ਰਿਸ਼ਤੇ ਕੰਮਾਂ ਦੇ ਸਿਰ ਤੇ ਨਹੀਂ ਜ਼ੁਬਾਨ ਦੇ ਸਿਰ ''ਤੇ ਜ਼ਿਆਦਾ ਨਿਰਭਰ ਕਰਦੇ ਹਨ

03/07/2017 3:38:35 PM

ਜਲੰਧਰ — ਗੱਲ ਸ਼ੁਰੂ ਕਰਨ ਤੋਂ ਪਹਿਲਾ ਤੁਹਾਨੂੰ ਇੱਕ ਛੋਟੀ ਜਿਹੀ ਸੱਚੀ ਕਹਾਣੀ ਸੁਣਾਉਂਦਾ ਹਾਂ। ਇੱਕ ਵਾਰ ਗੁਰਪ੍ਰੀਤ ਨਾਂ ਦਾ ਇੱਕ ਅਧਿਆਪਕ ਸੀ। ਉਹ ਆਪਣੀ ਫਰਜਾਂ ਪ੍ਰਤੀ ਪੂਰਾ ਸੁਚੇਤ ਸੀ। ਉਹ ਆਪਣੀ ਹਰ ਡਿਊਟੀ ਪੂਰੀ ਤਰ੍ਹਾਂ ਨਿਭਾਉਂਦਾ ਸੀ। ਉਹ ਇੱਕ ਸਰਕਾਰੀ ਅਧਿਆਪਕ ਹੋਣ ਦੇ ਬਾਵਜੂਦ , ਪ੍ਰਾਈਵੇਟ(ਨਿੱਜੀ) ਸਕੂਲਾਂ ਨਾਲੋਂ ਵੀ ਵੱਧ ਕੰਮ ਕਰਦਾ, ਜੇਕਰ ਕੋਈ ਅਧਿਆਪਕ ਉਸ ਨੂੰ ਕੋਈ ਕੰਮ ਕਹਿ ਦੇਵੇ , ਤਾਂ ਉਹ ਕੰਮ ਕਰਨ ਨੂੰ ਕਦੇ ਵੀ ਮਨ੍ਹਾਂ ਨਹੀਂ ਕਰਦਾ। “ਨਾ“ ਸ਼ਬਦ ਤਾਂ ਉਸਦੇ ਮੂੰਹੋਂ ਕਿਸੇ ਨੇ ਸੁਣਿਆ ਹੀ ਨਹੀਂ ਸੀ। ਇੱਕ ਬਹੁਤ ਹੀ ਹੈਰਾਨੀ ਵਾਲੀ ਗੱਲ ਇਹ ਸੀ ਕਿ ਸਕੂਲ ''ਚ ਉਸਦਾ ਪੂਰਾ ਸਟਾਫ ਉਸਨੂੰ ਇਨ੍ਹੇਂ ਸਾਰੇ ਕੰਮ ਕਰਨ ਦੇ ਬਾਵਜੂਦ ਵੀ ਪਸੰਦ ਨਹੀਂ ਕਰਦਾ ਸੀ। ਹੁਣ ਸਵਾਲ ਇਹ ਉੱਠਦਾ ਹੈ ਕਿ ਅਜਿਹਾ ਕਿਉਂ ਹੋ ਰਿਹਾ ਸੀ? ਇੱਕ ਵਾਰ ਉਹਨਾਂ ਦੇ ਸਕੂਲ ਦੇ ਹੀ ਦੋ ਅਧਿਆਪਕ ਗਗਨਪ੍ਰੀਤ ਅਤੇ ਹਰਪ੍ਰੀਤ ਆਪਸ ''ਚ ਗੱਲ-ਬਾਤ ਕਰ ਰਹੇ ਸਨ। ਗਗਨਪ੍ਰੀਤ ਨੇ ਹਰਪ੍ਰੀਤ ਨੂੰ ਕਿਹਾ ਕਿ “ ਮੇਰੀ ਜਮਾਤ ਬਿਲਕੁਲ ਵੱਖਰੀ ਜਿਹੀ ਰਹਿ ਜਾਂਦੀ ਹੈ, ਜੇ ਮੇਰੀ ਜਮਾਤ ਤੇਰੀ ਜਮਾਤ ਦੇ ਨੇੜੇ ਹੋ ਜਾਵੇ, ਤਾਂ ਮੈਨੂੰ ਆਸਰਾ ਜਿਹਾ ਹੋ ਜਾਵੇਗਾ। ਕੋਈ ਕੰਮ ਦੀ ਗੱਲਬਾਤ ਕਰਨੀ ਵੀ ਸੌਖੀ ਹੋ ਜਾਵੇਗੀ। ਹਰਪ੍ਰੀਤ ਸਿੰਘ ਨੇ ਗਗਨਪ੍ਰੀਤ ਸਿੰਘ ਦੀ ਗੱਲ ਨਾਲ ਸਹਿਮਤੀ ਪਰਗਟ ਕੀਤੀ। ਫਿਰ ਇਹ ਗੱਲ ਸਕੂਲ ਦੇ ਮੁੱਖੀ ਨੂੰ ਕਹੀ ਗਈ। ਸਕੂਲ਼ ਦੇ ਮੁੱਖੀ ਨੇ ਵੀ ਇੰਝ ਹੀ ਕਿਹਾ ਕਿ ਜੇ ਉਹ ਇੰਝ ਕਰਨਾ ਚਾਹੁੰਦੇ ਹਨ ਤਾਂ ਕਰ ਸਕਦੇ ਹਨ। ਗਗਨਪ੍ਰੀਤ ਆਪਣੀ ਜਮਾਤ ਦੇ ਬੱਚੇ, ਹਰਪ੍ਰੀਤ ਦੀ ਨਾਲ ਵਾਲੀ ਜਮਾਤ ਵਿੱਚ ਲੈ ਆਇਆ ਅਤੇ ਨਾਲ ਵਾਲਾ ਅਧਿਆਪਕ ਆਪਣੇ ਬੱਚੇ ਗਗਨਪ੍ਰੀਤ ਦੀ ਜਮਾਤ ਵਿੱਚ ਲੈ ਗਿਆ। ਹਜੇ ਤੱਕ ਸਾਰੇ ਖੁਸ਼ ਸੀ। ਗੁਰਪ੍ਰੀਤ ਇਹ ਸਭ ਦੇਖ ਰਿਹਾ ਸੀ। ਉਸਨੇ ਦੇਖਿਆ ਕਿ ਗਗਨਪ੍ਰੀਤ ਜਿਸ ਕੋਲ ਬੱਚੇ ਘੱਟ ਹਨ, ਉਸਨੂੰ ਤਾਂ ਵੱਡਾ ਕਮਰਾ ਮਿਲ ਗਿਆ ਹੈ ਅਤੇ ਜਿਸ ਅਧਿਆਪਕ ਨੇ ਕਮਰਾ ਗਗਨਪ੍ਰੀਤ ਨਾਲ ਵਟਾਇਆ ਹੈ, ਉਸ ਕੋਲ ਕਮਰਾ ਛੋਟਾ ਹੈ ਅਤੇ ਬੱਚੇ ਜ਼ਿਆਦਾ। ਉਸਨੂੰ ਇਹ ਸਭ ਠੀਕ ਨਾ ਲੱਗਾ। ਗੁਰਪ੍ਰੀਤ ਸਿੱਧਾ ਗਗਨਪ੍ਰੀਤ ਦੀ ਜਮਾਤ ਵਿੱਚ ਪਹੁੰਚ ਗਿਆ। ਉਸਨੇ ਉੱਚੀ-ਉੱਚੀ ਆਵਾਜ਼ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ “ਗਗਨਪ੍ਰੀਤ, ਤੂੰ ਇਹ ਕੀ ਕੀਤਾ, ਤੇਰੇ ਕੋਲ ਤਾਂ ਬੱਚੇ ਇੰਨ੍ਹੇ ਥੋੜ੍ਹੇ ਨੇ, ਤੇ ਤੂੰ ਵੱਡਾ ਕਮਰਾ ਲੈ ਲਿਆ ਅਤੇ ਜਿਸ ਕੋਲ ਬੱਚੇ ਜ਼ਿਆਦਾ ਨੇ, ਉਸਨੂੰ ਛੋਟਾ ਕਮਰਾ ਦੇ ਦਿੱਤਾ। ਇਹ ਗੱਲ ਉਸ ਅਧਿਆਪਕ ਨੂੰ ਵੀ ਮਹਿਸੂਸ ਹੋ ਰਹੀ ਹੈ। ਤੈਨੂੰ ਇੰਝ ਨਹੀਂ ਕਰਨਾ ਚਾਹੀਦਾ ਸੀ। ਉਸ ਦੀ ਵੀ ਮਜਬੂਰੀ ਸਮਝ। ਉਸ ਵਿਚਾਰੇ ਨੂੰ ਔਖਾ ਹੋ ਜਾਵੇਗਾ।“ ਯਾ-ਵਾ ਪਤਾ ਨਹੀਂ ਗੁਰਪ੍ਰੀਤ ਕੀ ਕੁੱਝ ਬੋਲਦਾ ਗਿਆ। ਗਗਨਪ੍ਰੀਤ ਕਹਿ ਰਿਹਾ ਸੀ “ਮੈਂ ਤਾਂ ਹਰ ਅਧਿਆਪਕ ਤੋਂ ਪੁੱਛਕੇ ਹੀ ਜਮਾਤ ਬਦਲੀ ਹੈ, ਮੁੱਖ ਅਧਿਆਪਕ ਤੋਂ ਵੀ ਪੁੱਛਿਆ ਹੈ। ਉਹਨਾਂ ਤਿੰਨਾਂ ਦੇ ਕਹਿਣ ਤੇ ਹੀ ਮੈਂ ਇੰਝ ਕੀਤਾ ਹੈ। ਜੇ ਫਿਰ ਵੀ ਕਿਸੇ ਨੂੰ ਮੇਰੇ ਜਮਾਤ ਬਦਲਣ ਨਾਲ ਸਮੱਸਿਆ ਆਉਂਦੀ ਪਈ ਹੈ, ਤਾਂ ਇਸ ਵਿੱਚ ਕੀ ਵੱਡੀ ਗਲ ਹੈ। ਮੈਂ ਆਪਣੀ ਜਮਾਤ ਵਿੱਚ ਵਾਪਸ ਚਲਾ ਜਾਂਦਾ ਹਾਂ।“ ਗਗਨਪ੍ਰੀਤ ਇਹ ਗੱਲ ਬਹੁਤ ਹੀ ਸਹਿਜ ਢੰਗ ਨਾਲ ਕਹਿ ਰਿਹਾ ਸੀ, ਪਰ ਗੁਰਪ੍ਰੀਤ ਉਸ ਦੀ ਗੱਲ ਸੁਣ ਹੀ ਨਹੀਂ ਰਿਹਾ ਸੀ ਅਤੇ ਆਪਣਾ ਹੀ ਘੋੜਾ ਉੱਚੀ-ਉੱਚੀ ਬੋਲ ਕੇ ਭਜਾ ਰਿਹਾ ਸੀ। ਉਸ ਦੀ ਉੱਚੀ ਆਵਾਜ਼ ਸੁਣ ਕੇ ਸਾਰੇ ਅਧਿਆਪਕਾਂ ਵਿੱਚ ਇਹ ਗੱਲ ਫੈਲ ਗਈ ਕਿ ਇਹਨਾਂ ਦੋਹਾਂ ਵਿੱਚ ਕੋਈ ਝਗੜਾ ਹੋਇਆ ਹੈ। ਜੇ ਇਹ ਸਾਰੀ ਗੱਲ ਆਰਾਮ ਨਾਲ ਹੁੰਦੀ ਤਾਂ, ਇਹ ਇੱਕ ਬਹੁਤ ਛੋਟੀ ਜਿਹੀ ਗੱਲ ਸੀ, ਸਾਰਾ ਕੁੱਝ ਸ਼ਾਂਤੀਪੂਰਵਕ ਨਿਬੜ ਜਾਂਦਾ। ਪਰ ਜਦੋਂ ਇਹਨਾਂ ਰੌਲਾ ਪੈ ਗਿਆ, ਤਾਂ ਗਗਨਪ੍ਰੀਤ ਨੂੰ ਵੀ ਇਹ ਗੱਲ ਮਹਿਸੂਸ ਹੋਣ ਲੱਗੀ। ਉਸਨੇ ਸੋਚਿਆ “ਯਾਰ ਮੈਂ ਕਿਹੜਾ ਕਿਸੇ ਦਾ ਕਤਲ ਕਰਤਾ ਸੀ, ਜਿਹੜਾ ਇਨ੍ਹਾਂ ਰੌਲਾ ਪੈ ਗਿਆ। ਗੁਰਪ੍ਰੀਤ ਨੇ ਮੇਰੇ ਨਾਲ ਸਹੀ ਨਹੀਂ ਕੀਤਾ। ਸ਼ਾਇਦ ਉਹ ਸਾਰੇ ਸਕੂਲ ਸਟਾਫ ਨੂੰ ਇਹ ਦਿਖਾਉਣਾ ਚਾਹੁੰਦਾ ਸੀ ਕਿ ਜੋ ਗਗਨਪ੍ਰੀਤ ਨੇ ਗਲਤ ਕੀਤਾ ਹੈ, ਉਹ ਉਸਨੇ ਸਹੀ ਕੀਤਾ ਹੈ। ਸ਼ਾਇਦ ਉਹ ਸਕੂਲ਼ ਵਿੱਚ ਆਪਣੇ ਆਪ ਨੂੰ ਹੀਰੋ ਘੋਸ਼ਿਤ ਕਰਨ ਦੀ ਕੋਸ਼ਿਸ਼ ਵਿੱਚ ਹੈ। ਮੈਂ ਗੁਰਪ੍ਰੀਤ ਤੋਂ ਕੀ ਲੈਣਾ  ਹੈ। ਮੇਰੀ ਭਲਾਈ ਇਸੇ ਵਿੱਚ ਹੀ ਹੈ ਕਿ ਮੈਂ ਉਸ ਤੋਂ ਕਿਨਾਰਾ ਰੱਖਾਂ। ਐਵੇਂ ਕੋਈ ਗੱਲ ਵਧਦੀ-ਵਧਦੀ ਵੱਧ ਹੀ ਨਾ ਜਾਵੇ। ਮੈਂ ਇੱਥੇ ਨੌਕਰੀ ਕਰਨ ਆਉਂਦਾ ਹਾਂ ਅਤੇ ਚੁੱਪ ਚਾਪ ਨੌਕਰੀ ਕਰ ਕੇ ਘਰ ਵਾਪਸ ਚਲਾ ਜਾਇਆ ਕਰਾਂਗਾ। ਹਾਂ ਮੇਰਾ ਇਹ ਸਹੀ ਫੈਸਲਾ ਹੈ ਕਿ ਮੈਨੂੰ ਇਸ ਨੂੰ ਬੁਲਾਉਣ ਦੀ ਕੋਈ ਲੋੜ ਨਹੀਂ। ਪਹਿਲਾਂ ਵੀ ਜੋ ਇੱਕ ਅਧਿਆਪਕ ਇਸ ਨਾਲ ਬਿਲਕੁੱਲ ਹੀ ਬੋਲਣਾ ਛੱਡ ਗਿਆ ਹੈ, ਹੁਣ ਮੈਨੂੰ ਲਗਦਾ ਹੈ, ਉਹ ਵੀ ਵਿਚਾਰਾ ਮੇਰੇ ਵਰਗਾ ਹੀ ਹੋਵੇਗਾ।“ ਫਿਰ ਗਗਨਪ੍ਰੀਤ ਨੇ ਉਸ ਨਾਲ ਦੋਸਤੀ ਤੋੜ ਦਿੱਤੀ ਅਤੇ ਉਸ ਨਾਲ ਬੋਲਚਾਲ ਛੱਡ ਦਿੱਤਾ। ਇੱਥੇ ਇਹ ਕਹਾਣੀ ਸਮਾਪਤ ਹੁੰਦੀ ਹੈ। ਹੁਣ ਦੇਖੋ ਜੋ ਇੱਥੇ ਗੁਰਪ੍ਰੀਤ ਸੀ, ਉਹ ਸਕੂਲ਼ ਦੇ ਸਾਰੇ ਕੰਮ ਕਰਦਾ ਸੀ, ਪਰ ਫਿਰ ਵੀ ਉਸਨੂੰ ਕੋਈ ਪਸੰਦ ਨਹੀਂ ਸੀ ਕਰਦਾ ਅਤੇ ਸਿਰਫ ਉਸਦਾ ਇੱਕੋ ਇੱਕ ਕਾਰਨ ਸੀ, ਉਹ ਸੀ ਉਸਦੀ ਜ਼ੁਬਾਨ। ਇਹ ਦੁਨੀਆ ਇਹੋ ਜਿਹੀ ਹੈ ਕਿ ਭਾਵਂੇ ਕੋਈ ਲੱਖ ਕੰਮ ਕਰ ਲਵੇ, ਪਰ ਜੇ ਉਸਦੀ ਜ਼ੁਬਾਨ ਵਿੱਚ ਮਿੱਠਾ ਰੱਸ ਨਹੀਂ ਹੈ, ਤਾਂ ਉਸਨੂੰ ਕਿਸੇ ਨੇ ਵੀ ਪਸੰਦ ਨਹੀਂ ਕਰਨਾ। ਭਾਵਂੇ ਕੰਮ ਘੱਟ ਕਰ ਲਵੋ, ਪਰ ਜੇ ਆਪਣੀ ਜ਼ੁਬਾਨ ਮਿੱਠੀ ਹੈ , ਤਾਂ ਵੀ ਲੋਕ ਆਪਾਂ ਨੂੰ ਵੱਧ ਪਸੰਦ ਕਰਨਗੇ। ਆਪਣੀ ਦੁਨੀਆ ਵਿੱਚ ਮਿੱਠੀ ਜ਼ੁਬਾਨ ਦੀ ਅਹਿਮੀਅਤ ਬਹੁਤ ਹੈ ਅਤੇ ਮੈਂ ਮੰਨਦਾ ਹਾਂ ਇਹ ਅਹਿਮੀਅਤ ਹੋਣੀ ਵੀ ਚਾਹੀਦੀ ਹੈ। ਜੇ ਕੋਈ ਆਪਣਾ ਕੰਮ ਕਰੇ, ਤਾਂ ਸਿਰਫ ਕੰਮ ਹੀ ਪੂਰਾ ਹੁੰਦਾ ਹੈ। ਪਰ ਜੇ ਕੋਈ ਆਪਣੇ ਨਾਲ ਪਿਆਰ ਭਰੀ ਮਿੱਠੀ ਜ਼ੁਬਾਨ ਨਾਲ ਗਲ ਕਰੇ ਤਾਂ ਆਪਾਂ ਨੂੰ ਆਤਮਿਕ ਸਕੂਨ ਵੀ ਮਿਲਦਾ ਹੈ। ਅਸਲ ਜ਼ਿੰਦਗੀ ਦੀ ਇਹ ਸਮੱਸਿਆ ਨਹੀਂ ਹੈ ਕਿ ਆਪਣੀਆਂ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ। ਅਸਲ ਸਮੱਸਿਆ ਸਿਰਫ ਇਹੋ ਹੀ ਹੈ ਕਿ ਆਪਾਂ ਨੂੰ ਆਤਮਿਕ ਸਕੂਨ ਨਹੀਂ ਮਿਲ ਰਿਹਾ। ਸੋ ਉਪਰੋਕਤ ਕਹਾਣੀ ਵਿੱਚ ਮੈਂ ਗੁਰਪ੍ਰੀਤ ਨੂੰ ਗਲਤ ਕਹਾਂਗਾ। ਉਸਨੇ ਜੋ ਵੀ ਕੁੱਝ ਕਹਿਣਾ ਸੀ, ਜੇਕਰ ਉਹ ਉਹੀ ਸਬ ਆਰਾਮ ਨਾਲ ਗਗਨਪ੍ਰੀਤ ਨੂੰ ਇਕੱਲੇ ਕਹਿ ਦਿੰਦਾ ਤਾਂ, ਇਹ ਸਾਰੀ ਗਲ ਇੱਕ ਆਮ ਗੱਲ ਹੀ ਬਣਕੇ ਰਹਿ ਜਾਂਦੀ ਅਤੇ ਗੁਰਪ੍ਰੀਤ ਅਤੇ ਗਗਨਪ੍ਰੀਤ ਦੀ ਦੋਸਤੀ ਨਾ ਟੁੱਟਦੀ। ਪਰ ਚਲਦੀ ਜ਼ੁਬਾਨ ਤਾਂ ਵਸਦੇ ਘਰ ਪੱਟ ਦਿੰਦੀ ਹੈ। ਇਸ ਅੱਜ ਦੀ ਸੱਚਾਈ ਨੂੰ ਆਪਾਂ ਸਾਰਿਆਂ ਨੂੰ ਹੀ ਸਮਝਣਾ ਪਵੇਗਾ “ਰਿਸ਼ਤੇ ਕੰਮਾਂ ਦੇ ਸਿਰ ਤੇ ਨਹੀਂ, ਜ਼ੁਬਾਨ ਦੇ ਸਿਰ ''ਤੇ ਜ਼ਿਆਦਾ ਨਿਰਭਰ ਕਰਦੇ ਹਨ।“
ਸਕਰਿਪਟ ਰਾਈਟਰ - ਅਮਨਪ੍ਰੀਤ ਸਿੰਘ