ਇਕੱਲੇਪਨ ਨਾਲ ਪੈਦਾ ਹੁੰਦੀ ਗੰਭੀਰ ਸਮੱਸਿਆ

07/04/2021 2:38:05 AM

ਰੰਜਨਾ ਮਿਸ਼ਰਾ
ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਮੁਤਾਬਕ ਭਾਰਤ ’ਚ 20 ਕਰੋੜ ਤੋਂ ਵੱਧ ਲੋਕ ਡਿਪ੍ਰੈਸ਼ਨ ਸਮੇਤ ਹੋਰ ਮਾਨਸਿਕ ਬੀਮਾਰੀਆਂ ਦੇ ਸ਼ਿਕਾਰ ਹਨ। ਇਕ ਰਿਪੋਰਟ ਅਨੁਸਾਰ ਭਾਰਤ ’ਚ ਕੰਮ ਕਰਨ ਵਾਲੇ ਲਗਭਗ 42 ਫੀਸਦੀ ਕਰਮਚਾਰੀ ਡਿਪ੍ਰੈਸ਼ਨ ਅਤੇ ਐਂਗਜਾਈਟੀ ਤੋਂ ਪੀੜਤ ਹਨ। ਡਿਪ੍ਰੈਸ਼ਨ ਅਤੇ ਇਕੱਲਾਪਨ ਭਾਰਤ ਸਮੇਤ ਪੂਰੀ ਦੁਨੀਆ ਲਈ ਇਕ ਵੱਡੀ ਸਮੱਸਿਆ ਬਣ ਗਿਆ ਹੈ ਅਤੇ ਇਸ ਨੂੰ ਸਿਰਫ ਸਮਾਜ ਦੀ ਜ਼ਿੰਮੇਵਾਰੀ ਮੰਨ ਕੇ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਇਕੱਲੇਪਨ ’ਚ ਘਿਰਿਆ ਹੋਇਆ ਵਿਅਕਤੀ ਖੁਦ ਆਪਣੀ ਤਬਾਹੀ ਦਾ ਕਾਰਨ ਬਣ ਜਾਂਦਾ ਹੈ, ਉਹ ਜ਼ਿੰਦਗੀ ਬਾਰੇ ਨਾ ਸੋਚ ਕੇ, ਮੌਤ ਬਾਰੇ ਸੋਚਣ ਲੱਗਦਾ ਹੈ। ਡਾਕਟਰ ਕੋਲੋਂ ਆਪਣੇ ਰੋਗ ਦੀ ਦਵਾਈ ਪੁੱਛਣ ਦੀ ਬਜਾਏ ਆਪਣੀ ਮੌਤ ਦੀ ਤਰੀਕ ਪੁੱਛਣ ਲੱਗਦਾ ਹੈ। ਇਸ ਬੀਮਾਰੀ ਦਾ ਪਤਾ ਨਾ ਤਾਂ ਕਿਸੇ ਬਲੱਡ ਟੈਸਟ ਤੋਂ ਲੱਗਦਾ ਹੈ, ਨਾ ਸੀ ਟੀ ਸਕੈਨ ਤੋਂ ਅਤੇ ਨਾ ਹੀ ਐਕਸ-ਰੇ ਤੋਂ। ਇਸ ਬੀਮਾਰੀ ਦੀ ਗੰਭੀਰਤਾ ਅਤੇ ਇਸ ਨਾਲ ਹੋਣ ਵਾਲੀ ਪੀੜ ਨੂੰ ਉਹੀ ਵਿਅਕਤੀ ਸਮਝ ਸਕਦਾ ਹੈ ਜੋ ਖੁਦ ਇਸ ਦਾ ਸ਼ਿਕਾਰ ਹੋ ਜਾਵੇ।

ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਦੁਨੀਆ ਭਰ ਦੇ ਨੌਜਵਾਨਾਂ ਦੀ ਮੌਤ ਦਾ ਤੀਸਰਾ ਸਭ ਤੋਂ ਵੱਡਾ ਕਾਰਨ ਖੁਦਕੁਸ਼ੀ ਹੈ ਅਤੇ ਇਸ ਦਾ ਸਭ ਤੋਂ ਵੱਡਾ ਕਾਰਨ ਇਕੱਲਾਪਨ ਹੀ ਹੈ। ਉਂਝ ਤਾਂ ਇਕੱਲਾਪਨ ਕਹਿਣ ਨੂੰ ਇਕ ਸ਼ਬਦ ਹੈ। ਲੋਕ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਪਰ ਹਾਲ ਹੀ ਦੀਆਂ ਹਾਲਤਾਂ ਨੂੰ ਦੇਖਦੇ ਹੋਏ ਦੁਨੀਆ ਭਰ ਦੇ ਦੇਸ਼ਾਂ ਅਤੇ ਸਰਕਾਰਾਂ ਨੇ ਹੁਣ ਇਸ ਨੂੰ ਗੰਭੀਰਤਾਪੂਰਵਕ ਲੈਣਾ ਸ਼ੁਰੂ ਕਰ ਦਿੱਤਾ ਹੈ।

ਇਕੱਲੇਪਨ ਦੇ ਸ਼ਿਕਾਰ ਸਿਰਫ ਉਹੀ ਵਿਅਕਤੀ ਨਹੀਂ ਹੁੰਦੇ ਜੋ ਸਮਾਜ ’ਚ ਇਕੱਲੇ ਰਹਿ ਰਹੇ ਹੋਣ, ਸਗੋਂ ਇਸ ਦਾ ਸ਼ਿਕਾਰ ਕਈ ਵਾਰ ਅਜਿਹੇ ਵਿਅਕਤੀ ਵੀ ਹੁੰਦੇ ਹਨ ਜੋ ਭਰੇ-ਪੂਰੇ ਪਰਿਵਾਰ, ਸਕੇ-ਸਬੰਧੀਆਂ ਅਤੇ ਮਿੱਤਰਾਂ ਨਾਲ ਘਿਰੇ ਹੋਏ ਹੋਣ ਦੇ ਬਾਵਜੂਦ ਖੁਦ ਨੂੰ ਇਕੱਲਾ ਮਹਿਸੂਸ ਕਰਦੇ ਹੋਣ। ਇਕੱਲੇਪਨ ਨਾਲ ਗ੍ਰਸਤ ਵਿਅਕਤੀ ਆਪਣੀ ਜ਼ਿੰਦਗੀ ਦਾ ਮਕਸਦ ਵੀ ਭੁੱਲ ਜਾਂਦਾ ਹੈ।

ਨਾ ਤਾਂ ਉਸ ਦਾ ਕੋਈ ਟੀਚਾ ਹੁੰਦਾ ਹੈ ਅਤੇ ਨਾ ਹੀ ਕੁਝ ਹਾਸਲ ਕਰਨ ਦੀ ਕਾਮਨਾ। ਉਹ ਸਮਾਜ ਅਤੇ ਪਰਿਵਾਰ ਨਾਲੋਂ ਟੁੱਟਦਾ ਚਲਾ ਜਾਂਦਾ ਹੈ, ਹਰ ਰਿਸ਼ਤੇ ਅਤੇ ਹਰ ਭਾਵਨਾ ਤੋਂ ਉਸ ਦਾ ਮਨ ਉੱਠ ਹੋ ਜਾਂਦਾ ਹੈ ਪਰ ਅਜਿਹੇ ਰੋਗੀਆਂ ਦੇ ਕਾਰਨਾਂ ਦੀ ਪਛਾਣ ਕਰਨ ਦੀ ਕੋਈ ਤਕਨੀਕ ਅਜੇ ਤੱਕ ਵਿਕਸਿਤ ਨਹੀਂ ਹੋਈ ਹੈ। ਅਜਿਹੇ ਵਿਅਕਤੀ ਠੀਕ ਵੀ ਨਹੀਂ ਹੋਣਾ ਚਾਹੁੰਦੇ ਕਿਉਂਕਿ ਉਹ ਜ਼ਿੰਦਗੀ ਤੋਂ ਅੱਕ ਚੁੱਕੇ ਹੁੰਦੇ ਹਨ।

ਰਿਪੋਰਟਾਂ ਤੋਂ ਜਾਪਦਾ ਹੈ ਕਿ ਕੁਆਰਿਆਂ ਦੀ ਬਜਾਏ ਵਿਆਹੁਤਾ ਲੋਕਾਂ ’ਚ ਇਕੱਲੇਪਨ ਦੀ ਸਮੱਸਿਆ 60 ਫੀਸਦੀ ਤੱਕ ਵੱਧ ਹੁੰਦੀ ਹੈ। ਹਾਰਵਰਡ ਬਿਜ਼ਨੈੱਸ ਰੀਵਿਊ ਦੀ ਇਕ ਖੋਜ ਅਨੁਸਾਰ ਇਕੱਲੇਪਨ ਦੇ ਕਾਰਨ ਵਿਅਕਤੀ ਦੀ ਉਮਰ ਤੇਜ਼ੀ ਨਾਲ ਘਟਦੀ ਹੈ ਅਤੇ ਇਹ ਓਨਾ ਹੀ ਖਤਰਨਾਕ ਹੈ ਜਿੰਨਾ ਕਿ ਇਕ ਦਿਨ ’ਚ 15 ਸਿਗਰਟਾਂ ਪੀਣੀਆਂ।

ਵੱਡੀਆਂ-ਵੱਡੀਆਂ ਸਮੱਸਿਆਵਾਂ ਅਤੇ ਸੰਕਟਾਂ ਨਾਲ ਘਿਰੇ ਹੋਏ ਵਿਅਕਤੀ ਅਕਸਰ ਇਕੱਲੇਪਨ ਦਾ ਸ਼ਿਕਾਰ ਹੋ ਜਾਂਦੇ ਹਨ। ਵੱਡੀਆਂ ਮਹਾਮਾਰੀਆਂ ਅਤੇ ਜੰਗ ਦੇ ਸਮੇਂ ਵੀ ਲੋਕਾਂ ਦੀ ਜ਼ਿੰਦਗੀ ’ਚ ਅਸੁਰੱਖਿਆ ਵਧ ਜਾਂਦੀ ਹੈ। ਕੋਰੋਨਾ ਕਾਲ ’ਚ ਅਤੇ ਖਾਸ ਕਰ ਕੇ ਲਾਕਡਾਊਨ ਦੇ ਸਮੇਂ ਸਾਰਿਆਂ ਨੇ ਇਸ ਇਕੱਲੇਪਨ ਨੂੰ ਮਹਿਸੂਸ ਕੀਤਾ। ਇਸ ਅਰਸੇ ’ਚ ਲੋਕਾਂ ਦੇ ਵਤੀਰੇ ’ਚ ਕਈ ਤਬਦੀਲੀਆਂ ਆਈਆਂ। ਉਨ੍ਹਾਂ ’ਚ ਗੁੱਸਾ, ਨਿਰਾਸ਼ਾ ਅਤੇ ਘੁਟਣ ਵੱਧ ਗਈ। ਇਹੀ ਭਾਵਨਾਵਾਂ ਵਿਅਕਤੀ ਨੂੰ ਇਕੱਲੇਪਨ ਦੇ ਹਨੇਰੇ ’ਚ ਧੱਕ ਦਿੰਦੀਆਂ ਹਨ।

ਇਕੱਲੇਪਨ ਅਤੇ ਇਕਾਂਤ ’ਚ ਬੜਾ ਫਰਕ ਹੈ। ਇਕੱਲਾਪਨ ਮਨ ਦੀ ਉਹ ਅਵਸਥਾ ਹੈ ਜਿਸ ਨੂੰ ਅਸੀਂ ਮਾਨਸਿਕ ਬੀਮਾਰੀ ਦਾ ਨਾਂ ਦੇ ਸਕਦੇ ਹਾਂ ਜਦਕਿ ਇਕਾਂਤ ਵਿਅਕਤੀ ਦੇ ਅਧਿਆਤਮਕ ਵਿਕਾਸ ਦੀ ਅਵਸਥਾ ਹੈ। ਸਾਡੇ ਰਿਸ਼ੀ-ਮੁਨੀ ਇਕਾਂਤ ’ਚ ਹੀ ਸਾਧਨਾ ਕਰਦੇ ਸਨ। ਵੱਡੇ-ਵੱਡੇ ਸਾਹਿਤਕਾਰ, ਕਲਾਕਾਰ, ਲੇਖਕ, ਪੱਤਰਕਾਰ ਅਤੇ ਵਿਗਿਆਨੀ ਆਪਣੇ ਸਿਰਜਨਾਤਮਕ ਕਾਰਜਾਂ ਲਈ ਇਕਾਂਤ ਦੀ ਭਾਲ ’ਚ ਰਹਿੰਦੇ ਹਨ। ਇਕ ਯੋਗੀ ਇਕਾਂਤ ’ਚ ਹੀ ਯੋਗ ਦੀ ਸਿਖਰ ਦੀ ਅਵਸਥਾ ਤੱਕ ਪਹੁੰਚ ਸਕਦਾ ਹੈ ਭਾਵ ਇਕਾਂਤ ਸਿਰਜਨ ਦੀ ਲੋੜ ਹੈ ਪਰ ਇਕੱਲਾਪਨ ਤਬਾਹੀ ਦਾ ਕਾਰਨ ਬਣਦਾ ਹੈ।

ਹਾਲ ਹੀ ’ਚ ਜਾਪਾਨ ਨੇ ਇਕੱਲੇਪਨ ਨੂੰ ਦੂਰ ਕਰਨ ਲਈ ਇਕ ਮੰਤਰਾਲੇ ਦਾ ਗਠਨ ਕੀਤਾ ਜਿਸ ਦਾ ਨਾਂ ਹੈ ‘ਮਨਿਸਟਰੀ ਆਫ ਲੋਨਲੀਨੈੱਸ’। ਉਂਝ ਤਾਂ ਜਾਪਾਨੀ ਲੋਕ ਆਪਣੇ ਕੰਮ ਨੂੰ ਲੈ ਕੇ ਕਰਮਸ਼ੀਲ ਅਤੇ ਈਮਾਨਦਾਰ ਮੰਨੇ ਜਾਂਦੇ ਹਨ ਪਰ ਇਕੱਲਾਪਨ ਉਨ੍ਹਾਂ ਨੂੰ ਅੰਦਰ ਹੀ ਅੰਦਰ ਖੋਖਲਾ ਕਰਦਾ ਜਾ ਰਿਹਾ ਹੈ। ਜਾਪਾਨ ਦੀ ਆਬਾਦੀ ਸਾਢੇ 12 ਕਰੋੜ ਹੈ ਜਿਨ੍ਹਾਂ ’ਚ ਲਗਭਗ 63 ਲੱਖ ਬਜ਼ੁਰਗ ਹਨ ਅਤੇ 6 ਕਰੋੜ ਤੋਂ ਵੱਧ ਨੌਜਵਾਨ ਹਨ ਭਾਵ ਕੁਲ ਆਬਾਦੀ ਦਾ 5 ਫੀਸਦੀ ਬਜ਼ੁਰਗ ਅਤੇ 50 ਫੀਸਦੀ ਨੌਜਵਾਨ। ਇਹ ਬਜ਼ੁਰਗ ਹੀ ਜਾਪਾਨ ਲਈ ਚਿੰਤਾ ਦਾ ਵਿਸ਼ਾ ਹਨ ਕਿਉਂਕਿ ਇਨ੍ਹਾਂ ਕੋਲ ਇਕੱਲੇਪਨ ਨੂੰ ਦੂਰ ਕਰਨ ਲਈ ਕੋਈ ਸਾਥੀ ਨਹੀਂ ਰਹਿੰਦਾ।

ਲੋਕ ਆਪਣੇ ਇਕੱਲੇਪਨ ਨੂੰ ਦੂਰ ਕਰਨ ਲਈ ਰੋਬੋਟ ਡੌਗ ਅਤੇ ਰੋਬੋਟ ਫ੍ਰੈਂਡਜ਼ ਦਾ ਸਹਾਰਾ ਲੈਂਦੇ ਹਨ ਪਰ ਉਨ੍ਹਾਂ ਨੂੰ ਕਿਸੇ ਜ਼ਿੰਦਾ ਸਾਥੀ ਦਾ ਸਾਥ ਮੁਹੱਈਆ ਨਹੀਂ ਹੁੰਦਾ। ਅਜਿਹੇ ’ਚ ਸਾਲ 2020 ’ਚ ਖੁਦਕੁਸ਼ੀ ਦੇ ਅੰਕੜਿਆਂ ਨੂੰ ਦੇਖ ਕੇ ਉੱਥੋਂ ਦੀ ਸਰਕਾਰ ਪ੍ਰੇਸ਼ਾਨ ਹੈ। ਸੰਨ 2020 ’ਚ ਖੁਦਕੁਸ਼ੀ ਦੇ ਅੰਕੜੇ 2019 ਦੇ ਮੁਕਾਬਲੇ ਲਗਭਗ 4 ਫੀਸਦੀ ਵੱਧ ਗਏ, ਭਾਵ ਉੱਥੇ ਹਰੇਕ 1 ਲੱਖ ਨਾਗਰਿਕਾਂ ’ਚੋਂ 16 ਨਾਗਰਿਕ ਖੁਦਕੁਸ਼ੀ ਕਰ ਰਹੇ ਸਨ ਅਤੇ ਜਾਂਚ ’ਚ ਪਾਇਆ ਗਿਆ ਕਿ ਇਸ ਦਾ ਸਭ ਤੋਂ ਵੱਡਾ ਕਾਰਨ ਇਕੱਲਾਪਨ ਹੈ। ਤਦ ਉੱਥੋਂ ਦੀ ਸਰਕਾਰ ਨੇ ਇਸ ਮੰਤਰਾਲੇ ਦਾ ਗਠਨ ਕੀਤਾ।

ਇਹ ਮੰਤਰਾਲਾ ਜਾਪਾਨ ’ਚ ਇਕੱਲੇਪਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਕੰਮ ਕਰੇਗਾ, ਸਕੂਲਾਂ-ਕਾਲਜਾਂ, ਕਲੱਬਾਂ ਅਤੇ ਮੰਤਰਾਲਿਆਂ ਦੇ ਨਾਲ ਰਲ ਕੇ ਇਕੱਲੇਪਨ ਦੇ ਲੱਛਣਾਂ ਨੂੰ ਪਛਾਣੇਗਾ ਅਤੇ ਫਿਰ ਇਕੱਲੇਪਨ ਦੀ ਸਮੱਸਿਆ ਦੂਰ ਕਰਨ ਦੀ ਯੋਜਨਾ ਬਣਾਈ ਜਾਵੇਗੀ।

2018 ’ਚ ਬ੍ਰਿਟੇਨ ਨੇ ਵੀ ਇਸੇ ਤਰ੍ਹਾਂ ਦਾ ਇਕ ਮੰਤਰਾਲਾ ਬਣਾਇਆ ਸੀ, ਤਾਂ ਕੀ ਸਮਾਂ ਆ ਗਿਆ ਹੈ ਕਿ ਭਾਰਤ ’ਚ ਵੀ ਇਕੱਲੇਪਨ ਲਈ ਇਕ ਮੰਤਰਾਲਾ ਬਣਾਇਆ ਜਾਵੇ, ਜਿਵੇਂ ਜਾਪਾਨ ’ਚ ਬਣਾਇਆ ਗਿਆ ਹੈ ਕਿਉਂਕਿ ਖੁਦਕੁਸ਼ੀ ਵਰਗੀ ਗੰਭੀਰ ਸਮੱਸਿਆ ਹੁਣ ਇਕ ਮਹਾਮਾਰੀ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ ਜੋ ਦੇਸ਼ ਦੇ ਨਾਲ-ਨਾਲ ਪੂਰੀ ਦੁਨੀਆ ’ਚ ਫੈਲ ਰਹੀ ਹੈ।

Bharat Thapa

This news is Content Editor Bharat Thapa