ਪਲਾਸਟਿਕ : ਬਿਹਾਰ ਤੋਂ ਸਿੱਖੇ ਪੂਰਾ ਭਾਰਤ

10/19/2021 3:51:52 AM

ਡਾ. ਵੇਦਪ੍ਰਤਾਪ ਵੈਦਿਕ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕੁਝ ਅਜਿਹੇ ਹਿੰਮਤੀ ਕਦਮ ਚੁੱਕੇ ਹਨ ਜਿਨ੍ਹਾਂ ਦੀ ਰੀਸ ਦੇਸ਼ ਦੇ ਸਭ ਮੁੱਖ ਮੰਤਰੀਆਂ ਨੂੰ ਕਰਨੀ ਚਾਹੀਦੀ ਹੈ। ਉਨ੍ਹਾਂ ਕਦਮਾਂ ਨੂੰ ਦੱਖਣੀ ਏਸ਼ੀਆ ਅਤੇ ਕੇਂਦਰੀ ਏਸ਼ੀਆ ਦੇ ਗੁਆਂਢੀ ਦੇਸ਼ ਵੀ ਉਠਾ ਲੈਣ ਤਾਂ ਸਾਡੇ ਸਭ ਇਨ੍ਹਾਂ ਦੇਸ਼ਾਂ ਦੀ ਅਰਥਵਿਵਸਥਾ ਅਤੇ ਸਿਹਤ ਸੇਵਾਵਾਂ ’ਚ ਬੇਮਿਸਾਲ ਸੁਧਾਰ ਹੋ ਸਕਦਾ ਹੈ।

ਲਗਭਗ 5 ਸਾਲ ਪਹਿਲਾਂ ਨਿਤੀਸ਼ ਕੁਮਾਰ ਨੇ ਬਿਹਾਰ ’ਚ ਸ਼ਰਾਬਬੰਦੀ ਲਾਗੂ ਕੀਤੀ ਸੀ। ਉਨ੍ਹਾਂ ਦਿਨਾਂ ’ਚ ਮੈਂ ਚੰਪਾਰਨ ’ਚ ਗਾਂਧੀ ਸੱਤਿਆਗ੍ਰਹਿ ਦੇ ਸ਼ਤਾਬਦੀ ਸਮਾਰੋਹ ਤੋਂ ਵਾਪਸ ਆਉਂਦੇ ਸਮੇਂ ਉਨ੍ਹਾਂ ਨੂੰ ਪਟਨਾ ’ਚ ਮਿਲਿਆ ਸੀ। ਮੈਂ ਨਿਤੀਸ਼ ਕੁਮਾਰ ਨੂੰ ਕਿਹਾ ਕਿ ਤੁਸੀਂ ਬਿਹਾਰ ਦੇ ਪਿੰਡਾਂ ਅਤੇ ਕਸਬਿਆਂ ’ਚ ਤਾਂ ਸ਼ਰਾਬਬੰਦੀ ਕਰ ਦਿੱਤੀ ਹੈ ਪਰ ਪਟਨਾ ਦੇ ਵੱਡੇ ਹੋਟਲਾਂ ਨੂੰ ਛੋਟ ਕਿਉਂ ਦਿੱਤੀ ਹੋਈ ਹੈ। ਹੁਣ ਪਿੰਡਾਂ ਦੇ ਲੋਕ ਸ਼ਰਾਬ ਲਈ ਪਟਨਾ ਆਉਣਗੇ ਅਤੇ ਉਨ੍ਹਾਂ ਦੀਆਂ ਜੇਬਾਂ ਵਧੇਰੇ ਕੱਟੀਆਂ ਜਾਣਗੀਆਂ। ਨਿਤੀਸ਼ ਜੀ ਨੇ ਤੁਰੰਤ ਅਧਿਕਾਰੀਆਂ ਨੂੰ ਸੱਧ ਕੇ ਮੇਰੇ ਸਾਹਮਣੇ ਹੀ ਪੂਰਨ ਸ਼ਰਾਬਬੰਦੀ ਦੇ ਹੁਕਮ ਜਾਰੀ ਕਰਵਾ ਦਿੱਤੇ।

ਹੁਣ ਨਿਤੀਸ਼ ਕੁਮਾਰ ਨੇ ਇਕ ਹੋਰ ਕਮਾਲ ਦਾ ਫੈਸਲਾ ਕੀਤਾ ਹੈ। ਉਨ੍ਹਾਂ ਬਿਹਾਰ ’ਚ 14 ਦਸੰਬਰ 2021 ਤੋਂ ਪਲਾਸਟਿਕ-ਥਰਮੋਕੋਲ ਦੇ ਉਤਪਾਦਨ, ਉਨ੍ਹਾਂ ਦਾ ਭੰਡਾਰ ਕਰਨ ਅਤੇ ਖਰੀਦਣ, ਵੇਚਣ ਅਤੇ ਵਰਤੋਂ ’ਤੇ ਮੁਕੰਮਲ ਪਾਬੰਦੀ ਲਾ ਦਿੱਤੀ ਹੈ। ਜਿਹੜਾ ਇਸ ਪਾਬੰਦੀ ਦੀ ਉਲੰਘਣਾ ਕਰੇਗਾ, ਉਸ ਨੂੰ 5 ਲੱਖ ਰੁਪਏ ਜੁਰਮਾਨਾ ਹੋਵੇਗਾ ਜਾਂ ਇਕ ਸਾਲ ਦੀ ਸਜ਼ਾ ਜਾਂ ਦੋਵੇਂ ਇਕੱਠੇ ਹੋਣਗੇ।

ਉਕਤ ਐਲਾਨ ਜੂਨ ’ਚ ਹੋਇਆ ਸੀ। ਦੇਖੋ, ਇਸ ਦਾ ਕਿੰਨਾ ਜ਼ਬਰਦਸਤ ਅਸਰ ਹੋਇਆ ਹੈ। ਅਜੇ 5 ਮਹੀਨੇ ਵੀ ਨਹੀਂ ਬੀਤੇ ਹਨ ਕਿ ਪਲਾਸਟਿਕ ਦੀਆਂ ਵਸਤਾਂ ਦਾ ਉਤਪਾਦਨ 70 ਫੀਸਦੀ ਘੱਟ ਗਿਆ ਹੈ। ਬਿਹਾਰ ਦੇ ਜਿਹੜੇ 70 ਹਜ਼ਾਰ ਉਤਪਾਦਕ ਪਲਾਸਟਿਕ ਦੇ ਲਿਫਾਫੇ, ਕੌਲੀਆਂ, ਪਲੇਟਾਂ, ਝੰਡੇ, ਪਰਦੇ ਅਤੇ ਪੁੜੀਆਂ ਆਦਿ ਬਣਾਉਂਦੇ ਸਨ, ਉਨ੍ਹਾਂ ਦੀ ਗਿਣਤੀ ਘੱਟ ਕੇ ਹੁਣ ਸਿਰਫ 20 ਹਜ਼ਾਰ ਰਹਿ ਗਈ ਹੈ।

ਲਗਭਗ 15 ਹਜ਼ਾਰ ਵਪਾਰੀਆਂ ਨੇ ਹੁਣ ਕਾਗਜ਼, ਗੱਤੇ ਅਤੇ ਪੱਤਿਆਂ ਦੇ ਡੂਨੇ, ਪਲੇਟਾਂ-ਕੌਲੀਆਂ ਆਦਿ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਹਨ। ਅਗਲੇ ਦੋ ਮਹੀਨਿਆਂ ’ਚ ਹੋ ਸਕਦਾ ਹੈ ਬਿਹਾਰ ਪਲਾਸਟਿਕ ਮੁਕਤ ਹੀ ਹੋ ਜਾਏ। ਲੋਕ ਪਲਾਸਟਿਕ ਦੇ ਲਿਫਾਫਿਆਂ ਦੀ ਥਾਂ ਕਾਗਜ਼ ਅਤੇ ਕੱਪੜਿਆਂ ਦੇ ਲਿਫਾਫੇ ਵਰਤਣਾ ਸ਼ੁਰੂ ਕਰ ਦੇਣਗੇ। ਹੁਣ ਤੋਂ 40-50 ਸਾਲ ਪਹਿਲਾਂ ਲੋਕ ਇੰਝ ਹੀ ਕਰਦੇ ਸਨ। ਪਲਾਸਟਿਕ ਦੀਆਂ ਬੋਤਲਾਂ, ਕਿਤਾਬਾਂ ਅਤੇ ਕੱਪ-ਪਲੇਟਾਂ ਦੀ ਥਾਂ ਹੁਣ ਮਿੱਟੀ ਅਤੇ ਕਾਗਜ਼ ਨਾਲ ਬਣੇ ਬਰਤਨਾਂ ਦੀ ਵਰਤੋਂ ਹੋਣ ਲੱਗੇਗੀ।

ਇਸ ਨਵੀਂ ਮੁਹਿੰਮ ਕਾਰਨ ਸਾਡੇ ਲੱਖਾਂ ਘੁਮਿਆਰਾਂ, ਜੁਲਾਹਿਆਂ ਅਤੇ ਦਰਜੀਆਂ ਦੇ ਲਘੂ ਉਦਯੋਗ ਮੁੜ ਤੋਂ ਸਰਗਰਮ ਹੋ ਜਾਣਗੇ। ਲੋਕਾਂ ਦਾ ਰੁਜ਼ਗਾਰ ਵਧੇਗਾ। ਫੈਕਟਰੀਆਂ ਜ਼ਰੂਰ ਬੰਦ ਹੋਣਗੀਆਂ ਪਰ ਉਹ ਆਪਣੇ ਲਈ ਨਵੀਆਂ ਵਸਤਾਂ ਬਣਾਉਣ ਦੀ ਤਕਨੀਕ ਲੱਭ ਲੈਣਗੀਆਂ। ਸਭ ਤੋਂ ਵੱਡਾ ਲਾਭ ਭਾਰਤ ਦੇ ਲੋਕਾਂ ਨੂੰ ਇਹ ਹੋਵੇਗਾ ਕਿ ਉਹ ਕੈਂਸਰ, ਲਿਵਰ, ਕਿਡਨੀ ਅਤੇ ਦਿਲ ਦੇ ਰੋਗ ਵਰਗੀਆਂ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋਣ ਤੋਂ ਬਚ ਜਾਣਗੇ।

ਪਲਾਸਟਿਕ ਦੇ ਕਰੋੜਾਂ ਲਿਫਾਫੇ ਸਮੁੰਦਰ ’ਚ ਇਕੱਠੇ ਹੋ ਕੇ ਜੀਵ-ਜੰਤੂਆਂ ਨੂੰ ਤਾਂ ਮਾਰਦੇ ਹੀ ਹਨ, ਉਨ੍ਹਾਂ ਦੇ ਸੜਣ ਨਾਲ ਸਾਡਾ ਹਵਾ ਮੰਡਲ ਵੀ ਜ਼ਹਿਰੀਲਾ ਹੋ ਜਾਂਦਾ ਹੈ। ਸਰਕਾਰਾਂ ਬਿਹਾਰ ਦੇ ਰਾਹ ਨੂੰ ਆਪਣਾ ਰਾਹ ਜ਼ਰੂਰ ਬਣਾਉਣ ਪਰ ਉਸ ਤੋਂ ਵਧ ਜ਼ਰੂਰੀ ਇਹ ਹੈ ਕਿ ਭਾਰਤ ਦੇ ਆਮ ਲੋਕ ਪਲਾਸਟਿਕ ਦੀਆਂ ਵਸਤਾਂ ਦੀ ਵਰਤੋਂ ਖੁਦ ਹੀ ਬੰਦ ਕਰ ਦੇਣ ਤਾਂ ਉਨ੍ਹਾਂ ਵਿਰੁੱਧ ਕਾਨੂੰਨ ਬਣੇ ਜਾਂ ਨਾ ਬਣੇ, ਭਾਰਤ ਪਲਾਸਟਿਕ ਮੁਕਤ ਹੋ ਹੀ ਸਕਦਾ ਹੈ।

Bharat Thapa

This news is Content Editor Bharat Thapa