ਪਾਕਿਸਤਾਨ ਦੇ ਅੱਤਵਾਦੀ ਸਿਖਲਾਈ ਕੈਂਪ–ਵੱਡੀ ਚੁਣੌਤੀ

09/19/2019 11:35:36 PM

ਬ੍ਰਿਗੇ. ਕੁਲਦੀਪ ਸਿੰਘ ਕਾਹਲੋਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 11 ਸਤੰਬਰ ਨੂੰ ਮਥੁਰਾ ਵਿਖੇ ਕਿਹਾ ਸੀ ਕਿ ਅੱਤਵਾਦ ਦੀਆਂ ਜੜ੍ਹਾਂ ਸਾਡੇ ਗੁਆਂਢ ’ਚ ਪਣਪ ਰਹੀਆਂ ਹਨ। ਅੱਤਵਾਦੀਆਂ ਨੂੰ ਪਨਾਹ ਅਤੇ ਸਿਖਲਾਈ ਦੇਣ ਵਾਲਿਆਂ ਖਿਲਾਫ ਕਾਰਵਾਈ ਕਰਨ ਲਈ ਭਾਰਤ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਅਸੀਂ ਕਰ ਕੇ ਵੀ ਦਿਖਾਇਆ ਹੈ।

ਪਾਕਿਸਤਾਨ ਦੇ ਗ੍ਰਹਿ ਮੰਤਰੀ ਬ੍ਰਿਗੇ. ਏਜਾਜ਼ ਅਹਿਮਦ ਸ਼ਾਹ ਨੇ ਹਾਲ ਹੀ ਵਿਚ ਕਿਹਾ ਕਿ ਇਮਰਾਨ ਸਰਕਾਰ ਨੇ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਸਮੇਤ ਹੋਰਨਾਂ ਕਈ ਅੱਤਵਾਦੀ ਜਥੇਬੰਦੀਆਂ ਨੂੰ ਮੁੱਖ ਧਾਰਾ ਨਾਲ ਜੋੜਨ ਲਈ ਉਨ੍ਹਾਂ ’ਤੇ ਕਰੋੜਾਂ ਰੁਪਏ ਖਰਚੇ ਹਨ। ਸਵਾਲ ਪੈਦਾ ਹੁੰਦਾ ਹੈ ਕਿ ਕੀ ਉਹ ਮੁੱਖ ਧਾਰਾ ’ਚ ਸ਼ਾਮਿਲ ਹੋਣਗੇ?

ਜਦੋਂ ਤੋਂ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ, ਅਧਿਕਾਰ ਅਤੇ ਨਾਗਰਿਕਤਾ ਨੂੰ ਬਚਾਉਣ ਵਾਲੀ ਭਾਰਤੀ ਸੰਵਿਧਾਨ ਦੀ ਧਾਰਾ-370 ਅਤੇ ਆਰਟੀਕਲ 35 (ਏ) ਨੂੰ ਖਤਮ ਕਰਨ ਵਾਲਾ ਦਲੇਰਾਨਾ ਫੈਸਲਾ ਭਾਰਤ ਨੇ ਲਿਆ, ਉਸੇ ਸਮੇਂ ਤੋਂ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਕਦੇ ਪ੍ਰਮਾਣੂ ਜੰਗ ਵਾਲੀਆਂ ਧਮਕੀਆਂ, ਕਦੇ ਗੱਲਬਾਤ ਸ਼ੁਰੂ ਕਰਨ ਵਾਲੇ ਹਾੜ੍ਹੇ ਕੱਢ ਰਿਹਾ ਹੈ। ਉਸ ਨੂੰ ਇਸ ਗੱਲ ਦਾ ਵੀ ਇਲਮ ਹੈ ਕਿ ਜੇਕਰ ਭਾਰਤ-ਪਾਕਿਸਤਾਨ ਦਰਮਿਆਨ ਜੰਗ ਲੱਗਦੀ ਹੈ ਤਾਂ ਉਹ ਪਿਛਲੀਆਂ ਜੰਗਾਂ ਦੀ ਤਰ੍ਹਾਂ ਬੁਰੇ ਤਰੀਕੇ ਨਾਲ ਹਾਰੇਗਾ। ਫਿਰ ਸਿਆਸੀ ਪਾਰਟੀਆਂ ਅਤੇ ਕੱਟੜਪੰਥੀਆਂ ਵਲੋਂ ਕੰਟਰੋਲ ਰੇਖਾ ਵੱਲ ਨੂੰ ਲਾਮਬੰਦੀ ਵਾਲਾ ਪ੍ਰੋਗਰਾਮ ਉਲੀਕਿਆ ਅਤੇ ਹੁਣ ਹਾਲ ਦੀ ਘੜੀ ਟਾਲਿਆ। ਦਰਅਸਲ ਬੌਂਦਲੇ ਹੋਏ ਇਮਰਾਨ ਨੂੰ ਇਹ ਨਹੀਂ ਸੁੱਝ ਰਿਹਾ ਕਿ ਉਹ ਕੀ ਕਰੇ ਜਾਂ ਨਾ ਕਰੇ?

ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦ੍ਰਿੜ੍ਹ ਸੰਕਲਪ ਨਾਲ ਸਹਿਮਤ ਤਾਂ ਹਾਂ ਪਰ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਜਿਸ ਮੁਲਕ ਦੀ ਸਥਾਪਨਾ ਸਮੇਂ ਗੁੜ੍ਹਤੀ ਹੀ ਅੱਤਵਾਦ ਦੀ ਮਿਲੀ ਹੋਵੇ ਤਾਂ ਕੀ 72 ਸਾਲਾਂ ਬਾਅਦ ਇਮਰਾਨ ਵਲੋਂ ਖ਼ੁਦ ਕਬੂਲੇ ਗਏ ਸਰਗਰਮ 40 ਅੱਤਵਾਦੀ ਸੰਗਠਨਾਂ ਅਤੇ ਉਨ੍ਹਾਂ ਦੇ 30 ਤੋਂ 40 ਹਜ਼ਾਰ ਦਰਮਿਆਨ ਸਿਖਲਾਈ ਪ੍ਰਾਪਤ ਹਥਿਆਰਬੰਦ ਸਰਗਣਿਆਂ ਅਤੇ ਉਨ੍ਹਾਂ ਦੇ ਸਿਖਲਾਈ ਕੈਂਪਾਂ ਨੂੰ ਸਮੇਟਣਾ ਸੰਭਵ ਹੋਵੇਗਾ? ਯਾਦ ਰਹੇ ਕਿ ਪਾਕਿ ਦੇ ਅੱਤਵਾਦੀਆਂ ਉਪਰ ਕੰਟਰੋਲ ਤਾਂ ਫੌਜ ਅਤੇ ਆਈ. ਐੱਸ. ਆਈ. ਦਾ ਹੈ ਅਤੇ ਪ੍ਰਮਾਣੂ ਹਥਿਆਰ ਵਾਲੇ ਭੰਡਾਰਾਂ ਦੀ ਕੁੰਜੀ ਵੀ ਤਾਂ ਇਸ ਸਮੇਂ ਜਨਰਲ ਬਾਜਵਾ ਕੋਲ ਹੈ। ਰੱਬ ਨਾ ਕਰੇ ਜੇਕਰ ਰਵਾਇਤੀ ਜੰਗ ਵੀ ਹੁੰਦੀ ਹੈ ਤਾਂ ਜਾਨੀ-ਮਾਲੀ ਨੁਕਸਾਨ ਤਾਂ ਦੋਹਾਂ ਮੁਲਕਾਂ ਦਾ ਹੋਵੇਗਾ, ਕਿਸੇ ਦਾ ਵੱਧ ਅਤੇ ਦੂਸਰੇ ਦਾ ਘੱਟ।

ਘਿਨਾਉਣੀਆਂ ਚਾਲਾਂ

ਸੰਨ 1947-48 ’ਚ ਜਦੋਂ ਪਾਕਿਸਤਾਨੀ ਧਾੜ੍ਹਵੀਆਂ ਨੂੰ ਭਾਰਤੀ ਫੌਜ ਨੇ ਮੁਜ਼ੱਫਰਾਬਾਦ ਵਲ ਧਕੇਲ ਦਿੱਤਾ ਤਾਂ ਨਿਰਾਸ਼ਾਜਨਕ ਹਾਲਤ ਵਿਚ ਮੁਹੰਮਦ ਅਲੀ ਜਿੱਨਾਹ ਨੇ ਪਾਕਿਸਤਾਨੀ ਫੌਜ ਨੂੰ ਅਪੀਲ ਕੀਤੀ ਕਿ ਉਹ ਅੱਗੇ ਆਵੇ ਅਤੇ ਧਾੜਵੀਆਂ ਦੀ ਮਦਦ ਨਾਲ ਕਸ਼ਮੀਰ ਹਾਸਲ ਕਰੇ ਪਰ ਸਫਲਤਾ ਨਾ ਮਿਲੀ। ਫਿਰ ਪਾਕਿਸਤਾਨ ਦੀ ਫੌਜ ਅਤੇ ਅੱਤਵਾਦੀਆਂ ਦੀ ਮਿਲੀਭੁਗਤ ਵਾਲੀ ਸ਼ੁਰੂਆਤ ਹੋ ਗਈ।

ਬਦਲਾ ਲੈਣ ਦੀ ਭਾਵਨਾ ਨਾਲ ਪਾਕਿਸਤਾਨ ਦੇ ਤਤਕਾਲੀ ਰਾਸ਼ਟਰਪਤੀ ਜਨਰਲ ਅਯੂਬ ਖਾਨ ਨੇ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਅੰਦਰ ਸੰਨ 1965 ਦੇ ਸ਼ੁਰੂ ਵਿਚ 4 ਗੁਰੀਲਾ ਸਿਖਲਾਈ ਕੈਂਪ ਸਥਾਪਿਤ ਕਰ ਕੇ ਇਕ ਨਵੀਂ ਰਵਾਇਤ ਕਾਇਮ ਕਰ ਦਿੱਤੀ। ਅਗਸਤ 1965 ਦੇ ਪਹਿਲੇ ਹਫਤੇ ਆਪ੍ਰੇਸ਼ਨ ਜ਼ਿਬਰਾਲਟਰ ਦੇ ਨਾਂ ਹੇਠ ਤਕਰੀਬਨ 9000 ਘੁਸਪੈਠੀਆਂ ਨੇ ਕਰੜੀ ਸਿਖਲਾਈ ਦੇ ਕੇ ਲੋੜੀਂਦੇ ਅਸਤਰ-ਸ਼ਸਤਰ ਨਾਲ 8 ਟਾਸਕ ਫੋਰਸਿਜ਼ ’ਚ ਵੰਡ ਕੇ ਇਸਲਾਮ ਦੇ ਨਾਅਰੇ ਹੇਠ ਕਾਰਗਿਲ ਤੋਂ ਲੈ ਕੇ ਜੰਮੂ ਦੇ ਪੱਛਮ ਵੱਲ ਨੂੰ ਭੇਜ ਦਿੱਤਾ। ਅਫਸੋਸ ਦੀ ਗੱਲ ਤਾਂ ਇਹ ਹੈ ਕਿ ਭਾਰਤ ਦੇ ਹਾਕਮਾਂ ਨੂੰ ਇਸ ਘੁਸਪੈਠ ਬਾਰੇ ਸੂਹ ਤਕ ਨਾ ਮਿਲੀ। ਫਿਰ ਕੂਟਨੀਤਕ ਸਬੰਧ ਭੰਗ ਕਰ ਕੇ ਅਗਸਤ-ਸਤੰਬਰ 1965 ’ਚ ਅਯੂਬ ਖਾਨ ਨੇ ਜੰਗ ਦਾ ਬਿਗੁਲ ਵਜਾ ਦਿੱਤਾ। ਭਾਰਤੀ ਫੌਜ ਦੇ ਵਫਾਦਾਰ ਸੂਰਬੀਰ ਯੋਧਿਆਂ ਨੇ ਆਰਮੀ ਕਮਾਂਡਰ ਲੈਫ. ਜਨਰਲ ਹਰਬਖਸ਼ ਸਿੰਘ ਦੀ ਯੋਗ ਅਗਵਾਈ ਹੇਠ ਹਾਜੀਪੀਰ ਵਰਗੇ ਮਹੱਤਵਪੂਰਨ ਇਲਾਕਿਆਂ ਨੂੰ ਕਾਬੂ ਕਰ ਕੇ ਅੱਤਵਾਦੀਆਂ ਦੀਆਂ ਜੜ੍ਹਾਂ ਖਦੇੜ ਕੇ ਰੱਖ ਦਿੱਤੀਆਂ ਅਤੇ ਅੱਧਾ ਮਕਬੂਜ਼ਾ ਕਸ਼ਮੀਰ ਆਪਣੇ ਕਬਜ਼ੇ ਹੇਠ ਲੈ ਲਿਆ। ਸੁਆਲ ਪੈਦਾ ਹੁੰਦਾ ਹੈ ਕਿ ਕੀ ਹਾਕਮਾਂ ਅਨੁਸਾਰ ਇਕ ਸਾਲ ਦੇ ਅੰਦਰ ਪੂਰਾ ਕਸ਼ਮੀਰ ਸਾਡਾ ਹੋਵੇਗਾ।

ਅਫਸੋਸ ਦੀ ਗੱਲ ਤਾਂ ਇਹ ਹੈ ਕਿ ਜਿੱਤੇ ਹੋਏ ਮਹੱਤਵਪੂਰਨ ਇਲਾਕੇ ਵਾਪਸ ਕਰ ਕੇ ਹਾਰ ਗਏ ਸਿਆਸਤਦਾਨ? ਸ਼ਰਮਨਾਕ ਹਾਰ ਦਾ ਸਾਹਮਣਾ ਕਰਨ ਉਪਰੰਤ ਫਿਰ ਵੀ ਪਾਕਿਸਤਾਨ ਅੱਤਵਾਦੀਆਂ ਵਾਸਤੇ ਸਿਖਲਾਈ ਕੈਂਪਾਂ ਵਾਲਾ ਢੰਗ ਅਪਣਾਉਂਦਾ ਰਿਹਾ ਅਤੇ ਇਹੋ ਕੁਝ ਉਸ ਨੇ ਸੰਨ 1999 ’ਚ ਕਾਰਗਿਲ ਦੀ ਲੜਾਈ ਸਮੇਂ ਕੀਤਾ ਅਤੇ ਅੱਗੋਂ ਵੀ ਕਰਦਾ ਰਹੇਗਾ।

ਵਰਤਮਾਨ ਦ੍ਰਿਸ਼

ਪਿਛਲੇ ਤਕਰੀਬਨ 7 ਦਹਾਕਿਆਂ ਤੋਂ ਪਾਕਿਸਤਾਨ ਦੇ ਕਬਜ਼ੇ ਹੇਠਲਾ ਕਸ਼ਮੀਰ ਅੱਤਵਾਦੀ ਜਥੇਬੰਦੀਆਂ ਦਾ ਗੜ੍ਹ ਬਣ ਚੁੱਕਾ ਹੈ, ਜਿਸ ਦੀਆਂ ਤਾਰਾਂ ਅਲਕਾਇਦਾ ਵਰਗੀਆਂ ਅੰਤਰਰਾਸ਼ਟਰੀ ਜਥੇਬੰਦੀਆਂ ਨਾਲ ਵੀ ਜੁੜੀਆਂ ਹੋਈਆਂ ਹਨ ਅਤੇ ਤਾਲਿਬਾਨ ਵੀ ਸੰਪਰਕ ’ਚ ਹਨ। ਇਸ ਤੋਂ ਇਲਾਵਾ ਭਾਰਤ ਦੇ ਕਈ ਕੋਨਿਆਂ ’ਚ ਜੈਸ਼ ਅਤੇ ਹਿਜ਼ਬੁਲ ਨੇ ਆਪਣੇ ‘‘ਸਲੀਪਿੰਗ ਸੈੱਲ’’ ਕਾਇਮ ਕੀਤੇ ਹੋਏ ਹਨ, ਜਿਨ੍ਹਾਂ ਨੂੰ ਹੁਣ ਜਗਾਇਆ ਜਾ ਰਿਹਾ ਹੈ। ਪਿਛਲੀ ਜਾਣਕਾਰੀ ਅਨੁਸਾਰ ਮਕਬੂਜ਼ਾ ਕਸ਼ਮੀਰ ’ਚ ਤਕਰੀਬਨ 40 ਅੱਤਵਾਦੀ ਸਿਖਲਾਈ ਕੈਂਪ ਮੌਜੂਦ ਸਨ ਅਤੇ ਸੂਤਰਾਂ ਅਨੁਸਾਰ ਹੁਣ ਹੋਰ ਨਵੇਂ 14 ਆਰਜ਼ੀ ਸਿਖਲਾਈ ਕੈਂਪ ਅਤੇ ਲਾਂਚਿੰਗ ਪੈਡ ਸਰਗਰਮ ਕਰ ਦਿੱਤੇ ਗਏ ਹਨ। ਲਸ਼ਕਰ, ਜੈਸ਼ ਅਤੇ ਤਾਲਿਬਾਨ ਵਰਗੇ ਅੱਤਵਾਦੀ ਸੰਗਠਨ ਸਿਖਲਾਈ ਪ੍ਰਾਪਤ ਸੈਂਕੜਿਆਂ ਦੀ ਗਿਣਤੀ ’ਚ ਜੇਹਾਦੀ ਨੂੰ ਐੱਲ. ਓ. ਸੀ. ਨੇੜੇ ਤਿਆਰ -ਬਰ-ਤਿਆਰ ਕਰ ਕੇ ਢੁੱਕਵੇਂ ਸਮੇਂ ਦੀ ਤਾਕ ਵਿਚ ਹਨ। ਜੈਸ਼ ਦੇ ਸਰਗਣੇ ਮੌਲਾਨਾ ਮਸੂਦ ਅਜ਼ਹਰ ਨੂੰ ਚੁੱਪ-ਚੁਪੀਤੇ ਰਿਹਾਅ ਕਰ ਦਿੱਤਾ ਗਿਆ ਹੈ। ਉਸ ਦੇ ਭਰਾ ਇਬਰਾਹੀਮ ਅਜ਼ਹਰ ਨੂੰ ਆਰਜ਼ੀ ਕੈਂਪ ਦੇ ਗੇੜੇ ਲਾਉਂਦਾ ਦੇਖਿਆ ਗਿਆ ਹੈ, ਜੋ ਕਿ ਭਰੋਸੇਯੋਗ ਵਸੀਲਿਆਂ ਤੋਂ ਪਤਾ ਚੱਲਿਆ ਹੈ।

ਸਿਖਲਾਈ ਕੈਂਪਾਂ ਦੀ ਜੰਮੂ-ਕਸ਼ਮੀਰ ਦੇ ਪਹਾੜੀ ਇਲਾਕਿਆਂ ਨਾਲ ਨੇੜਤਾ ਹੋਣ ਕਰ ਕੇ ਕਸ਼ਮੀਰ ’ਚ ਘੁਸਪੈਠ ਸੰਭਵ ਹੋ ਜਾਂਦੀ ਹੈ। ਇਹ ਸਿਖਲਾਈ ਕੈਂਪ ਪੂਰੇ ਪੀ. ਓ. ਕੇ. ’ਚ ਫੈਲੇ ਹੋਏ ਹਨ, ਜਿਵੇਂ ਕਿ ਬਿੰਬਰ, ਕੋਟਲੀ, ਰਾਵਲਾਕੋਟ, ਬਕਰਿਆਲ ਛਾਵਰੀ, ਮੰਗਲਾ ਅਤੇ ਬਾਲਾਕੋਟ ਵਰਗੇ ਆਰਜ਼ੀ ਕੈਂਪ ਅਗਾਂਹ ਵਧੀ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਮੁਜ਼ਫਰਾਬਾਦ ਅਤੇ ਕੋਟਲੀ ਵਿਖੇ ਲਸ਼ਕਰ ਅਤੇ ਹਿਜ਼ਬੁਲ ਮੁਜਾਹਿਦੀਨ ਵਰਗੀਆਂ ਜਥੇਬੰਦੀਆਂ ਦੇ ਹੈੱਡਕੁਆਰਟਰ ਮੰਨੇ ਜਾਂਦੇ ਹਨ। ਜੈਸ਼-ਏ-ਮੁਹੰਮਦ ਦਾ ਮੁੱਖ ਦਫਤਰ ਬਾਲਾਕੋਟ ਵਿਖੇ (ਉੱਤਰ ਪੱਛਮੀ ਫਰੰਟੀਅਰ ਸੂਬਾ) ਹੈ ਪਰ ਹੁਣ ਮਕਬੂਜ਼ਾ ਕਸ਼ਮੀਰ ’ਚ ਵੀ ਬੇਹੱਦ ਸਰਗਰਮ ਹੈ। ਬਾਲਾਕੋਟ ਵਿਖੇ ਹੀ ਪੁਲਵਾਮਾ ਵਾਲੇ ਘਿਨਾਉਣੇ ਕਾਂਡ ਉਪਰੰਤ ਭਾਰਤੀ ਏਅਰ ਫੋਰਸ ਨੇ ਸਫਲ ਸਰਜੀਕਲ ਸਟ੍ਰਾਈਕ ਕੀਤੀ ਸੀ, ਜਿਸ ਦੀ ਗੂੰਜ ਚੋਣਾਂ ਸਮੇਂ ਵੀ ਸੁਣਾਈ ਦਿੱਤੀ।

ਇਹ ਵੀ ਰਿਪੋਰਟਾਂ ਪ੍ਰਾਪਤ ਹੋਈਆਂ ਹਨ ਕਿ ਬਿੰਬਰ ਅਤੇ ਕੋਟਲੀ ਵਿਖੇ ਸਥਾਪਿਤ ਕੈਂਪਾਂ ਵਿਚ ਔਰਤਾਂ ਨੂੰ ਵੀ ਭਰਤੀ ਕਰ ਕੇ ਉਨ੍ਹਾਂ ਨੂੰ ਗੁਰੀਲਾ ਲੜਾਈ ਬਾਰੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਦਾਅ-ਪੇਚ ਦੀ ਵਰਤੋਂ ਇਸ ਵਾਸਤੇ ਕੀਤੀ ਜਾ ਰਹੀ ਹੈ ਤਾਂ ਕਿ ਸਿਖਲਾਈ ਪ੍ਰਾਪਤ ਹਥਿਆਰਬੰਦ ਔਰਤਾਂ ਵਲੋਂ ਕਸ਼ਮੀਰੀਆਂ ਅੰਦਰ ਆਸਾਨੀ ਨਾਲ ਘੁਲ-ਮਿਲ ਕੇ ਡੂੰਘੀਆਂ ਜੰਗੀ ਚਾਲਾਂ ਚੱਲਦਿਆਂ ਸਾਡੇ ਮੁਲਕ ਦੀਆਂ ਸੁਰੱਖਿਆ ਫੋਰਸਿਜ਼ ਨੂੰ ਧੋਖਾ ਦਿੱਤਾ ਜਾ ਸਕੇ। ਕਸ਼ਮੀਰੀ ਧੀਆਂ-ਭੈਣਾਂ ਬਾਰੇ ਸ਼ਰਮਨਾਕ ਟਿੱਪਣੀਆਂ ਕਰਨ ਵਾਲੇ ਨੇਤਾ ਹੁਣ ਸੁਚੇਤ ਹੋ ਜਾਣ ਤਾਂ ਕਿ ਉਨ੍ਹਾਂ ਨਾਲ ਕਿਤੇ ਧੋਖਾ ਨਾ ਹੋ ਜਾਵੇ।

ਜਾਣਕਾਰੀ ਅਨੁਸਾਰ ਲਸ਼ਕਰ ਦੀ ਮੂਹਰਲੀ ਕਤਾਰ ਵਾਲੇ ਸੰਗਠਨ ਜਮਾਤ-ਉਦ-ਦਾਵਾ ਅਤੇ ਫਲਾਹ-ਏ-ਇਨਸਾਨੀਅਤ ਦੇ ਮੁਖੀ ਹਾਫਿਜ਼ ਸਈਦ ਕੋਲ 50,000 ਦੇ ਕਰੀਬ ਸਵੈ-ਇਛੁੱਕ ਅਤੇ ਸੈਂਕੜਿਆਂ ਦੀ ਗਿਣਤੀ ’ਚ ਭਾੜੇ ਵਾਲੇ ਅੱਤਵਾਦੀ ਵੀ ਹਨ। ਪ੍ਰੈੱਸ ਰਿਪੋਰਟਾਂ ਅਨੁਸਾਰ ਹਾਫਿਜ਼ ਸਈਦ ਪੂਰੇ ਪਾਕਿਸਤਾਨ ’ਚ ਸਮਾਨਾਂਤਰ ਅਦਾਲਤਾਂ ਵੀ ਲਾਉਂਦਾ ਹੈ ਅਤੇ ਉਸ ਦੀ ਲਾਹੌਰ ਅਦਾਲਤ ਨੇ ਸੰਨ 2016 ਤਕ 5500 ਦੇ ਲੱਗਭਗ ਕੇਸਾਂ ਦਾ ਨਿਪਟਾਰਾ ਕੀਤਾ।

ਸਮੀਖਿਆ

ਇਮਰਾਨ ਖਾਨ ਵਲੋਂ ਅਮਰੀਕਾ ਦੇ ਦੌਰੇ ਦੌਰਾਨ ਇਹ ਮੰਨਣਾ ਕਿ ਉਸ ਦੇ ਮੁਲਕ ’ਚ 40 ਹਜ਼ਾਰ ਦੇ ਕਰੀਬ ਸਿੱਖਿਆ ਪ੍ਰਾਪਤ ਹਥਿਆਰਬੰਦ ‘ਅੱਤਵਾਦੀ’ ਹਨ ਅਤੇ ਉਨ੍ਹਾਂ ’ਚੋਂ ਕੁਝ ਅਫਗਾਨਿਸਤਾਨ ਅਤੇ ਕਸ਼ਮੀਰ ਦੇ ਹਿੱਸਿਆਂ ’ਚ ਲੜ ਰਹੇ ਹਨ। ਫਿਰ ਇਹ ਤਾਂ ਸਪਸ਼ਟ ਹੈ ਕਿ ਇਮਰਾਨ ਖਾਨ ਇਨ੍ਹਾਂ ਅੱਤਵਾਦੀਆਂ ਦੇ ਮੋਢਿਆਂ ’ਤੇ ਧਮਾਕਾਖੇਜ਼ ਸਮੱਗਰੀ ਅਤੇ ਬੰਦੂਕਾਂ ਰੱਖ ਕੇ ਪੁਲਵਾਮਾ-2 ਦੀਆਂ ਧਮਕੀਆਂ ਦੇ ਰਿਹਾ ਹੈ। ਬਿਨਾਂ ਸ਼ੱਕ ਪਾਕਿਸਤਾਨ ਰਵਾਇਤੀ ਜੰਗ ਲੜਨ ਵਾਲੀ ਸਥਿਤੀ ’ਚ ਤਾਂ ਨਹੀਂ ਪਰ ‘ਮਰਦਾ ਕੀ ਨਹੀਂ ਕਰਦਾ।’ ਇਸ ਵਾਸਤੇ ਲੋੜ ਇਸ ਗੱਲ ਦੀ ਹੈ ਕਿ ਜੰਮੂ-ਕਸ਼ਮੀਰ ਤੋਂ ਇਲਾਵਾ ਭਾਰਤ ’ਚ ਕਈ ਅਤਿ-ਨਾਜ਼ੁਕ ਭੀੜ-ਭੜੱਕੇ ਵਾਲੀਆਂ ਆਸ ਦੇ ਉਲਟ ਸੰਸਥਾਵਾਂ ਦੀ ਸੁਰੱਖਿਆ ਮਜ਼ਬੂਤ ਕੀਤੀ ਜਾਵੇ ਕਿਉਂਕਿ ਲੁਕਵੀਂ ਜੰਗ ਕਿਸੇ ਪਾਸੇ ਵੀ ਰੁਖ਼ ਕਰ ਸਕਦੀ ਹੈ। ਅਸੀਂ ਫਿਰ ਕਿਤੇ ਧੋਖਾ ਨਾ ਖਾ ਜਾਈਏ।

Kahlonks@gmail.com

Bharat Thapa

This news is Content Editor Bharat Thapa