‘ਸਨਿਫਰ ਡੌਗਸ’ ਕਰਨਗੇ ਕੋਰੋਨਾ ਇਨਫੈਕਟਿਡਾਂ ਦੀ ਪਛਾਣ

06/02/2021 3:31:44 AM

ਰੰਜਨਾ ਮਿਸ਼ਰਾ
ਕੋਰੋਨਾ ਇਨਫੈਕਸ਼ਨ ਨਾਲ ਪੂਰੀ ਦੁਨੀਆ ਜੂਝ ਰਹੀ ਹੈ। ਲੋਕ ਆਪਣੇ ਘਰਾਂ ’ਚ ਬੈਠਣ ਲਈ ਮਜਬੂਰ ਹਨ ਪਰ ਜਦੋਂ ਲਾਕਡਾਊਨ ਖਤਮ ਹੋਣ ’ਤੇ ਲੋਕ ਘਰਾਂ ’ਚੋਂ ਨਿਕਲ ਕੇ ਕੰਮ ’ਤੇ ਜਾਣ ਲੱਗਦੇ ਹਨ ਤਾਂ ਇਸ ਸਥਿਤੀ ’ਚ ਲੋਕਾਂ ਦੀ ਸੁਰੱਖਿਆ ਲਈ ਹਰ ਥਾਂ ਸਖਤ ਪ੍ਰਬੰਧ ਕੀਤੇ ਜਾ ਰਹੇ ਹਨ।

ਹੁਣ ਤੱਕ ਮਸ਼ੀਨਾਂ ਰਾਹੀਂ ਜਾਂ ਫਿਰ ਡਾਕਟਰਾਂ ਦੀ ਜਾਂਚ ਰਾਹੀਂ ਕੋਰੋਨਾ ਪਾਜ਼ੇਟਿਵ ਵਿਅਕਤੀ ਦੀ ਪਛਾਣ ਕੀਤੀ ਜਾਂਦੀ ਸੀ। ਇਸ ਨੂੰ ਪਛਾਣਨ ਲਈ ਕਈ ਢੰਗ ਬਣਾਏ ਗਏ ਹਨ ਪਰ ਹੁਣ ਕੋਰੋਨਾ ਇਨਫੈਕਟਿਡ ਲੋਕਾਂ ਦੀ ਪਛਾਣ ਕਰਨ ਦਾ ਇਕਦਮ ਅਨੋਖਾ ਤਰੀਕਾ ਕੱਢਿਆ ਗਿਆ ਹੈ। ਕਹਿੰਦੇ ਹਨ ਕਿ ਜਦੋਂ ਕੋਈ ਬਿਪਤਾ ਆਉਂਦੀ ਹੈ ਤਾਂ ਘਰ ਦੇ ਪਾਲਤੂ ਜਾਨਵਰਾਂ ਨੂੰ ਉਸ ਬਾਰੇ ਮਹਿਸੂਸ ਪਹਿਲਾਂ ਤੋਂ ਹੀ ਹੋ ਜਾਂਦਾ ਹੈ। ਉਹ ਇਸ ਖਤਰੇ ਨੂੰ ਸੁੰਘ ਲੈਂਦੇ ਹਨ। ਹੁਣ ਕੋਰੋਨਾ ਇਨਫੈਕਸ਼ਨ ਦੇ ਮਾਮਲੇ ’ਚ ਵੀ ਇਸੇ ਨੂੰ ਸਹੀ ਪਾਇਆ ਗਿਆ ਹੈ।

ਕੋਵਿਡ-19 ਦੀ ਇਨਫੈਕਸ਼ਨ ਤੋਂ ਬਚਾਅ ਦਾ ਉਪਾਅ ਲੱਭਣ ਲਈ ਦੁਨੀਆ ਦੇ ਕਈ ਦੇਸ਼ਾਂ ’ਚ ਕਈ ਖੋਜਾਂ ਅਤੇ ਅਧਿਐਨ ਕੀਤੇ ਜਾ ਰਹੇ ਹਨ। ਫਰਾਂਸ ਦੇ ਨੈਸ਼ਨਲ ਵੈਟਰਨਰੀ ਸਕੂਲ ’ਚ ਵਿਗਿਆਨੀਆਂ ਨੇ 16 ਮਾਰਚ ਤੋਂ 9 ਅਪ੍ਰੈਲ ਦਰਮਿਆਨ ਇਕ ਅਧਿਐਨ ਕੀਤਾ ਸੀ, ਇਸ ਖੋਜ ਲਈ 335 ਵਿਅਕਤੀਆਂ ਨੂੰ ਚੁਣਿਆ ਗਿਆ ਸੀ, ਇਨ੍ਹਾਂ ’ਚੋਂ 109 ਵਿਅਕਤੀ ਆਰ. ਟੀ. ਪੀ. ਸੀ. ਆਰ. ਟੈਸਟ ’ਚ ਪਾਜ਼ੇਟਿਵ ਸਨ।

ਸਾਰੇ ਲੋਕਾਂ ਦੇ ਪਸੀਨ ਦੇ ਸੈਂਪਲ ਲਏ ਗਏ ਅਤੇ ਇਨ੍ਹਾਂ ਸੈਂਪਲਾਂ ਨੂੰ ਜਾਰ ’ਚ ਰੱਖ ਕੇ ਦੋ ਵੱਖ-ਵੱਖ ਤਰ੍ਹਾਂ ਦੇ ਡੌਗਸ ਨੂੰ ਸੁੰਘਣ ਲਈ ਦਿੱਤਾ ਗਿਆ ਸੀ। ਸੈਂਪਲ ਦੇ ਪ੍ਰੀਖਣ ਲਈ ਜਿਹੜੇ ਡੌਗਸ ਨੂੰ ਸ਼ਾਮਲ ਕੀਤਾ ਗਿਆ ਸੀ, ਉਨ੍ਹਾਂ ਦਾ ਉਸ ਟੈਸਟ ਲਈ ਚੁਣੇ ਹੋਏ ਲੋਕਾਂ ਨਾਲ ਪਹਿਲਾਂ ਕੋਈ ਸੰਪਰਕ ਨਹੀਂ ਰਿਹਾ ਸੀ।

ਇਸ ਟੈਸਟ ’ਚ ਵਿਗਿਆਨੀਆਂ ਨੇ ਪਾਇਆ ਕਿ ਟ੍ਰੇਂਡ ਸਨਿਫਰ ਡੌਗਸ ਨੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਅਤੇ ਗੈਰ-ਇਨਫੈਕਟਿਡ ਦਰਮਿਆਨ ਫਰਕ ਮਿੰਟਾਂ ’ਚ ਪਛਾਣ ਲਿਆ, ਜਦਕਿ ਇਨਫੈਕਸ਼ਨ ਦੀ ਜਾਂਚ ’ਚ ਐਂਟੀਜਨ ਟੈਸਟ ’ਚ ਘੱਟ ਤੋਂ ਘੱਟ 30 ਮਿੰਟ ਅਤੇ ਆਰ. ਟੀ. ਪੀ. ਸੀ. ਆਰ. ਟੈਸਟ ’ਚ 24 ਤੋਂ 36 ਘੰਟੇ ਲੱਗ ਜਾਂਦੇ ਹਨ। ਹਰੇਕ ਬੀਮਾਰੀ ਦੀ ਇਕ ਬਦਬੂ ਹੁੰਦੀ ਹੈ। ਕਈ ਖੋਜਾਂ ’ਚ ਇਹ ਗੱਲ ਸਾਬਿਤ ਹੋ ਚੁੱਕੀ ਹੈ। ਡੌਗਸ ਦੇ ਸੁੰਘਣ ਦੀ ਸਮਰੱਥਾ ਇਨਸਾਨਾਂ ਦੇ ਮੁਕਾਬਲੇ ਦਸ ਗੁਣਾ ਵੱਧ ਹੁੰਦੀ ਹੈ।

ਇਹ ਕੋਰੋਨਾ ਵਾਇਰਸ ਪਹਿਲੀ ਅਜਿਹੀ ਬੀਮਾਰੀ ਨਹੀਂ ਹੈ, ਜਿਸ ਨੂੰ ਸਨਿਫਰ ਡੌਗਸ ਸੁੰਘ ਕੇ ਪਛਾਣ ਸਕਦੇ ਹਨ, ਮਲੇਰੀਆ ਦੀ ਬੀਮਾਰੀ ਨੂੰ ਵੀ ਇਹ ਸੁੰਘ ਕੇ ਪਛਾਣ ਲੈਂਦੇ ਹਨ ਅਤੇ ਉਹ ਇਹ ਵੀ ਪਤਾ ਲਗਾਉਣ ’ਚ ਸਮਰੱਥ ਹਨ ਕਿ ਕਿਸੇ ਵਿਅਕਤੀ ਨੂੰ ਬੁਖਾਰ ਹੈ ਜਾਂ ਨਹੀਂ।

ਕਈ ਦੇਸ਼ਾਂ ’ਚ ਰਿਸਰਚ ਦੁਆਰਾ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਡੌਗਸ ਕੈਂਸਰ ਵਰਗੀਆਂ ਬੀਮਾਰੀਆਂ ਦੇ ਸ਼ੁਰੂਆਤੀ ਲੱਛਣ ਵੀ ਪਛਾਣ ਸਕਦੇ ਹਨ। ਸਨਿਫਰ ਡੌਗਸ ਦੀ ਇਸ ਕਾਬਲੀਅਤ ਦੀ ਵਰਤੋਂ ਅਜਿਹੀਆਂ ਥਾਵਾਂ ’ਤੇ ਕੀਤੀ ਜਾ ਸਕਦੀ ਹੈ, ਜਿੱਥੇ ਇਨਫੈਕਸ਼ਨ ਦਾ ਖਤਰਾ ਵੱਧ ਰਹਿੰਦਾ ਹੈ।

ਉਂਝ ਤਾਂ ਸਨਿਫਰ ਡੌਗਸ ਦੀ ਸਮਰੱਥਾ ਦੀ ਵਰਤੋਂ ਬੰਦੂਕ, ਗੋਲੀ, ਬਾਰੂਦ ਜਾਂ ਨਸ਼ੇ ਦਾ ਸਾਮਾਨ ਫੜਨ ’ਚ ਕੀਤੀ ਜਾਂਦੀ ਰਹੀ ਹੈ ਅਤੇ ਉਹ ਆਪਣਾ ਕੰਮ ਬਾਖੂਬੀ ਕਰਦੇ ਰਹੇ ਹਨ। ਵਿਗਿਆਨੀਆਂ ਅਨੁਸਾਰ ਸਨਿਫਰ ਡੌਗਸ ਕੋਰੋਨਾ ਵਾਇਰਸ ਦੀ ਪਛਾਣ ਕਰਨ ’ਚ ਵੀ ਸਮਰੱਥ ਹਨ। ਕੋਰੋਨਾ ਇਨਫੈਕਟਿਡਾਂ ਦੀ ਪਛਾਣ ਕਰ ਕੇ ਇਨ੍ਹਾਂ ਦੀ ਇਹ ਸ਼ਕਤੀ ਇਨਸਾਨੀਅਤ ਦੇ ਵੱਡੇ ਕੰਮ ਆ ਸਕਦੀ ਹੈ।

ਲੰਡਨ ਸਕੂਲ ਆਫ ਟ੍ਰਾਪੀਕਲ ਮੈਡੀਸਨ ’ਚ ਇਸ ’ਤੇ ਵਿਸ਼ੇਸ਼ ਖੋਜ ਕੀਤੀ ਗਈ। ਕੋਵਿਡ-19 ਦੇ ਰੋਗੀਆਂ ਦੇ ਕੱਪੜੇ, ਜੁਰਾਬਾਂ, ਮਾਸਕ ਜੋ ਕਿ ਉਨ੍ਹਾਂ ਦੁਆਰਾ ਪਹਿਨੇ ਜਾ ਚੁੱਕੇ ਹਨ, ਉਨ੍ਹਾਂ ਨੂੰ ਆਮ ਕੱਪੜਿਆਂ, ਮਾਸਕ ਅਤੇ ਜੁਰਾਬਾਂ ਨਾਲ ਮਿਲਾ ਕੇ ਜਦੋਂ ਰੱਖਿਆ ਅਤੇ 6 ਟ੍ਰੇਂਡ ਡੌਗਸ ਨੂੰ ਲਿਆਂਦਾ ਗਿਆ ਕਿ ਉਨ੍ਹਾਂ ਨੂੰ ਪਛਾਣੋ (ਸਨਮਾਨ ਕਰਨ ਦੇ ਆਧਾਰ ’ਤੇ ਉਨ੍ਹਾਂ ਨੂੰ ਟ੍ਰੇਂਡ ਕੀਤਾ ਗਿਆ ਸੀ) ਤਾਂ ਇਹ ਦੇਖਿਆ ਗਿਆ ਕਿ ਲਗਭਗ 90 ਫੀਸਦੀ ਸਫਲਤਾਪੂਰਵਕ ਇਨ੍ਹਾਂ ਟ੍ਰੇਂਡ ਡੌਗਸ ਨੇ ਅਸਲੀ ਮਰੀਜ਼ਾਂ ਦੀਆਂ ਜੁਰਾਬਾਂ ਅਤੇ ਮਾਸਕ ਅਤੇ ਕੱਪੜੇ ਪਛਾਣ ਲਏ।

ਫਿਨਲੈਂਡ, ਦੁਬਈ ਅਤੇ ਸਵਿਟਜ਼ਰਲੈਂਡ ਵਰਗੇ ਦੇਸ਼ਾਂ ਨੇ ਵੀ ਡੌਗਸ ਨੂੰ ਕੋਰੋਨਾ ਇਨਫੈਕਸ਼ਨ ਸੁੰਘਣ ਲਈ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਡੌਗਸ ਨੂੰ ਟ੍ਰੇਂਡ ਕਰ ਦਿੱਤਾ ਜਾਵੇ ਤਾਂ ਏਅਰਪੋਰਟ ’ਤੇ ਹੀ ਇਨਫੈਕਟਿਡ ਲੋਕਾਂ ਨੂੰ ਰੋਕਣ ’ਚ ਕਾਫੀ ਮਦਦ ਮਿਲ ਸਕਦੀ ਹੈ ਅਤੇ ਇਸ ਨਾਲ ਇਨਫੈਕਸ਼ਨ ਦੇ ਪ੍ਰਸਾਰ ਨੂੰ ਰੋਕਿਆ ਜਾ ਸਕਦਾ ਹੈ।

Bharat Thapa

This news is Content Editor Bharat Thapa