ਸੀਮਤ ਪਰਿਵਾਰ ਔਰਤਾਂ ਦੀ ਪਹਿਲ ਨਾਲ ਹੀ ਸੰਭਵ

08/17/2019 6:25:48 AM

ਪੂਰਨ ਚੰਦ ਸਰੀਨ

ਜ਼ਰਾ ਯਾਦ ਕਰੋ ਕਿ ਇੰਦਰਾ ਗਾਂਧੀ ਦੇ ਪੁੱਤਰ ਸੰਜੇ ਗਾਂਧੀ ਦੀ ਸਭ ਤੋਂ ਵੱਡÆੀ ਅਸਫਲਤਾ ਕੀ ਸੀ? ਇਹ ਸੀ ਉਨ੍ਹਾਂ ਦੀ ਅੱਧ-ਕਚਰੀ ਸੋਚ, ਮਰਦ ਹੋਣ ਦਾ ਹੰਕਾਰ, ਪ੍ਰਧਾਨ ਮੰਤਰੀ ਮਾਂ ਦੀ ਤਾਕਤ ਨੂੰ ਆਪਣੇ ਮਨਸੂਬੇ ਪੂਰੇ ਕਰਨ ਦਾ ਹਥਿਆਰ ਬਣਾ ਲੈਣਾ ਅਤੇ ਜਿਸ ਵਿਸ਼ੇ ਦੀ ਬੁਨਿਆਦੀ ਸਮਝ ਤਕ ਨਹੀਂ ਸੀ, ਮਤਲਬ ਫੈਮਿਲੀ ਪਲਾਨਿੰਗ ਨੂੰ ਬੰਦੂਕ ਦੇ ਬਲ ’ਤੇ ਲਾਗੂ ਕਰਨ ਦੀ ਅਣਮਨੁੱਖੀ ਕੋਸ਼ਿਸ਼, ਜਿਸ ਦਾ ਨਤੀਜਾ ਇੰਨਾ ਦਰਦਨਾਕ ਨਿਕਲਿਆ ਕਿ ਉਸ ਤੋਂ ਬਾਅਦ ਕਿਸੇ ਵੀ ਪਾਰਟੀ ਅਤੇ ਉਨ੍ਹਾਂ ਦੇ ਨੇਤਾਵਾਂ ਦੀ ਇਸ ਮੁੱਦੇ ’ਤੇ ਗੱਲ ਤਕ ਕਰਨ ਦੀ ਹਿੰਮਤ ਨਾ ਹੋਈ।

ਇਹ ਗੱਲ ਹਰ ਕਿਸੇ ਦੀ ਜ਼ੁਬਾਨ ’ਤੇ ਹੁੰਦੀ ਹੈ, ਭਾਵੇਂ ਦੱਬੇ ਸੁਰ ’ਚ ਹੀ ਹੋਵੇ ਕਿ ਸਾਡੇ ਵਿਕਾਸ ਦੀ ਰਫਤਾਰ ਹੌਲੀ ਇਸ ਲਈ ਹੈ ਕਿਉਂਕਿ ਸਾਧਨ ਤਿਆਰ ਹੋਣ ਦੀ ਤਾਦਾਦ ਕਦੇ ਵੀ ਉਸ ਸੰਖਿਆ ਨਾਲ ਮੇਲ ਨਹੀਂ ਖਾਂਦੀ, ਜੋ ਬੇਰੋਕ-ਟੋਕ ਆਬਾਦੀ ਵਧਣ ਨਾਲ ਬਣ ਜਾਂਦੀ ਹੈ ਅਤੇ ਸਾਡੇ ਯਤਨਾਂ ਨੂੰ ਨਾਕਾਮਯਾਬ ਬਣਾ ਦਿੰਦੀ ਹੈ।

ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਦਿਵਸ ’ਤੇ ਲਾਲ ਕਿਲੇ ਤੋਂ ਆਪਣੇ ਭਾਸ਼ਣ ’ਚ ਇਸ ਮੁੱਦੇ ਨੂੰ ਉਠਾਉਂਦੇ ਹੋਏ ਦੇਸ਼ਵਾਸੀਆਂ ਨੂੰ ਸੱਦਾ ਦਿੱਤਾ ਕਿ ਪਰਿਵਾਰ ਨੂੰ ਸੀਮਤ ਰੱਖਣਾ ਵੀ ਦੇਸ਼ਭਗਤੀ ਹੈ, ਤਾਂ ਲੱਗਾ ਕਿ ਉਨ੍ਹਾਂ ਦੇ ਮਨ ’ਚ ਇਸ ਬਾਰੇ ਕੋਈ ਨਾ ਕੋਈ ਯੋਜਨਾ ਜ਼ਰੂਰ ਚੱਲ ਰਹੀ ਹੋਵੇਗੀ ਅਤੇ ਉਹ ਹੋਰਨਾਂ ਮਾਮਲਿਆਂ ਵਾਂਗ ਇਸ ਨੂੰ ਵੀ ਸੁਲਝਾਉਣ ਲਈ ਦ੍ਰਿੜ੍ਹ ਸੰਕਲਪ ਹਨ। ਇਹ ਵੀ ਸੋਚਿਆ ਹੋਵੇਗਾ ਕਿ ਇਸ ਮਦ ’ਚ ਕਰੋੜਾਂ ਰੁਪਿਆ ਲਾਉਣ ਦੇ ਬਾਵਜੂਦ ਸਫਲਤਾ ਕਿਉਂ ਨਹੀਂ ਮਿਲੀ? ਉਨ੍ਹਾਂ ਦੇ ਭਾਸ਼ਣ ਤੋਂ ਲੱਗਾ ਕਿ ਉਹ ਸੀਮਤ ਪਰਿਵਾਰ ਰੱਖਣ ਵਾਲਿਆਂ ਨੂੰ ਸਨਮਾਨਿਤ ਕਰ ਸਕਦੇ ਹਨ, ਤਾਂ ਸਮਝ ਲਓ ਕਿ ਇਨ੍ਹਾਂ ਦੀ ਗਿਣਤੀ ਦੇਸ਼ ਭਰ ’ਚ ਮੁਸ਼ਕਿਲ ਨਾਲ 10 ਫੀਸਦੀ ਹੋਵੇਗੀ। ਇਸ ਲਈ ਉਹ ਕਦੇ ਵੀ ਬਾਕੀ ਪਰਿਵਾਰਾਂ ਲਈ ਰੋਲ ਮਾਡਲ ਨਹੀਂ ਹੋ ਸਕਦੇ। ਸੀਮਤ ਪਰਿਵਾਰ ਰੱਖਣ ਦਾ ਸਬੰਧ ਸਾਡੀਆਂ ਜਾਤੀਗਤ ਭਿੰਨਤਾਵਾਂ, ਸਮਾਜਿਕ ਅਤੇ ਧਾਰਮਿਕ ਮਾਨਤਾਵਾਂ ਅਤੇ ਨਿੱਜੀ ਖਾਹਿਸ਼ਾਂ ਨਾਲ ਜੁੜਿਆ ਹੈ, ਇਸ ਲਈ ਬਹੁਤ ਹੀ ਨਾਜ਼ੁਕ ਵੀ ਹੈ। ਇਸ ਲਈ ਕੋਈ ਵੱਡਾ ਕਾਨੂੰਨ ਬਣਾਉਣ ਜਾਂ ਪਾਬੰਦੀ ਲਾਉਣ ਤੋਂ ਪਹਿਲਾਂ ਦੋ ਵਾਰ ਸੋਚ ਲੈਣਾ ਚਾਹੀਦਾ ਹੈ ਕਿਉਂਕਿ ਇਸ ਮਾਮਲੇ ’ਚ ਦਾਅ ਉਲਟਾ ਪੈ ਸਕਦਾ ਹੈ।

ਔਰਤਾਂ ਦੀ ਫੈਸਲਾਕੁੰਨ ਭੂਮਿਕਾ

ਇਕ ਘਟਨਾ ਹੈ, ਜਿਸ ਦਾ ਜ਼ਿਕਰ ਮਲਿੰਡਾ ਗੇਟਸ ਨੇ ਆਪਣੀ ਕਿਤਾਬ ’ਚ ਕੀਤਾ ਹੈ, ਜੋ ਇਸ ਵਿਸ਼ੇ ਨੂੰ ਸਮਝਣ ਦੀ ਸਮਝ ਪੈਦਾ ਕਰਨ ਦੀ ਉਦਾਹਰਣ ਹੈ। ਭਾਰਤ ’ਚ ਆਪਣੀ ਫਾਊਂਡੇਸ਼ਨ ਦੇ ਪ੍ਰੋਗਰਾਮਾਂ ਦਾ ਜਾਇਜ਼ਾ ਲੈਣ ਦੌਰਾਨ ਉਹ ਗਰਭਵਤੀ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲੀ। ਇਕ ਬਜ਼ੁਰਗ ਔਰਤ ਨੇ ਕਿਹਾ ਕਿ ਉਸ ਨੇ 8 ਬੱਚਿਆਂ ਨੂੰ ਘਰ ਵਿਚ ਹੀ ਜਨਮ ਦਿੱਤਾ, ਜਿਨ੍ਹਾਂ ’ਚੋਂ 6 ਜਨਮ ਲੈਣ ਤੋਂ ਬਾਅਦ ਇਕ ਹਫਤੇ ਵਿਚ ਹੀ ਮਰ ਗਏ। ਹੁਣ ਉਸ ਦੀ ਨੂੰਹ ਗਰਭਵਤੀ ਹੈ ਅਤੇ ਉਹ ਚਾਹੁੰਦੀ ਹੈ ਕਿ ਨੂੰਹ ਨੂੰ ਜਣੇਪੇ ਦੇ ਸਮੇਂ ਹਰ ਕਿਸਮ ਦੀ ਸਹੂਲਤ ਮਿਲੇ ਅਤੇ ਨਹੀਂ ਚਾਹੁੰਦੀ ਕਿ ਉਹ ਦੁਬਾਰਾ ਗਰਭਵਤੀ ਹੋਵੇ ਅਤੇ ਉਸ ਦਾ ਜੀਵਨ ਵੀ ਮੇਰੀ ਤਰ੍ਹਾਂ, ਭਾਵ ਆਪਣੀ ਸੱਸ ਵਰਗਾ ਹੋ ਜਾਵੇ।

ਇਕ ਹੋਰ ਔਰਤ ਮੀਨਾ, ਜਿਸ ਨੇ ਦੋ ਹਫਤੇ ਪਹਿਲਾਂ ਇਕ ਲੜਕੇ ਨੂੰ ਜਨਮ ਦਿੱਤਾ ਸੀ। ਉਸ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਕੀ ਉਹ ਫਿਰ ਤੋਂ ਮਾਂ ਬਣੇਗੀ ਤਾਂ ਉਸ ਦਾ ਜਵਾਬ ਸੀ, ‘‘ਕਦੇ ਨਹੀਂ’’ ਅਤੇ ਨਾਲ ਇਹ ਵੀ ਜੋੜਿਆ ਕਿ ਉਹ (ਮਲਿੰਡਾ) ਇਸ ਨਵਜੰਮੇ ਬੱਚੇ ਨੂੰ ਆਪਣੇ ਨਾਲ ਲੈ ਜਾਵੇ ਅਤੇ ਨਾਲ ਹੀ ਉਸ ਦੇ 2 ਸਾਲ ਦੇ ਲੜਕੇ ਨੂੰ ਵੀ। ਇਸ ਦਾ ਕਾਰਣ ਇਹ ਦੱਸਿਆ ਕਿ ਉਹ ਨਹੀਂ ਜਾਣਦੀ ਕਿ ਉਹ ਇਨ੍ਹਾਂ ਦਾ ਪਾਲਣ-ਪੋਸ਼ਣ ਕਿਵੇਂ ਕਰੇਗੀ? ਉਸ ਦਾ ਪਤੀ ਮਜ਼ਦੂਰ ਹੈ ਅਤੇ ਉਹ ਵੀ, ਫਿਰ ਵੀ ਇੰਨਾ ਨਹੀਂ ਕਮਾ ਪਾਉਂਦੇ ਕਿ ਠੀਕ ਢੰਗ ਨਾਲ ਪੇਟ ਭਰ ਸਕਣ, ਤਾਂ ਫਿਰ ਬੱਚਿਆਂ ਦਾ ਪਾਲਣ-ਪੋਸ਼ਣ ਕਿਵੇਂ ਕਰ ਸਕਣਗੇ।

ਇਕ ਹੋਰ ਔਰਤ, ਜੋ ਅਨੇਕ ਵਾਰ ਮਾਂ ਬਣ ਚੁੱਕੀ ਸੀ ਅਤੇ ਫਿਰ ਤੋਂ ਇਕ ਬੱਚੇ ਨੂੰ ਜਨਮ ਦੇਣ ਵਾਲੀ ਸੀ, ਉਹ ਇਹ ਸੋਚ ਰਹੀ ਸੀ ਕਿ ਉਹ ਇੰਨੀ ਮਜਬੂਰ ਕਿਉਂ ਹੈ ਕਿ ਉਹ ਇਹ ਨਹੀਂ ਕਹਿ ਪਾਉਂਦੀ ਕਿ ਹੁਣ ਉਹ ਮਾਂ ਨਹੀਂ ਬਣਨਾ ਚਾਹੁੰਦੀ।

ਕੀ ਕੋਈ ਮਰਦ ਉਨ੍ਹਾਂ ਔਰਤਾਂ ਦੇ ਦਰਦ ਨੂੰ ਸਮਝ ਸਕਦਾ ਹੈ, ਜੋ ਆਪਣੇ ਬੱਚਿਆਂ ਨੂੰ ਕਿਸੇ ਹੋਰ ਨੂੰ ਦੇਣ ਲਈ ਤਿਆਰ ਹੋਣ, ਦੂਜਾ ਬੱਚਾ ਪੈਦਾ ਨਾ ਕਰਨਾ ਚਾਹੁਣ ਅਤੇ ਬੱਚੇ ਦਾ ਪਾਲਣ-ਪੋਸ਼ਣ ਕਰਨ ਅਤੇ ਉਸ ਦੇ ਭਵਿੱਖ ਬਾਰੇ ਕੋਈ ਵੀ ਫੈਸਲਾ ਲੈਣ ਦਾ ਅਧਿਕਾਰ ਸਿਰਫ ਉਨ੍ਹਾਂ ਦੇ ਪਤੀ, ਸਹੁਰੇ ਜਾਂ ਕਿਸੇ ਹੋਰ ਮਰਦ ਦੇ ਹੱਥ ’ਚ ਹੋਵੇ ਅਤੇ ਸਿਰ ਝੁਕਾ ਕੇ ਹਰ ਫੈਸਲਾ ਮੰਨ ਲੈਣ ਦੀ ਬੇਵਸੀ ਹੋਵੇ।

ਸੰਸਾਰ ਦੀ ਹਰ ਔਰਤ ਚਾਹੁੰਦੀ ਹੈ ਕਿ ਉਸ ਦੀ ਔਲਾਦ ਸਿਹਤਮੰਦ ਤੇ ਸੁਖੀ ਹੋਵੇ, ਖੂਬ ਪੜ੍ਹੇ-ਲਿਖੇ, ਆਪਣੇ ਆਪ ਨੂੰ ਯੋਗ ਬਣਾਏ, ਉਨ੍ਹਾਂ ਦੇ ਆਪਣੇ ਪਰਿਵਾਰ ਹੋਣ ਅਤੇ ਉਹ ਆਪਣੇ ਜੀਵਨ ਨੂੰ ਖੁਸ਼ੀਆਂ ਨਾਲ ਭਰਦੇ ਰਹਿਣ ਅਤੇ ਇਸ ਦੇ ਨਾਲ-ਨਾਲ ਉਹ ਖ਼ੁਦ ਵੀ ਸਰੀਰਕ ਤੇ ਮਾਨਸਿਕ ਤੌਰ ’ਤੇ ਸਿਹਤਮੰਦ ਹੋਣ ਅਤੇ ਆਪਣੇ ਆਪ ਨੂੰ ਸੁਰੱਖਿਅਤ ਇਸ ਰੂਪ ’ਚ ਸਮਝਣ ਕਿ ਉਨ੍ਹਾਂ ਨੂੰ ਇਹ ਫੈਸਲਾ ਕਰਨ ਦਾ ਅਧਿਕਾਰ ਹੋਵੇ ਕਿ ਉਨ੍ਹਾਂ ਨੇ ਕਦੋਂ ਮਾਂ ਬਣਨਾ ਹੈ। ਬਿਨਾਂ ਸੋਚੇ-ਸਮਝੇ ਗਰਭਵਤੀ ਹੋ ਜਾਣਾ ਔਰਤਾਂ ਲਈ ਘਾਤਕ, ਗੈਰ-ਸਨਮਾਨਜਨਕ, ਨਿਰਾਸ਼ਾ, ਹਨੇਰੇ ਭਵਿੱਖ ਦਾ ਕਾਰਣ ਹੈ ਅਤੇ ਤ੍ਰਾਸਦੀ ਇਹ ਹੈ ਕਿ ਇਸ ਦੇ ਲਈ ਉਨ੍ਹਾਂ ਦੇ ਪਤੀ ਜ਼ਿੰਮੇਵਾਰ ਹੁੰਦੇ ਹਨ ਅਤੇ ਉਹ ਇਸ ਦੇ ਲਈ ਪਤਨੀ ਨੂੰ ਹੀ ਦੋਸ਼ੀ ਮੰਨਦੇ ਹਨ।

ਸੀਮਤ ਪਰਿਵਾਰ ਅਤੇ ਸੰਜਮ

ਰਾਸ਼ਟਰਪਿਤਾ ਬਾਪੂ ਗਾਂਧੀ ਨੇ ਇਸ ਵਿਸ਼ੇ ’ਤੇ ਬਹੁਤ ਕੁਝ ਲਿਖਿਆ ਹੈ, ਜਿਸ ਦਾ ਸਿੱਟਾ ਇਹੀ ਹੈ ਕਿ ਸੰਜਮ ਤੋਂ ਬਿਨਾਂ ਆਬਾਦੀ ਨੂੰ ਵਧਣ ਤੋਂ ਰੋਕਣਾ ਅਸੰਭਵ ਹੈ। ਇਸ ਦਾ ਅਰਥ ਇਹੀ ਹੈ ਕਿ ਸਹਿਵਾਸ ਦੇ ਸਮੇਂ ਔਰਤ ਨੂੰ ਇਹ ਭਰੋਸਾ ਹੋਵੇ ਕਿ ਉਸ ਨੇ ਅਣਚਾਹਿਆ ਗਰਭ ਧਾਰਨ ਨਹੀਂ ਕਰਨਾ। ਪਤੀ ਨੂੰ ਆਪਣੀ ਸੋਚ ਬਦਲਣੀ ਹੋਵੇਗੀ ਕਿ ਉਹ ਜਦੋਂ ਚਾਹੇ ਇਹ ਕਿਰਿਆ ਕਰ ਸਕਦਾ ਹੈ। ਬਾਪੂ ਦੇ ਸਮੇਂ ’ਚ ਹੀ ਹਾਲਾਂਕਿ ਗਰਭ ਨਿਰੋਧਕ ਉਪਾਅ ਚਲਨ ’ਚ ਆ ਗਏ ਸਨ ਪਰ ਉਨ੍ਹਾਂ ਨੇ ਇਨ੍ਹਾਂ ਦੀ ਬਜਾਏ ਕੁਦਰਤੀ ਤੌਰ ’ਤੇ ਪਰਿਵਾਰ ਨੂੰ ਸੀਮਤ ਰੱਖਣ ਦਾ ਤਰੀਕਾ ‘ਸੰਜਮ ਅਪਣਾਉਣ’ ਉੱਤੇ ਹੀ ਜ਼ੋਰ ਦਿੱਤਾ ਸੀ। ਸੁਰੱਖਿਅਤ ਦਿਨਾਂ ’ਚ ਹੀ ਪਤੀ-ਪਤਨੀ ਸਹਿਵਾਸ ਕਰਨ ਅਤੇ ਉਦੋਂ ਤਕ ਔਲਾਦ ਦੀ ਕਾਮਨਾ ਨਾ ਕਰਨ, ਜਦੋਂ ਤਕ ਉਹ ਆਰਥਿਕ ਤੌਰ ’ਤੇ ਉਸ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਚੁੱਕਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਨਾ ਹੋ ਜਾਣ।

ਜਿਥੋਂ ਤਕ ਸਰਕਾਰ ਅਤੇ ਸਮਾਜ ਦੀ ਗੱਲ ਹੈ, ਤਾਂ ਇਸ ਦੇ ਲਈ ਸਭ ਤੋਂ ਪਹਿਲਾਂ ਜ਼ਰੂਰੀ ਇਹ ਹੈ ਕਿ ਹਰੇਕ ਗਰਭਵਤੀ ਔਰਤ ਦੇ ਸੁਰੱਖਿਅਤ ਜਣੇਪੇ ਦੀ ਵਿਵਸਥਾ ਹੋਵੇ ਅਤੇ ਇਸ ਦੇ ਲਈ ਕਾਫੀ ਗਿਣਤੀ ਵਿਚ ਸਿਹਤ ਕੇਂਦਰ, ਹਸਪਤਾਲ, ਨਰਸਿੰਗ ਹੋਮ ਅਤੇ ਆਧੁਨਿਕ ਮੈਡੀਕਲ ਵਿਗਿਆਨ ਦੀਆਂ ਸਹੂਲਤਾਂ ਮੁਹੱਈਆ ਹੋਣ। ਅਜਿਹਾ ਹੋਣ ’ਤੇ ਹੀ ਲੋਕ ਸੀਮਤ ਪਰਿਵਾਰ ਦੀ ਕਲਪਨਾ ਕਰ ਸਕਣਗੇ ਅਤੇ ਇਸ ਦੇ ਸੁਖਦਾਈ ਨਤੀਜਿਆਂ ਨੂੰ ਸਮਝ ਸਕਣਗੇ। ਉਨ੍ਹਾਂ ਦੀ ਸਮਝ ’ਚ ਆਉਣ ਲੱਗੇਗਾ ਕਿ ਜ਼ਿਆਦਾ ਆਬਾਦੀ ਹੀ ਅਕਾਲ, ਭੁੱਖ, ਗਰੀਬੀ ਅਤੇ ਪਰਿਵਾਰ ਦੇ ਖਿੰਡਣ ਦਾ ਮੂਲ ਕਾਰਣ ਹੈ। ਬਾਪੂ ਗਾਂਧੀ ਵਲੋਂ ਸੀਮਤ ਪਰਿਵਾਰ ਲਈ ਸੰਜਮ ਅਪਣਾਉਣ ਦੀ ਸਿੱਖਿਆ ਵੀ ਇਸੇ ਸਮਝ ’ਚੋਂ ਨਿਕਲੇਗੀ ਅਤੇ ਦੇਸ਼ ਵਧਦੀ ਆਬਾਦੀ ਦੀ ਸਮੱਸਿਆ ਨਾਲ ਨਜਿੱਠਣ ਦੇ ਸਮਰੱਥ ਹੋ ਸਕੇਗਾ।

ਸੰਜਮ ਅਤੇ ਗਰਭ ਨਿਰੋਧਕ

ਜਦੋਂ ਤਕ ਸੰਜਮ ਰੱਖਣ ਲਈ ਮਾਨਸਿਕ ਤੌਰ ’ਤੇ ਹਰੇਕ ਵਿਅਕਤੀ ਤਿਆਰ ਨਾ ਹੋ ਜਾਵੇ, ਉਦੋਂ ਤਕ ਗਰਭ ਨਿਰੋਧਕਾਂ ਦੀ ਵਿਆਪਕ ਵਰਤੋਂ ਅਤੇ ਉਨ੍ਹਾਂ ਦੀ ਪੂਰਤੀ ਲਈ ਜ਼ਰੂਰੀ ਵੰਡ ਵਿਵਸਥਾ ਹੋਵੇ। ਹੁਣ ਤਾਂ ਜੇਕਰ ਕੋਈ ਔਰਤ ਕਿਸੇ ਦੁਕਾਨ ਤੋਂ ਕੰਡੋਮ ਖਰੀਦਣਾ ਚਾਹੁੰਦੀ ਹੈ ਤਾਂ ਆਲੇ-ਦੁਆਲੇ ਦੇ ਦੂਜੇ ਗਾਹਕ ਅਤੇ ਦੁਕਾਨਦਾਰ ਤਕ ਵੀ ਝਿਜਕ ਦਿਖਾਉਂਦੇ ਹਨ। ਇਸ ਮਾਨਸਿਕਤਾ ਨੂੰ ਬਦਲਣ ਦੀ ਲੋੜ ਹੈ ਕਿ ਇਹ ਸਿਰਫ ਮਰਦ ਦੀ ਹੀ ਜ਼ਿੰਮੇਵਾਰੀ ਹੈ ਕਿ ਉਹ ਗਰਭ ਨਿਰੋਧਕ ਦੀ ਵਰਤੋਂ ਕਰੇ। ਸਰਕਾਰ ਵਲੋਂ ਘਰ-ਘਰ ਨਿਰੋਧ ਮੁਹੱਈਆ ਕਰਵਾਉਣ ਦੀ ਮੁਹਿੰਮ ਇਸ ਲਈ ਕਾਰਗਰ ਨਹੀਂ ਹੋਈ ਕਿਉਂਕਿ ਇਸ ਨੂੰ ਵੰਡਣ ਅਤੇ ਵਰਤਣ ਦੀ ਜ਼ਿੰਮੇਵਾਰੀ ਮਰਦ ਨੂੰ ਹੀ ਦੇ ਦਿੱਤੀ ਗਈ। ਔਰਤ ਲਈ ਇਸ ਨੂੰ ਜ਼ਰੂਰੀ ਨਹੀਂ ਸਮਝਿਆ ਗਿਆ ਕਿ ਉਹ ਇਸ ਦਾ ਮਹੱਤਵ ਸਮਝ ਕੇ ਖ਼ੁਦ ਇਸ ਦੀ ਵਰਤੋਂ ਕਰਨ ਦੀ ਪਹਿਲ ਕਰੇ।

ਇਹ ਸਮਝਣਾ ਵੀ ਜ਼ਰੂਰੀ ਹੈ ਕਿ ਸੀਮਤ ਪਰਿਵਾਰ ਦੀ ਕਲਪਨਾ ਨੂੰ ਸਾਕਾਰ ਕਰਨ ’ਚ ਧਰਮ ਅਤੇ ਧਾਰਮਿਕ ਸੰਗਠਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਅਕਸਰ ਇਹ ਕਹਿ ਕੇ ਮੂੰਹ ਮੋੜ ਲਿਆ ਜਾਂਦਾ ਹੈ ਕਿ ਬੱਚੇ ਤਾਂ ਰੱਬ ਦੀ ਦੇਣ ਹਨ ਜਾਂ ਅੱਲ੍ਹਾ ਦੀ ਮਰਜ਼ੀ ਹੈ ਜਾਂ ਈਸਾ ਮਸੀਹ ਦਾ ਵਰਦਾਨ ਹੈ।

ਇਸ ਨੂੰ ਧਰਮ ਦੇ ਹਵਾਲੇ ਨਾਲ ਕਹਿ ਦਿੱਤਾ ਜਾਂਦਾ ਹੈ ਕਿ ਔਰਤ ਸਿਰਫ ਪੇਟ ਹੀ ਨਹੀਂ, ਸਗੋਂ ਕੰਮ ਕਰਨ ਲਈ ਹੱਥ-ਪੈਰ ਅਤੇ ਦਿਮਾਗ ਲੈ ਕੇ ਵੀ ਪੈਦਾ ਹੁੰਦੀ ਹੈ। ਇਸ ਲਈ ਪਰਿਵਾਰ ਦੀ ਹੱਦ ਬੰਨ੍ਹਣ ਦੀ ਕੀ ਲੋੜ ਹੈ?

ਧਰਮ ਭਾਵੇਂ ਕੋਈ ਵੀ ਹੋਵੇ, ਉਹ ਜੀਵਨ ਦੀ ਇਕ ਸ਼ੈਲੀ ਹੈ, ਜਿਊਣ ਦਾ ਤਰੀਕਾ ਹੈ, ਸੁਖੀ ਅਤੇ ਖੁਸ਼ਹਾਲ ਬਣਨ ਦਾ ਵਿਧਾਨ ਹੈ। ਉਸ ’ਚ ਪਰਿਵਾਰ ਨਿਯੋਜਿਤ ਕਰਨ ਨੂੰ ਧਰਮ ਦੇ ਵਿਰੁੱਧ ਆਚਰਣ ਕਿਤੇ ਨਹੀਂ ਆਉਂਦਾ। ਸੱਚ ਤਾਂ ਇਹ ਹੈ ਕਿ ਸੀਮਤ ਪਰਿਵਾਰ ਹੋਣ ’ਤੇ ਹੀ ਧਰਮ ਅਤੇ ਧਾਰਮਿਕ ਨਿਯਮਾਂ ਦੀ ਪਾਲਣਾ ਹੋ ਸਕਦੀ ਹੈ। ਇਸ ਦੇ ਲਈ ਧਾਰਮਿਕ ਪ੍ਰਵਚਨਾਂ ’ਚ ਧਰਮ ਦੇ ਉਪਦੇਸ਼ਕਾਂ ਨੂੰ ਸੀਮਤ ਪਰਿਵਾਰ ਦੇ ਮਹੱਤਵ ’ਤੇ ਬਲ ਦੇਣਾ ਹੋਵੇਗਾ।

ਕੀ ਹੋਣਾ ਚਾਹੀਦਾ ਹੈ?

ਸਭ ਤੋਂ ਪਹਿਲਾਂ ਤਾਂ ਸਰਕਾਰ ਨੂੰ ਸੀਮਤ ਪਰਿਵਾਰ ਦੀ ਯੋਜਨਾ ਬਣਾਉਣ ਦਾ ਕੰਮ ਸਿਰਫ ਔਰਤਾਂ ਦੀ ਹਿੱਸੇਦਾਰੀ ਨਾਲ ਪੂਰਾ ਕਰਨ ਦੀ ਵਿਵਸਥਾ ਕਰਨੀ ਹੋਵੇਗੀ ਅਤੇ ਇਸ ਨੂੰ ਔਰਤਾਂ ਦੇ ਅਧਿਕਾਰ ਖੇਤਰ ’ਚ ਲਿਆਉਣਾ ਹੋਵੇਗਾ ਕਿ ਉਹ ਤੈਅ ਕਰਨ ਕਿ ਕਿਵੇਂ ਇਸ ਮੁਹਿੰਮ ਨੂੰ ਸਫਲ ਬਣਾਇਆ ਜਾ ਸਕਦਾ ਹੈ। ਹੁਣ ਤਕ ਆਬਾਦੀ ਕੰਟਰੋਲ ਲਈ ਮਰਦ ਹੀ ਜ਼ਿਆਦਾਤਰ ਯੋਜਨਾਵਾਂ ਬਣਾਉਂਦੇ ਆਏ ਹਨ, ਜਦਕਿ ਸੁਖੀ ਪਰਿਵਾਰ ਦੀ ਕਲਪਨਾ ਨੂੰ ਸਾਕਾਰ ਕਰਨ ਦੀ ਜ਼ਿੰਮੇਵਾਰੀ ਔਰਤਾਂ ਦੀ ਹੈ, ਤਾਂ ਫਿਰ ਇਸ ਦੇ ਲਈ ਮਰਦ ਹੀ ਕਿਉਂ ਯੋਜਨਾਵਾਂ ਬਣਾਉਣ।

ਪ੍ਰਧਾਨ ਮੰਤਰੀ ਜੀ, ਇਕ ਸੀਮਤ ਪਰਿਵਾਰ ਮੰਤਰਾਲੇ ਦਾ ਗਠਨ ਕਰ ਦਿਓ, ਜਿਸ ’ਚ ਮੰਤਰੀ ਤੋਂ ਲੈ ਕੇ ਸੰਤਰੀ ਤਕ ਔਰਤਾਂ ਹੋਣ ਅਤੇ ਫਿਰ ਦੇਖੋ ਕਿ ਆਬਾਦੀ ’ਤੇ ਕਿੰਨੀ ਸਫਲਤਾ ਨਾਲ ਕੰਟਰੋਲ ਹੁੰਦਾ ਹੈ, ਨਹੀਂ ਤਾਂ ਡਰ ਇਹੋ ਹੈ ਕਿ ਇਤਿਹਾਸ ਆਪਣੇ ਆਪ ਨੂੰ ਫਿਰ ਤੋਂ ਨਾ ਦੁਹਰਾਅ ਲਵੇ, ਆਬਾਦੀ ਵਧਣ ਤੋਂ ਰੁਕਣੀ ਤਾਂ ਦੂਰ, ਉਸ ਦੀ ਰਫਤਾਰ ਹੋਰ ਤੇਜ਼ ਹੋ ਜਾਵੇਗੀ।

(pooranchandsarin@gmail.com)

Bharat Thapa

This news is Content Editor Bharat Thapa