ਨਹੀਂ ਰੁਕ ਰਿਹਾ ਅਮੀਰ ਕਮਿਊਨਿਸਟਾਂ ਦਾ ਚੀਨ ਤੋਂ ਬਾਹਰ ਧਨ ਭੇਜਣਾ

11/06/2023 4:17:25 PM

ਪਿਛਲੇ 3 ਸਾਲਾਂ ’ਚ ਚੀਨ ਦੀ ਸਾਖ ਵਿਦੇਸ਼ਾਂ ਦੇ ਨਾਲ-ਨਾਲ ਦੇਸ਼ ਦੇ ਅੰਦਰ ਵੀ ਇਸ ਤਰ੍ਹਾਂ ਡਿੱਗੀ ਹੈ ਕਿ ਲੋਕਾਂ ਤੋਂ ਬਾਅਦ ਹੁਣ ਚੀਨ ਦੀ ਕਮਿਊਨਿਸਟ ਪਾਰਟੀ ਦੀ ਦੂਜੀ ਪੀੜ੍ਹੀ ਦੇ ਅਮੀਰ ਵਰਗ ਦੇ ਲੋਕ ਵੀ ਸੀ.ਪੀ.ਸੀ. ’ਤੇ ਭਰੋਸਾ ਨਹੀਂ ਕਰ ਰਹੇ। ਇਸ ਸਮੇਂ ਚੀਨ ਦੇ ਅਮੀਰਾਂ ਦੇ ਨਾਲ-ਨਾਲ ਕਮਿਊਨਿਸਟ ਪਾਰਟੀ ਦੇ ਚੋਟੀ ਦੇ ਆਗੂਆਂ ਨਾਲ ਉਨ੍ਹਾਂ ਆਗੂਆਂ ਦੇ ਬੱਚੇ, ਰਿਸ਼ਤੇਦਾਰ ਆਪਣੀ ਜਾਇਦਾਦ ਅਤੇ ਪੈਸਿਆਂ ਨੂੰ ਚੋਰੀ-ਛਿਪੇ ਦੇਸ਼ ਤੋਂ ਬਾਹਰ ਨਾਜਾਇਜ਼ ਢੰਗ ਨਾਲ ਭੇਜਣਾ ਸ਼ੁਰੂ ਕਰ ਚੁੱਕੇ ਹਨ। ਅਸਲ ’ਚ ਕਮਿਊਨਿਸਟ ਪਾਰਟੀ ’ਚ ਵਿਦੇਸ਼ਾਂ ’ਚ ਰਹਿਣ ਵਾਲੇ ਦੂਜੀ ਪੀੜ੍ਹੀ ਦੇ ਲੋਕ ਇਹ ਮੰਨਦੇ ਹਨ ਕਿ ਚੀਨ ਗਲਤ ਹੱਥਾਂ ’ਚ ਜਾ ਚੁੱਕਾ ਹੈ। ਹੁਣ ਚੀਨ ਸਿਰਫ ਤਬਾਹ ਹੋ ਸਕਦਾ ਹੈ ਕਿਉਂਕਿ ਸਮੱਗਲਿੰਗ ਦੇ ਸਾਰੇ ਰਾਹ ਬੰਦ ਹਨ। ਇਨ੍ਹਾਂ ਲੋਕਾਂ ਦਾ ਇਹ ਸਪੱਸ਼ਟ ਕਹਿਣਾ ਹੈ ਕਿ ਹੁਣ ਚੀਨ ਗਲਤ ਦਿਸ਼ਾ ’ਚ ਅੱਗੇ ਵਧ ਚੁੱਕਾ ਹੈ। ਇਸ ਸਮੇਂ ਚੀਨ ਦੀ ਕਮਿਊਨਿਸਟ ਪਾਰਟੀ ’ਚ ਅੰਦਰਖਾਤੇ ਘੋਰ ਅਸ਼ਾਂਤੀ ਅਤੇ ਭੜਥੂ ਮਚਿਆ ਹੈ, ਜਿੱਥੇ ਹਰ ਪਾਰਟੀ ਦਾ ਮੈਂਬਰ ਪੈਸੇ ਬਣਾਉਣ ’ਚ ਜੁਟਿਆ ਹੋਇਆ ਹੈ। ਇਨ੍ਹਾਂ ’ਚ ਦੂਜੀ ਪੀੜ੍ਹੀ ਦੇ ਅਮੀਰ ਵਰਗ ਕੋਈ ਅਪਵਾਦ ਨਹੀਂ ਹੈ। ਜਦੋਂ ਤੋਂ ਸ਼ੀ ਜਿਨਪਿੰਗ ਸੱਤਾ ’ਚ ਆਏ ਹਨ ਉਹ ਇਸ ਪੀੜ੍ਹੀ ਦੇ ਲੋਕਾਂ ਦੀ ਕਮਾਈ ਨੂੰ ਗੈਰ-ਕਾਨੂੰਨੀ ਢੰਗ ਨਾਲ ਖੋਹਣ ’ਚ ਲੱਗੇ ਹੋਏ ਹਨ।

ਅਜਿਹੀ ਹਾਲਤ ’ਚ ਜਿਸ ਨੂੰ ਜੋ ਰਾਹ ਮਿਲ ਰਿਹਾ, ਉਹ ਉਸ ਰਾਹ ਆਪਣੇ ਪੈਸਿਆਂ ਅਤੇ ਜਾਇਦਾਦ ਨੂੰ ਵੇਚ ਕੇ ਮਿਲੇ ਪੈਸਿਆਂ ਨੂੰ ਵਿਦੇਸ਼ ਭੇਜ ਰਹੇ ਹਨ, ਇਨ੍ਹਾਂ ਲੋਕਾਂ ਨੂੰ ਪੂਰਾ ਖਦਸ਼ਾ ਹੈ ਕਿ ਹੋ ਸਕਦਾ ਹੈ ਕਿ ਕੱਲ ਸੀ.ਪੀ.ਸੀ. ਦਾ ਕੋਈ ਅਧਿਕਾਰੀ ਉਨ੍ਹਾਂ ਦੇ ਘਰ ਧਮਕ ਪਵੇ ਅਤੇ ਉਨ੍ਹਾਂ ਦੀ ਸਾਰੀ ਜਾਇਦਾਦ ਨੂੰ ਸੀਜ਼ ਕਰ ਲਵੇ। ਇਸ ਸਬੰਧੀ ਅਮਰੀਕਾ ’ਚ ਰਹਿਣ ਵਾਲੇ ਚੀਨੀ ਜਾਣਕਾਰ ਫਾਨ ਮਿੰਗ ਦਾ ਕਹਿਣਾ ਹੈ ਕਿ ਹੁਣ ਚੀਨ ’ਚੋਂ ਆਪਣੇ ਪੈਸਿਆਂ ਨੂੰ ਬਾਹਰ ਭੇਜਣਾ ਬਹੁਤ ਔਖਾ ਹੋ ਗਿਆ ਹੈ ਪਰ ਫਿਰ ਵੀ ਲੋਕ ਨਵੇਂ ਢੰਗ ਲੱਭ ਰਹੇ ਹਨ ਤਾਂ ਜੋ ਉਹ ਆਪਣੇ ਪੈਸੇ ਬਾਹਰ ਭੇਜ ਸਕਣ। ਇਕ ਪਾਸੇ ਦੂਜੀ ਪੀੜ੍ਹੀ ਦੇ ਕਮਿਊਨਿਸਟ ਅਮੀਰ ਸਿਆਓਂ ਵੇਈ ਦਾ ਕਹਿਣਾ ਹੈ ਕਿ ਚੀਨ ਤੋਂ ਬਾਹਰ ਪੈਸੇ ਭੇਜਣ ਦਾ ਸਭ ਤੋਂ ਵੱਧ ਠੀਕ ਸਮਾਂ ਸਾਲ 2018 ਤੋਂ 2020 ਤਕ ਸੀ, ਉਸ ਤੋਂ ਬਾਅਦ ਦੂਜਾ ਸੁਨਹਿਰਾ ਸਮਾਂ ਸ਼ੰਘਾਈ ਲਾਕਡਾਊਨ ਦੇ ਸਮੇਂ ਸਾਲ 2022 ’ਚ ਆਇਆ ਸੀ ਜਦ ਲੋਕ ਆਪਣੇ ਪੈਸਿਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਚੀਨ ਤੋਂ ਬਾਹਰ ਭੇਜ ਰਹੇ ਸਨ।

ਚੀਨ ਤੋਂ ਬਾਹਰ ਪੈਸੇ ਭੇਜਣ ਦੇ ਤਰੀਕੇ, ਪੈਸਿਆਂ ’ਤੇ ਨਿਰਭਰ ਕਰਦੇ ਹਨ। ਜੇ ਪੈਸੇ ਘੱਟ ਹਨ ਤਾਂ ਦੂਜੇ ਢੰਗ ਨਾਲ ਅਤੇ ਜੇ 10 ਲੱਖ ਯੂਆਨ ਤੋਂ ਵੱਧ ਧਨ ਬਾਹਰ ਭੇਜਣਾ ਹੈ ਤਾਂ ਇਸ ਲਈ ਇਕਦਮ ਵੱਖਰਾ ਤਰੀਕਾ ਅਪਣਾਇਆ ਜਾਂਦਾ ਹੈ। ਜੇ 10 ਲੱਖ ਯੂਆਨ ਤੋਂ ਘੱਟ ਪੈਸੇ ਟ੍ਰਾਂਸਫਰ ਕਰਨੇ ਹਨ ਤਾਂ ਇਸ ’ਚ ਪੈਸੇ ਭੇਜਣ ਵਾਲਾ ਕਿਸੇ ਤੀਜੇ ਵਿਅਕਤੀ ਰਾਹੀਂ ਚੀਨ ’ਚ ਹੀ ਰਹਿਣ ਵਾਲੇ ਆਪਣੇ ਰਿਸ਼ਤੇਦਾਰਾਂ ਦੇ ਬੈਂਕ ਅਕਾਊਂਟ ’ਚ ਪੈਸੇ ਜਮ੍ਹਾਂ ਕਰਵਾ ਦੇਵੇਗਾ, ਫਿਰ ਵਿਦੇਸ਼ ’ਚ ਬੈਠਾ ਕੋਈ ਵਿਅਕਤੀ ਯੂਆਨ ਨੂੰ ਵਿਦੇਸ਼ੀ ਕਰੰਸੀ ’ਚ ਬਦਲ ਕੇ ਉਸ ਨੂੰ ਉੱਥੇ ਦਿੱਤੇ ਗਏ ਬੈਂਕ ਅਕਾਊਂਟ ’ਚ ਜਮ੍ਹਾਂ ਕਰਵਾ ਦੇਵੇਗਾ ਜਾਂ ਫਿਰ ਨਕਦ ਰਕਮ ਉਸ ਦੀ ਕਹੀ ਹੋਈ ਥਾਂ ’ਤੇ ਭੇਜ ਦੇਵੇਗਾ। ਉਥੇ ਹੀ ਜੇ ਪੈਸੇ 10 ਲੱਖ ਯੂਆਨ ਤੋਂ 1 ਕਰੋੜ ਯੂਆਨ ਤੱਕ ਹੈ ਤਾਂ ਇਸ ਨੂੰ ਪਹਿਲਾਂ ਕਾਰਪੋਰੇਟ ਅਕਾਊਂਟ ’ਚ ਭੇਜਿਆ ਜਾਵੇਗਾ। ਇਸ ਲਈ ਪਹਿਲਾਂ ਸ਼ੈੱਲ ਕੰਪਨੀਆਂ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਇਸ ਦੇ ਕਾਰਪੋਰੇਟ ਅਕਾਊਂਟ ’ਚ ਪਹਿਲਾਂ ਇਕ ਵਾਰ ਪੈਸਿਆਂ ਦਾ ਲੈਣ-ਦੇਣ ਕੀਤਾ ਜਾਵੇਗਾ। ਫਿਰ ਇਨ੍ਹਾਂ ਕਾਰਪੋਰੇਟ ਅਕਾਊਂਟਾਂ ਰਾਹੀਂ ਉਸ ਵਿਅਕਤੀ ਦੇ ਪੈਸੇ ਵਿਦੇਸ਼ ਦੇ ਬੈਂਕਾਂ ’ਚ ਭੇਜੇ ਜਾਣਗੇ। ਇਸ ਪਿੱਛੋਂ ਉਸ ਸ਼ੈੱਲ ਕੰਪਨੀ ਨੂੰ ਬੰਦ ਕਰ ਦਿੱਤਾ ਜਾਵੇਗਾ, ਤਾਂ ਜੋ ਇਸ ਗੱਲ ਦੇ ਕੋਈ ਸਬੂਤ ਨਾ ਬਚਣ ਕਿ ਪੈਸੇ ਕਿਸ ਤਰ੍ਹਾਂ ਵਿਦੇਸ਼ ਭੇਜੇ ਗਏ ਸੀ।

ਜੇ 1 ਕਰੋੜ ਯੂਆਨ ਤੋਂ ਲੈ ਕੇ 10 ਲੱਖ ਤੋਂ ਵੱਧ ਡਾਲਰ ਦੀ ਰਕਮ ਵਿਦੇਸ਼ਾਂ ’ਚ ਜਮ੍ਹਾਂ ਕਰਵਾਉਣੀ ਹੈ ਤਾਂ ਇਸ ਲਈ ਵਿਸ਼ੇਸ਼ ਚੈਨਲਾਂ ਦੀ ਵਿਵਸਥਾ ਕੀਤੀ ਜਾਂਦੀ ਹੈ, ਜਿਸ ’ਚ ਬੈਂਕ ਦੇ ਬਾਕੀ ਖਾਤਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ’ਚ ਉਨ੍ਹਾਂ ਤਰੀਕਿਆਂ ਨੂੰ ਵਰਤਿਆ ਜਾਂਦਾ ਹੈ ਜਿਸ ਨਾਲ ਵਿਦੇਸ਼ ’ਚ ਰਹਿਣ ਵਾਲੇ ਚੀਨੀ ਚੀਨ ’ਚ ਪੈਸੇ ਭੇਜਦੇ ਹਨ ਜਾਂ ਫਿਰ ਚੀਨ ’ਚ ਰਹਿਣ ਵਾਲੇ ਵਿਦੇਸ਼ੀ ਆਪਣੇ ਦੇਸ਼ ’ਚ ਪੈਸੇ ਭੇਜਦੇ ਹਨ। ਇਸ ਰਾਹੀਂ ਕੌਮਾਂਤਰੀ ਪੱਧਰ ’ਤੇ ਵੱਡੀ ਰਕਮ ਇਕ ਤੋਂ ਦੂਜੇ ਦੇਸ਼ ’ਚ ਭੇਜੀ ਜਾਂਦੀ ਹੈ, ਜਿਸ ਨੂੰ ਆਮ ਲੋਕ ਵਰਤਦੇ ਨਹੀਂ ਹਨ। ਇਸ ਤੇਜ਼ੀ ਨਾਲ ਵਿਦੇਸ਼ਾਂ ’ਚ ਪੈਸਾ ਭੇਜਣ ਦੇ ਪਿੱਛੇ ਦੂਜੀ ਪੀੜ੍ਹੀ ਦੇ ਕਮਿਊਨਿਸਟ ਅਮੀਰ ਵਰਗ ਦਾ ਇਹ ਮੰਨਣਾ ਹੈ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਕੋਈ ਭਰੋਸਾ ਨਹੀਂ। ਉਹ ਕਦੀ ਵੀ ਕਾਨੂੰਨ ਬਦਲ ਕੇ ਉਨ੍ਹਾਂ ਦੀ ਸਾਰੀ ਜਾਇਦਾਦ ਨੂੰ ਸਰਕਾਰੀ ਖਾਤੇ ’ਚ ਜਮ੍ਹਾਂ ਕਰਵਾ ਸਕਦੇ ਹਨ। ਆਪਣੇ ਭਵਿੱਖ ਅਤੇ ਜਮ੍ਹਾਂ ਪੂੰਜੀ ਨੂੰ ਇਹ ਲੋਕ ਕਮਿਊਨਿਸਟ ਪਾਰਟੀ ਦੀ ਪਹੁੰਚ ਤੋਂ ਦੂਰ ਸੁਰੱਖਿਆ ਰੱਖਣਾ ਚਾਹੁੰਦੇ ਹਨ ਅਤੇ ਇਸ ਸਮੇਂ ਪੂਰਾ ਚੀਨ ਸੁਰੱਖਿਅਤ ਨਹੀਂ ਹੈ। ਇਸ ਸਮੇਂ ਕਮਿਊਨਿਸਟ ਪਾਰਟੀ ’ਚ ਵੀ ਸਾਰੇ ਲੋਕ ਆਪਣੇ ਨਿੱਜੀ ਸਵਾਰਥਾਂ ਬਾਰੇ ਹੀ ਸੋਚ ਰਹੇ ਹਨ ਅਤੇ ਸਭ ਦੇ ਆਪਣੇ-ਆਪਣੇ ਲੁਕੇ ਹੋਏ ਸਵਾਰਥ ਹਨ।

Anuradha

This news is Content Editor Anuradha