ਅਕਾਲੀ-ਭਾਜਪਾ ਗੱਠਜੋੜ : ਕੀ ਹਰਿਆਣਾ ਦਾ ਸੇਕ ਦਿੱਲੀ ’ਚ ਪੁੱਜੇਗਾ

10/23/2019 11:41:32 PM

ਜਸਵੰਤ ਸਿੰਘ ‘ਅਜੀਤ’

ਆਪਣੀਆਂ ਅੰਤਹੀਣ ਕੋਸ਼ਿਸ਼ਾਂ ਦੇ ਬਾਵਜੂਦ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਲਈ ਅਕਾਲੀ-ਭਾਜਪਾ ਗੱਠਜੋੜ ਬਣਾ ਸਕਣ ’ਚ ਨਾਕਾਮ ਰਹੇ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਬਾਦਲ ਨੇ ਹਰਿਆਣਾ ’ਚ ਇਨੈਲੋ-ਅਕਾਲੀ ਗੱਠਜੋੜ ਦੇ ਪੱਖ ’ਚ ਚੋਣ ਪ੍ਰਚਾਰ ਕਰਦਿਆਂ ਜਿਸ ਤਰ੍ਹਾਂ ਭਾਜਪਾ ਅਤੇ ਇਸ ਦੀ ਲੀਡਰਸ਼ਿਪ ’ਤੇ ਤਿੱਖੇ ਹਮਲੇ ਕਰਦਿਆਂ ਆਪਣੀ ਭੜਾਸ ਕੱਢੀ, ਉਸ ਨਾਲ ਇਹ ਸਵਾਲ ਉੱਠਣਾ ਸੁਭਾਵਿਕ ਹੀ ਹੈ ਕਿ ਕੀ ਨੇੜਲੇ ਭਵਿੱਖ ’ਚ ਹੋਣ ਜਾ ਰਹੀਆਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ’ਚ ਅਕਾਲੀ-ਭਾਜਪਾ ਗੱਠਜੋੜ ਇਸ ਦੇ ਸੇਕ ਨਾਲ ਖੁਦ ਨੂੰ ਝੁਲਸਣ ਤੋਂ ਬਚਾ ਸਕੇਗਾ?

ਇਹ ਸਵਾਲ ਉੱਠਣ ਦੀ ਇਕ ਵਜ੍ਹਾ ਇਹ ਵੀ ਹੈ ਕਿ ਪਿਛਲੇ ਦਿਨੀਂ ਦਿੱਲੀ ਪ੍ਰਦੇਸ਼ ਭਾਜਪਾ ਦੇ ਸਿੱਖ ਸੈੱਲ ਦੇ ਮੁਖੀਆਂ ਨੇ ਪਾਰਟੀ ਲੀਡਰਸ਼ਿਪ ਨਾਲ ਮੁਲਾਕਾਤ ਕਰ ਕੇ ਉਸ ਨੂੰ ਅਕਾਲੀਆਂ ਵਿਰੁੱਧ ਆਪਣੀਆਂ ਭਾਵਨਾਵਾਂ ਤੋਂ ਜਾਣੂ ਕਰਵਾਉਂਦਿਆਂ ਦਿੱਲੀ ਵਿਧਾਨ ਸਭਾ ਚੋਣਾਂ ’ਚ ਅਕਾਲੀ-ਭਾਜਪਾ ਗੱਠਜੋੜ ਦੀਆਂ ਸੰਭਾਵਨਾਵਾਂ ਦਾ ਤਿੱਖਾ ਵਿਰੋਧ ਕੀਤਾ ਸੀ। ਦੱਸਿਆ ਗਿਆ ਹੈ ਕਿ ਹਰਿਆਣਾ ਵਿਧਾਨ ਸਭਾ ਚੋਣਾਂ ’ਚ ਇਨੈਲੋ-ਅਕਾਲੀ ਗੱਠਜੋੜ ਦੇ ਸਮਰਥਨ ’ਚ ਚੋਣ ਪ੍ਰਚਾਰ ਕਰਦਿਆਂ ਸੁਖਬੀਰ ਬਾਦਲ ਨੇ ਭਾਜਪਾ ਅਤੇ ਇਸ ਦੀ ਲੀਡਰਸ਼ਿਪ ’ਤੇ ਜੋ ਤਿੱਖੇ ਹਮਲੇ ਕੀਤੇ, ਸੂਬਾਈ ਭਾਜਪਾ ਦੇ ਸਿੱਖ ਸੈੱਲ ਦੇ ਮੁਖੀਆਂ ਨੇ ਉਨ੍ਹਾਂ ਨਾਲ ਸਬੰਧਤ ਵੀਡੀਓ ਪਾਰਟੀ ਲੀਡਰਸ਼ਿਪ ਸਾਹਮਣੇ ਪੇਸ਼ ਕੀਤੇ।

ਇਥੇ ਇਹ ਗੱਲ ਖਾਸ ਧਿਆਨ ਦੇਣ ਵਾਲੀ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਭਾਜਪਾ ਨਾਲ ਸਿੱਧੇ ਜੁੜੇ ਸਿੱਖਾਂ, ਸੂਬਾਈ ਭਾਜਪਾ ਦੇ ਸਿੱਖ ਸੈੱਲ ਅਤੇ ਰਾਸ਼ਟਰੀ ਸਿੱਖ ਸੰਗਤ ਵਲੋਂ ਦਿੱਲੀ ਵਿਧਾਨ ਸਭਾ ਚੋਣਾਂ ’ਚ ਅਕਾਲੀਆਂ ਨਾਲ ਗੱਠਜੋੜ ਕੀਤੇ ਜਾਣ ਵਿਰੁੱਧ ਆਪਣੀਆਂ ਭਾਵਨਾਵਾਂ ਕੇਂਦਰੀ ਲੀਡਰਸ਼ਿਪ ਤੱਕ ਲਗਾਤਾਰ ਪਹੁੰਚਾਈਆਂ ਜਾਂਦੀਆਂ ਰਹੀਆਂ ਹਨ। ਹੁਣ ਜਦੋਂ ਹਰਿਆਣਾ ਵਿਧਾਨ ਸਭਾ ਚੋਣਾਂ ’ਚ ਸੁਖਬੀਰ ਵਲੋਂ ਕੀਤੇ ਹਮਲਿਆਂ ਦੇ ਵੀਡੀਓ ਸਾਹਮਣੇ ਆਏ ਤਾਂ ਉਸ ਨਾਲ ਉਨ੍ਹਾਂ ਦਾ ਅਕਾਲੀਆਂ ਵਿਰੁੱਧ ਗੁੱਸਾ ਸੱਤਵੇਂ ਅਾਸਮਾਨ ’ਤੇ ਪਹੁੰਚਣਾ ਸੁਭਾਵਿਕ ਹੈ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੀ ਲੀਡਰਸ਼ਿਪ ਨੂੰ ਇਥੋਂ ਤਕ ਚਿਤਾਵਨੀ ਦੇ ਦਿੱਤੀ ਹੈ ਕਿ ਜੇ ਦਿੱਲੀ ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਦੇ ਕੋਟੇ ’ਚੋਂ ਜਾਂ ਟਿਕਟ ਦੇ ਲਾਲਚ ’ਚ ਅਕਾਲੀ ਦਲ ਛੱਡ ਕੇ ਆਏ ਕਿਸੇ ਨੇਤਾ ਨੂੰ ਟਿਕਟ ਦਿੱਤੀ ਗਈ ਤਾਂ ਉਹ ਉਨ੍ਹਾਂ ਉਮੀਦਵਾਰਾਂ ਦਾ ਵਿਰੋਧ ਕਰਨਗੇ।

ਇਹ ਵੀ ਦੱਸਿਆ ਜਾਂਦਾ ਹੈ ਕਿ ਭਾਜਪਾ ਦੇ ਇਨ੍ਹਾਂ ਸਿੱਖ ਆਗੂਆਂ ਨੇ ਪਾਰਟੀ ਲੀਡਰਸ਼ਿਪ ਨੂੰ ਜ਼ੋਰ ਦੇ ਕੇ ਫਿਰ ਕਿਹਾ ਹੈ ਕਿ ਉਸ ਨੂੰ ਆਮ ਸਿੱਖਾਂ ਦੇ ਸਮਰਥਨ ਤੇ ਸਹਿਯੋਗ ਲਈ ਅਕਾਲੀ ਦਲ (ਬ) ’ਤੇ ਨਿਰਭਰ ਹੋਣ ਦੀ ਲੋੜ ਨਹੀਂ, ਇਸ ਦੇ ਲਈ ਲੀਡਰਸ਼ਿਪ ਆਪਣੇ ਨਾਲ ਸਿੱਧੇ ਜੁੜੇ ਸਿੱਖਾਂ ’ਤੇ ਭਰੋਸਾ ਕਰ ਸਕਦੀ ਹੈ। ਉਨ੍ਹਾਂ ਨੇ ਭਾਜਪਾ ਲੀਡਰਸ਼ਿਪ ਨੂੰ ਇਹ ਵੀ ਕਿਹਾ ਕਿ ਇਸ ਸਮੇਂ ਅਕਾਲੀ ਦਲ (ਬ) ਜਿਸ ਗੰਭੀਰ ਫੁੱਟ ਦਾ ਸ਼ਿਕਾਰ ਹੈ, ਉਸ ਦੇ ਮੱਦੇਨਜ਼ਰ ਇਹ ਆਮ ਸਿੱਖਾਂ ਦਾ ਭਰੋਸਾ ਪੂਰੀ ਤਰ੍ਹਾਂ ਗੁਆ ਬੈਠਾ ਹੈ। ਅਜਿਹੀ ਸਥਿਤੀ ’ਚ ਜੇ ਭਾਜਪਾ ਲੀਡਰਸ਼ਿਪ ਵਲੋਂ ਅਕਾਲੀ ਦਲ (ਬ) ਨੂੰ ਆਪਣੇ ਨਾਲ ਜੋੜਿਆ ਜਾਂਦਾ ਹੈ ਤਾਂ ਭਾਜਪਾ ਨੂੰ ਉਸ ਦੀ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ।

ਦਲ-ਬਦਲੀ ਲਈ ਤਿਆਰ

ਦੂਜੇ ਪਾਸੇ ਅਜਿਹੇ ਸੰਕੇਤ ਵੀ ਮਿਲ ਰਹੇ ਹਨ ਕਿ ਅਕਾਲੀ-ਭਾਜਪਾ ਗੱਠਜੋੜ ਦੀਆਂ ਸੰਭਾਵਨਾਵਾਂ ਧੁੰਦਲੀਆਂ ਹੋਣ ਦੇ ਮੱਦੇਨਜ਼ਰ ਅਕਾਲੀ ਦਲ (ਬ) ਦੇ ਕਈ ਆਗੂ ਟਿਕਟ ਦੀ ਲਾਲਸਾ ਪੂਰੀ ਕਰਨ ਲਈ ਅਕਾਲੀ ਦਲ ਛੱਡ ਕੇ ਭਾਜਪਾ ਦਾ ਪੱਲਾ ਫੜਨ ਲਈ ਬੇਚੈਨ ਨਜ਼ਰ ਆਉਣ ਲੱਗੇ ਹਨ। ਮੰਨਿਆ ਜਾਂਦਾ ਹੈ ਕਿ ਚੱਲ ਰਹੀ ਇਸੇ ਘੁਸਰ-ਮੁਸਰ ਕਾਰਣ ਹੀ ਭਾਜਪਾ ਨਾਲ ਜੁੜੇ ਸਿੱਖਾਂ ਨੇ ਦਲ-ਬਦਲੂਆਂ ਨੂੰ ਗਲੇ ਲਾਉਣ ਵਿਰੁੱਧ ਆਪਣੀ ਲੀਡਰਸ਼ਿਪ ਨੂੰ ਚਿਤਾਵਨੀ ਦਿੱਤੀ ਹੈ।

ਪੰਜਾਬ ਭਾਜਪਾ ਲੀਡਰਸ਼ਿਪ

ਖਬਰਾਂ ਮੁਤਾਬਕ ਪਿਛਲੇ ਦਿਨੀਂ ਪੰਜਾਬ ਪ੍ਰਦੇਸ਼ ਭਾਜਪਾ ਦੇ ਇਕ ਨੇਤਾ ਨੇ ਆਪਣੇ ਵਰਕਰਾਂ ਨੂੰ ਭਰੋਸਾ ਦਿੱਤਾ ਕਿ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਭਾਜਪਾ ਵਲੋਂ ਸੂਬੇ ਦੀਆਂ 117 ’ਚੋਂ 59 ਸੀਟਾਂ ’ਤੇ ਆਪਣਾ ਦਾਅਵਾ ਪੇਸ਼ ਕਰ ਕੇ ਅਕਾਲੀ ਦਲ ਸਾਹਮਣੇ ਬਰਾਬਰੀ ਦੀ ਹਿੱਸੇਦਾਰੀ ਦੀ ਮੰਗ ਰੱਖੀ ਜਾਵੇਗੀ। ਦੱਸਿਆ ਜਾਂਦਾ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਚਾਰ ਸੀਟਾਂ ’ਤੇ ਹੋਈਆਂ ਉਪ-ਚੋਣਾਂ ਕਾਰਣ ਪੰਜਾਬ ਪ੍ਰਦੇਸ਼ ਭਾਜਪਾ ਦੀ ਲੀਡਰਸ਼ਿਪ ਨੇ ਆਪਣੇ ਇਸ ਦਾਅਵੇ ਨੂੰ ਹਵਾ ਨਾ ਦੇ ਕੇ ਭਵਿੱਖ ਲਈ ਇਸ ਨੂੰ ਸੁਰੱਖਿਅਤ ਰੱਖ ਲਿਆ। ਹੁਣ ਜਦੋਂ ਉਪ-ਚੋਣਾਂ ਹੋ ਚੁੱਕੀਆਂ ਹਨ, ਉਹ ਆਪਣੇ ਇਸ ਦਾਅਵੇ ਨੂੰ ਹਵਾ ਦੇਣ ਦੇ ਨਾਲ ਹੀ ਆਪਣੀ ਕੇਂਦਰੀ ਲੀਡਰਸ਼ਿਪ ’ਤੇ ਇਹ ਦਬਾਅ ਬਣਾ ਸਕਦੇ ਹਨ ਕਿ ਉਹ ਪੰਜਾਬ ’ਚ ਅਕਾਲੀ ਦਲ ਦੇ ਬਰਾਬਰ ਸੀਟਾਂ ਮੰਗਣ। ਜੇ ਅਕਾਲੀ ਆਗੂ ਉਨ੍ਹਾਂ ਦੀ ਇਹ ਮੰਗ ਮੰਨਣ ਲਈ ਤਿਆਰ ਨਾ ਹੋਣ ਤਾਂ ਉਨ੍ਹਾਂ ਨੂੰ ਸਪੱਸ਼ਟ ਕਹਿ ਦਿੱਤਾ ਜਾਵੇ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਭਾਜਪਾ ਇਕੱਲੀ ਆਪਣੇ ਦਮ ’ਤੇ ਲੜੇਗੀ।

ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਅਕਾਲੀ ਦਲ (ਬ) ਇਸ ਸਮੇਂ ਜਿਸ ਡਾਵਾਂਡੋਲ ਸਥਿਤੀ ਨਾਲ ਜੂਝ ਰਿਹਾ ਹੈ, ਉਸ ਦੇ ਮੱਦੇਨਜ਼ਰ ਅਕਾਲੀ ਆਗੂਆਂ ਨੂੰ ਭਾਜਪਾ ਦੀ ਮੰਗ ਮੰਨਣ ਲਈ ਮਜਬੂਰ ਹੋਣਾ ਪਵੇਗਾ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਇਸ ਸਮੇਂ ਪੰਜਾਬ ’ਚ ਅਕਾਲੀ ਦਲ ਦੇ ਮੁਕਾਬਲੇ ਭਾਜਪਾ ਦੀ ਸਥਿਤੀ ਜ਼ਿਆਦਾ ਮਜ਼ਬੂਤ ਹੈ। ਦੱਸਿਆ ਜਾਂਦਾ ਹੈ ਕਿ ਦਿੱਲੀ ਤੋਂ ਬਾਅਦ ਪੰਜਾਬ ਦੇ ਆਗੂਆਂ ਵਲੋਂ ਬਣਾਏ ਜਾ ਰਹੇ ਦਬਾਅ ਕਾਰਣ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੂੰ ਇਹ ਸੋਚਣ ਲਈ ਮਜਬੂਰ ਹੋਣਾ ਪੈ ਗਿਆ ਹੈ ਕਿ ਇਨ੍ਹਾਂ ਸਥਿਤੀਆਂ ’ਚ ਉਸ ਨੂੰ ਦਿੱਲੀ ਤੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ (ਬ) ਨਾਲ ਗੱਠਜੋੜ ਉਸ ਦੀਆਂ ਸ਼ਰਤਾਂ ’ਤੇ ਕਰਨਾ ਚਾਹੀਦਾ ਹੈ ਜਾਂ ਆਪਣੀਆਂ ਸ਼ਰਤਾਂ ’ਤੇ।

ਗੱਲ ਬਾਲਾ ਸਾਹਿਬ ਹਸਪਤਾਲ ਦੀ

ਪਿਛਲੇ ਲੰਬੇ ਸਮੇਂ ਤੋਂ ਨਵੀਂ ਦਿੱਲੀ ’ਚ ਸਥਿਤ ਗੁਰਦੁਆਰਾ ਬਾਲਾ ਸਾਹਿਬ ਨਾਲ ਹਸਪਤਾਲ ਦੀ ਉਸਾਰੀ ਮੁਕੰਮਲ ਕਰਨ ਲਈ ਯਤਨ ਕੀਤੇ ਜਾਂਦੇ ਰਹੇ ਹਨ ਪਰ ਹਮੇਸ਼ਾ ਹੀ ਕੋਈ ਨਾ ਕੋਈ ਰੁਕਾਵਟ ਖੜ੍ਹੀ ਹੁੰਦੀ ਰਹੀ ਹੈ। ਕਈ ਵਾਰ ਤਾਂ ਅਜਿਹਾ ਲੱਗਾ ਕਿ ਬਸ ਹੁਣ ਮੰਜ਼ਿਲ ਦੂਰ ਨਹੀਂ ਹੈ ਪਰ ਫਿਰ ਕੁਝ ਨਾ ਕੁਝ ਅਜਿਹਾ ਹੋ ਜਾਂਦਾ ਰਿਹਾ ਕਿ ਉਸਾਰੀ ਸਿਰੇ ਨਹੀਂ ਚੜ੍ਹੀ। ਭਾਵ ਇਹ ਕਿ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਸ ਹਸਪਤਾਲ ਦੀ ਉਸਾਰੀ ਦਾ ਕੰਮ ਪੂਰਾ ਹੋਣ ਅਤੇ ਇਸ ਦੇ ਲੋਕ ਸੇਵਾ ਲਈ ਸਮਰਪਿਤ ਹੋਣ ਦੇ ਰਾਹ ’ਚ ਆਉਣ ਵਾਲੀਆਂ ਰੁਕਾਵਟਾਂ ਦੂਰ ਹੋਣ ਦਾ ਨਾਂ ਨਹੀਂ ਲੈ ਰਹੀਆਂ। ਇਸ ਦੇ ਲਈ ਕਦੇ ਕਿਸੇ ਨੂੰ ਤਾਂ ਕਦੇ ਕਿਸੇ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਪਰ ਅਸਲੀ ਵਜ੍ਹਾ ਲੱਭਣ ਦੀ ਕੋਈ ਕੋਸ਼ਿਸ਼ ਨਹੀਂ ਹੋਈ।

ਜਦੋਂ ਇਸ ਸਬੰਧ ’ਚ ਧਾਰਮਿਕ ਰੁਝਾਨ ਵਾਲੇ ਸਿੱਖਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਹਸਪਤਾਲ ਦੇ ਉਸਾਰੀ ਕਾਰਜ ਦੇ ਸਿਰੇ ਨਾ ਚੜ੍ਹਨ ਦੀ ਮੁੱਖ ਵਜ੍ਹਾ ਇਸ ਦੀ ਧਾਰਮਿਕਤਾ ਨੂੰ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਕਿਨਾਰੇ ਕਰ ਦੇਣਾ ਹੈ। ਇਸ ਹਸਪਤਾਲ ਦੀ ਉਸਾਰੀ ਦਾ ਕੰਮ ਸ਼ੁਰੂ ਕਰਦਿਆਂ ਇਸ ਦਾ ਨੀਂਹ ਪੱਥਰ ਧਾਰਮਿਕ ਹਸਤੀ ਸੇਵਾਪੰਥੀ ਬਾਬਾ ਹਰਬੰਸ ਸਿੰਘ ਤੋਂ ਰਖਵਾਇਆ ਗਿਆ ਸੀ, ਜੋ ਕੁਝ ਸਮੇਂ ਬਾਅਦ ਸਿਆਸੀ ਸਵਾਰਥ ਕਾਰਣ ਉਥੋਂ ਪੁੱਟ ਕੇ ਸੁੱਟ ਦਿੱਤਾ ਗਿਆ ਅਤੇ ਪ੍ਰਕਾਸ਼ ਸਿੰਘ ਬਾਦਲ ਤੋਂ ਦੁਬਾਰਾ ਨੀਂਹ ਪੱਥਰ ਰਖਵਾਇਆ ਗਿਆ। ਜਿਸ ਦਿਨ ਅਜਿਹਾ ਹੋਇਆ, ਉਸੇ ਦਿਨ ਇਸ ਹਸਪਤਾਲ ਦੀ ਸੰਪੂਰਨਤਾ ਦੇ ਸਾਰੇ ਰਾਹ ਬੰਦ ਹੋ ਗਏ।

ਮੰਨਿਆ ਜਾਂਦਾ ਹੈ ਕਿ ਜਦੋਂ ਤਕ ਪ੍ਰਕਾਸ਼ ਸਿੰਘ ਬਾਦਲ ਵਲੋਂ ਰੱਖੇ ਨੀਂਹ ਪੱਥਰ ਨੂੰ ਪੁੱਟ ਕੇ ਬਾਬਾ ਹਰਬੰਸ ਸਿੰਘ ਵਲੋਂ ਰੱਖੇ ਨੀਂਹ ਪੱਥਰ ਨੂੰ ਮੁੜ ਸਥਾਪਿਤ ਨਹੀਂ ਕੀਤਾ ਜਾਂਦਾ, ਉਦੋਂ ਤਕ ਇਸ ਹਸਪਤਾਲ ਦੀ ਸੰਪੂਰਨਤਾ ਦਾ ਕੰਮ ਅੱਗੇ ਨਹੀਂ ਵਧ ਸਕਦਾ।

Bharat Thapa

This news is Content Editor Bharat Thapa