ਕੌਫੀ ਪੀਓ, ਕੈਲੋਰੀਜ਼ ਸਾੜੋ

07/09/2019 7:01:26 AM

ਸਿਹਤ ਚਰਚਾ
ਜੇ ਤੁਸੀਂ ਇਸ ਤਾਜ਼ਾ ਖੋਜ ਨਾਲ ਉੱਛਲ ਰਹੇ ਹੋ ਕਿ ਦਿਨ ’ਚ ਕੌਫੀ ਦੇ ਲੱਗਭਗ 25 ਕੱਪ ਪੀਣ ਨਾਲ ਤੁਹਾਡੀਆਂ ਨਾੜਾਂ ’ਚ ਅਕੜਾਅ ਜਾਂ ਕਠੋਰਤਾ ਨਹੀਂ ਆਵੇਗੀ ਅਤੇ ਇਹ ਦਿਲ ਦੀ ਸਿਹਤ ਲਈ ਸੁਰੱਖਿਅਤ ਹਨ ਤਾਂ ਇਹ ਪੜ੍ਹ ਕੇ ਤੁਸੀਂ ਖੁਸ਼ੀ ਨਾਲ ਪਾਗਲ ਹੀ ਹੋ ਜਾਵੋਗੇ। ਇਕ ਨਵੇਂ ਅਧਿਐਨ ਅਨੁਸਾਰ ਕੌਫੀ ਦਾ ਇਕ ਕੱਪ ਪੀਣਾ ਇਕ ਮਨੁੱਖ ਵਾਂਗ ਸਥਾਈ ਤੌਰ ’ਤੇ ਕੰਮ ਕਰਨ ਵਿਚ ਮਦਦ ਦੇਣ ਦੀ ਬਜਾਏ ਸੱਚਮੁਚ ਜ਼ਿਆਦਾ ਲਾਭਕਾਰੀ ਹੋ ਸਕਦਾ ਹੈ।

ਸਵੇਰ ਨੂੰ ਇਕ ਕੱਪ ਕੌਫੀ ਪੀਣਾ ਤੁਹਾਡਾ ਭਾਰ ਘਟਾਉਣ ’ਚ ਵੀ ਮਦਦ ਕਰ ਸਕਦਾ ਹੈ ਅਤੇ ਇਹ ਬਿਲਕੁਲ ਸੱਚ ਹੈ। ਯੂਨੀਵਰਸਿਟੀ ਆਫ ਨਾਟਿੰਘਮ ਦੇ ਸਕੂਲ ਆਫ ਮੈਡੀਸਿਨ ਵਲੋਂ ਕਰਵਾਏ ਗਏ ਇਕ ਅਧਿਐਨ ’ਚ ਪਤਾ ਲੱਗਾ ਹੈ ਕਿ ਇਹ ਅਜਿਹਾ ਭੂਰੀ ਚਰਬੀ ਵਾਲੇ ਤੱਤਾਂ, ਜਿਸ ਨੂੰ ਸਰੀਰ ’ਚ ‘ਬ੍ਰਾਊਨ ਫੈਟ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਜਿਹੜੀ ਸਰੀਰ ’ਚ ਤਾਪਮਾਨ ਪੈਦਾ ਕਰਨ ਲਈ ਕੈਲੋਰੀਜ਼ ਨੂੰ ਸਾੜਦੀ ਹੈ, ਨੂੰ ਉਤੇਜਿਤ ਕਰਦੀ ਹੈ।

ਪ੍ਰੋ. ਮਾਈਕਲ ਸਾਈਮੰਡਜ਼ ਅਨੁਸਾਰ ਬ੍ਰਾਊਨ ਫੈਟ ਸਾਡੇ ਸਰੀਰ ’ਚ ਬਾਕੀ ਚਰਬੀ ਨਾਲੋਂ ਵੱਖਰੇ ਢੰਗ ਨਾਲ ਕੰਮ ਕਰਦੀ ਹੈ ਅਤੇ ਇਹ ਸ਼ੂਗਰ, ਚਰਬੀ ਨੂੰ ਸਾੜ ਕੇ ਤਾਪਮਾਨ ਪੈਦਾ ਕਰਦੀ ਹੈ, ਆਮ ਤੌਰ ’ਤੇ ਠੰਡ ਦੀ ਪ੍ਰਤੀਕਿਰਿਆ ਵਜੋਂ। ਇਸ ਦੀ ਸਰਗਰਮੀ ਨੂੰ ਵਧਾਉਣ ਨਾਲ ਬਲੱਡ ਸ਼ੂਗਰ ਦੇ ਕੰਟਰੋਲ ’ਚ ਸੁਧਾਰ ਦੇ ਨਾਲ-ਨਾਲ ਬਲੱਡ ਫੈਟ ’ਚ ਵੀ ਸੁਧਾਰ ਹੁੰਦਾ ਹੈ ਅਤੇ ਵਾਧੂ ਕੈਲੋਰੀਜ਼ ਨੂੰ ਸਾੜਨ ਨਾਲ ਭਾਰ ਘਟਾਉਣ ਵਿਚ ਮਦਦ ਮਿਲਦੀ ਹੈ।

ਇਹ ਆਪਣੀ ਕਿਸਮ ਦੀ ਪਹਿਲੀ ਖੋਜ ਹੈ ਕਿ ਕਿਸ ਤਰ੍ਹਾਂ ਕੌਫੀ ਦਾ ਮਨੁੱਖਾਂ ’ਚ ਮੌਜੂਦ ਬ੍ਰਾਊਨ ਫੈਟ ਉੱਤੇ ਸਿੱਧਾ ਅਸਰ ਪੈਂਦਾ ਹੈ। ਇਸ ਦੇ ਨਤੀਜਿਆਂ ਦੇ ਸੰਭਾਵੀ ਲੁਕੇ ਅਰਥ ਕਾਫੀ ਵੱਡੇ ਹਨ ਕਿਉਂਕਿ ਸਮਾਜ ਲਈ ਮੋਟਾਪਾ ਅੱਜ ਇਕ ਸਿਹਤ ਸਬੰਧੀ ਬਹੁਤ ਵੱਡੀ ਚਿੰਤਾ ਹੈ। ਲੋਕਾਂ ’ਚ ਡਾਇਬਟੀਜ਼ ਵੀ ਮਹਾਮਾਰੀ ਵਾਂਗ ਵਧ ਰਹੀ ਹੈ ਅਤੇ ਬ੍ਰਾਊਨ ਫੈਟ ਨਾਲ ਨਜਿੱਠਣ ਲਈ ਕੌਫੀ ਇਕ ਸੰਭਾਵੀ ਹੱਲ ਦਾ ਹਿੱਸਾ ਹੋ ਸਕਦੀ ਹੈ।

ਸਾਇੰਟੀਫਿਕ ਰਿਪੋਰਟਸ ਨਾਮੀ ਜਰਨਲ ਅਨੁਸਾਰ ਟੈਸਟ ਲਈ ਪਹਿਲਾਂ ਖੋਜਕਾਰਾਂ ਨੇ ਸਟੈਮ ਸੈੱਲਜ਼ ਦੀ ਵਰਤੋਂ ਕੀਤੀ ਕਿ ਕੀ ਕੈਫੀਨ ਦਾ ਬ੍ਰਾਊਨ ਫੈਟ ’ਤੇ ਕੋਈ ਅਸਰ ਹੁੰਦਾ ਹੈ ਜਾਂ ਨਹੀਂ। ਇਸ ਤੋਂ ਬਾਅਦ ਇਸ ਦਾ ਮਨੁੱਖਾਂ ’ਤੇ ਟੈਸਟ ਕੀਤਾ ਗਿਆ, ਜਿਸ ਦੌਰਾਨ ਸਰੀਰ ਦੇ ਬ੍ਰਾਊਨ ਫੈਟ ਸੰਗ੍ਰਹਿਆਂ ਦਾ ਪਤਾ ਲਾਉਣ ਲਈ ਥਰਮਲ ਇਮੇਜਿੰਗ ਦਾ ਇਸਤੇਮਾਲ ਕੀਤਾ ਗਿਆ ਕਿਉਂਕਿ ਉਹ ਤਾਪ ਪੈਦਾ ਕਰਦੇ ਹਨ।

ਖੋਜਕਾਰਾਂ ਨੇ ਦੇਖਿਆ ਕਿ ਕੌਫੀ ਪੀਣ ਤੋਂ ਠੀਕ ਬਾਅਦ ਬ੍ਰਾਊਨ ਫੈਟ ਸਰਗਰਮ ਹੋ ਗਈ ਤੇ ਉਸ ਦਾ ਤਾਪਮਾਨ ਵਧ ਗਿਆ, ਜਿਸ ਤੋਂ ਇਹ ਪਤਾ ਲੱਗਾ ਕਿ ਇਹ ਕੰਮ ਕਰ ਰਹੀ ਹੈ ਤੇ ਕੈਲੋਰੀਜ਼ ਨੂੰ ਸਾੜ ਰਹੀ ਹੈ।

ਖੋਜਕਾਰਾਂ ਦੀ ਟੀਮ ਹੁਣ ਕੌਫੀ ’ਤੇ ਹੋਰ ਜ਼ਿਆਦਾ ਅਧਿਐਨ ਕਰੇਗੀ ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਇਸ ’ਚ ਕਿਹੜਾ ਅਜਿਹਾ ਤੱਤ ਹੈ, ਜੋ ਫੈਟ ਨੂੰ ਸਰਗਰਮ ਕਰ ਦਿੰਦਾ ਹੈ, ਹਾਲਾਂਕਿ ਖੋਜਕਾਰਾਂ ਦਾ ਮੰਨਣਾ ਹੈ ਕਿ ਇਸ ਦੀ ਵਜ੍ਹਾ ਕੈਫੀਨ ਹੀ ਹੋ ਸਕਦੀ ਹੈ। (ਮੁੰ. ਮਿ.)

Bharat Thapa

This news is Content Editor Bharat Thapa