ਸੰਘ ਦੀ ਭਾਰਤੀ ਪਰਿਵਾਰਿਕ ਪਰੰਪਰਾ ਦੇ ਲਈ ਨਿਸ਼ਠਾ

04/27/2021 1:16:26 PM

ਸੁਖਦੇਵ ਵਿਸ਼ਿਸ਼ਟ
ਨਵੀਂ ਦਿੱਲੀ- ਰਾਸ਼ਟਰੀ ਸਵੈਮ-ਸੇਵਕ ਸੰਘ ਦੇ ਸਰ ਸੰਘਚਾਲਕ ਪਰਮ ਪੂਜਨੀਕ ਡਾ. ਹੇਡਗੇਵਾਰ ਜੀ ਆਪਣੇ ਜੀਵਨਕਾਲ ’ਚ ਰਾਸ਼ਟਰ ਦੀ ਆਜ਼ਾਦੀ ਦੇ ਲਈ ਚੱਲ ਰਹੇ ਸਮਾਜਿਕ, ਧਾਰਮਿਕ, ਕ੍ਰਾਂਤੀਕਾਰੀ ਅਤੇ ਸਿਆਸੀ ਖੇਤਰਾਂ ਦੇ ਸਾਰੇ ਸਮਕਾਲੀਨ ਸੰਗਠਨਾਂ ਅਤੇ ਅੰਦੋਲਨਾਂ ਨਾਲ ਸੰਬੰਧਤ ਰਹੇ ਅਤੇ ਕਈ ਮਹੱਤਵਪੂਰਨ ਅੰਦੋਲਨਾਂ ਦੀ ਅਗਵਾਈ ਵੀ ਕੀਤੀ। ਸਮਾਜ ਦੇ ਸਵਾਭੀਮਾਨੀ, ਸੰਸਕਾਰੀ, ਚਰਿੱਤਰਵਾਨ, ਸ਼ਕਤੀ ਸੰਪੰਨ, ਦੇਸ਼ਭਗਤੀ ਨਾਲ ਓਤ-ਪ੍ਰੋਤ, ਨਿੱਜੀ ਹੰਕਾਰ ਤੋਂ ਮੁਕਤ ਵਿਅਕਤੀਆਂ ਦੇ ਅਜਿਹੇ ਸੰਗਠਨ, ਜੋ ਆਜ਼ਾਦੀ ਅੰਦੋਲਨ ਦੀ ਰੀੜ੍ਹ ਹੋਣ ਦੇ ਨਾਲ ਹੀ ਰਾਸ਼ਟਰ ਅਤੇ ਸਮਾਜ ’ਤੇ ਆਉਣ ਵਾਲੀ ਹਰੇਕ ਮੁਸੀਬਤ ਦਾ ਸਾਹਮਣਾ ਕਰ ਸਕੇ, ਦੀ ਕਲਪਨਾ ਦੇ ਨਾਲ ਸੰਘ ਦਾ ਕੰਮ ਸ਼ੁਰੂ ਹੋਇਆ।

ਸ਼ਾਖਾ ਵੱਲੋਂ ਸਹਿਜ ਵਿਕਾਸ
ਸੰਘ ਸ਼ਾਖਾ ਦੇ ਸੰਪਰਕ ’ਚ ਆਏ ਬਿਨਾਂ ਕੰਮ ਦੀ ਅਸਲੀ ਭਾਵਨਾ ਸਮਝ ’ਚ ਆਉਣੀ ਮੁਸ਼ਕਲ ਹੈ। ਭਾਰਤ ਦੀ ਸੱਭਿਆਚਾਰਕ ਪ੍ਰੰਪਰਾ ਦੇ ਅਨੁਸਾਰ ਸੰਘ ਨੇ ਭਗਵਾ ਝੰਡੇ ਨੂੰ ਪਰਮ ਸਨਮਾਨ ਦੇ ਅਧਿਕਾਰ ਸਥਾਨ ’ਤੇ ਆਪਣੇ ਸਾਹਮਣੇ ਰੱਖਿਆ ਹੈ। ਸੰਘ ਸ਼ਾਖਾ ’ਚ ਆਉਣ ਨਾਲ ਲੀਡਰਸ਼ਿਪ ਦੇ ਗੁਣ ਪਹਿਲਾਂ ਤੋਂ ਹੀ ਵਿਕਸਿਤ ਹੋਣ ਲੱਗਦੇ ਹਨ। ਸੰਘ ਸ਼ਾਖਾ ’ਚ ਗਟ ਨਾਇਕ, ਗਣ ਸਿੱਖਿਅਕ ਅਤੇ ਮੁੱਖ ਸਿੱਖਿਅਕ ਦੀ ਜ਼ਿੰਮੇਵਾਰੀ ਸੰਭਾਲਦੇ-ਸੰਭਾਲਦੇ ਸਵੈਮ-ਸੇਵਕ ’ਚ ਅਨੁਸ਼ਾਸਨ ਦਾ ਭਾਵ ਅਤੇ ਲੀਡਰਸ਼ਿਪ ਦੇ ਗੁਣ ਉੱਭਰਨ ਲੱਗਦੇ ਹਨ, ਜਿਸ ਨਾਲ ਉਨ੍ਹਾਂ ਦਾ ਵਿਕਾਸ ਹੁੰਦਾ ਰਹਿੰਦਾ ਹੈ। ਸਵੈਮ-ਸੇਵਕਾਂ ’ਚ ਕਈ ਨਵੇਂ ਗੁਣ ਵਿਕਸਿਤ ਹੁੰਦੇ ਰਹਿੰਦੇ ਹਨ-ਜਿਵੇਂ ਸ਼ਾਖਾ ’ਚ ਹਰ ਰੋਜ਼ ਗੀਤ ਹੁੰਦਾ ਹੈ, ਜਿਸ ਨਾਲ ਜੋ ਬੱਚਾ ਜਿਸ ਦਾ ਸੁਰ ਚੰਗਾ ਹੁੰਦਾ ਹੈ, ਉਸ ਨੂੰ ਗਾਉਣ ਦਾ ਮੌਕਾ ਮਿਲਦਾ ਰਹਿੰਦਾ ਹੈ। ਸ਼ਾਖਾ ’ਚ ਹਰ ਰੋਜ਼ ਕਹਾਣੀ, ਸਮਾਚਾਰ, ਸਮੀਖਿਆ ਆਦਿ ਦੇ ਪ੍ਰੋਗਰਾਮ ’ਚ ਸਵੈਮ-ਸੇਵਕਾਂ ਦਾ ਬੌਧਿਕ ਪੱਧਰ ਵੀ ਨਿੱਖਰਦਾ ਹੈ। ਸ਼ਾਖਾ ’ਚ ਜਾ ਕੇ ਸਾਰਿਆਂ ਨੂੰ ਇਕ ਵੱਡਾ ਪਰਿਵਾਰ ਮਿਲਦਾ ਹੈ। ਆਪਣੇ ਤੋਂ ਵੱਡਿਆਂ ਕੋਲੋਂ ਮਾਰਗਦਰਸ਼ਨ ਅਤੇ ਸਨੇਹ, ਛੋਟਿਆਂ ਦੀ ਦੇਖਭਾਲ ਅਤੇ ਸਾਥੀਆਂ ਤੋਂ ਤਾਲਮੇਲ ਆਦਿ ਦੇ ਗੁਣ ਮਿਲਦੇ ਹਨ। ਸੰਘ ਵਲੋਂ ਬੱਚਿਆਂ ਅਤੇ ਨੌਜਵਾਨਾਂ ਦੇ ਮਾਨਸਿਕ-ਸਰੀਰਕ ਵਿਕਾਸ ਦੇ ਲਈ ਸਾਲ ’ਚ ਬਾਲ ਕੈਂਪ, ਮੁੱਢਲੀ ਸਿੱਖਿਆ ਵਰਗ, ਸੰਘ ਸਿੱਖਿਆ ਵਰਗ, ਗੀਤ ਪ੍ਰਤੀਯੋਗਿਤਾ, ਕਹਾਣੀ, ਖੇਡ ਪ੍ਰਤੀਯੋਗਿਤਾ ਆਦਿ ਆਯੋਜਿਤ ਹੁੰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਰਾਸ਼ਟਰੀ ਤਿਉਹਾਰਾਂ ਨੂੰ ਮਨਾਉਣ ਦੀ ਪਰੰਪਰਾ, ਜੋ ਸੰਘ ਨੇ ਵਿਕਸਿਤ ਕੀਤੀ ਹੈ, ਅਸਲੀ ਰਾਸ਼ਟਰੀ ਜੀਵਨ ਦੇ ਪ੍ਰਤੀ ਭਾਵ ਜਗਾਉਣ ਦੀ ਨਜ਼ਰ ਨਾਲ ਇਕ ਪ੍ਰਭਾਵੀ ਜ਼ਰੀਆ ਹੈ। ਸ਼ਾਖਾ ’ਚ ਆਪਣੇ ਖੇਤਰ ’ਚ ਹਰੇਕ ਪਰਿਵਾਰ ਕਿਸ ਤਰ੍ਹਾਂ ਆਦਰਸ਼ ਪਰਿਵਾਰ ਬਣ ਸਕੇ, ਉਸ ਦੇ ਸਾਰੇ ਮੈਂਬਰ ਸੰਸਕਾਰੀ ਅਤੇ ਦੇਸ਼ਭਗਤ ਹੋਣ ਇਸ ਦੀ ਚਿੰਤਾ ਬਰਾਬਰ ਹੁੰਦੀ ਹੈ।

ਸੰਗਠਨ ਵਿਵਸਥਾ ਦਾ ਪਰਿਵਾਰਿਕ ਸਰੂਪ
ਵਿਸ਼ਵ ਦੇ ਸਭ ਤੋਂ ਵੱਡੇ ਸਵੈਮ-ਸੇਵੀ ਸੰਗਠਨ ਰਾਸ਼ਟਰੀ ਸਵੈਮ-ਸੇਵਕ ਸੰਘ ਦੇ ਮੌਜੂਦਾ ਸਰੂਪ ਭਾਵ ਜ਼ੀਰੋ ਤੋਂ ਵਿਰਾਟ ਸਰੂਪ ਤਕ ਪਹੁੰਚਣ ਦਾ ਇਕੋ-ਇਕ ਕਾਰਨ ਹੋਰਨਾਂ ਸੰਗਠਨਾਂ ਦੇ ਪ੍ਰਚੱਲਿਤ ਸਰੂਪ ਤੋਂ ਵੱਖ ਭਾਵ ਪਰਿਵਾਰਿਕ ਹੈ। ਪਰਿਵਾਰ ਪਰੰਪਰਾ, ਫਰਜ਼ ਪਾਲਣ, ਤਿਆਗ, ਸਾਰਿਆਂ ਦੇ ਕਲਿਆਣ-ਵਿਕਾਸ ਦੀ ਕਾਮਨਾ ਅਤੇ ਸਮੂਹਿਕ ਪਛਾਣ ਦੇ ਆਧਾਰ ’ਤੇ ਚੱਲਦਾ ਹੈ। ਪਰਿਵਾਰ ਦੇ ਹਿੱਤ ’ਚ ਆਪਣੇ ਹਿੱਤ ਦਾ ਸਹਿਜ ਤਿਆਗ ਅਤੇ ਪਰਿਵਾਰ ਦੇ ਲਈ ਵੱਧ ਤੋਂ ਵੱਧ ਸਮਾਂ ਦੇਣ ਦਾ ਸੁਭਾਅ ਅਤੇ ਆਪਸੀ ਤਾਲਮੇਲ ਹੀ ਪਰਿਵਾਰ ਦਾ ਆਧਾਰ ਹੈ। ਸੰਘ ਦੀ ਪਰਿਵਾਰਿਕ ਕਲਪਨਾ ’ਚ ਇਕ ਮੁਖੀ ਅਤੇ ਉਸ ਦੇ ਲਈ ਪਰਿਵਾਰ ਦਾ ਹਿੱਤ ਹੀ ਸਭ ਤੋਂ ਉੱਪਰ ਹੈ। ਪਰਿਵਾਰ ਦੇ ਬਾਕੀ ਮੈਂਬਰਾਂ ’ਚ ਵੀ ਇਹੀ ਭਾਵਨਾ ਰਹਿੰਦੀ ਹੈ। ਆਪਸੀ ਤਾਲਮੇਲ ਅਤੇ ਵਿਸ਼ਵਾਸ ਹੀ ਸਵੈਮ-ਸੇਵਕਾਂ ਦੀ ਵਿਸ਼ੇਸ਼ਤਾ ਹੈ। ਵਸੂਧੈਵ ਕੁਟੁੰਬਕਮ ਦੀ ਮੂਲ ਭਾਵਨਾ ਦੇ ਨਾਲ ਹੀ ਸਵੈਮ-ਸੇਵਕ ਕੰਮ ਕਰਦੇ ਹਨ।

ਰਾਸ਼ਟਰੀ ਸਵੈਮ-ਸੇਵਕ ਸੰਘ ਅਤੇ ਟੁੱਟਦੇ ਪਰਿਵਾਰ
ਦਿਨੋਂ-ਦਿਨ ਬਦਲਦੇ ਲਾਈਫ ਸਟਾਈਲ ਦੇ ਕਾਰਨ ਪਰਿਵਾਰ ਦੇ ਮੈਂਬਰਾਂ ਦਰਮਿਆਨ ਵਧਦੀ ਦੂਰੀ ਨੂੰ ਖਤਮ ਕਰਨ ਲਈ ਸੰਘ ਸਾਲ ਭਰ ਤਕ ਕੁਟੁੰਬ ਪ੍ਰਬੋਧਨ ਪ੍ਰੋਗਰਾਮ ਚਲਾ ਰਿਹਾ ਹੈ। ਇਸ ’ਚ ਵੱਖ-ਵੱਖ ਉਮਰ ਵਰਗ ਦੇ ਲੋਕਾਂ ਦੀ ਕੌਂਸਲਿੰਗ ਕਰ ਕੇ ਉਨ੍ਹਾਂ ਨੂੰ ਪਰਿਵਾਰਿਕ ਕਦਰਾਂ-ਕੀਮਤਾਂ ਦੀ ਸਿੱਖਿਆ ਦਿੱਤੀ ਜਾਂਦੀ ਹੈ। ਦਿਨੋਂ-ਦਿਨ ਬਦਲਦੇ ਲਾਈਫ ਸਟਾਈਲ ਦੇ ਕਾਰਨ ਪਰਿਵਾਰਕ ਮੈਂਬਰਾਂ ਦਰਮਿਆਨ ਵਧਦੀਆਂ ਦੂਰੀਆਂ ਨੂੰ ਘਟਾਉਣ ਦਾ ਕੰਮ ਕਰਨ ਲਈ ਸੰਘ ਨੇ ਕੁਟੁੰਬ ਪ੍ਰਬੋਧਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ, ਜਿਸ ਦੇ ਤਹਿਤ ਸਵੈਮ-ਸੇਵਕ ਲੋਕਾਂ ਦੇ ਘਰਾਂ ਵਿਚ ਜਾ ਕੇ ਉਨ੍ਹਾਂ ਨੂੰ ਰਿਸ਼ਤਿਆਂ ਦੀ ਕੀਮਤ ਸਮਝਾਉਣ ਦਾ ਯਤਨ ਕਰਦੇ ਹਨ। ਨਾਲ ਹੀ ਹਫਤੇ ’ਚ ਘੱਟ ਤੋਂ ਘੱਟ ਇਕ ਵਾਰ ਇਕੱਠੇ ਬੈਠ ਕੇ ਭੋਜਨ ਕਰਨ ਅਤੇ ਇਕ ਘੰਟਾ ਸਾਰੇ ਮੈਂਬਰਾਂ ਦੀਆਂ ਸਮੱਸਿਆਵਾਂ ਅਤੇ ਉਪਲੱਬਧੀਆਂ ’ਤੇ ਚਰਚਾ ਕਰਨ ਲਈ ਵੀ ਪ੍ਰੇਰਿਤ ਕਰਦੇ ਹਨ। ਮੋਬਾਇਲ ਅਤੇ ਟੀ. ਵੀ. ’ਤੇ ਰੁਝੇਵਾਂ ਅੜਿੱਕਾ ਨਾ ਬਣੇ, ਇਸ ਲਈ ਚਰਚਾ ਦੇ ਦੌਰਾਨ ਇਸ ਤੋਂ ਦੂਰ ਰਹਿਣ ਲਈ ਲੋਕਾਂ ਨੂੰ ਤਿਆਰ ਕੀਤਾ ਜਾਂਦਾ ਹੈ।

ਪਰਿਵਾਰ ਦੀ ਲੋੜ ਅਤੇ ਕੀਮਤ ਸਮਝਾਉਣ ਲਈ ਵੱਖ-ਵੱਖ ਉਮਰ ਵਰਗ ਦੇ ਇੰਟਰੈਕਟਿਵ ਸੈਸ਼ਨ ਵੀ ਹੁੰਦੇ ਹਨ, ਜਿਸ ’ਚ ਲੋਕਾਂ ਨੂੰ ਪਰਿਵਾਰ ’ਚ ਉਨ੍ਹਾਂ ਦੀ ਭੂਮਿਕਾ ਦੇ ਮੁਤਾਬਕ ਲਾਈਫ ਸਟਾਈਲ ’ਚ ਤਬਦੀਲੀ ਲਿਆਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਕੌਂਸਲਿੰਗ ਸੈਸ਼ਨ ’ਚ ਸਭ ਤੋਂ ਵੱਧ ਫੋਕਸ ਵਿਆਹ ਯੋਗ ਲੜਕੇ-ਲੜਕੀਆਂ ’ਤੇ ਰਹਿੰਦਾ ਹੈ, ਤਾਂਕਿ ਉਨ੍ਹਾਂ ਨੂੰ ਬਦਲਦੀ ਭੂਮਿਕਾ ਦੇ ਲਈ ਪਹਿਲਾਂ ਤੋਂ ਹੀ ਮਾਨਸਿਕ ਤੌਰ ’ਤੇ ਤਿਆਰ ਕੀਤਾ ਜਾ ਸਕੇ। ਪਰਿਵਾਰ ਦੇ ਬਜ਼ੁਰਗਾਂ ਆਦਿ ਦੇ ਲਈ ਵੱਖ-ਵੱਖ ਸੈਸ਼ਨ ਹੁੰਦੇ ਹਨ, ਜਿਸ ’ਚ ਸਾਰਿਆਂ ਨੂੰ ਪਰਿਵਾਰ ਦੀ ਅਹਿਮੀਅਤ ਬਾਰੇ ਸਮਝਾਇਆ ਜਾਂਦਾ ਹੈ। ਸੰਘ ਦੇ ਸਰ ਸੰਘਚਾਲਕ ਮੋਹਨ ਭਾਗਵਤ ਜੀ ਦੇ ਸ਼ਬਦਾਂ ’ਚ ‘ਕੁਟੁੰਬ (ਪਰਿਵਾਰ) ਸੰਰਚਨਾ ਕੁਦਰਤ ਵਲੋਂ ਦਿੱਤੀ ਗਈ ਹੈ। ਇਸ ਲਈ ਉਸ ਦੀ ਦੇਖਭਾਲ ਕਰਨਾ ਵੀ ਸਾਡੀ ਜ਼ਿੰਮੇਵਾਰੀ ਹੈ। ਸਾਡੇ ਸਮਾਜ ’ਚ ਪਰਿਵਾਰ ਦੀ ਇਕ ਵਿਸਤਾਰਿਤ ਕਲਪਨਾ ਹੈ, ਇਸ ’ਚ ਸਿਰਫ ਪਤੀ, ਪਤਨੀ ਅਤੇ ਬੱਚੇ ਹੀ ਪਰਿਵਾਰ ਨਹੀਂ ਹਨ, ਸਗੋਂ ਭੂਆ, ਕਾਕਾ, ਕਾਕੀ, ਚਾਚਾ, ਚਾਚੀ, ਦਾਦੀ, ਦਾਦਾ ਵੀ ਪ੍ਰਾਚੀਨ ਕਾਲ ਤੋਂ ਸਾਡੀ ਪਰਿਵਾਰ ਸੰਕਲਪਨਾ ’ਚ ਰਹੇ ਹਨ।’’

ਰਾਹੁਲ ਅਤੇ ਸੰਘ
ਰਾਹੁਲ ਗਾਂਧੀ ਦੇ ਸ਼ਬਦਾਂ ’ਚ, ‘‘ਮੇਰਾ ਮੰਨਣਾ ਹੈ ਕਿ ਆਰ. ਐੱਸ. ਐੱਸ. ਅਤੇ ਸੰਬੰਧਤ ਸੰਗਠਨ ਨੂੰ ਸੰਘ ਪਰਿਵਾਰ ਕਹਿਣਾ ਸਹੀ ਨਹੀਂ-ਪਰਿਵਾਰ ’ਚ ਔਰਤਾਂ ਹੁੰਦੀਆਂ ਹਨ, ਬਜ਼ੁਰਗਾਂ ਲਈ ਸਨਮਾਨ ਹੁੰਦਾ ਹੈ, ਕਰੁਣਾ ਅਤੇ ਸਨੇਹ ਦੀ ਭਾਵਨਾ ਹੁੰਦੀ ਹੈ-ਜੋ ਆਰ.ਐੱਸ. ਐੱਸ. ’ਚ ਨਹੀਂ ਹੈ। ਹੁਣ ਆਰ. ਐੱਸ. ਐੱਸ. ਨੂੰ ਸੰਘ ਪਰਿਵਾਰ ਨਹੀਂ ਕਹਾਂਗਾ!’’ ਇਹ ਕਥਨ ਉਨ੍ਹਾਂ ਦੇ ਸੰਘ ਪ੍ਰਤੀ ਥੋੜ੍ਹੇ ਗਿਆਨ ਨੂੰ ਹੀ ਦਰਸਾਉਂਦਾ ਹੈ। ਜਿਸ ਐਮਰਜੈਂਸੀ ਦੇ ਲਈ ਉਨ੍ਹਾਂ ਨੇ ਹਾਲ ਹੀ ’ਚ ਗਲਤੀ ਮੰਨੀ ਹੈ, ਉਸ ਔਖੇ ਸਮੇਂ ਨੂੰ ਵੀ ਸਵੈਮ-ਸੇਵਕ ਸੰਘ ਆਪਣੇ ਪਰਿਵਾਰ ਦੀ ਮਹਿਲਾ ਸ਼ਕਤੀ ਅਤੇ ਆਪਸੀ ਸੰਬੰਧ ਦੇ ਕਾਰਨ ਹੀ ਝੱਲ ਸਕੇ। ਉਨ੍ਹਾਂ ਨੂੰ ਚਾਹੀਦਾ ਹੈ ਕਿ ਆਪਣੀ ਨੇੜਲੀ ਸ਼ਾਖਾ ਜਾਂ ਸੰਘ ਦੇ ਕਿਸੇ ਵਰਗ ਜਾਂ ਵੱਖ-ਵੱਖ ਸੰਗਠਨਾਂ ’ਚੋਂ ਕਿਸੇ ਦੇ ਨਾਲ ਜੁੜਨ ਅਤੇ ਸੰਘ ਨੂੰ ਸਮਝਣ। ਫਿਰ ਹੀ ਭਾਰਤੀ ਸਮਾਜ ਦੇ ਸਭ ਤੋਂ ਛੋਟੇ ਭਾਈਵਾਲ ਪਰਿਵਾਰ ਦੇ ਪ੍ਰਤੀ ਸੰਘ ਦੀ ਨਿਸ਼ਠਾ ਨੂੰ ਸਮਝ ਸਕਣਗੇ।

DIsha

This news is Content Editor DIsha