ਸ਼ਾਨਨ ਪ੍ਰਾਜੈਕਟ : ਹਿਮਾਚਲ ਦੀ ਧਰਤੀ ਅਤੇ ਪਾਣੀ ਦੇ ਬਾਵਜੂਦ ਸੂਬੇ ਲਈ ਹੋਇਆ ਪਰਾਇਆ ਧਨ

10/15/2019 1:22:46 AM

ਕੰਵਰ ਹਰੀ ਸਿੰਘ

ਹਿਮਾਚਲ ਪ੍ਰਦੇਸ਼ ਦੇ ਜ਼ਿਲੇ ਮੰਡੀ ਦੀ ਜੋਗਿੰਦਰ ਨਗਰ ਸਬ-ਡਵੀਜ਼ਨ ’ਚ ਸ਼ਾਨਨ ਬਿਜਲੀ ਪ੍ਰਾਜੈਕਟ ਪੰਜਾਬ ਬਿਜਲੀ ਬੋਰਡ ਲਈ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਸਾਬਿਤ ਹੋ ਰਿਹਾ ਹੈ। ਇਸ ਦੀ ਰੋਜ਼ਾਨਾ ਆਮਦਨ 80 ਲੱਖ ਰੁਪਏ ਤੋਂ ਵੱਧ ਹੈ, ਜਦਕਿ ਸਾਲਾਨਾ ਖਰਚਾ ਸਿਰਫ 40 ਲੱਖ ਰੁਪਏ ਹੈ। ਇਹ ਪਾਵਰ ਹਾਊਸ ਇਨ੍ਹੀਂ ਦਿਨੀਂ ਪੰਜਾਬ ਬਿਜਲੀ ਬੋਰਡ ਦੇ ਅਧਿਕਾਰ ਹੇਠ ਸੰਚਾਲਿਤ ਹੈ। ਇਸ ਨੂੰ ਲੈ ਕੇ ਮਾਰਚ 1925 ’ਚ ਤੱਤਕਾਲੀ ਮੰਡੀ ਰਿਆਸਤ ਦੇ ਰਾਜਾ ਜੋਗਿੰਦਰ ਸੇਨ ਅਤੇ ਸੈਕਟਰੀ ਆਫ ਸਟੇਟ ਇਨ ਇੰਡੀਆ ਵਿਚਾਲੇ ਦਸਤਖਤਸ਼ੁਦਾ ਇਕ ਸਮਝੌਤਾ ਹੋਇਆ ਸੀ, ਜਿਸ ਦੇ ਅਨੁਸਾਰ ਆਗਾਮੀ 2025 ਤਕ ਸਥਿਤੀ ਜਿਉਂ ਦੀ ਤਿਉਂ ਰਹਿਣੀ ਹੈ ਅਤੇ ਉਸ ਤੋਂ ਬਾਅਦ ਇਸ ਪ੍ਰਾਜੈਕਟ ਦੀ ਹਵਾਲਗੀ ਹਿਮਾਚਲ ਸਰਕਾਰ ਨੂੰ ਹੋਣੀ ਤੈਅ ਹੈ। ਸ਼ੁਰੂਆਤ ’ਚ ਇਸ ਬਿਜਲੀ ਪ੍ਰਾਜੈਕਟ ’ਤੇ 2,53,43,709 ਦਾ ਖਰਚਾ ਹੋਇਆ ਸੀ। ਸ਼ਾਨਨ ਪਾਵਰ ਹਾਊਸ ਦੇ 1932 ਵਿਚ ਤਿਆਰ ਹੋ ਜਾਣ ਤੋਂ ਬਾਅਦ 10 ਮਾਰਚ 1933 ਨੂੰ ਇਸ ਦਾ ਉਦਘਾਟਨ ਲਾਹੌਰ ’ਚ ਹੋਇਆ ਸੀ। ਊਹਲ ਨਦੀ ਪ੍ਰਾਜੈਕਟ ਸਕੀਮ ’ਚ ਬਣਾਏ ਗਏ ਇਸ ਪਾਵਰ ਹਾਊਸ ਦਾ ਸੁਪਨਾ ਉਸ ਸਮੇਂ ਦੇ ਪੰਜਾਬ ਦੇ ਚੀਫ ਇੰਜੀਨੀਅਰ ਕਰਨਲ ਬੈਟੀ ਨੇ ਸੰਜੋਇਆ ਸੀ, ਜੋ ਉਦਘਾਟਨ ਸਮਾਰੋਹ ਵਿਚ ਸ਼ਾਮਿਲ ਹੋਣ ਲਈ ਜੋਗਿੰਦਰ ਨਗਰ ਆਉਂਦੇ ਹੋਏ ਧਾਰੀਵਾਲ ਕੋਲ ਇਕ ਹਾਦਸੇ ’ਚ ਮਾਰੇ ਗਏ। ਹਿਜ਼ ਹਾਈਨੈੱਸ ਦਿ ਵਾਇਸਰਾਏ ਆਫ ਇੰਡੀਆ ਨੇ ਸ਼ਾਲੀਮਾਰ ਰਿਸੀਵਿੰਗ ਸਟੇਸ਼ਨ ਲਾਹੌਰ ਤੋਂ ਸਵਿੱਚ ਦਬਾ ਕੇ ਇਸ ਦੇ ਉਦਘਾਟਨ ਦੀ ਰਸਮ ਪੂਰੀ ਕੀਤੀ ਸੀ। ਮਰਹੂਮ ਕਰਨਲ ਬੈਟੀ ਨੇ ਨਾ ਸਿਰਫ ਸ਼ਾਨਨ ਪਾਵਰ ਪ੍ਰਾਜੈਕਟ ਬਣਾਇਆ, ਸਗੋਂ ਉਸ ਦੇ ਅਗਲੇ ਵਿਸਤਾਰ ਦੀ ਯੋਜਨਾ ਦੀ ਰੂਪ-ਰੇਖਾ ਵੀ ਉਸੇ ਸਮੇਂ ਤੈਅ ਕਰ ਦਿੱਤੀ। ਇਸੇ ਦੇ ਨਾਲ ਬੱਸੀ ਅਤੇ ਚੂਲਹਾ ਪ੍ਰਾਜੈਕਟਾਂ ਨੂੰ ਵੀ ਊਹਲ ਦੇ ਪਾਣੀ ਨਾਲ ਚਲਾਉਣ ਦੀ ਰੂਪ-ਰੇਖਾ ਵੀ ਮੁੱਢਲੇ ਪੱਧਰ ’ਤੇ ਸਰਕਾਰ ਨੂੰ ਸੌਗਾਤ ਿਵਚ ਦੇ ਦਿੱਤੀ ਸੀ। ਬੱਸੀ ਬਿਜਲੀ ਪ੍ਰਾਜੈਕਟ ਅੱਜਕਲ ਹਿਮਾਚਲ ਸਰਕਾਰ ਵਲੋਂ ਸੰਚਾਲਿਤ ਹੈ ਅਤੇ ਵੱਡੀ ਆਮਦਨ ਦਾ ਸਾਧਨ ਹੈ।

ਅੱਜ ਸ਼ਾਨਨ ਬਿਜਲੀ ਪ੍ਰਾਜੈਕਟ, ਜੋ ਪੰਜਾਬ ਰਾਜ ਬਿਜਲੀ ਬੋਰਡ ਦੀ ਮਲਕੀਅਤ ਹੈ, ਹਿਮਾਚਲ ਦੀ ਧਰਤੀ ’ਤੇ ਹਿਮਾਚਲ ਦੇ ਪਾਣੀ ਨਾਲ ਹਿਮਾਚਲ ਲਈ ਹੀ ਪਰਾਇਆ ਧਨ ਹੋ ਗਿਆ ਹੈ। ਇਸ ਸਥਾਨ ’ਤੇ ਤਾਇਨਾਤੀ ਨੂੰ ਪੰਜਾਬ ਦਾ ਸਟਾਫ ਕਾਲੇ ਪਾਣੀ ਦੀ ਸਜ਼ਾ ਵੀ ਮੰਨਦਾ ਹੈ। ਊਹਲ ਨਦੀ ਦੇ ਪੈਦਾ ਹੋਣ ਵਾਲਾ ਸਥਾਨ ਬਰੋਟ ਸੈਰਗਾਹ ਦੇ ਰੂਪ ’ਚ ਬਹੁਤ ਲੋਕਪ੍ਰਿਯ ਹੈ। ਬਰੋਟ ਦਾ ਜਾਲਾਨ ਰੈਸਟ ਹਾਊਸ ਆਪਣੀ ਖੂਬਸੂਰਤੀ ਲਈ ਪ੍ਰਸਿੱਧ ਹੈ। ਜੋ ਵੀ ਉਥੇ ਠਹਿਰਦਾ ਹੈ, ਇਸ ’ਤੇ ਫ਼ਿਦਾ ਹੋ ਜਾਂਦਾ ਹੈ। ਬਰੋਟ ਤਕ ਆਉਣ-ਜਾਣ ਅਤੇ ਸੰਪਰਕ ਸੂਤਰ ਰੋਪ-ਵੇਅ ਟਰਾਲੀ ਇਕ ਨਵੀਂ ਤਕਨੀਕ ਤਹਿਤ ਦੁਨੀਆ ਦਾ ਇਕ ਅਚੰਭਾ ਹੈ।

ਹੁਣ ਜਦਕਿ ਸ਼ਾਨਨ ਪ੍ਰਾਜੈਕਟ ਹਿਮਾਚਲ ਨੂੰ ਤਬਦੀਲ ਕਰਨ ’ਚ ਬਹੁਤ ਘੱਟ ਸਮਾਂ ਰਹਿ ਗਿਆ ਹੈ, 1981 ’ਚ ਇਸ ਨੂੰ ਤਬਦੀਲ ਕਰਨ ਦੇ ਭਾਰਤ ਸਰਕਾਰ ਨੇ ਨਿਰਦੇਸ਼ ਦਿੱਤੇ ਸਨ ਪਰ ਉਦੋਂ ਇਸ ਨੂੰ ਟਾਲ ਦਿੱਤਾ ਗਿਆ। ਪ੍ਰਾਜੈਕਟ ਦੇ ਹਾਲਾਤ ਤਰਸਯੋਗ ਹਨ। ਮੁਰੰਮਤ, ਰੱਖ-ਰਖਾਅ ਫਟੇਹਾਲ ਹਨ। ਵਿਕਾਸ ਯੋਜਨਾਵਾਂ ਦੀ ਚਾਲ ਮੱਧਮ ਅਤੇ ਭਰਮ ਪੈਦਾ ਕਰਨ ਵਾਲੀ ਹੈ। ਕਮਾਈ 1 ਕਰੋੜ ਰੋਜ਼ਾਨਾ, ਟਰਾਲੀ ਲਾਈਨ ਬੰਦ, ਮਸ਼ੀਨਾਂ ਖਰਾਬ ਅਤੇ ਟਰਾਲੀ ਮੁਰੰਮਤ ਦਾ ਕੰਮ ਕੱਛੂਕੁੰਮੇ ਦੀ ਚਾਲ ਨਾਲ ਹੋ ਰਿਹਾ ਹੈ। 1925 ਵਿਚ ਲਾਹੌਰ ’ਚ ਤਬਾਦਲਾ ਸ਼ਰਤਾਂ ਦੀ ਇਹ ਖੁੱਲ੍ਹੀ ਉਲੰਘਣਾ ਹੋ ਰਹੀ ਹੈ। ਪਤਾ ਨਹੀਂ ਹਿਮਾਚਲ ਸਰਕਾਰ ਇਸ ’ਤੇ ਮੌਨ ਕਿਉਂ ਹੈ? ਸ਼ਾਨਨ ਦੇ ਹਰਨਾਲਾ ਕੰਪਲੈਕਸ ’ਚ ਵੱਡੀ ਕੋਠੀ ਡਿੱਗਣ ਦੇ ਕੰਢੇ ’ਤੇ ਹੈ। ਸਿੰਘਪੁਰਾ ਕਾਲੋਨੀ ਵੀ ਖੰਡਰ ਬਣ ਚੁੱਕੀ ਹੈ। ਪੰਜਾਬ ਬਿਜਲੀ ਬੋਰਡ ਦਾ ਨਕਾਰਾਤਮਕ ਰਵੱਈਆ ਸਥਾਨਕ ਤਿਉਹਾਰਾਂ, ਸੰਸਕ੍ਰਿਤਕ ਜਨ-ਜੀਵਨ ਵਿਚ ਸਹਿਯੋਗ ਨਾ ਕਰਨ ਵਾਲਾ ਹੈ। ਉਥੇ ਹੀ ਇਸ ਪ੍ਰਾਜੈਕਟ ਤਹਿਤ ਸਾਰੀਆਂ ਵਿਵਸਥਾਵਾਂ ਦੇ ਚਰਮਰਾਈ ਹਾਲਤ ’ਚ ਹਿਮਾਚਲ ਨੂੰ ਸੌਂਪਣ ਦੀਆਂ ਸਥਿਤੀਆਂ ਚਿੰਤਾਜਨਕ ਹਨ। ਪੰਜਾਬ ਸਰਕਾਰ ਦਾ ਧਿਆਨ ਇਸ ਪ੍ਰਾਜੈਕਟ ਰਾਹੀਂ ਬਿਜਲੀ ਉਤਪਾਦਨ ਅਤੇ ਕਮਾਈ ਉੱਤੇ ਤਾਂ ਹੈ ਪਰ ਸ਼ਾਨਨ ਪ੍ਰਾਜੈਕਟ ਕੰਪਲੈਕਸ, ਜੋਗਿੰਦਰ ਨਗਰ, ਸ਼ਾਨਨ ਅਤੇ ਬਰੋਟ ਦੀ ਭਾਰੀ ਅਣਦੇਖੀ ਦੇ ਨਾਲ-ਨਾਲ ਇਥੇ ਨਵੇਂ ਕਰਮਚਾਰੀਆਂ ਦੀ ਤਾਇਨਾਤੀ, ਪੁਰਾਣੀਆਂ ਇਮਾਰਤਾਂ ਦੀ ਅਣਦੇਖੀ, ਸਕੂਲ, ਸਿਹਤ ਕੇਂਦਰ ਬੰਦ ਕਰ ਕੇ ਇਥੋਂ ਦੀਆਂ ਇਮਾਰਤਾਂ ਨੂੰ ਕਿਰਾਏਦਾਰਾਂ ਨੂੰ ਦੇਣਾ ਕਿੱਥੋਂ ਤਕ ਨਿਆਂ-ਉਚਿਤ ਹੈ? ਟਰਾਲੀ ਲਾਈਨ ਦਾ ਕੁਝ ਹਿੱਸਾ ਉਖਾੜ ਦੇਣਾ ਕੀ ਸ਼ਾਨਨ ਦੀ ਅਣਦੇਖੀ ਨਹੀਂ ਹੈ? ਜੋਗਿੰਦਰ ਨਗਰ ਸਥਿਤ ਵੈਟਰਨ ਪੱਤਰਕਾਰ ਸ਼੍ਰੀ ਰਮੇਸ਼ ਬੰਟਾ ਅਤੇ ਇਸ ਖੇਤਰ ਤੋਂ ਸਾਬਕਾ ਮੰਤਰੀ ਅਤੇ ਸਾਬਕਾ ਵਿਧਾਨ ਸਭਾ ਸਪੀਕਰ ਰਹੇ ਠਾਕੁਰ ਗੁਲਾਬ ਸਿੰਘ ਸਮੇਤ ਸਾਰੇ ਜਨ-ਪ੍ਰਤੀਨਿਧੀਆਂ ਨੇ ਸਮੇਂ-ਸਮੇਂ ’ਤੇ ਇਨ੍ਹਾਂ ਸਭ ਮੁੱਦਿਆਂ ਨੂੰ ਪ੍ਰਭਾਵੀ ਢੰਗ ਨਾਲ ਉਠਾਇਆ ਹੈ। ਕੀ ਹਿਮਾਚਲ ਸਰਕਾਰ ਵੀ ਚੇਤੰਨ ਰਹਿ ਕੇ ਇਸ ਦਿਸ਼ਾ ਵਿਚ ਕੁਝ ਕਰੇਗੀ?

(Kanwar.himotkarsh@gmail.com)

Bharat Thapa

This news is Content Editor Bharat Thapa