ਸ. ਪਟੇਲ ਅਤੇ ਡਾਕਟਰ ਮੁਖਰਜੀ ਨੂੰ ਸੱਚੀ ਸ਼ਰਧਾਂਜਲੀ–ਕਸ਼ਮੀਰ ਨੂੰ ਪੂਰੀ ਆਜ਼ਾਦੀ

08/09/2019 7:02:20 AM

ਸ਼ਾਂਤਾ ਕੁਮਾਰ
66 ਸਾਲਾਂ ਤੋਂ ਅਸੰਭਵ ਲੱਗਣ ਵਾਲਾ ਇਕ ਸੰਕਲਪ, ਜਿਸ ਦੇ ਪੂਰਾ ਹੋਣ ਦੀ ਸ਼ਾਇਦ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਸੀ। ਉਸ ਨੂੰ ਨਰਿੰਦਰ ਮੋਦੀ ਜੀ ਨੇ ਪੂਰਾ ਕਰ ਕੇ ਦਿਖਾਇਆ। ਉਨ੍ਹਾਂ ਨੂੰ ਇਹ ਸੰਕਲਪ ਪੂਰਾ ਕਰਨ ਦੀ ਸ਼ਕਤੀ ਇਨ੍ਹਾਂ ਚੋਣਾਂ ’ਚ ਭਾਰਤ ਦੀ ਜਨਤਾ ਨੇ ਦੇ ਦਿੱਤੀ ਸੀ। ਇਹ ਦੇਸ਼ ਦੀ ਬਦਕਿਸਮਤੀ ਸੀ ਕਿ 15 ਅਗਸਤ 1947 ਨੂੰ ਭਾਰਤ ਤਾਂ ਆਜ਼ਾਦ ਹੋਇਆ ਪਰ ਭਾਰਤ ਦਾ ਮੁਕੁਟ, ਕੇਸਰ ਦੀ ਕਿਆਰੀ ਕਸ਼ਮੀਰ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੋਇਆ। ਦੇਸ਼ ਦੇ ਗ੍ਰਹਿ ਮੰਤਰੀ ਸ. ਪਟੇਲ ਸਨ। ਉਨ੍ਹਾਂ ਨੇ ਆਪਣੀ ਦੂਰਦਰਸ਼ੀ ਰਾਜਨੀਤੀ ਨਾਲ 500 ਰਿਆਸਤਾਂ ਦੇ ਰਾਜਿਆਂ ਨੂੰ ਸਮਝਾ ਕੇ ਕਿਤੇ ਡਰਾ ਕੇ ਅਤੇ ਕਿਤੇ ਕੁਝ ਦੇ ਕੇ ਭਾਰਤ ਨਾਲ ਮਿਲਾ ਲਿਆ। ਉਹ ਆਪਣੇ ਆਪ ’ਚ ਬਹੁਤ ਮੁਸ਼ਕਿਲ ਕੰਮ ਸੀ। ਹੈਦਰਾਬਾਦ ਨੂੰ ਮਿਲਾਉਣ ਲਈ ਉਨ੍ਹਾਂ ਨੂੰ ਸ਼ਕਤੀ ਦੀ ਵਰਤੋਂ ਵੀ ਕਰਨੀ ਪਈ। ਪ੍ਰਧਾਨ ਮੰਤਰੀ ਪੰ. ਜਵਾਹਰ ਲਾਲ ਨਹਿਰੂ ਉਨ੍ਹਾਂ ਨਾਲ ਨਾਰਾਜ਼ ਹੋਏ ਪਰ ਸਰਦਾਰ ਪਟੇਲ ਨੇ ਕਿਹਾ ਕਿ ਸਿਰਫ ਪੁਲਸ ਐਕਸ਼ਨ ਕੀਤਾ ਜਾ ਰਿਹਾ ਹੈ। ਜਦੋਂ ਭਾਰਤ ਦੀ ਫੌਜ ਹੈਦਰਾਬਾਦ ’ਚ ਦਾਖਲ ਹੋ ਗਈ ਤਾਂ ਪ੍ਰਧਾਨ ਮੰਤਰੀ ਨੇ ਗੁੱਸੇ ’ਚ ਆ ਕੇ ਗ੍ਰਹਿ ਮੰਤਰੀ ਨੂੰ ਫੋਨ ਕੀਤਾ। ਸਰਦਾਰ ਪਟੇਲ ਨੇ ਜਵਾਬ ਦਿੱਤਾ–ਹੁਣ ਤਕ ਪੂਰੀ ਰਿਆਸਤ ਨੂੰ ਕਬਜ਼ੇ ’ਚ ਲਿਆ ਜਾ ਚੁੱਕਾ ਹੈ। ਪੰ. ਨਹਿਰੂ ਜੀ ਦੀ ਸ਼ੇਖ ਅਬਦੁੱਲਾ ਦੇ ਨਾਲ ਵਿਸ਼ੇਸ਼ ਮਿੱਤਰਤਾ ਸੀ, ਇਸ ਲਈ ਕਸ਼ਮੀਰ ਦੇ ਲਈ ਇਕ ਸਮਝੌਤਾ ਕੀਤਾ ਗਿਆ, ਜਿਸ ਦੇ ਅਨੁਸਾਰ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੱਤਾ ਗਿਆ ਅਤੇ ਵੱਖਰਾ ਵਿਧਾਨ, ਵੱਖਰਾ ਪ੍ਰਧਾਨ ਅਤੇ ਵੱਖਰੇ ਨਿਸ਼ਾਨ ਦਾ ਅਧਿਕਾਰ ਦੇ ਦਿੱਤਾ ਗਿਆ।

ਜੰਮੂ ’ਚ ਪ੍ਰਜਾ ਪ੍ਰੀਸ਼ਦ ਨੇ ਇਸ ਦੇ ਵਿਰੁੱਧ ਅੰਦੋਲਨ ਸ਼ੁਰੂ ਕੀਤਾ। ਰਾਸ਼ਟਰੀ ਸਵੈਮ ਸੇਵਕ ਸੰਘ ਨੇ ਪੂਰੀ ਸਹਾਇਤਾ ਕੀਤੀ। ਰਿਟਾਇਰਡ ਡਿਪਟੀ ਕਮਿਸ਼ਨਰ ਪ੍ਰੇਮਨਾਥ ਡੋਗਰਾ ਅੰਦੋਲਨ ਦੀ ਅਗਵਾਈ ਕਰਨ ਲੱਗੇ। ਅੰਦੋਲਨ ਹਿੰਸਕ ਹੋਇਆ। ਕਈ ਥਾਵਾਂ ’ਤੇ ਗੋਲੀਆਂ ਚੱਲੀਆਂ। ਕੁਝ ਵਰਕਰ ਸ਼ਹੀਦ ਹੋਏ। ਪ੍ਰੇਮਨਾਥ ਡੋਗਰਾ ਨੇ ਖੁਦ ਸੱਤਿਆਗ੍ਰਹਿ ਕਰਨ ਦਾ ਸੰਕਲਪ ਕੀਤਾ ਅਤੇ ਸਭ ਤਰ੍ਹਾਂ ਦੀ ਪੂਰੀ ਤਿਆਰੀ ਕੀਤੀ। ਇਥੋਂ ਤਕ ਕਿ ਆਪਣਾ ਗੋ-ਦਾਨ ਕਰ ਕੇ ਜੇਲ ਗਏ। ਇਸ ਨਾਲ ਅੰਦੋਲਨ ਹੋਰ ਤੇਜ਼ ਹੋ ਗਿਆ।

ਮੁਖਰਜੀ ਨੇ ਲੋਕ ਸਭਾ ’ਚ ਉਠਾਇਆ ਮੁੱਦਾ

ਭਾਰਤੀ ਜਨਸੰਘ ਦੇ ਪਹਿਲੇ ਪ੍ਰਧਾਨ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ ਲੋਕ ਸਭਾ ’ਚ ਬੜੇ ਜ਼ੋਰ ਨਾਲ ਕਸ਼ਮੀਰ ਦੇ ਮੁੱਦੇ ਨੂੰ ਉਠਾਇਆ। ਭਾਰਤੀ ਜਨਸੰਘ ਨੇ ਪੂਰੇ ਦੇਸ਼ ’ਚ ਕਸ਼ਮੀਰ ਅੰਦੋਲਨ ਸ਼ੁਰੂ ਕਰਨ ਦਾ ਫੈਸਲਾ ਕੀਤਾ। ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ ਐਲਾਨ ਕੀਤਾ ਕਿ ਇਕ ਦੇਸ਼ ’ਚ ਦੋ ਵਿਧਾਨ ਅਤੇ ਦੋ ਨਿਸ਼ਾਨ ਅਤੇ ਦੋ ਪ੍ਰਧਾਨ ਨਹੀਂ ਰਹਿ ਸਕਦੇ। ਉਸ ਸਮੇਂ ਕਸ਼ਮੀਰ ’ਚ ਜਾਣ ਲਈ ਪਰਮਿਟ ਲੈਣਾ ਪੈਂਦਾ ਸੀ। 1953 ’ਚ ਦਿੱਲੀ ਵਿਚ ਭਾਰਤੀ ਜਨਸੰਘ ਹਿੰਦੂ ਮਹਾਸਭਾ ਅਤੇ ਰਾਮਰਾਜ ਪ੍ਰੀਸ਼ਦ ਨੇ ਕਸ਼ਮੀਰ ਦੇ ਮੁੱਦੇ ’ਤੇ ਸੱਤਿਆਗ੍ਰਹਿ ਕਰਨ ਦਾ ਫੈਸਲਾ ਕੀਤਾ। ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ ਐਲਾਨ ਕੀਤਾ ਕਿ ਉਹ ਬਿਨਾਂ ਪਰਮਿਟ ਦੇ ਕਸ਼ਮੀਰ ’ਚ ਦਾਖਲ ਹੋਣਗੇ। ਭਾਰਤੀ ਜਨਸੰਘ ਨਵਾਂ-ਨਵਾਂ ਬਣਿਆ ਸੀ ਪਰ ਰਾਸ਼ਟਰੀ ਸਵੈਮ ਸੇਵਕ ਸੰਘ ਨੇ ਪੂਰੇ ਦੇਸ਼ ’ਚ ਇਸ ਅੰਦੋਲਨ ਲਈ ਆਪਣੀ ਸ਼ਕਤੀ ਲਾ ਦਿੱਤੀ। ਇਸੇ ਅੰਦੋਲਨ ਨਾਲ ਭਾਰਤੀ ਜਨਸੰਘ ਦੀ ਇਕ ਰਾਸ਼ਟਰੀ ਪਛਾਣ ਬਣੀ।

11 ਮਈ ਨੂੰ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ ਮਾਧੋਪੁਰ ਦੇ ਰਸਤਿਓਂ ਜੰਮੂ-ਕਸ਼ਮੀਰ ’ਚ ਪ੍ਰਵੇਸ਼ ਕੀਤਾ। ਲਖਨਪੁਰ ’ਚ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਅਟਲ ਬਿਹਾਰੀ ਵਾਜਪਾਈ ਉਨ੍ਹਾਂ ਦੇ ਨਾਲ ਸਨ। ਡਾ. ਮੁਖਰਜੀ ਗ੍ਰਿਫਤਾਰ ਹੋ ਕੇ ਜਦੋਂ ਜਾਣ ਲੱਗੇ ਤਾਂ ਉਨ੍ਹਾਂ ਨੇ ਅਟਲ ਜੀ ਨੂੰ ਕਿਹਾ –‘‘ਭਾਵੇਂ ਮੈਂ ਅੱਜ ਇਕ ਕੈਦੀ ਦੇ ਰੂਪ ’ਚ ਕਸ਼ਮੀਰ ’ਚ ਦਾਖਲ ਹੋ ਰਿਹਾ ਹਾਂ ਪਰ ਮੈਂ ਕਸ਼ਮੀਰ ਨੂੰ ਨਾਲ ਲੈ ਕੇ ਹੀ ਭਾਰਤ ’ਚ ਦਾਖਲ ਹੋਵਾਂਗਾ।’’ ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੂਰੇ ਦੇਸ਼ ’ਚ ਅੰਦੋਲਨ ਤੇਜ਼ ਹੋ ਗਏ। ਪੂਰੇ ਭਾਰਤ ਤੋਂ ਸੱਤਿਆਗ੍ਰਹੀਆਂ ਦੇ ਜਥੇ ਪਠਾਨਕੋਟ ਦੇ ਰਸਤਿਓਂ ਜੰਮੂ-ਕਸ਼ਮੀਰ ’ਚ ਜਾ ਕੇ ਸੱਤਿਆਗ੍ਰਹਿ ਕਰਨ ਲੱਗੇ।

ਦੇਸ਼ ਸੇਵਾ ਦਾ ਸੰਕਲਪ

1951 ’ਚ ਮੈਟ੍ਰਿਕ ਕਰਨ ਤੋਂ ਬਾਅਦ ਮੈਂ ਰਾਸ਼ਟਰੀ ਸਵੈਮ ਸੇਵਕ ਸੰਘ ਦਾ ਪ੍ਰਚਾਰਕ ਬਣ ਕੇ ਕਾਂਗੜਾ ਆ ਗਿਆ ਸੀ। ਪਰਿਵਾਰ ਆਰਥਿਕ ਮੁਸ਼ਕਿਲ ’ਚ ਸੀ ਪਰ ਮੈਂ ਸਭ ਕੁਝ ਛੱਡ ਕੇ ਦੇਸ਼ ਸੇਵਾ ਦਾ ਸੰਕਲਪ ਲਿਆ ਸੀ। ਮਾਂ ਨੇ ਵਿਸ਼ੇਸ਼ ਸੰਦੇਸ਼ ਦੇ ਕੇ ਮੈਨੂੰ ਘਰ ਬੁਲਾਇਆ। ਕਹਿਣ ਲੱਗੀ ‘‘ਤੁਸੀਂ ਜੀਵਨ ਭਰ ਪ੍ਰਚਾਰਕ ਰਹੋ। ਮੈਨੂੰ ਕੋਈ ਇਤਰਾਜ਼ ਨਹੀਂ ਪਰ ਸਾਹਮਣੇ ਦੇਖੋ ਤੁਹਾਡੀ ਭੈਣ ਵਿਆਹ ਦੇ ਯੋਗ ਹੋ ਗਈ। ਤੁਹਾਡੇ ਪਿਤਾ ਜੀ ਦਾ ਸਵਰਗਵਾਸ ਹੋ ਚੁੱਕਾ ਹੈ। ਤੁਹਾਡੇ ਭਰਾਵਾਂ ’ਤੇ ਹੀ ਇਸ ਦੇ ਵਿਆਹ ਦੀ ਜ਼ਿੰਮੇਵਾਰੀ ਹੈ। ਕੁਝ ਸਮੇਂ ਲਈ ਘਰ ਆ ਜਾਓ ਅਤੇ ਵਿਆਹ ਦਾ ਪ੍ਰਬੰਧ ਕਰੋ। ਉਸ ਤੋਂ ਬਾਅਦ ਚਲੇ ਜਾਣਾ।’’ ਇਹ ਕਹਿ ਕੇ ਮਾਂ ਦੀਆਂ ਅੱਖਾਂ ਨਮ ਹੋ ਗਈਆਂ। ਮੈਂ ਵੀ ਚੁੱਪ ਬੈਠਾ ਰਿਹਾ। ਮੈਂ ਕਾਂਗੜਾ ਆਇਆ ਅਤੇ ਆਪਣੇ ਪ੍ਰਮੁੱਖ ਪ੍ਰਚਾਰਕ ਨੂੰ ਕਿਹਾ ਕਿ ਮੈਂ ਕੁਝ ਸਮੇਂ ਲਈ ਘਰ ਜਾਵਾਂਗਾ ਅਤੇ ਭੈਣ ਦੇ ਵਿਆਹ ਤੋਂ ਬਾਅਦ ਵਾਪਸ ਆ ਜਾਵਾਂਗਾ।

ਵਿਆਹ ਲਈ ਧਨ ਦੀ ਲੋੜ ਸੀ। ਪਿਤਾ ਜੀ ਦੇ ਮਿੱਤਰ ਰਹੇ ਪੰ. ਅਮਰਨਾਥ ਸਨਾਤਨ ਧਰਮ ਵਲੋਂ ਕੁਝ ਸਕੂਲ ਚਲਾਉਂਦੇ ਸਨ। ਉਨ੍ਹਾਂ ਕੋਲ ਗਿਆ ਅਤੇ ਉਨ੍ਹਾਂ ਨੇ ਬੈਜਨਾਥ ਦੇ ਨੇੜੇ ਕ੍ਰਿਸ਼ਨਾ ਨਗਰ ਸਨਾਤਨ ਧਰਮ ਸਕੂਲ ’ਚ ਮੈਨੂੰ ਅਧਿਆਪਕ ਲਾ ਦਿੱਤਾ। ਬੈਜਨਾਥ ਆਇਆ। ਕਮਰਾ ਕਿਰਾਏ ’ਤੇ ਲਿਆ। ਇਕ ਵਰਕਰ ਦਾ ਸਾਈਕਲ ਲਿਆ ਅਤੇ ਬੈਜਨਾਥ ਤੋਂ ਸਾਈਕਲ ’ਤੇ ਉਸ ਸਮੇਂ ਦੀ ਟੁੱਟੀ-ਭੱਜੀ ਕੱਚੀ ਸੜਕ ’ਤੇ ਕ੍ਰਿਸ਼ਨਾ ਨਗਰ ਜਾਣ ਲੱਗਾ। ਨੌਕਰੀ ਲੱਗੇ ਅਜੇ 17 ਦਿਨ ਹੋਏ ਸਨ ਕਿ ਪਾਲਮਪੁਰ ਦੇ ਸੰਘ ਪ੍ਰਚਾਰਕ ਦੇਵਰਾਜ ਜੀ ਆਏ ਅਤੇ ਮੈਨੂੰ ਕਿਹਾ– ਕਾਂਗੜਾ ਤੋਂ ਵਰਕਰਾਂ ਦਾ ਜਥਾ ਲੈ ਕੇ ਮੈਂ ਕਸ਼ਮੀਰ ’ਚ ਸੱਤਿਆਗ੍ਰਹਿ ਕਰਨਾ ਹੈ। ਮੈਂ ਇਕਦਮ ਦੁਚਿੱਤੀ ’ਚ ਆ ਗਿਆ। ਕੁਝ ਸੋਚਿਆ, ਫਿਰ ਕਿਹਾ ਕਿ ਮੈਂ ਤਾਂ ਭੈਣ ਦਾ ਵਿਆਹ ਕਰਨ ਲਈ ਘਰ ਆਇਆ ਹਾਂ। ਨੌਕਰੀ ਲੱਗਿਆਂ ਸਿਰਫ 17 ਦਿਨ ਹੋਏ ਹਨ। ਉਹ ਕਹਿਣ ਲੱਗੇ ਅਸੀਂ ਸੰਘ ਦੇ ਸਵੈਮ ਸੇਵਕ ਹਾਂ। ਸਾਡੇ ਲਈ ਸਭ ਤੋਂ ਪਹਿਲਾਂ ਦੇਸ਼ ਹੈ ਅਤੇ ਸ਼ੇਖ ਅਬਦੁੱਲਾ ਕਸ਼ਮੀਰ ਨੂੰ ਭਾਰਤ ਤੋਂ ਵੱਖ ਕਰਨ ਦੀ ਸਾਜ਼ਿਸ਼ ਰਚ ਰਹੇ ਹਨ।

ਸੱਤਿਆਗ੍ਰਹਿ ਦੀ ਤਿਆਰੀ

ਮੈਂ ਕੁਝ ਨਹੀਂ ਕਹਿ ਸਕਿਆ। ਮਨ ਹੀ ਮਨ ਸੰਕਲਪ ਲਿਆ। ਘਰ ਆਇਆ ਅਤੇ ਚੁੱਪਚਾਪ ਸੱਤਿਆਗ੍ਰਹਿ ’ਚ ਜਾਣ ਲਈ ਤਿਆਰੀ ਕਰਨ ਲੱਗਾ। ਦੂਸਰੇ ਦਿਨ ਐਤਵਾਰ ਸੀ। ਸੋਮਵਾਰ ਨੂੰ ਪਰਿਵਾਰ ਲਈ ਸਕੂਲ ਜਾਣ ਲੱਗਾ। ਸਾਡੀ ਇਕੋ-ਇਕ ਭੈਣ ਪੁਸ਼ਪਾ ਬੀਮਾਰ ਸੀ। ਵੈਦ ਨੇ ਕਿਹਾ ਸੀ ਕਿ ਟਮਾਟਰ ਤੋਂ ਇਲਾਵਾ ਹੋਰ ਖੱਟੀ ਚੀਜ਼ ਨਾ ਦੇਣਾ। ਉਹ ਖਟਿਆਈ ਦੀ ਬਹੁਤ ਸ਼ੌਕੀਨ ਸੀ। ਮੈਨੂੰ ਕਹਿਣ ਲੱਗੀ-ਭਰਾ ਜੀ, ਅਗਲੇ ਸ਼ਨੀਵਾਰ ਨੂੰ ਆਉਂਦੇ ਸਮੇਂ ਮੇਰੇ ਲਈ ਟਮਾਟਰ ਜ਼ਰੂਰ ਲੈ ਕੇ ਆਉਣਾ। ਘਰੋਂ ਬਾਹਰ ਨਿਕਲਦੇ ਹੋਏ ਮੇਰੇ ਕਦਮ ਇਕਦਮ ਰੁਕ ਗਏ। ਅੱਖਾਂ ਨਮ ਹੋ ਗਈਆਂ। ਸੋਚਿਆ, ਮੈਂ ਤਾਂ ਜੇਲ ਜਾ ਰਿਹਾ ਹਾਂ ਅਤੇ ਭੈਣ ਟਮਾਟਰ...। ਮੁੜ ਕੇ ਦੇਖਿਆ ਅਤੇ ਫਿਰ ਇਕਦਮ ਅੱਗੇ ਵਧ ਗਿਆ।

ਕਾਂਗੜਾ ਤੋਂ 10 ਸੱਤਿਆਗ੍ਰਹੀਆਂ ਦਾ ਜਥਾ ਜਾਣਾ ਸੀ ਪਰ ਸਿਰਫ ਦੋ, ਇਕ ਸਲਿਆਣਾ ਤੋਂ ਰਾਮਰਤਨ ਪਾਲ ਅਤੇ ਇਕ ਡਰੋਹ ਤੋਂ ਇੰਦਰਨਾਥ ਮੇਰੇ ਨਾਲ ਆਏ। ਪਠਾਨਕੋਟ ’ਚ ਸੱਤਿਆਗ੍ਰਹਿ ਦਾ ਸੰਚਾਲਨ ਕੇਦਾਰਨਾਥ ਸਾਹਨੀ ਕਰ ਰਹੇ ਸਨ। ਅਸੀਂ ਤਿੰਨੋਂ ਸੰਘ ਦੇ ਸਵੈਮ ਸੇਵਕ ਸਨ। ਸਾਨੂੰ ਉਥੇ ਹੀ ਜਨਸੰਘ ਦਾ ਮੈਂਬਰ ਬਣਾਇਆ ਗਿਆ। ਅਸੀਂ ਦੂਸਰੇ ਹੋਰਨਾਂ ਸੱਤਿਆਗ੍ਰਹੀਆਂ ਦੇ ਨਾਲ ਸੱਤਿਆਗ੍ਰਹਿ ਕੀਤਾ ਅਤੇ ਅਸੀਂ ਗੁਰਦਾਸਪੁਰ ਜੇਲ ਪਹੁੰਚੇ। ਜੇਲ ’ਚ ਸੈਂਕੜੇ ਲੋਕ ਸਨ। ਬਲਰਾਮਜੀ ਦਾਸ ਟੰਡਨ ਅਤੇ ਪਠਾਨਕੋਟ ਦੇ ਐੱਲ. ਆਰ. ਵਾਸੂਦੇਵਾ ਅਤੇ ਹੋਰ ਵੀ ਬਹੁਤ ਸਾਰੇ ਨੇਤਾ ਅਤੇ ਵਰਕਰ ਉਥੇ ਮੌਜੂਦ ਸਨ। ਪੂਰਾ ਦਿਨ ਜੇਲ ’ਚ ਪ੍ਰੋਗਰਾਮ ਹੁੰਦੇ ਸਨ। ਸ਼ਾਖਾ ਲੱਗਦੀ ਸੀ, ਬੜੀ ਮਸਤੀ ਨਾਲ ਅਸੀਂ 2 ਮਹੀਨੇ ਉਥੇ ਕੱਟੇ। ਸਾਡੇ ਮੁਕੱਦਮੇ ਦਾ ਫੈਸਲਾ ਕਰਨ ਲਈ ਜੇਲ ’ਚ ਹੀ ਅਦਾਲਤ ਲੱਗਦੀ ਸੀ। ਸੱਤਿਆਗ੍ਰਹੀਆਂ ਨੂੰ ਬੁਲਾ ਕੇ ਪੁੱਛਿਆ ਜਾਂਦਾ ਸੀ ਕਿ ਧਾਰਾ 144 ਤੋੜੀ ਹੈ। ਜਵਾਬ ਕੁਝ ਵੀ ਮਿਲੇ, ਲਗਭਗ ਸਭ ਨੂੰ ਤਿੰਨ ਮਹੀਨਿਆਂ ਦੀ ਸਜ਼ਾ ਸੁਣਾਈ ਜਾਂਦੀ ਸੀ।

ਜੇਲ ’ਚ ਹਾਸਾ-ਮਜ਼ਾਕ

ਸਾਡੇ ਨਾਲ ਅੰਮ੍ਰਿਤਸਰ ਦੇ ਵਰਕਰਾਂ ਨੇ ਵੀ ਸੱਤਿਆਗ੍ਰਹਿ ਕੀਤਾ ਸੀ। ਅਸੀਂ ਲਗਭਗ 20 ਸੱਤਿਆਗ੍ਰਹੀ ਅਦਾਲਤ ’ਚ ਪੇਸ਼ ਹੋਏ–ਪੁੱਛਿਆ ਗਿਆ ਕਿ ਤੁਸੀਂ ਧਾਰਾ 144 ਤੋੜੀ? ਇਸ ਤੋਂ ਪਹਿਲਾਂ ਕਿ ਅਸੀਂ ਜਵਾਬ ਦਿੰਦੇ, ਅੰਮ੍ਰਿਤਸਰ ਦੇ ਇਕ ਬਹੁਤ ਉਤਸ਼ਾਹੀ ਅਤੇ ਸ਼ਰਾਰਤੀ ਸੁਭਾਅ ਦੇ ਵੇਦ ਪ੍ਰਕਾਸ਼ ਜ਼ੋਰ ਨਾਲ ਪੰਜਾਬੀ ’ਚ ਬੋਲ ਪਏ –‘‘ਸਾਨੂੰ ਕੀ ਪਤਾ, ਅਸੀਂ ਤਾਂ ਕਸ਼ਮੀਰ ਦਾ ਨਾਅਰਾ ਲਾਇਆ ਸੀ। ਧਾਰਾ 144 ਕੋਈ ਸ਼ੀਸ਼ੇ ਦਾ ਗਲਾਸ ਸੀ, ਜਿਹੜੀ ਟੁੱਟ ਜਾਂਦੀ, ਤੁਸੀਂ ਜਾਣੋ ਕਿ ਟੁੱਟੀ ਕਿ ਨਹੀਂ ਟੁੱਟੀ।’’ ਇਸ ਦਾ ਅੰਦਾਜ਼ ਵੀ ਬਹੁਤ ਮਜ਼ੇਦਾਰ ਹੁੰਦਾ ਸੀ। ਸਭ ਜ਼ੋਰ ਨਾਲ ਹੱਸ ਪਏ। ਸਰਕਾਰੀ ਵਕੀਲ ਨਾਰਾਜ਼ ਹੋਣ ਲੱਗਾ। ਨਤੀਜਾ ਇਹ ਹੋਇਆ ਕਿ ਮੈਜਿਸਟ੍ਰੇਟ ਨੂੰ ਗੁੱਸਾ ਆ ਗਿਆ। ਸਾਨੂੰ ਦੁੱਗਣੀ 6 ਮਹੀਨਿਆਂ ਦੀ ਸਜ਼ਾ ਸੁਣਾਈ ਗਈ। ਕਈ ਦਿਨ ਤਕ ਸ਼ੀਸ਼ੇ ਦੇ ਗਲਾਸ ਵਾਲੀ ਗੱਲ ਗੂੰਜਦੀ ਰਹੀ। ਜੇਲ ’ਚ ਕੁਝ ਦਿਨ ਤਕ ਵੇਦ ਪ੍ਰਕਾਸ਼ ਦੀ ਗੱਲ ’ਤੇ ਖੂਬ ਹਾਸਾ-ਮਜ਼ਾਕ ਹੁੰਦਾ ਰਿਹਾ।

(ਚਲਦਾ)
 

Bharat Thapa

This news is Content Editor Bharat Thapa