ਰਾਹੁਲ ਗਾਂਧੀ ਦਾ ‘ਇਕੱਲਾਪਣ’

10/10/2019 12:50:30 AM

ਆਰ. ਸ਼ਰਮਾ

ਲੋਕ ਸਭਾ ਚੋਣਾਂ ’ਚ ਪਾਰਟੀ ਦੀ ਬੁਰੀ ਹਾਰ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਜਦੋਂ ਤੋਂ ਆਪਣਾ ਅਹੁਦਾ ਛੱਡਿਆ ਹੈ, ਪਾਰਟੀ ਦੇ ਪੁਰਾਣੇ ਨੇਤਾਵਾਂ ਤੇ ਨੌਜਵਾਨ ਤੁਰਕਾਂ ਵਿਚਾਲੇ ਪਾੜਾ ਵਧਦਾ ਹੀ ਜਾ ਰਿਹਾ ਹੈ। ਰਾਹੁਲ ਦੇ ਜਾਣ ਨਾਲ ਦੋਵੇਂ ਧਿਰਾਂ ਹੁਣ ਇਕ-ਦੂਜੇ ਨਾਲ ਸਿੰਙ ਫਸਾਈ ਬੈਠੀਆਂ ਹਨ ਅਤੇ ਨੌਜਵਾਨ ਲੀਡਰਸ਼ਿਪ, ਜਿਸ ਨੂੰ ਰਾਹੁਲ ਨੇ ਪਾਲਣ-ਪੋਸਣ ਦਾ ਯਤਨ ਕੀਤਾ ਸੀ, ਨੂੰ ਆਪਣੇ ਹਾਲ ’ਤੇ ਛੱਡ ਦਿੱਤਾ ਗਿਆ ਹੈ, ਜਿਸ ਨੂੰ ਆਪਣੇ ਇਕ ਵਾਰ ਦੇ ਮਾਰਗਦਰਸ਼ਨ ਨਾਲ ਹੀ ਕੋਈ ਸਹਾਇਤਾ ਨਹੀਂ ਮਿਲ ਰਹੀ।

ਪਿਛਲੇ ਚਾਰ ਮਹੀਨਿਆਂ ’ਚ ਪਾਰਟੀ ਨੇ ਪੁਰਾਣੇ ਨੇਤਾਵਾਂ ਨੂੰ ਮਹੱਤਵਪੂਰਨ ਨਿਯੁਕਤੀਆਂ ’ਚ ਆਪਣੀ ਭੂਮਿਕਾ ਨਿਭਾਉਂਦੇ ਦੇਖਿਆ, ਜਦਕਿ ਰਾਹੁਲ ਵਲੋਂ ਨਿਯੁਕਤ ਬਹੁਤ ਸਾਰੇ ਲੋਕ ਜਾਂ ਤਾਂ ਪਾਰਟੀ ਛੱਡ ਗਏ ਹਨ ਜਾਂ ਉਨ੍ਹਾਂ ਨੂੰ ਆਪਣੇ ਅਹੁਦੇ ਛੱਡਣ ਲਈ ਮਜਬੂਰ ਕਰ ਦਿੱਤਾ ਗਿਆ ਹੈ, ਜੋ ਉਨ੍ਹਾਂ ਨੂੰ ਰਾਹੁਲ ਗਾਂਧੀ ਦੇ ਕਾਂਗਰਸ ਪ੍ਰਧਾਨ ਹੋਣ ਸਮੇਂ ਮਿਲੇ ਸਨ। ਵਾਇਨਾਡ ਤੋਂ ਸੰਸਦ ਮੈਂਬਰ ਨੇ ਖੁਦ ਦੀ ਪਾਰਟੀ ਦੇ ਰੋਜ਼ਾਨਾ ਦੇ ਕੰਮਾਂ ਤੋਂ ਦੂਰੀ ਬਣਾ ਕੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਣ ਤਕ ਸੀਮਤ ਕਰ ਲਿਆ ਹੈ।

ਪੁਰਾਣੇ ਨੇਤਾਵਾਂ ਦੀ ਘੇਰਾਬੰਦੀ

ਪਤਾ ਲੱਗਾ ਹੈ ਕਿ ਚੋਣਾਂ ’ਚ ਹਾਰ ਤੋਂ ਬਾਅਦ ਜਦੋਂ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੋਈ, ਉਦੋਂ ਤੱਤਕਾਲੀ ਪ੍ਰਧਾਨ ਨੇ ਅਸ਼ੋਕ ਗਹਿਲੋਤ, ਕਮਲਨਾਥ ਅਤੇ ਬੰਦੀ ਪੀ. ਚਿਦਾਂਬਰਮ ਵਰਗੇ ਸੀਨੀਅਰ ਨੇਤਾਵਾਂ ਨੂੰ ਆਪਣੇ ਬੇਟਿਆਂ ਨੂੰ ਚੋਣਾਂ ਦੀਆਂ ਟਿਕਟਾਂ ਦੇਣ ਸਬੰਧੀ ਆਲੋਚਨਾਵਾਂ ਬਾਰੇ ਸੰਕੇਤ ਦਿੱਤਾ ਸੀ।

ਰਾਹੁਲ ਮਹਿਸੂਸ ਕਰਦੇ ਸਨ ਕਿ ਇਹ ਨੇਤਾ ਪਾਰਟੀ ’ਚ ਜੋ ਕੁਝ ਵੀ ਗਲਤ ਹੋ ਰਿਹਾ ਸੀ, ਉਸ ਦੇ ਪ੍ਰਤੀਕ ਬਣ ਗਏ ਸਨ ਅਤੇ ਪਤਾ ਲੱਗਾ ਹੈ ਕਿ ਉਨ੍ਹਾਂ ਨੇ ਕਿਹਾ ਸੀ ਕਿ ਇਹੀ ਕਾਰਣ ਹੈ ਕਿ ਪਾਰਟੀ ਆਮ ਜਨਤਾ ਤੋਂ ਕੱਟ ਰਹੀ ਹੈ। ਉਦੋਂ ਉਨ੍ਹਾਂ ਨੇ ਵਿਰੋਧ ਵਜੋਂ ਅਸਤੀਫਾ ਦੇ ਦਿੱਤਾ।

ਯੂਥ ਕਾਂਗਰਸੀ ਨੇਤਾਵਾਂ ਅਨੁਸਾਰ ਰਾਹੁਲ ਚਾਹੁੰਦੇ ਸਨ ਕਿ ਸੀਨੀਅਰ ਲੀਡਰਸ਼ਿਪ ਵੀ ਅਜਿਹਾ ਕਰੇ ਪਰ ਅਜਿਹਾ ਹੋਇਆ ਨਹੀਂ। ਇਸ ਦੀ ਬਜਾਏ ਉਨ੍ਹਾਂ ਦੇ ਸਾਥੀਆਂ ਅਤੇ ਯੂਥ ਲੀਡਰਸ਼ਿਪ, ਜਿਸ ਨੂੰ ਉਨ੍ਹਾਂ ਨੇ ਅੱਗੇ ਵਧਾਇਆ ਸੀ, ਨੇ ਉਨ੍ਹਾਂ ਨਾਲ ਇਕਜੁੱਟਤਾ ਦਿਖਾਉਂਦੇ ਹੋਏ ਅਹੁਦੇ ਛੱਡ ਦਿੱਤੇ।

ਲੱਗਭਗ 150 ਸਕੱਤਰਾਂ ਤੇ ਹੋਰ ਅਹੁਦੇਦਾਰਾਂ ਨੇ ਅਸਤੀਫੇ ਦਿੱਤੇ ਪਰ ਕੋਈ ਵੀ ਸੀਨੀਅਰ ਨੇਤਾ ਰਾਹੁਲ ਵਾਂਗ ਅਸਤੀਫਾ ਦੇਣ ਲਈ ਅੱਗੇ ਨਹੀਂ ਆਇਆ। ਅਸਤੀਫਾ ਦੇਣ ਦੇ ਉਨ੍ਹਾਂ ਦੇ ਫੈਸਲੇ ਨੂੰ ਮਾਂ ਸੋਨੀਆ ਗਾਂਧੀ ਅਤੇ ਭੈਣ ਪ੍ਰਿਯੰਕਾ ਦੋਹਾਂ ਦਾ ਸਮਰਥਨ ਹਾਸਲ ਸੀ। ਦਰਅਸਲ, ਪ੍ਰਿਯੰਕਾ ਨੇ ਆਮ ਤੌਰ ’ਤੇ ਰਾਹੁਲ ਦੇ ਅਧਿਕਾਰਤ ਨਿਵਾਸ ਵਿਚ ਉੱਤਰ ਪ੍ਰਦੇਸ਼ ਦੇ ਪਾਰਟੀ ਨੇਤਾਵਾਂ ਦੀਆਂ ਬੈਠਕਾਂ ਆਯੋਜਿਤ ਕੀਤੀਆਂ ਪਰ ਪੁਰਾਣੇ ਨੇਤਾਵਾਂ ਵਲੋਂ ਸ਼ਰਮਨਾਕ ਹਾਰ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਨੇ ਉਨ੍ਹਾਂ ਨੂੰ ਕਈ ਹਫਤਿਆਂ ਤਕ ਪ੍ਰੇਸ਼ਾਨ ਰੱਖਿਆ। ਇਹ ਉਨ੍ਹਾਂ ਦੇ ਅਸਤੀਫੇ ਤੋਂ ਵੀ ਸਪੱਸ਼ਟ ਸੀ, ਜਿਸ ’ਚ ਉਨ੍ਹਾਂ ਨੇ ਲਿਖਿਆ ਸੀ ਕਿ ਪਾਰਟੀ ਨੂੰ ਸਖਤ ਫੈਸਲਾ ਲੈਣ ਦੀ ਲੋੜ ਹੈ ਅਤੇ 2019 ਦੀ ਅਸਫਲਤਾ ਲਈ ਕਈ ਲੋਕਾਂ ਨੂੰ ਜਵਾਬਦੇਹ ਬਣਾਉਣਾ ਹੋਵੇਗਾ।

ਉਨ੍ਹਾਂ ਨੇ ਲਿਖਿਆ ਕਿ ‘‘ਦੂਜਿਆਂ ਨੂੰ ਜਵਾਬਦੇਹ ਠਹਿਰਾਉਣਾ ਪਰ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਮੇਰੀ ਆਪਣੀ ਜ਼ਿੰਮੇਵਾਰੀ ਨੂੰ ਨਜ਼ਰਅੰਦਾਜ਼ ਕਰਨਾ ਗੈਰ-ਉਚਿਤ ਹੋਵੇਗਾ।’’

ਕਾਂਗਰਸ ਪ੍ਰਧਾਨ ਦੇ ਤੌਰ ’ਤੇ ਆਪਣੇ ਲਗਭਗ ਦੋ ਸਾਲ ਦੇ ਕਾਰਜਕਾਲ ਦੌਰਾਨ ਰਾਹੁਲ ਨੇ ਸੰਗਠਨ ’ਚ ਯੁਵਾ ਨੇਤਾਵਾਂ ਨੂੰ ਉਤਸ਼ਾਹ ਦਿੱਤਾ। ਸੋਨੀਆ ਦੀ ਪਾਰਟੀ ਮੁਖੀ ਦੇ ਤੌਰ ’ਤੇ ਵਾਪਸੀ ਨਾਲ ਅਹਿਮਦ ਪਟੇਲ, ਗੁਲਾਮ ਨਬੀ ਆਜ਼ਾਦ, ਆਨੰਦ ਸ਼ਰਮਾ ਅਤੇ ਮੁਕੁਲ ਵਾਸਨਿਕ ਵਰਗੇ ਸੀਨੀਅਰ ਨੇਤਾ ਹੁਣ ਨਿਯੁਕਤੀਆਂ ’ਚ ਆਪਣੀ ਚਲਾ ਰਹੇ ਹਨ।

ਨੌਜਵਾਨਾਂ ’ਤੇ ਸੱਟ

ਰਾਹੁਲ ਦੇ ਜਾਣ ਦਾ ਮੁੱਖ ਪ੍ਰਭਾਵ ਸੂਬਿਆਂ ਦੀ ਲੀਡਰਸ਼ਿਪ ’ਤੇ ਮਹਿਸੂਸ ਕੀਤਾ ਜਾ ਰਿਹਾ ਹੈ, ਜਿਸ ਨੂੰ ਉਨ੍ਹਾਂ ਨੇ ਪੋਸ਼ਿਤ ਕੀਤਾ ਸੀ। ਉਨ੍ਹਾਂ ਦੇ ਜਾਣ ਤੋਂ ਬਾਅਦ ਰਾਹੁਲ ਦੇ ਲੋਕਾਂ ਨੂੰ ਦਰਕਿਨਾਰ ਕਰ ਦਿੱਤਾ ਗਿਆ ਅਤੇ ਬਹੁਤਿਆਂ ਨੇ ਪਾਰਟੀ ਛੱਡ ਦਿੱਤੀ। ਮਿਲਿੰਦ ਦੇਵੜਾ, ਜਿਨ੍ਹਾਂ ਨੇ ਮੁੰਬਈ ਕਾਂਗਰਸ ਮੁਖੀ ਦਾ ਅਹੁਦਾ ਛੱਡਿਆ ਸੀ, ਦੀ ਜਗ੍ਹਾ ਏਕਨਾਥ ਗਾਇਕਵਾੜ ਨੂੰ ਨਿਯੁਕਤ ਕੀਤਾ ਗਿਆ ਹੈ ਅਤੇ ਸਾਬਕਾ ਮੁੰਬਈ ਕਾਂਗਰਸ ਮੁਖੀ ਸੰਜੇ ਨਿਰੂਪਮ ਨੇ ਜਨਤਕ ਤੌਰ ’ਤੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਪਾਰਟੀ ’ਚ ਦਰਕਿਨਾਰ ਕਰ ਕੇ ਪਾਰਟੀ ਛੱਡਣ ਲਈ ਮਜਬੂਰ ਕਰ ਦਿੱਤਾ ਗਿਆ। ਹਰਿਆਣਾ ਕਾਂਗਰਸ ਪ੍ਰਧਾਨ ਅਸ਼ੋਕ ਤੰਵਰ ਨੂੰ ਹਟਾ ਕੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਸ਼ਾਂਤ ਕੀਤਾ ਗਿਆ ਹੈ। ਝਾਰਖੰਡ ਦੇ ਸਾਬਕਾ ਪਾਰਟੀ ਮੁਖੀ ਅਜੇ ਕੁਮਾਰ, ਇਕ ਹੋਰ ਜੋ ਰਾਹੁਲ ਦੇ ਕਰੀਬੀ ਸਨ, ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਅਤੇ ਲੀਡਰਸ਼ਿਪ ਵਿਰੁੱਧ ਗੰਭੀਰ ਦੋਸ਼ ਲਾਏ ਹਨ।

ਤ੍ਰਿਪੁਰਾ ਪਾਰਟੀ ਮੁਖੀ ਪ੍ਰਦੋਤ ਡੇਬਰਮੈਨ ਨੇ ਸੂਬੇ ਦੇ ਕਾਂਗਰਸੀ ਇੰਚਾਰਜ ਨਾਲ ਮਤਭੇਦਾਂ ਤੋਂ ਬਾਅਦ ਪਾਰਟੀ ਛੱਡ ਦਿੱਤੀ। ਪੰਜਾਬ ’ਚ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮਤਭੇਦਾਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਆਪਣਾ ਮੰਤਰੀ ਅਹੁਦਾ ਛੱਡ ਦਿੱਤਾ। ਮੱਧ ਪ੍ਰਦੇਸ਼ ’ਚ ਜਯੋਤਿਰਾਦਿੱਤਿਆ ਸਿੰਧੀਆ ਅਤੇ ਸੀਨੀਅਰ ਨੇਤਾ ਦਿੱਗਵਿਜੇ ਸਿੰਘ ਦਰਮਿਆਨ ਖਿੱਚੋਤਾਣ ਜਾਰੀ ਹੈ, ਜਦਕਿ ਰਾਜਸਥਾਨ ’ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਉਨ੍ਹਾਂ ਦੇ ਡਿਪਟੀ ਸਚਿਨ ਪਾਇਲਟ ਦਰਮਿਆਨ ਅਜੇ ਵੀ ਤਲਵਾਰਾਂ ਖਿੱਚੀਆਂ ਹਨ।

ਸੀਨੀਅਰ ਨੇਤਾ ਇਸ ਗੱਲ ਨਾਲ ਅਸਹਿਮਤ ਹਨ ਕਿ ਰਾਹੁਲ ਦੀ ਟੀਮ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਇਸ ਸਬੰੰਧ ’ਚ ਏ. ਆਈ. ਸੀ. ਸੀ. ਦੇ ਜਥੇਬੰਦਕ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ, ਕਾਂਗਰਸ ਮਹਿਲਾ ਮੋਰਚਾ ਪ੍ਰਮੁੱਖ ਸੁਸ਼ਮਿਤਾ ਦੇਵ, ਡਾਟਾ ਸੈੱਲ ਦੇ ਇੰਚਾਰਜ ਪ੍ਰਵੀਨ ਚੱਕਰਵਰਤੀ, ਝਾਰਖੰਡ ਦੇ ਇੰਚਾਰਜ ਆਰ. ਐੱਨ. ਸਿੰਘ, ਓਡਿਸ਼ਾ ਦੇ ਇੰਚਾਰਜ ਜਿਤੇਂਦਰ ਸਿੰਘ ਅਤੇ ਟ੍ਰੇਨਿੰਗ ਇੰਚਾਰਜ ਸਚਿਨ ਰਾਵ ਦੇ ਉਦਾਹਰਣ ਦਿੱਤੇ।

ਮੀਟਿੰਗਾਂ ’ਚ ਗੈਰ-ਹਾਜ਼ਰੀ

ਰਾਹੁਲ ਵਲੋਂ ਇਹ ਸਪੱਸ਼ਟ ਕਰ ਦੇਣ ਦੇ ਬਾਵਜੂਦ ਕਿ ਉਹ ਖੁਦ ਨੂੰ ਵਾਇਨਾਡ, ਜੋ ਉਨ੍ਹਾਂ ਦਾ ਲੋਕ ਸਭਾ ਚੋਣ ਖੇਤਰ ਹੈ, ਤਕ ਸੀਮਤ ਰੱਖਣਗੇ, ਆਸ ਕੀਤੀ ਜਾਂਦੀ ਸੀ ਕਿ ਉਹ ਪਾਰਟੀ ਦੀਆਂ ਮਹੱਤਵਪੂਰਨ ਬੈਠਕਾਂ ’ਚ ਸ਼ਾਮਲ ਹੋਣਗੇ ਪਰ ਅਜੇ ਤਕ ਉਨ੍ਹਾਂ ਨੇ ਖੁਦ ਨੂੰ ਅਜਿਹੀਆਂ ਬੈਠਕਾਂ ਤੋਂ ਦੂਰ ਰੱਖਿਆ ਹੈ, ਜਿਸ ’ਚ ਸਿਰਫ ਉਨ੍ਹਾਂ ਦੀ ਕੇਂਦਰੀ ਟੀਮ ਦੇ ਮੈਂਬਰ ਸ਼ਾਮਲ ਹੁੰਦੇ ਹਨ।

ਉਦਾਹਰਣ ਵਜੋਂ ਉਹ ਪਿਛਲੇ ਮਹੀਨੇ ਸੋਨੀਆ ਦੀ ਪ੍ਰਧਾਨਗੀ ’ਚ ਏ. ਆਈ. ਸੀ. ਸੀ. ਜਨਰਲ ਸਕੱਤਰਾਂ, ਸੂਬੇ ਦੇ ਇੰਚਾਰਜਾਂ ਅਤੇ ਸੰਸਦ ਮੈਂਬਰਾਂ ਦੀ ਬੈਠਕ ’ਚ ਸ਼ਾਮਲ ਨਹੀਂ ਹੋਏ ਸਨ। ਪਾਰਟੀ ਨੇ ਇਹ ਕਹਿ ਕੇ ਇਸ ਤੋਂ ਪੱਲਾ ਝਾੜ ਲਿਆ ਕਿ ਉਨ੍ਹਾਂ ਲਈ ਅਜਿਹਾ ਜ਼ਰੂਰੀ ਨਹੀਂ ਸੀ ਕਿਉਂਕਿ ਉਨ੍ਹਾਂ ਕੋਲ ਕੋਈ ਪਾਰਟੀ ਅਹੁਦਾ ਨਹੀਂ ਹੈ ਪਰ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਦੀ ਬੈਠਕ ’ਚ ਹਾਜ਼ਰੀ ਵਿਅਰਥ ਨਹੀਂ ਸੀ। ਅਜਿਹਾ ਦੱਸਿਆ ਜਾਂਦਾ ਹੈ ਕਿ ਰਾਹੁਲ ਉਨ੍ਹਾਂ ਰਾਹੀਂ ਸਭ ਪਤਾ ਲਾਉਂਦੇ ਰਹਿੰਦੇ ਹਨ। ਉਨ੍ਹਾਂ ਦਾ ਇਕ ਕਰੀਬੀ ਸਹਿਯੋਗੀ ਹੁਣ ਪ੍ਰਿਯੰਕਾ ਦੀ ਟੀਮ ਦਾ ਹਿੱਸਾ ਹੈ ਅਤੇ ਜਵਾਹਰ ਭਵਨ, ਰਾਜੀਵ ਗਾਂਧੀ ਫਾਊਂਡੇਸ਼ਨ ਦੇ ਮੁੱਖ ਦਫਤਰ ਤੋਂ ਆਪਣਾ ਕੰਮ ਕਰਦਾ ਹੈ।

(ਈਏ)

Bharat Thapa

This news is Content Editor Bharat Thapa