕਰ ਰਹੇ ਸਨ। ਇਹ ਸਭ ਕੁਝ ਇੰਝ ਕੀਤਾ ਜਾ ਰਿਹਾ ਹੈ ਜਿਵੇਂ ਇਹ ਦਾਦੀ ਮਾਂ ਦੇ ਨੁਸਖੇ ਹੋਣ। (ਸਾਡੀ ਦਾਦੀ ਨੇ ਤਾਂ ਕੋਰੋਨਾ ਦਾ ਨਾਂ ਵੀ ਨਹੀਂ ਸੁਣਿਆ ਸੀ)

ਜਦੋਂ ਪਿਛਲੇ ਸਾਲ ਵਿਸ਼ਵ ਸਿਹਤ ਸੰਗਠਨ ਨੇ ਸਮੁੱਚੀ ਦੁਨੀਆ ਦੇ ਮਾਹਿਰਾਂ ਅਤੇ ਦਵਾਈ ਨਿਰਮਾਤਾਵਾਂ ਨੂੰ ਕੋਰੋਨਾ ਨਾਲ ਸਬੰਧਤ ਦਵਾਈ ਪ੍ਰੋਟੋਕਾਲ ’ਚ ਆਪਣੀ ਦਵਾਈ ਖੋਜ ਲਈ ਸ਼ਾਮਲ ਕਰਨ ਦਾ ਸੱਦਾ ਦਿੱਤਾ ਸੀ ਤਾਂ ਇਨ੍ਹਾਂ ’ਚੋਂ ਵਧੇਰੇ ਕੰਪਨੀਆਂ ਨੇ ਉੱਥੇ ਆਪਣੀਆਂ ਇਨ੍ਹਾਂ ਦਵਾਈਆਂ ਦੀ ਪ੍ਰੈਜ਼ੈਂਟੇਸ਼ਨ ਤੱਕ ਨਹੀਂ ਭੇਜੀ। ਹੋਰਨਾਂ ਵਾਂਗ ਇਨ੍ਹਾਂ ਦਵਾਈਆਂ ’ਤੇ ਵੀ ਪ੍ਰੀਖਣ ਹੁੰਦਾ। ਉਨ੍ਹਾਂ ਦਾ ਸੱਚ ਸਾਹਮਣੇ ਆ ਜਾਣਾ ਸੀ ਪਰ ਪ੍ਰੀਖਿਆ ਦੀ ਕਸੌਟੀ ’ਤੇ ਕੌਣ ਬੈਠੇ, ਜਦੋਂ ਸੋਸ਼ਲ ਮੀਡੀਆ ’ਤੇ ਝੂਠ ਰਾਹੀਂ ਹੀ ਮੁਨਾਫਾਖੋਰਾਂ ਨੂੰ ਮੌਕਾ ਮਿਲ ਰਿਹਾ ਹੋਵੇ।

ਜੋ ਦੇਸ਼, ਜੋ ਸਮਾਜ ਮਹਾਮਾਰੀ ਦੇ ਸੰਕਟ ’ਚੋਂ ਲੰਘ ਰਿਹਾ ਹੋਵੇ, ਉਸ ਦੇ ਨਾਗਰਿਕਾਂ ਨੂੰ ਸੰਕਟ ਕਾਲ ’ਚ ਆਪਣੇ ਆਚਰਣ ’ਤੇ ਧਿਆਨ ਦੇਣਾ ਚਾਹੀਦਾ ਹੈ। ਜਦੋਂ ਹਰ ਪਾਸੇ ਮੌਤ ਅਤੇ ਮਾਤਮ ਹੋਵੇ, ਅਣਗਿਣਤ ਲਾਸ਼ਾਂ ਹੋਣ ਤਾਂ ਗਿਰਝਾਂ ਵਾਂਗ ਲਾਭ ਲੈਣ ਲਈ ਡਿੱਗੀ ਸੋਚ ਨਾਲ ਉੱਚਾ ਉੱਠਣਾ ਠੀਕ ਨਹੀਂ। ਇਸ ਮਾੜੇ ਦੌਰ ’ਚ ਸੋਸ਼ਲ ਮੀਡੀਆ ਦੀ ਵਰਤੋਂ ਮਨੁੱਖਤਾ ਦੀ ਭਲਾਈ ਲਈ ਹੋਣੀ ਚਾਹੀਦੀ ਹੈ, ਕਾਲਾਬਾਜ਼ਾਰੀ, ਨਫਰਤ ਅਤੇ ਝੂਠ ਫੈਲਾਉਣ ਲਈ ਨਹੀਂ।

Bharat Thapa

This news is Content Editor Bharat Thapa