ਪਾਕਿਸਤਾਨ ਦੀ ਭਾਰਤ ’ਤੇ ‘ਨਾਰਕੋ ਸਟ੍ਰਾਈਕ’

07/05/2019 5:54:49 AM

ਪਾਕਿਸਤਾਨ ’ਤੇ ਸਰਜੀਕਲ ਸਟ੍ਰਾਈਕ ਅਤੇ ਏਅਰ ਸਟ੍ਰਾਈਕ ਕਰ ਕੇ ਭਾਰਤ ਬੇਸ਼ੱਕ ਹੀ ਖੁਸ਼ ਹੋ ਲਵੇ ਪਰ ਅਸਲ ’ਚ ਪਾਕਿਸਤਾਨ ਨੇ ਭਾਰਤ ’ਤੇ ਲਗਾਤਾਰ ‘ਨਾਰਕੋ ਸਟ੍ਰਾਈਕ’ ਕਰ ਕੇ ਸਾਨੂੰ ਮੁਕਾਬਲਤਨ ਜ਼ਿਆਦਾ ਨੁਕਸਾਨ ਪਹੁੰਚਾਇਆ ਹੈ। ਦੋ ਦਿਨ ਪਹਿਲਾਂ ਲੋਕ ਸਭਾ ’ਚ ਆਏ ਤਾਜ਼ਾ ਅੰਕੜਿਆਂ ਅਤੇ ‘ਕੌਮਾਂਤਰੀ ਨਸ਼ਾ-ਮੁਕਤੀ ਦਿਵਸ’ ’ਤੇ ਆਈ ਰਿਪੋਰਟ ਤੋਂ ਇਹ ਗੱਲ ਹੋਰ ਵੀ ਸਾਫ ਹੋ ਗਈ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਪਾਕਿਸਤਾਨ ਦੀ ਸਾਡੇ ’ਤੇ ਕੀਤੀ ਗਈ ਲਗਾਤਾਰ ‘ਨਾਰਕੋ ਸਟ੍ਰਾਈਕ’ ਕਿਵੇਂ ਸਫਲ ਰਹੀ ਹੈ।

ਪਾਕਿਸਤਾਨ ਵੱਲੋਂ ਨਸ਼ਿਆਂ ਦੀ ਸਭ ਤੋਂ ਜ਼ਿਆਦਾ ਸਮੱਗਲਿੰਗ ਪੰਜਾਬ ਦੀ ਸਰਹੱਦ ਰਾਹੀਂ ਹੁੰਦੀ ਹੈ ਅਤੇ ਪੰਜਾਬ ’ਚ ਨਸ਼ਿਆਂ ਦਾ ਕਾਰੋਬਾਰ ਖੁੰਬਾਂ ਵਾਂਗ ਫੈਲ ਰਿਹਾ ਹੈ। ਇਹ ਨਸ਼ੇ ਨੌਜਵਾਨਾਂ ਦੇ ਇਕ ਵੱਡੇ ਵਰਗ ਨੂੰ ਆਪਣੀ ਲਪੇਟ ਵਿਚ ਲੈ ਰਹੇ ਹਨ। ਪੰਜਾਬ ਦੇ ਸਰਹੱਦੀ ਖੇਤਰਾਂ ’ਚ ਰਹਿਣ ਵਾਲੇ ਕਿਸਾਨਾਂ ਨੂੰ ਪਾਕਿਸਤਾਨ ਦੇ ਡਰੱਗ ਸਮੱਗਲਰ ਆਪਣੇ ਸ਼ਿਕੰਜੇ ਵਿਚ ਫਸਾਉਂਦੇ ਜਾ ਰਹੇ ਹਨ ਅਤੇ ਕਿਸਾਨਾਂ ਨੂੰ ‘ਨਾਰਕੋ ਕੋਰੀਅਰ’ ਬਣਾ ਕੇ ਉਨ੍ਹਾਂ ਤੋਂ ਡਰੱਗਜ਼ ਦੀ ਸਮੱਗਲਿੰਗ ਕਰਵਾਉਂਦੇ ਹਨ।

ਇਹ ਸਮੱਗਲਰ ਉਨ੍ਹਾਂ ਕਿਸਾਨਾਂ ਨੂੰ ਆਪਣਾ ਮੋਹਰਾ ਬਣਾਉਂਦੇ ਹਨ, ਜਿਨ੍ਹਾਂ ਦੇ ਖੇਤ ਸਰਹੱਦ ’ਤੇ ਲੱਗੀ ਤਾਰ-ਵਾੜ ਦੇ ਦੂਜੇ ਪਾਸੇ ਹਨ। ਸਮੱਗਲਰ ਸਰਹੱਦੀ ਕਿਸਾਨਾਂ ਨੂੰ ਕਈ ਤਰ੍ਹਾਂ ਦੇ ਲਾਲਚ ਦਿੰਦੇ ਹਨ ਕਿਉਂਕਿ ਇਨ੍ਹਾਂ ਗਰੀਬ ਕਿਸਾਨਾਂ ਨੂੰ ਪੈਸੇ ਦੀ ਸਭ ਤੋਂ ਜ਼ਿਆਦਾ ਲੋੜ ਹੁੰਦੀ ਹੈ। ਇਹ ਸਮੱਗਲਰ ਕਿਸਾਨਾਂ ਕੋਲੋਂ ਵੱਡੀ ਮਾਤਰਾ ’ਚ ਸਮੱਗਲਿੰਗ ਕਰਵਾਉਣ ਦੀ ਬਜਾਏ ਛੋਟੇ ਰੂਪ ’ਚ ਡਰੱਗਜ਼ ਦੀ ਖੇਪ ਦੂਜੇ ਪਾਸੇ ਪਹੁੰਚਾਉਂਦੇ ਹਨ।

ਅਸਲ ਵਿਚ ਪੰਜਾਬ ਦੇ ਸਰਹੱਦੀ ਖੇਤਰਾਂ ਤਹਿਤ ਆਉਂਦੇ 212 ਪਿੰਡਾਂ ’ਚ ਰਹਿਣ ਵਾਲੇ ਲੱਗਭਗ 6000 ਪਰਿਵਾਰਾਂ ਦੇ ਖੇਤ ਸਰਹੱਦ ’ਤੇ ਲੱਗੀ ਤਾਰ-ਵਾੜ ਦੇ ਦੂਜੇ ਪਾਸੇ ਹਨ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਕਿਸਾਨਾਂ ਦਾ ਇਸਤੇਮਾਲ ‘ਕੋਰੀਅਰ’ ਵਾਲੇ ਵਜੋਂ ਹੁੰਦਾ ਹੈ, ਜੋ 400-500 ਮੀਟਰ ਦਾ ਇਲਾਕਾ ਪਾਰ ਕਰ ਕੇ ਡਰੱਗਜ਼ ਦੱਸੀ ਜਗ੍ਹਾ ਤਕ ਪਹੁੰਚਾ ਦਿੰਦੇ ਹਨ। ਕਿਸਾਨਾਂ ਨੂੰ ਇਸ ਕੰਮ ’ਚ ਇਕ ਕਿਲੋ ਦੇ ਪੈਕੇਟ ਬਦਲੇ 50 ਤੋਂ 70 ਹਜ਼ਾਰ ਰੁਪਏ ਤਕ ਦਿੱਤੇ ਜਾਂਦੇ ਹਨ।

ਕੁਲ ਮਿਲਾ ਕੇ ਪਾਕਿਸਤਾਨ ਪੰਜਾਬ ਅਤੇ ਜੰਮੂ-ਕਸ਼ਮੀਰ ’ਚ ਹੈਰੋਇਨ ਦੇ ਨਾਜਾਇਜ਼ ਧੰਦੇ ਨੂੰ ਸ਼ਹਿ ਦੇ ਰਿਹਾ ਹੈ ਅਤੇ ਪਾਕਿਸਤਾਨ ਦੀ ਵਜ੍ਹਾ ਕਰ ਕੇ ਭਾਰਤ ’ਚ ਲਗਾਤਾਰ ‘ਨਾਰਕੋ ਟੈਰੇਰਿਜ਼ਮ’ ਦਾ ਖਤਰਾ ਵਧਦਾ ਜਾ ਰਿਹਾ ਹੈ। ਸਰਹੱਦ ਪਾਰੋਂ ਲਿਆਂਦੀ ਗਈ ਹੈਰੋਇਨ ਦੇ ਨਾਜਾਇਜ਼ ਧੰਦੇ ਦੀ ਕਮਾਈ ਦਾ ਇਸਤੇਮਾਲ ਕਸ਼ਮੀਰ ’ਚ ਅੱਤਵਾਦ ਨੂੰ ਸ਼ਹਿ ਦੇਣ ਲਈ ਕੀਤਾ ਜਾ ਰਿਹਾ ਹੈ। ਹੁਣ ਕਸ਼ਮੀਰ ਜ਼ਰੀਏ ਹੈਰੋਇਨ ਦਾ ਨਾਜਾਇਜ਼ ਧੰਦਾ ਪੂਰੇ ਦੇਸ਼ ’ਚ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ 25 ਜੂਨ 2019 ਨੂੰ ਲੋਕ ਸਭਾ ’ਚ ਦੱਸਿਆ ਗਿਆ ਕਿ ਇਸ ਸਾਲ ਹੁਣ ਤਕ ਦੇਸ਼ ਵਿਚ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਦੇ 47341 ਮਾਮਲੇ ਸਾਹਮਣੇ ਆਏ ਹਨ ਅਤੇ ਇਨ੍ਹਾਂ ’ਚੋਂ ਸਭ ਤੋਂ ਜ਼ਿਆਦਾ 12439 ਪੰਜਾਬ ’ਚ ਦਰਜ ਕੀਤੇ ਗਏ। ਇਸ ਤੋਂ ਇਲਾਵਾ 2007 ਤੋਂ 2017 ਤਕ ਨਸ਼ਿਆਂ ਕਾਰਨ ਦੇਸ਼ ’ਚ 25,000 ਮੌਤਾਂ ਹੋਈਆਂ।

ਇਸ ਦਰਮਿਆਨ ਸੰਯੁਕਤ ਰਾਸ਼ਟਰ ਦੇ ਸਹਿਯੋਗ ਨਾਲ ਚੱਲਣ ਵਾਲੀ ਸੰਸਥਾ ਆਈ. ਐੱਨ. ਸੀ. ਬੀ. ਦੀ 2018 ਦੀ ਰਿਪੋਰਟ ’ਚ ਭਾਰਤ ਵਿਚ ਡਰੱਗਜ਼ ਦੇ ਫੈਲਦੇ ਨਾਜਾਇਜ਼ ਜਾਲ ’ਤੇ ਚਿੰਤਾ ਪ੍ਰਗਟਾਈ ਗਈ ਹੈ। ਦੇਸ਼ ’ਚ ਜ਼ਿਆਦਾਤਰ ਡਰੱਗਜ਼ ਪਾਕਿਸਤਾਨ ਜ਼ਰੀਏ ਪਹੁੰਚਦੀ ਹੈ, ਜਿਸ ਨੂੰ ਪਾਕਿਸਤਾਨ, ਬੰਗਲਾਦੇਸ਼, ਨੇਪਾਲ ਦੀ ਸਰਹੱਦ ਤੋਂ ਜਾਂ ਫਿਰ ਅਫਰੀਕਾ ’ਚੋਂ ਲੰਘਾ ਕੇ ਲਿਆਂਦਾ ਜਾਂਦਾ ਹੈ। ਡਰੱਗਜ਼ ਲਿਆਉਣ ਦੇ ਸਭ ਤੋਂ ਬਿਹਤਰੀਨ ਰਸਤੇ ਸਰਹੱਦੀ ਇਲਾਕਿਆਂ ’ਚ ਬਣੇ ਨਦੀ-ਨਾਲੇ ਹੁੰਦੇ ਹਨ। ਹੈਰੋਇਨ ਅਤੇ ਕੋਕੀਨ ਕੰਟਰੋਲ ਲਾਈਨ ਤੋਂ ਕਸ਼ਮੀਰ ਵਾਦੀ ’ਚ ਆਉਂਦੀ ਹੈ ਅਤੇ ਫਿਰ ਉਥੋਂ ਪੂਰੇ ਦੇਸ਼ ’ਚ ਫੈਲਾਈ ਜਾਂਦੀ ਹੈ।

ਹਾਲ ਹੀ ਦੇ ਦਿਨਾਂ ’ਚ ਪਾਕਿਸਤਾਨ ਵੱਲੋਂ ਭਾਰਤ ’ਤੇ ‘ਨਾਰਕੋ ਸਟ੍ਰਾਈਕ’ ਵਿਚ ਕਾਫੀ ਤੇਜ਼ੀ ਆਈ ਹੈ। ਅੰਕੜਿਆਂ ਮੁਤਾਬਿਕ ਪਾਕਿਸਤਾਨ ਨੇ ਪਿਛਲੇ 25 ਮਹੀਨਿਆਂ ਦੌਰਾਨ ਭਾਰਤ ’ਚ 3 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਡਰੱਗਜ਼ ਲੰਘਾ ਕੇ ਇਕ ਪਾਸੇ ਸਾਡੇ ਨੌਜਵਾਨਾਂ ਨੂੂੰ ਮੌਤ ਦੇ ਘਾਟ ਉਤਾਰਿਆ ਹੈ ਅਤੇ ਦੂਜੇ ਪਾਸੇ ਕਸ਼ਮੀਰ ਸਮੇਤ ਦੇਸ਼ ਦੇ ਕਈ ਹਿੱਸਿਆਂ ’ਚ ਡਰੱਗਜ਼ ਦੀ ਕਮਾਈ ਅੱਤਵਾਦੀਆਂ ਤਕ ਪਹੁੰਚਾ ਕੇ ਉਨ੍ਹਾਂ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਹੈ।

‘ਕੌਮੀ ਅਪਰਾਧ ਰਿਕਾਰਡ ਬਿਊਰੋ’ ਦੀ ਮੰਨੀਏ ਤਾਂ ਭਾਰਤ ’ਚ 2007 ਤੋਂ ਲੈ ਕੇ 2017 ਤਕ 10 ਸਾਲਾਂ ’ਚ ਡਰੱਗਜ਼ ਨਾਲ ਸਬੰਧਿਤ 25,000 ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਪੂਰੇ ਦੇਸ਼ ’ਚ 8.5 ਲੱਖ ਲੋਕ ਡਰੱਗ ਇੰਜੈਕਟ ਕਰਦੇ ਹਨ। ਆਈ. ਐੱਨ. ਸੀ. ਬੀ. ਦੀ ਰਿਪੋਰਟ ਵੀ ਦੱਸਦੀ ਹੈ ਕਿ ਭਾਰਤ ’ਚ ਨਾਜਾਇਜ਼ ਹੈਰੋਇਨ ਦੀ ਜ਼ਬਤੀ ਕਾਫੀ ਜ਼ਿਆਦਾ ਵਧੀ ਹੈ। (‘ਸਾਮਨਾ’)
 

Bharat Thapa

This news is Content Editor Bharat Thapa