ਪਾਣੀ ਦੀ ਸਹੀ ਸੰਭਾਲ ਕਰਨ ਨਾਲ ਦੇਸ਼ ਦਾ ਕਾਇਆਕਲਪ ਹੋ ਸਕਦੈ

02/01/2021 3:00:47 AM

ਵਿਨੀਤ ਨਾਰਾਇਣ
ਪੂਰਾ ਸਾਲ ਕੋਵਿਡ ਦੇ ਚੱਕਰ ’ਚ ਕਿਤੇ ਘੁੰਮਣ ਜਾਣਾ ਨਹੀਂ ਹੋਇਆ। ਇਸ ਹਫਤੇ ਹਿੰਮਤ ਕਰਕੇ ਜੈਸਲਮੇਰ, ਜੋਧਪੁਰ ’ਚ ਛੁੱਟੀ ਬਿਤਾਉਣ ਦਾ ਸੋਚਿਆ। ਥਾਰ ਦੇ ਰੇਗਿਸਤਾਨ ’ਚ ਵੱਸਿਆ ਜੈਸਲਮੇਰ, ਆਮ ਤੌਰ ’ਤੇ ਇਨ੍ਹੀਂ ਦਿਨੀਂ ਹਜ਼ਾਰਾਂ ਵਿਦੇਸ਼ੀ ਸੈਲਾਨੀਆਂ ਨਾਲ ਭਰਿਆ ਰਹਿੰਦਾ ਹੈ ਪਰ ਇਸ ਵਾਰ ਇਕ ਸਾਲ ਤੋਂ ਕੋਈ ਵਿਦੇਸ਼ੀ ਸੈਲਾਨੀ ਨਹੀਂ ਆਇਆ, ਜਿਸ ਨਾਲ ਸੈਲਾਨੀਆਂ ’ਤੇ ਆਧਾਰਿਤ ਇਥੋਂ ਦੀ ਅਰਥਵਿਵਸਥਾ ਪੂਰੀ ਤਰ੍ਹਾਂ ਬੈਠ ਚੁੱਕੀ ਹੈ। ਕਈ ਛੋਟੇ-ਵੱਡੇ ਹੋਟਲ ਬੰਦ ਪਏ ਸਨ ਜਾਂ ਬੰਦ ਹੋਣ ਦੇ ਕੰਢੇ ਸਨ। ਪਿਛਲੇ ਤਿੰਨ ਮਹੀਨਿਆਂ ’ਚ ਜਿਵੇਂ ਹੀ ਕੋਵਿਡ ਦਾ ਡਰ ਲੋਕਾਂ ਦੇ ਮਨਾਂ ’ਚੋਂ ਦੂਰ ਹੋਇਆ ਤਾਂ ਗੁਜਰਾਤ, ਰਾਜਸਥਾਨ ਅਤੇ ਦਿੱਲੀ ਆਦਿ ਦੇ ਸੈਲਾਨੀਆਂ ਦਾ ਸੈਲਾਬ ਟੁੱਟ ਪਿਆ। ਉਸ ਨਾਲ ਇਥੋਂ ਦੇ ਸੈਰ-ਸਪਾਟਾ ਉਦਯੋਗ ਨੂੰ ਕੁਝ ਆਕਸੀਜਨ ਮਿਲੀ ਹੈ।

ਸਥਾਨਕ ਲੋਕਾਂ ਦਾ ਕਹਿਣਾ ਸੀ ਕਿ ਪੂਰੇ ਕੋਵਿਡ ਕਾਲ ’ਚ ਜੈਸਲਮੇਰ ਅਤੇ ਆਲੇ-ਦੁਆਲੇ ਦੇ ਇਲਾਕੇ ’ਚ ਇਸ ਮਹਾਮਾਰੀ ਦਾ ਕੋਈ ਖਾਸ ਅਸਰ ਨਹੀਂ ਸੀ। ਨਾ ਤਾਂ ਲੋਕਾਂ ਨੇ ਮਾਸਕ ਪਹਿਨੇ ਅਤੇ ਨਾ ਸਮਾਜਿਕ ਦੂਰੀ ਬਣਾਈ। ਇਥੋਂ ਤਕ ਕਿ ਇਹੀ ਹਾਲਤ ਸਾਰੇ ਦੇਸ਼ ਦੀ ਰਹੀ ਹੈ। ਕੋਵਿਡ ਦਾ ਜੋ ਵੀ ਭਿਆਨਕ ਅਸਰ ਦੇਖਣ ਨੂੰ ਮਿਲਿਆ ਉਹ ਸਿਰਫ ਮੁੰਬਈ, ਇੰਦੌਰ, ਦਿੱਲੀ ਵਰਗੇ ਨਗਰਾਂ ਅਤੇ ਮੱਧਵਰਗੀ ਜਾਂ ਉੱਚ ਵਰਗੀ ਪਰਿਵਾਰਾਂ ’ਚ ਹੀ ਦੇਖਿਆ ਗਿਆ। ਸਾਡੇ ਮਥੁਰਾ ਜ਼ਿਲੇ ਦੇ ਕਿਸੇ ਵੀ ਪਿੰਡ ’ਚ ਕੋਵਿਡ ਮਹਾਮਾਰੀ ਦੇ ਰੂਪ ’ਚ ਨਹੀਂ ਆਇਆ ਪਰ ਕੋਵਿਡ ਦੀ ਦਹਿਸ਼ਤ ਨਾਲ ਜਿਸ ਤਰ੍ਹਾਂ ਦੇ ਅਣਕਿਆਸੇ ਕਦਮ ਚੁੱਕੇ ਗਏ, ਉਸ ਨਾਲ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਪੂਰੀ ਤਰ੍ਹਾਂ ਟੁੱਟ ਗਈ। ਇਹੀ ਕਾਰਨ ਹੈ ਕਿ ਗਰੀਬ ਆਦਮੀ, ਮਜ਼ਦੂਰ ਕਿਸਾਨ ਅਤੇ ਛੋਟੇ ਦੁਕਾਨਦਾਰ ਅਤੇ ਕਾਰਖਾਨੇਦਾਰ ਹਰ ਸ਼ਹਿਰ ’ਚ ਇਹ ਸਵਾਲ ਕਰਦੇ ਹਨ ਕਿ ਕੀ ਉਹ ਸਭ ਜ਼ਰੂਰੀ ਸੀ?

ਜੇਕਰ ਇਹ ਮੰਨਿਆ ਜਾਏ ਕਿ ਅਜਿਹੀ ਸਖਤ ਰੋਕਥਾਮ ਨਾਲ ਹੀ ਭਾਰਤ ’ਚ ਕੋਵਿਡ ’ਤੇ ਕਾਬੂ ਪਾਇਆ ਜਾ ਸਕਿਆ ਤਾਂ ਇਹ ਵੀ ਸਹੀ ਨਹੀਂ ਹੋਵੇਗਾ ਕਿਉਂਕਿ ਜਦੋਂ ਦੇਸ਼ ਦੀ ਬਹੁਗਿਣਤੀ ਆਬਾਦੀ ਨੇ ਕੋਵਿਡ ਦੀਆਂ ਪਾਬੰਦੀਆਂ ਦੀ ਪਾਲਣਾ ਹੀ ਨਹੀਂ ਕੀਤੀ ਅਤੇ ਫਿਰ ਵੀ ਇਸ ਮਹਾਮਾਰੀ ਦੇ ਪ੍ਰਕੋਪ ਤੋਂ ਈਸ਼ਵਰ ਨੇ ਭਾਰਤ ਵਾਸੀਆਂ ਦੀ ਰੱਖਿਆ ਕੀਤੀ ਤਾਂ ਇਹ ਸਪੱਸ਼ਟ ਹੈ ਕਿ ਭਾਰਤ ਦੇ ਲੋਕਾਂ ’ਚ ਰੋਗ ਪ੍ਰਤੀਰੋਧਕ ਸਮਰੱਥਾ, ਪੱਛਮੀ ਦੇਸ਼ਾਂ ਦੇ ਲੋਕਾਂ ਦੇ ਮੁਕਾਬਲੇ ਵੱਧ ਹੈ ਕਿਉਂਕਿ ਅਸੀਂ ਬਚਪਨ ਤੋਂ ਉਲਟ ਹਾਲਾਤ ਨਾਲ ਜੂਝ ਕੇ ਵੱਡੇ ਹੁੰਦੇ ਹਾਂ ਅਤੇ ਬਹੁਤ ਜ਼ਿਆਦਾ ਸਾਵਧਾਨੀਆਂ ਦੇ ਨਾਲ।

ਇਸ ਇਲਾਕੇ ’ਚ ਆਉਣ ਤੋਂ ਪਹਿਲਾਂ, ਇਕ ਕਲਪਨਾ ਸੀ ਕਿ ਚਾਰੋਂ ਪਾਸੇ ਰੇਤ ਦੇ ਟਿੱਲੇ ਹੀ ਟਿੱਲੇ ਹੋਣਗੇ ਪਰ ਰਾਜਮਾਰਗ ਦੇ ਦੋਵਾਂ ਪਾਸੇ ਹਰਿਆਲੀ ਅਤੇ ਖੇਤ ਦੇਖ ਕੇ ਹੈਰਾਨ ਹੋਇਆ। ਪਤਾ ਲੱਗਾ ਇਹ ਕਮਾਲ ਹੈ ਇੰਦਰਾ ਨਹਿਰ ਦਾ, ਜਿਸ ਦੇ ਆਉਣ ਤੋਂ ਬਾਅਦ ਹੁਣ ਇਥੇ ਮੀਂਹ ਵੀ ਸਾਲ ’ਚ 10-12 ਵਾਰ ਪੈ ਜਾਂਦਾ ਹੈ ਜਦਕਿ ਪਹਿਲਾਂ ਮੀਂਹ ਸਾਲਾਂ ’ਚ ਇਕ ਵਾਰ ਪੈਂਦਾ ਸੀ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਸਹੀ ਜਲ ਪ੍ਰਬੰਧਨ ਨਾਲ ਦੇਸ਼ ਦਾ ਕਾਇਆਕਲਪ ਹੋ ਸਕਦਾ ਸੀ।

ਆਜ਼ਾਦੀ ਤੋਂ ਬਾਅਦ ਖਰਬਾਂ ਰੁਪਿਆ ਬਹੁਗਿਣਤੀ ਨਦੀ ਪ੍ਰਾਜੈਕਟਾਂ ’ਤੇ ਖਰਚ ਹੋਇਆ। ਬਾਵਜੂਦ ਇਸ ਦੇ ਅੱਜ ਵੀ ਅਸੀਂ ਮੀਂਹ ਦੇ ਸਿਰਫ 10 ਫੀਸਦੀ ਜਲ ਦੀ ਹੀ ਸਟੋਰੇਜ ਕਰ ਸਕਦੇ ਹਾਂ ਜਦਕਿ 90 ਫੀਸਦੀ ਜਲ ਬਹਿ ਕੇ ਨਦੀਆਂ ਦੇ ਰਸਤੇ ਸਮੁੰਦਰ ’ਚ ਚਲਾ ਜਾਂਦਾ ਹੈ। ਜਲ ਸਟੋਰੇਜ ਦੇ ਰਾਜਸਥਾਨ ਦੇ ਇਤਿਹਾਸ ਦੀ ਸ਼ਲਾਘਾ ਕਰਨੀ ਪਏਗੀ, ਜਿਥੇ ਪਾਣੀ ਦੀ ਇਕ-ਇਕ ਬੂੰਦ ਨੂੰ ਸੋਨੇ ਤੋਂ ਵੀ ਜ਼ਿਆਦਾ ਕੀਮਤੀ ਮੰਨ ਕੇ ਸੰਭਾਲਣ ਦੀ ਸਥਾਨਕ ਤਕਨੀਕ ਵਿਕਸਿਤ ਕੀਤੀ ਗਈ ਜੋ ਅੱਜ ਤਕ ਕਾਰਗਰ ਹੈ ਜਦਕਿ ਪਾਈਪਲਾਈਨ ਨਾਲ ਜਲ ਸਪਲਾਈ ਦੀਆਂ ਵਧੇਰੇ ਯੋਜਨਾਵਾਂ ਸਮੇਂ ਤੋਂ ਪਹਿਲਾਂ ਹੀ ਅਕਾਲ ਮੌਤ ਨੂੰ ਪ੍ਰਾਪਤ ਹੋ ਗਈਆਂ। ਜਲ ਦੇ ਵਿਸ਼ੇ ’ਚ ਇੰਨਾ ਸ਼ੋਰ ਮਚ ਰਿਹਾ ਹੈ ਪਰ ਅਸੀਂ ਤਜਰਬੇ ਤੋਂ ਕੁਝ ਵੀ ਸਿੱਖਣ ਨੂੰ ਤਿਆਰ ਨਹੀਂ ਹਾਂ।

ਕੁੰਡਾਂ, ਸਰੋਵਰਾਂ ਅਤੇ ਤਲਾਬਾਂ ਦੇ ਨਵੀਨੀਕਰਨ ਦੇ ਨਾਂ ’ਤੇ ਕਿਵੇਂ ਕਾਗਜ਼ੀ ਘੋੜੇ ਦੌੜਾਏ ਜਾ ਰਹੇ ਹਨ, ਇਸ ’ਤੇ ਅਸੀਂ ਪਹਿਲਾਂ ਵੀ ਕਾਫੀ ਲਿਖ ਚੁੱਕੇ ਹਾਂ। ਆਧੁਨਿਕ ਜੀਵਨ ਸ਼ੈਲੀ ’ਚ ਸਾਡੇ ਬਾਥਰੂਮ ਪਾਣੀ ਦੀ ਅਪਰਾਧਿਕ ਬਰਬਾਦੀ ਕਰਦੇ ਹਨ ਜਦਕਿ ਜੈਸਲਮੇਰ ਦੇ ਸਭ ਤੋਂ ਧਨਾਢ ਸੇਠਾਂ ਦੀ ‘ਪਟਵੋਂ ਕੀ ਹਵੇਲੀ’ ਵਿਚ ਜਿਸ ਪਾਣੀ ਨਾਲ ਨਹਾਇਆ ਜਾਂਦਾ ਸੀ, ਉਸੇ ਨੂੰ ਇਕੱਠਾ ਕਰਕੇ ਕੱਪੜੇ ਧੋਂਦੇ ਸਨ ਅਤੇ ਕੱਪੜੇ ਧੋਣ ਤੋਂ ਬਾਅਦ ਉਸੇ ਪਾਣੀ ਨਾਲ ਫਿਰ ਫਰਸ਼ ਅਤੇ ਗਲੀਆਂ ਧੋਤੀਆਂ ਜਾਂਦੀਆਂ ਸਨ। ਅੱਜ ਅਸੀਂ ਅਜਿਹਾ ਨਹੀਂ ਕਰ ਸਕਦੇ ਪਰ ਪਾਣੀ ਦੀ ਬਰਬਾਦੀ ’ਤੇ ਰੋਕ ਲਗਾਉਣ ਦੀ ਮਾਨਸਿਕਤਾ ਵੀ ਵਿਕਸਿਤ ਕਰਨ ਨੂੰ ਤਿਆਰ ਨਹੀਂ ਹਾਂ ਜਦਕਿ ਹਰ ਸ਼ਹਿਰ ਦਾ ਪਾਣੀ ਦਾ ਪੱਧਰ ਤੇਜ਼ੀ ਨਾਲ ਡਿੱਗਦਾ ਜਾ ਰਿਹਾ ਹੈ ਅਤੇ ਜਲ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ।

ਸੈਰ-ਸਪਾਟੇ ਦੀ ਦ੍ਰਿਸ਼ਟੀ ਤੋਂ ਹੁਣ ਭਾਰਤ ’ਚ ਮੱਧਵਰਗੀ ਪਰਿਵਾਰਾਂ ਨੇ ਇਕ ਵੱਡਾ ਬਾਜ਼ਾਰ ਖੜ੍ਹਾ ਕਰ ਦਿੱਤਾ ਹੈ। ਇਸ ਲਈ ਇਸ ਵਰਗ ਨੂੰ ਵੀ ਸੈਰ-ਸਪਾਟੇ ਦੇ ਸ਼ਿਸ਼ਟਾਚਾਰ ਸਿੱਖਣ ਦੀ ਲੋੜ ਹੈ। ਤੁਸੀਂ ਦੁਬਈ ਦੇ ਰੇਗਿਸਤਾਨ ’ਚ ਬਣੇ ‘ਡੈਜ਼ਰਟ ਸਫਾਰੀ’ ਵਿਚ ਜਾਓ ਤਾਂ ਤੁਹਾਨੂੰ ਪਲਾਸਟਿਕ ਤਾਂ ਛੱਡੋ, ਊਠਾਂ ਦੀ ਲਿੱਦ ਵੀ ਦੇਖਣ ਨੂੰ ਨਹੀਂ ਮਿਲੇਗੀ ਜਦਕਿ ਜੈਸਲਮੇਰ ਕੋਲ ਮਸ਼ਹੂਰ ‘ਡੈਜ਼ਰਟ ਰਿਜ਼ਾਰਟ’ ਸਮ ਨਾਂ ਦੇ ਖੇਤਰ ’ਚ ਬਹੁਤ ਲੋਕਪ੍ਰਿਯ ਹੋ ਗਿਆ ਹੈ। ਹਜ਼ਾਰਾਂ ਟੈਂਟਾਂ ’ਚ ਸੈਲਾਨੀ ਇਥੇ ਰਾਤ ਬਿਤਾਉਂਦੇ ਹਨ ਪਰ ਪੂਰੇ ਖੇਤਰ ਨੂੰ ਪਲਾਸਟਿਕ ਦੀਆਂ ਬੋਤਲਾਂ, ਥੈਲਿਆਂ, ਸ਼ਰਾਬ ਦੀਆਂ ਬੋਤਲਾਂ ਅਤੇ ਦੂਸਰੇ ਕਚਰਿਆਂ ਨਾਲ ਭਰ ਕੇ ਚਲੇ ਜਾਂਦੇ ਹਨ। ਊਠ ਦੀ ਲਿੱਦ ਤਾਂ ਸਾਰੇ ਇਲਾਕੇ ’ਚ ਫੈਲੀ ਪਈ ਹੈ। ਇਸ ’ਤੇ ਰਾਜਸਥਾਨ ਸਰਕਾਰ ਦੇ ਸੈਰ-ਸਪਾਟਾ ਵਿਭਾਗ ਨੂੰ ਧਿਆਨ ਦੇਣਾ ਚਾਹੀਦਾ ਹੈ।

ਸਾਡੀ ਇਸ ਯਾਤਰਾ ਦਾ ‘ਹਾਈ ਪੁਆਇੰਟ’ ਸੀ ਭਾਰਤ-ਪਾਕਿਸਤਾਨ ਬਾਰਡਰ ’ਤੇ ਬੀ. ਐੱਸ. ਐੱਫ. ਦੀ ਪੋਸਟ ’ਤੇ ਜਾ ਕੇ ਉਨ੍ਹਾਂ ਦੇ ਜੀਵਨ ਨੂੰ ਦੇਖਣਾ। ਜਿਸ ਗਲਵਾਨ ਘਾਟੀ ’ਚ ਬਰਫ ਦੀਆਂ ਤਹਿਆਂ ਦੇ ਅੰਦਰ ਖੜ੍ਹੇ ਹੋ ਕੇ ਸਾਡੇ ਫੌਜੀ ਸਰਹੱਦ ਦੀ ਰੱਖਿਆ ਕਰਦੇ ਹਨ, ਉਸ ਤੋਂ ਘੱਟ ਨਹੀਂ ਹੈ ਥਾਰ ਦੇ ਰੇਗਿਸਤਾਨ ’ਚ 55 ਡਿਗਰੀ ਸੈਲਸੀਅਸ ਦੀ ਤਪਦੀ ਲੂ ਅਤੇ ਕਈ ਦਿਨ ਚੱਲਣ ਵਾਲੀ ਕਾਲੀ ਹਨੇਰੀ ’ਚ ਬੀ. ਐੱਸ. ਐੱਫ. ਦੇ ਜਵਾਨਾਂ ਦਾ ਪਾਕਿਸਤਾਨ ਵਿਰੁੱਧ ਮੋਰਚਾ ਲਾਉਣਾ। ਇਨ੍ਹਾਂ ਜਵਾਨਾਂ ਅਤੇ ਅਫਸਰਾਂ ਦੇ ਹੌਸਲੇ ਨੂੰ ਸਲਾਮ ਹੈ।

ਦਿਲਚਸਪ ਗੱਲ ਇਹ ਪਤਾ ਲੱਗੀ ਕਿ ਇਥੇ ਭਾਰਤ ਨੇ 1751 ਕਿਲੋਮੀਟਰ ਦੀ ਪੂਰੀ ਸਰਹੱਦ ’ਤੇ ਨੁਕੀਲੀਆਂ ਤਾਰਾਂ ਦੀ ਮਜ਼ਬੂਤ ਵਾੜ, ਹਰ 100 ਮੀਟਰ ’ਤੇ ਸਰਚ ਲਾਈਟਾਂ ਦੇ ਖੰਭੇ ਅਤੇ ਨਿਰੀਖਣ ਕਮਰੇ ਬਣਾਏ ਹੋਏ ਹਨ, ਉਥੇ ਹੀ ਆਪਣੀ ਆਰਥਿਕ ਤੰਗੀ ਕਾਰਨ ਪਾਕਿਸਤਾਨ ਨੇ ਅਜਿਹਾ ਕੁਝ ਵੀ ਨਹੀਂ ਕੀਤਾ। ਇਸ ਤੋਂ ਸਾਫ ਜ਼ਾਹਿਰ ਹੈ ਕਿ ਪਾਕਿਸਤਾਨ ਗੁਰਿੱਲਾ ਯੁੱਧ ਜਾਂ ਅੱਤਵਾਦ ਪੈਦਾ ਕਰਨ ਦਾ ਕੰਮ ਤਾਂ ਕਰ ਸਕਦਾ ਹੈ ਪਰ ਕੋਈ ਵੱਡੀ ਜੰਗ ਲੜਨ ਦੀ ਉਸ ਦੀ ਔਕਾਤ ਨਹੀਂ ਹੈ। ਇਹ ਸਾਡੇ ਲਈ ਸੰਤੋਸ਼ ਦੀ ਗੱਲ ਹੈ। ਕੁਲ ਮਿਲਾ ਕੇ ‘ਪਧਾਰੋ ਮਹਾਰੇ ਦੇਸ’ ਦਾ ਇਹ ਤਜਰਬਾ ਬਹੁਤ ਦਿਲਚਸਪ ਰਿਹਾ ਅਤੇ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਆਉਣ ਵਾਲੇ ਮਹੀਨਿਆਂ ’ਚ ਦੇਸ਼ ਦੀ ਹਾਲਤ ਹੋਰ ਸੁਧਰੇਗੀ ਅਤੇ ਫਿਰ ਅਸੀਂ ਸਭ ਭਾਰਤਵਾਸੀ ਆਨੰਦ ਅਤੇ ਉਮੰਗ ਨਾਲ ਉਂਝ ਹੀ ਜੀਵਾਂਗੇ ਜਿਵੇਂ ਸਦੀਆਂ ਤੋਂ ਜਿਊਂਦੇ ਆਏ ਹਾਂ।
 

Bharat Thapa

This news is Content Editor Bharat Thapa