ਹਿੰਦੂਤਵ ਵਿਰੋਧੀ, ਭ੍ਰਿਸ਼ਟ ਨੌਕਰਸ਼ਾਹੀ ਵਾਲੀ ਰਘੁਵਰ ਸਰਕਾਰ ’ਤੇ ਚੱਲਿਆ ਜਨਤਾ ਦਾ ਬੁਲਡੋਜ਼ਰ

12/24/2019 1:42:37 AM

ਵਿਸ਼ਨੂੰ ਗੁਪਤ

ਭਾਜਪਾ ਨੂੰ ਸੂਬਿਆਂ ’ਚ ਧੱਕੇ ’ਤੇ ਧੱਕਾ, ਇਕ ਹੋਰ ਧੱਕਾ। ਹੁਣ ਤਕ 7 ਸੂਬਿਆਂ ’ਚ ਧੱਕੇ ਲੱਗੇ ਹਨ। ਹੁਣ ਤਕ 7 ਸੂਬਿਆਂ ’ਚ ਭਾਜਪਾ ਦੀਆਂ ਸਰਕਾਰਾਂ ਹੋਈਆਂ ਦਫਨ। ਝਾਰਖੰਡ ’ਚ ਵੀ ਭਾਜਪਾ ਨੂੰ ਜਨਤਾ ਨੇ ਸੱਤਾ ਤੋਂ ਬਾਹਰ ਕਰ ਕੇ ਧੱਕਾ ਦਿੱਤਾ ਹੈ, ਸਬਕ ਸਿਖਾਇਆ ਹੈ। ਝਾਰਖੰਡ ’ਚ ਵੀ ਭਾਜਪਾ ਦੀ ਹਾਰ ਲਈ ਉਹੀ ਕਾਰਣ ਸਨ, ਜੋ ਕਾਰਣ ਮੱਧ ਪ੍ਰਦੇਸ਼ ’ਚ ਸਨ, ਜੋ ਕਾਰਣ ਛੱਤੀਸਗੜ੍ਹ ’ਚ ਸਨ, ਜੋ ਕਾਰਣ ਰਾਜਸਥਾਨ ’ਚ ਸਨ, ਭਾਵ ਕਿ ਸੂਬਾਈ ਭਾਜਪਾ ਸਰਕਾਰਾਂ ਦਾ ਨਿਰੰਕੁਸ਼ ਹੋ ਜਾਣਾ, ਅਤਿ-ਸੈਕੁਲਰ ਹੋ ਜਾਣਾ, ਪ੍ਰੋਫੈਸ਼ਨਲ ਟਾਈਪ ਦੇ ਲੋਕਾਂ ਦੀ ਸਰਕਾਰ ਬਣ ਕੇ ਰਹਿ ਜਾਣਾ, ਆਪਣੇ ਹਿੰਦੂਤਵ ਦੇ ਏਜੰਡੇ ਨੂੰ ਲੱਤ ਮਾਰ ਕੇ ਚੱਲਣਾ, ਭ੍ਰਿਸ਼ਟ ਨੌਕਰਸ਼ਾਹਾਂ ਨੂੰ ਸਿਰ ’ਤੇ ਬਿਠਾ ਕੇ ਰੱਖਣਾ, ਨੌਕਰਸ਼ਾਹੀ ਵਿਰੁੱਧ ਬੋਲਣ ਵਾਲੇ ਆਪਣੇ ਹੀ ਵਰਕਰਾਂ ਨੂੰ ਜੇਲ ’ਚ ਡੱਕ ਦੇਣਾ, ਆਪਣੇ ਹੀ ਸੰਗਠਨਾਂ ਦੇ ਲੋਕਾਂ ਦਾ ਪੁਲਸ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਤਸ਼ੱਦਦ ਕਰਵਾਉਣਾ ਆਦਿ ਅਜਿਹੇ ਕਾਰਣ ਰਹੇ ਹਨ, ਜਿਸ ਨਾਲ ਭਾਜਪਾ ਦੀ ਝਾਰਖੰਡ ਸਰਕਾਰ ਨੂੰ ਜਨਤਾ ਨੇ ਖਾਰਿਜ ਕਰਨ ਦਾ ਕੰਮ ਕੀਤਾ।

ਇਹ ਵਾਰ-ਵਾਰ ਸਵਾਲ ਉੱਠਦਾ ਹੈ ਕਿ ਭਾਜਪਾ ਦੀ ਉੱਚ ਲੀਡਰਸ਼ਿਪ ਆਪਣੀਆਂ ਸੂਬਾਈ ਸਰਕਾਰਾਂ ਨੂੰ ਅਤਿ-ਸੈਕੁਲਰ ਕਿਵੇਂ ਬਣਨ ਦਿੰਦੀ ਹੈ, ਆਪਣੇ ਵੋਟ ਬੈਂਕ ਹਿੰਦੂਤਵ ਨੂੰ ਲੱਤ ਮਾਰਨ ਦੀ ਆਜ਼ਾਦੀ ਕਿਵੇਂ ਦਿੰਦੀ ਹੈ, ਆਪਣੇ ਹੀ ਵੱਖ-ਵੱਖ ਖੇਤਰਾਂ ਦੇ ਵਰਕਰਾਂ ’ਤੇ ਪੁਲਸ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਤਸ਼ੱਦਦ ਕਰਵਾਉਣ ਦੀ ਆਜ਼ਾਦੀ ਕਿਵੇਂ ਦਿੰਦੀ ਹੈ, ਭ੍ਰਿਸ਼ਟ ਨੌਕਰਸ਼ਾਹੀ ਨੂੂੰ ਗਲੇ ਲਾਉਣ ਲਈ ਕਿਵੇਂ ਛੱਡ ਦਿੰਦੀ ਹੈ, ਨੌਕਰਸ਼ਾਹੀ-ਕਰਮਚਾਰੀ ਨੂੰ ਜਨਤਾ ’ਤੇ ਤਸ਼ੱਦਦ ਕਰਨ ਅਤੇ ਰਿਸ਼ਵਤਖੋਰੀ ਕਰਨ ਲਈ ਕਿਵੇਂ ਛੱਡ ਦਿੰਦੀ ਹੈ? ਜਦੋਂ ਤਕ ਉਕਤ ਸਵਾਲਾਂ ਦਾ ਭਾਜਪਾ ਦੀ ਉੱਚ ਲੀਡਰਸ਼ਿਪ ਹੱਲ ਨਹੀਂ ਕੱਢਦੀ, ਉਦੋਂ ਤਕ ਸੂਬਿਆਂ ਤੋਂ ਭਾਜਪਾ ਦੀਆਂ ਸਰਕਾਰਾਂ ਇਸੇ ਤਰ੍ਹਾਂ ਦਫਨ ਹੁੰਦੀਆਂ ਰਹਿਣਗੀਆਂ। ਸਿਰਫ ਸਰਕਾਰਾਂ ਹੀ ਦਫਨ ਨਹੀਂ ਹੁੰਦੀਆਂ ਹਨ, ਸਗੋਂ ਪਾਰਟੀ ਸੰਗਠਨ ਵੀ ਕਮਜ਼ੋਰ ਹੁੰਦਾ ਹੈ, ਵਰਕਰਾਂ ਦਾ ਮਨੋਬਲ ਵੀ ਟੁੱਟਦਾ ਹੈ। ਸਮਰਥਕ ਵਰਗ ਵੀ ਗੁੱਸੇ ਵਿਚ ਆ ਕੇ ਦੂਸਰੀਆਂ ਪਾਰਟੀਆਂ ਵੱਲ ਚਲਾ ਜਾਂਦਾ ਹੈ। ਝਾਰਖੰਡ ਵਿਧਾਨ ਸਭਾ ਚੋਣਾਂ ’ਚ ਇਹ ਦੇਖਿਆ ਗਿਆ ਕਿ ਭਾਜਪਾ ਦਾ ਰਸਮੀ ਸਮਰਥਕ ਵਰਗ ਵੀ ਦੂਸਰੀਆਂ ਪਾਰਟੀਆਂ ਵੱਲ ਜਾਂਦੇ ਹੋਏ ਸਪੱਸ਼ਟ ਤੌਰ ’ਤੇ ਦੇਖਿਆ ਜਾ ਰਿਹਾ ਸੀ ਪਰ ਇਹ ਦੇਖਣ ਦੀ ਨਜ਼ਰ ਭਾਜਪਾ ਅਤੇ ਸੰਘ ਪਰਿਵਾਰ ’ਚ ਪੇਟ ਅਤੇ ਪਰਿਵਾਰ ਪਾਲਣ ਵਾਲਿਆਂ ਕੋਲ ਸੀ ਹੀ ਨਹੀਂ।

ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਹੁਣ ਆਪਣੀ ਇਹ ਗਲਤਫਹਿਮੀ ਵੀ ਤੋੜ ਲੈਣੀ ਚਾਹੀਦੀ ਹੈ ਕਿ ਉਹ ਆਪਣੇ ਬਲ ’ਤੇ ਸੂਬਾਈ ਸਰਕਾਰਾਂ ਦੇ ਖੋਰੇ ਨੂੰ ਰੋਕ ਦੇਣਗੇ। ਸੂਬਾਈ ਸਰਕਾਰਾਂ ਦੀ ਅਰਾਜਕਤਾ ਨੂੰ ਰਾਜਕਤਾ ਵਿਚ ਬਦਲ ਦੇਣਗੇ, ਜਨਤਾ ਦੇ ਗੁੱਸੇ ਨੂੰ ਖੁਸ਼ੀ ਵਿਚ ਬਦਲ ਦੇਣਗੇ? ਜੇਕਰ ਅਜਿਹਾ ਹੋਇਆ ਹੁੰਦਾ ਤਾਂ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀਆਂ ਜ਼ੋਰਦਾਰ ਚੋਣ ਮੁਹਿੰਮਾਂ ਅਤੇ ਚੋਣ ਭਾਸ਼ਣਾਂ ਤੋਂ ਬਾਅਦ ਵੀ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਦੀਆਂ ਭਾਜਪਾ ਸਰਕਾਰਾਂ ਦਫਨ ਨਾ ਹੁੰਦੀਆਂ? ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਚੋਣ ਯਤਨਾਂ ਤੋਂ ਬਾਅਦ ਵੀ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਵਿਚ ਭਾਜਪਾ ਸਰਕਾਰਾਂ ਫਿਰ ਤੋਂ ਵਾਪਿਸ ਨਹੀਂ ਆ ਸਕੀਆਂ ਸਨ। ਹਰਿਆਣਾ ਵਿਚ ਕੀ ਹੋਇਆ, ਇਹ ਦੇਖ ਲਓ। ਹਰਿਆਣਾ ਵਿਚ ਵੀ ਭਾਜਪਾ ਬਹੁਮਤ ਤੋਂ ਦੂਰ ਹੋ ਗਈ ਸੀ। ਸਰਕਾਰ ਬਣਾਉਣ ਲਈ ਨਵੇਂ ਦਲ ਸਾਹਮਣੇ ਨਾ ਸਿਰਫ ਭਾਜਪਾ ਨੂੰ ਝੁਕਣਾ ਪਿਆ ਸੀ, ਸਗੋਂ ਇਹ ਕਹਿਣਾ ਸਹੀ ਹੋਵੇਗਾ ਕਿ ਉਸ ਨਵੇਂ ਦਲ ਸਾਹਮਣੇ ਝੁਕ ਕੇ ਅਪੀਲ ਵੀ ਕਰਨੀ ਪਈ ਸੀ, ਫਿਰ ਕਿਤੇ ਜਾ ਕੇ ਹਰਿਆਣਾ ਵਿਚ ਗੱਠਜੋੜ ਸਰਕਾਰ ਦੀ ਅਗਵਾਈ ਕਰਨ ਦਾ ਮੌਕਾ ਭਾਜਪਾ ਨੂੰ ਮਿਲਿਆ ਸੀ। ਮਹਾਰਾਸ਼ਟਰ ਵਿਚ ਲਗਾਤਾਰ 5 ਸਾਲ ਸ਼ਿਵ ਸੈਨਾ ਦੀਆਂ ਗਾਲ੍ਹਾਂ ਸੁਣਨ ਤੋਂ ਬਾਅਦ ਵੀ ਭਾਜਪਾ ਦੀ ਵੀਰਤਾ ਨਹੀਂ ਜਾਗੀ ਸੀ, ਦੇਵੇਂਦਰ ਫੜਨਵੀਸ ਲਈ ਊਧਵ ਠਾਕਰੇ ਮਿੱਤਰ ਬਣੇ ਰਹੇ, ਮਹਾਰਾਸ਼ਟਰ ਵਿਚ ਕੀ ਮਿਲਿਆ, ਕੀ ਇਹ ਦੱਸਣ ਦੀ ਲੋੜ ਹੈ?

ਮੋਦੀ ਅਤੇ ਸ਼ਾਹ ਨੇ ਰਘੁਵਰ ਸਰਕਾਰ ਦੀ ਅਰਾਜਕਤਾ, ਰਿਸ਼ਵਤਖੋਰੀ, ਪੁਲਸ-ਪ੍ਰਸ਼ਾਸਨਿਕ ਅੱਤਿਆਚਾਰ, ਉਦਯੋਗਿਕ ਅਤੇ ਕਾਰਪੋਰੇਟ ਪ੍ਰੇਮ ਤੋਂ ਉਪਜੀ ਜਨਤਾ ਦੀ ਨਾਰਾਜ਼ਗੀ ਨੂੰ ਦੂਰ ਕਰਨ ਲਈ ਵੱਡੀ ਕੋਸ਼ਿਸ਼ ਕੀਤੀ ਸੀ। ਅੰਕੜੇ ਕਹਿੰਦੇ ਹਨ ਕਿ ਝਾਰਖੰਡ ਵਿਧਾਨ ਸਭਾ ਚੋਣਾਂ ਦੌਰਾਨ ਮੋਦੀ ਅਤੇ ਸ਼ਾਹ ਨੇ 81 ਸੀਟਾਂ ’ਚੋਂ 60 ਸੀਟਾਂ ’ਤੇ ਪ੍ਰਚਾਰ ਕਵਰ ਕੀਤੇ ਸਨ। ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਇੰਨੀਆਂ ਵੱਡੀਆਂ-ਵੱਡੀਆਂ ਸਭਾਵਾਂ ਕਰ ਕੇ ਵੀ ਅਸਫਲ ਸਾਬਿਤ ਹੋਏ ਤਾਂ ਇਹ ਅਨੁਮਾਨ ਲਾਉਣਾ ਗਲਤ ਨਹੀਂ ਹੋਵੇਗਾ ਕਿ ਝਾਰਖੰਡ ਦੀ ਸੂਬਾਈ ਸਰਕਾਰ ਦੇ ਮੁੱਖ ਮੰਤਰੀ ਰਘੁਵਰ ਦਾਸ ਕਿੰਨੇ ਅਰਾਜਕ, ਕਿੰਨੇ ਅਸਫਲ ਅਤੇ ਕਿੰਨੇ ਜਨਤਾ ਵਿਰੋਧੀ ਸਨ? ਸਿਰਫ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀਆਂ ਚੋਣ ਸਭਾਵਾਂ ਦੀ ਹੀ ਗੱਲ ਨਹੀਂ ਸੀ, ਸਗੋਂ ਭਾਜਪਾ ਦੇ ਕਾਰਜਕਾਰੀ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਡਾ ਸਮੇਤ 40 ਤੋਂ ਵੱਧ ਸਟਾਰ ਪ੍ਰਚਾਰਕ ਸਨ, ਜਦਕਿ ਕਾਂਗਰਸ ਅਤੇ ਝਾਰਖੰਡ ਮੁਕਤੀ ਮੋਰਚਾ ਅਤੇ ਰਾਜਦ ਦੇ ਸਟਾਰ ਪ੍ਰਚਾਰਕਾਂ ਦੀ ਗਿਣਤੀ ਬਹੁਤ ਹੀ ਸੀਮਤ ਸੀ। ਝਾਰਖੰਡ ਮੁਕਤੀ ਮੋਰਚੇ ਵਲੋਂ ਤਾਂ ਸਿਰਫ ਮੁੱਖ ਮੰਤਰੀ ਦੇ ਉਮੀਦਵਾਰ ਹੇਮੰਤ ਸੋਰੇਨ ਹੀ ਸਟਾਰ ਪ੍ਰਚਾਰਕ ਸਨ। ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਵੀ ਸਿਰਫ ਕੁਝ ਸੀਟਾਂ ’ਤੇ ਹੀ ਚੋਣ ਪ੍ਰਚਾਰ ਕੀਤਾ ਸੀ।

ਭਾਜਪਾ ਦੀ ਸੂਬਾਈ ਸਰਕਾਰ ਨੂੰ ਚਲਾਉਣ ਵਾਲੇ ਤਿੰਨ ਥੰਮ੍ਹ ਹੁੰਦੇ ਹਨ, ਇਨ੍ਹਾਂ ਤਿੰਨਾਂ ਦੀ ਹੀ ਭੂਮਿਕਾ ਹੁੰਦੀ ਹੈ, ਸਾਰੇ ਸਿਆਸੀ ਫੈਸਲਿਆਂ ਵਿਚ ਇਨ੍ਹਾਂ ਤਿੰਨਾਂ ਦੀ ਹੀ ਸਹਿਮਤੀ-ਅਸਹਿਮਤੀ ਹੁੰਦੀ ਹੈ। ਪਹਿਲਾ ਮੁੱਖ ਮੰਤਰੀ, ਦੂਸਰਾ ਸੂਬਾਈ ਜਥੇਬੰਦਕ ਸਕੱਤਰ ਅਤੇ ਤੀਸਰਾ ਸੰਘ ਦਾ ਸੂਬਾਈ ਮੁਖੀ। ਮੰਨਿਆ ਕਿ ਮੁੱਖ ਮੰਤਰੀ ਰਘੁਵਰ ਦਾਸ ਬਹੁਤ ਹੀ ਘੁਮੰਡੀ ਸਨ, ਜਨਤਾ ਦੀਆਂ ਚਿੰਤਾਵਾਂ ਨੂੰ ਫੜਨ ਦੀ ਉਨ੍ਹਾਂ ਵਿਚ ਨਜ਼ਰ ਨਹੀਂ ਸੀ। ਉਹ ਸਿਰਫ ਭ੍ਰਿਸ਼ਟ ਨੌਕਰਸ਼ਾਹੀ ’ਤੇ ਸਵਾਰ ਸਨ, ਤਾਂ ਫਿਰ ਸੂਬਾਈ ਜਥੇਬੰਦਕ ਸਕੱਤਰ ਅਤੇ ਸੰਘ ਦੇ ਸੂਬਾਈ ਮੁਖੀ ਦੀ ਭੂਮਿਕਾ ਵੀ ਉਸ ਵਿਚ ਕਿਤੇ ਨਾ ਕਿਤੇ ਸ਼ਾਮਿਲ ਸੀ। ਭਾਜਪਾ ਅਤੇ ਸੰਘ ਨੂੰ ਅੰਦਰੋਂ ਜਾਣਨ ਵਾਲਿਆਂ ਨੂੰ ਇਹ ਪਤਾ ਹੁੰਦਾ ਹੈੈ ਕਿ ਸੂਬਾਈ ਸਰਕਾਰ ਨੂੰ ਚਲਾਉਣ ਅਤੇ ਕੰਟਰੋਲ ਵਿਚ ਰੱਖਣ ਲਈ ਸੂਬਾਈ ਜਥੇਬੰਦਕ ਸਕੱਤਰ ਅਤੇ ਸੂਬਾਈ ਸੰਘ ਮੁਖੀ ਦੀ ਭੂਮਿਕਾ ਕਿਹੋ ਜਿਹੀ ਹੁੰਦੀ ਹੈ? ਸੂਬਾਈ ਸੰਘ ਮੁਖੀ ਤਾਂ ਪ੍ਰਚਾਰਕ ਹੁੰਦੇ ਹੀ ਹਨ, ਇਸ ਤੋਂ ਇਲਾਵਾ ਭਾਜਪਾ ਦਾ ਜਥੇਬੰਦਕ ਸਕੱਤਰ ਵੀ ਸੰਘ ਦਾ ਪ੍ਰਚਾਰਕ ਹੁੰਦਾ ਹੈ, ਸੰਘ ਹੀ ਜਥੇਬੰਦਕ ਸਕੱਤਰ ਦੇ ਰੂਪ ਵਿਚ ਆਪਣੇ ਪ੍ਰਚਾਰਕਾਂ ਨੂੰ ਭੇਜਦਾ ਹੈ। ਝਾਰਖੰਡ ਵਿਚ ਭਾਜਪਾ ਦੇ ਜਥੇਬੰਦਕ ਸਕੱਤਰ ਅਤੇ ਸੰਘ ਦਾ ਸੂਬਾਈ ਮੁਖੀ ਵੀ ਸਰਕਾਰ ਦੀ ਅਰਾਜਕਤਾ ਦੇ ਰੰਗ ਵਿਚ ਰੰਗੇ ਗਏ ਸਨ। ਸੰਗਠਨ-ਸੰਘ ਮੁਖੀ ਲਈ ਸਮਰਪਿਤ ਵਰਕਰ ਬੇਕਾਰ ਦੀ ਚੀਜ਼ ਬਣ ਗਏ ਸਨ, ਜਦਕਿ ਪ੍ਰੋਫੈਸ਼ਨਲ ਅਤੇ ਦਲ-ਬਦਲੂ ਲੋਕ ਇਨ੍ਹਾਂ ਦੇ ਆਈਕਾਨ ਹੋ ਗਏ ਸਨ। ਟਿਕਟ ਵੰਡ ਦੇ ਸਮੇਂ ਹੀ ਜਥੇਬੰਦਕ ਸਕੱਤਰ ਉੱਤੇ ਦਿੱਲੀ ਨਾਂ ਭੇਜਣ ਲਈ ਪੈਸਾ ਵਸੂਲਣ ਲਈ ਉੱਤਰ ਪ੍ਰਦੇਸ਼ ਤੋਂ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਉਣ ਦੀ ਸਿਆਸੀ ਚਰਚਾ ਜ਼ੋਰਾਂ ’ਤੇ ਸੀ। ਸੰਘ ਦੇ ਮੁਖੀ ਉੱਤੇ ਹਿੰਦੂਤਵ ਸਮਰਪਣ ਦਿਖਾਉਣ ਦੀ ਜਗ੍ਹਾ ਆਪਣੀ ਜਾਤੀ ਪ੍ਰਤੀ ਸਮਰਪਣ ਦਿਖਾਉਣ ਦੀ ਸਿਆਸੀ ਚਰਚਾ ਜ਼ੋਰਾਂ ’ਤੇ ਸੀ। ਸੰਘ ਮੁਖੀ ਪਹਿਲਾਂ ਨਾਂ ਵਿਚ ਜਾਤੀ ਨਹੀਂ ਲਾਉਂਦੇ ਸਨ ਅਤੇ ਉਨ੍ਹਾਂ ਨੇ ਪਿਛਲੇ 2 ਸਾਲਾਂ ਤੋਂ ਆਪਣੇ ਨਾਂ ਦੇ ਅੱਗੇ ਜਾਤੀ ਲਾਉਣੀ ਸ਼ੁਰੂ ਕਰ ਦਿੱਤੀ ਸੀ। ਪਹਿਲਾਂ ਉਨ੍ਹਾਂ ਦਾ ਨਾਂ ਰਵੀਸ਼ੰਕਰ ਹੀ ਸੀ ਪਰ ਬਾਅਦ ਵਿਚ ਉਨ੍ਹਾਂ ਨੇ ਆਪਣਾ ਨਾਂ ਰਵੀਸ਼ੰਕਰ ਵਿਸੈਨ ਕਰ ਲਿਆ। ਵਿਸੈਨ ਕਸ਼ੱਤਰੀ ਜਾਤੀ ਦਾ ਟਾਈਟਲ ਹੈ। ਜਦੋਂ ਮੁੱਖ ਮੰਤਰੀ ਰਘੁਵਰ ਦਾਸ ਖ਼ੁਦ ਹਿੰਦੂਤਵ ਵਿਰੋਧ ਵਿਚ ਖੜ੍ਹੇ ਹੋ ਕੇ ਗਊ ਰੱਖਿਅਕਾਂ ਨੂੰ ਜੇਲ ਭਿਜਵਾ ਰਹੇ ਸਨ, ਗਊ ਰੱਖਿਅਕਾਂ ਨੂੰ ਉਮਰਕੈਦ ਦੀ ਸਜ਼ਾ ਦਿਵਾ ਰਹੇ ਸਨ, ਹਿੰਦੂਆਂ ਨੂੰ ਚਿੜ੍ਹਾਉਣ ਲਈ ਹੱਜ ਹਾਊਸ ਬਣਾ ਰਹੇ ਸਨ ਤਾਂ ਜਥੇਬੰਦਕ ਸਕੱਤਰ ਪੈਰਵੀਕਾਰ ਦੀ ਭੂਮਿਕਾ ’ਚ ਸਨ। ਸੰਘ ਮੁਖੀ ਆਪਣੀ ਜਾਤੀ ਨੂੰ ਅੱਗੇ ਵਧਾਉਣ ਵਿਚ ਲੱਗੇ ਹੋਏ ਸਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਰਘੁਵਰ ਦਾਸ ਦੀ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵਿਦਿਆਰਥੀ ਪ੍ਰੀਸ਼ਦ, ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਹੋਰ ਇਕਾਈਆਂ ਦੇ ਸੈਂਕੜੇ ਲੋਕਾਂ ’ਤੇ ਮੁਕੱਦਮੇ ਪਾ ਦਿੱਤੇ, ਲਾਤੇਹਾਰ ਦੇ 20 ਸੂਤਰੀ ਪ੍ਰੋਗਰਾਮ ਦੇ ਮੀਤ ਪ੍ਰਧਾਨ ਰਾਜਧਾਨੀ ਯਾਦਵ ਨੇ ਇਕ ਅਧਿਕਾਰੀ ਦੀ ਲੋਕ ਵਿਰੋਧੀ-ਰਿਸ਼ਵਤਖੋਰੀ ਦੇ ਵਿਰੁੱਧ ਮੂੰਹ ਖੋਲ੍ਹਿਆ ਤਾਂ ਫਿਰ ਉਸ ’ਤੇ ਗਲਤ ਮੁਕੱਦਮੇ ਪਾ ਕੇ ਉਨ੍ਹਾਂ ਨੂੰ ਮਹੀਨਿਆਂ ਭਰ ਜੇਲ ਵਿਚ ਸੜਾਇਆ ਗਿਆ, ਜਦੋਂ ਸ਼ਿਕਾਇਤ ਰਘੁਵਰ ਦਾਸ ਕੋਲ ਹੋਈ ਤਾਂ ਫਿਰ ਉਨ੍ਹਾਂ ਦਾ ਨੌਕਰਸ਼ਾਹੀ ਪ੍ਰੇਮ ਜਾਗ ਗਿਆ, ਝਿੜਕ ਦਿੱਤਾ ਕਿ ਸਾਹਿਬ ਨਾਲ ਲੜਨ ਵਾਲੇ ਜੇਲ ਹੀ ਜਾਣਗੇ। ਇਸ ਉਦਾਹਰਣ ਨਾਲ ਭਾਜਪਾ ਦੇ ਨੇਤਾ ਅਤੇ ਵਰਕਰ ਸਿਰਫ ਚੁੱਪਚਾਪ ਤਮਾਸ਼ਬੀਨ ਬਣਨਾ ਹੀ ਉਚਿਤ ਸਮਝਦੇ ਸਨ। ਰਿਸ਼ਵਤਖੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਬੋਲ ਕੇ ਕਿਹੜਾ ਵਰਕਰ ਜੇਲ ਜਾਣਾ ਚਾਹੁੰਦਾ? ਅਜਿਹੀ ਸਥਿਤੀ ਵਿਚ ਝਾਰਖੰਡ ਵਿਚ ਨਰਿੰਦਰ ਮੋਦੀ-ਅਮਿਤ ਸ਼ਾਹ ਦਾ ਹਿੰਦੂਤਵ ਤਾਂ ਦਫਨ ਹੋਣਾ ਹੀ ਸੀ, ਅਜਿਹੀ ਸਥਿਤੀ ਵਿਚ ਤਾਂ ਨਰਿੰਦਰ ਮੋਦੀ-ਅਮਿਤ ਸ਼ਾਹ ਦੇ ਭਾਸ਼ਣਾਂ ਨੇ ਬੇਅਸਰ ਹੋਣਾ ਹੀ ਸੀ। ਝਾਰਖੰਡ ਦੇ ਲੋਕ ਕਹਿੰਦੇ ਸਨ ਕਿ ਕੇਂਦਰ ਵਿਚ ਮੋਦੀ ਜ਼ਰੂਰੀ ਪਰ ਸੂਬੇ ਵਿਚ ਭ੍ਰਿਸ਼ਟ ਅਤੇ ਰਿਸ਼ਵਤਖੋਰੀ ਵਾਲੀ ਨੌਕਰਸ਼ਾਹੀ ਨੂੰ ਪ੍ਰੇਮ ਕਰਨ ਵਾਲੀ ਸਰਕਾਰ ਸਾਨੂੰ ਨਹੀਂ ਚਾਹੀਦੀ।

ਭਾਜਪਾ ਦੀ ਉੱਚ ਲੀਡਰਸ਼ਿਪ ਨੂੰ ਹੁਣ ਆਪਣੀ ਖੁਸ਼ਫਹਿਮੀ ਤੋੜਨੀ ਚਾਹੀਦੀ ਹੈ। ਹਿੰਦੂਤਵ ਨਾਲ ਗੱਦਾਰੀ ਕਰਨ ਵਾਲੀ ਆਪਣੀ ਸੂਬਾਈ ਲੀਡਰਸ਼ਿਪ ’ਤੇ ਲਗਾਮ ਲਾਉਣੀ ਹੀ ਹੋਵੇਗੀ, ਅਜਿਹਾ ਨਾ ਕਰ ਕੇ ਗਲਤ ਨਤੀਜੇ ਵੀ ਤਾਂ ਇਹੀ ਸਹਿਣ ਕਰ ਰਹੀ ਹੈ, ਜੇਕਰ ਭਾਜਪਾ ਦੀ ਲੀਡਰਸ਼ਿਪ ਨੇ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿਚ ਹਾਰ ਤੋਂ ਬਾਅਦ ਸਬਕ ਲਿਆ ਹੁੰਦਾ ਅਤੇ ਝਾਰਖੰਡ ਦੀ ਰਘੁਵਰ ਸਰਕਾਰ ਦੀ ਹਿੰਦੂਤਵ ਵਿਰੋਧੀ ਨੀਤੀ ’ਤੇ ਲਗਾਮ ਲਾਈ ਹੁੰਦੀ, ਭ੍ਰਿਸ਼ਟ ਨੌਕਰਸ਼ਾਹੀ ਅਤੇ ਭ੍ਰਿਸ਼ਟ ਕਰਮਚਾਰੀਆਂ ਨੂੰ ਪਾਲਣ ਵਿਰੁੱਧ ਕਾਰਵਾਈ ਕੀਤੀ ਹੁੰਦੀ, ਰਘੁਵਰ ਦਾਸ ਦੀ ਸਰਕਾਰ ਨੂੰ ਲੋਕ-ਹਿਤੈਸ਼ੀ ਬਣਾਉਣ ’ਤੇ ਧਿਆਨ ਦਿੱਤਾ ਹੁੰਦਾ ਤਾਂ ਅੱਜ ਝਾਰਖੰਡ ਦੀ ਭਾਜਪਾ ਸਰਕਾਰ ਦਾ ਪਤਨ ਨਾ ਹੁੰਦਾ ਪਰ ਫਿਰ ਵੀ ਇਹੀ ਸਵਾਲ ਉੱਠਦਾ ਹੈ ਕਿ ਕੀ ਭਾਜਪਾ ਦੀ ਉੱਚ ਲੀਡਰਸ਼ਿਪ ਆਪਣੀ ਸੂਬਾਈ ਲੀਡਰਸ਼ਿਪ ਦੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਅਤੇ ਉਨ੍ਹਾਂ ਦੀ ਅਰਾਜਕਤਾ ਅਤੇ ਅਦੂਰਦਰਸ਼ਿਤਾ ਉੱਤੇ ਲਗਾਮ ਲਾਉਣ ਲਈ ਤਿਆਰ ਹੈ। ਭਾਜਪਾ ਤੋਂ ਅਜੇ ਤਾਂ 7 ਹੀ ਸੂਬੇ ਬਾਹਰ ਗਏ ਹਨ, ਅੱਗੇ ਵੀ ਇਕ-ਇਕ ਕਰ ਕੇ ਹੋਰਨਾਂ ਸੂਬਿਆਂ ਦੀਆਂ ਭਾਜਪਾ ਸਰਕਾਰਾਂ ਵੀ ਇਸੇ ਤਰ੍ਹਾਂ ਦਫਨ ਹੁੰਦੀਆਂ ਰਹਿਣਗੀਆਂ।

(guptvishnu@gmail.com)

Bharat Thapa

This news is Content Editor Bharat Thapa