ਮਜ਼ਾਕ ਦਾ ਪਾਤਰ ਬਣਦੇ ਜਾ ਰਹੇ ਹਨ ਸਾਡੇ ਕਾਨੂੰਨ

03/25/2021 3:22:23 AM

ਪੁਸ਼ਪਿੰਦਰਜੀਤ ਸਿੰਘ ਭਲੂਰੀਆ

ਕਿਸੇ ਵੀ ਦੇਸ਼ ਲਈ ਬੜੀ ਮਾਣ ਵਾਲੀ ਗੱਲ ਹੁੰਦੀ ਕਿ ਉਸ ਦੇਸ਼ ਦੀ ਜਨਤਾ ਉਸ ਦੀ ਮਹਾਨਤਾ ਦੇ ਗੁਣ ਗਾਵੇ। ਇਸੇ ਤਰ੍ਹਾਂ ਹੀ ਮੁੱਢ ਤੋਂ ਹੀ ਕਹਿੰਦੇ ਅਤੇ ਸੁਣਦੇ ਆ ਰਹੇ ਹਾਂ ਕਿ ਮੇਰਾ ਦੇਸ਼ ਮਹਾਨ ਪਰ ਮਹਾਨਤਾ ਕੁਝ ਕਾਰਨਾਂ ਕਰ ਕੇ ਫਿੱਕੀ ਪੈਂਦੀ ਜਾ ਰਹੀ ਹੈ ਜੋ ਕਿ ਬਹੁਤ ਅਫਸੋਸ ਵਾਲੀ ਗੱਲ ਹੈ।

ਭਾਰਤ ਦੀ ਮਹਾਨਤਾ ਨੂੰ ਚਾਰ ਚੰਨ ਲਗਾਉਂਦਾ ਹੈ ਇੱਥੋਂ ਦਾ ‘ਸੰਵਿਧਾਨ’ ਜੋ ਕਿ ਵੱਖ-ਵੱਖ ਦੇਸ਼ਾਂ ਤੋਂ ਉਨ੍ਹਾਂ ਦੀਆਂ ਖੂਬੀਆਂ ਦੇਖਦੇ ਹੋਏ ਲਿਆ ਗਿਆ ਅਤੇ ਬਣਾਇਆ, ਜਿਸ ਨੂੰ ਬਣਾਉਣ ਲਈ ਡਾ. ਬੀ. ਆਰ ਅੰਬੇਡਕਰ ਨੂੰ 2 ਸਾਲ 11 ਮਹੀਨੇ ਅਤੇ 17 ਦਿਨਾਂ ਦੀ ਸਖਤ ਮਿਹਨਤ ਕਰਨੀ ਪਈ ਅਤੇ ਲੋਕਾਂ ਨੂੰ ਤੋਹਫਾ ਦਿੱਤਾ ਕਿ ਉਨ੍ਹਾਂ ਦੇ ਹਿੱਤ, ਅਧਿਕਾਰ ਸੁਰੱਖਿਅਤ ਹਨ ਪਰ ਹੌਲੀ-ਹੌਲੀ ਬਣਾਏ ਗਏ ਕਾਨੂੰਨਾਂ ’ਚ ਮਿਲਾਵਟ ਹੁੰਦੇ-ਹੁੰਦੇ ਸਾਡਾ ਇਹ ਸਿਸਟਮ ਅਤੇ ਕਾਨੂੰਨ ਗਰਕਦੇ ਜਾ ਰਹੇ ਹਨ।

ਕਾਨੂੰਨਾਂ ਨੂੰ ਲੋਕਾਂ ਦੀ ਸੁਰੱਖਿਆ ਅਤੇ ਹਿੱਤਾਂ ਦੀ ਰਾਖੀ ਲਈ ਬਣਾਇਆ ਗਿਆ ਸੀ ਪਰ ਅੱਜ ਦੇ ਸਮੇਂ ’ਚ ਇਹ ਕਾਨੂੰਨ ਹੀ ਲੋਕ ਵਿਰੋਧੀ ਜਾਪਦੇ ਹਨ। ਜੇਕਰ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਹੈ ਤਾਂ ਪਹਿਲਾਂ ਤਾਂ ਸ਼ਿਕਾਰ ਹੋਏ ਵਿਅਕਤੀ ’ਤੇ ਪੁਲਸ ਵੱਲੋਂ ਹੀ ਦਬਾਅ ਪਾਇਆ ਜਾਂਦਾ ਹੈ ਕਿ ਰਾਜ਼ੀਨਾਮਾ ਹੋ ਜਾਵੇ ਕਿਉਂਕਿ ਪੁਲਸ ਦੀ ਰਿਸ਼ਵਤਖੋਰੀ ਵਾਲੀ ਕਾਰਗੁਜ਼ਾਰੀ ਤੋਂ ਕੋਈ ਵੀ ਵਾਂਝਾ ਨਹੀਂ ਹੈ। ਜੇਕਰ ਫਿਰ ਵੀ ਸ਼ਿਕਾਰ ਹੋਇਆ ਵਿਅਕਤੀ ਕਾਰਵਾਈ ਕਰਦਾ ਹੈ ਤਾਂ ਉਸ ਦਾ ਵ੍ਹੀਕਲ ਜ਼ਬਤ ਕਰ ਲਿਆ ਜਾਂਦਾ ਹੈ ਅਤੇ ਜਿੰਨਾ ਸਮਾਂ ਕਾਰਵਾਈ ਖਤਮ ਨਹੀਂ ਹੁੰਦੀ ਓਨਾ ਚਿਰ ਉਹ ਵ੍ਹੀਕਲ ਉਸ ਵਿਅਕਤੀ ਨੂੰ ਨਹੀਂ ਮਿਲਦਾ। ਨਿਆਂ ਪ੍ਰਣਾਲੀ ਅਤੇ ਅਦਾਲਤਾਂ ’ਚ ਚੱਲਦੇ ਕੇਸਾਂ ਬਾਰੇ ਹਰ ਕੋਈ ਜਾਣੂ ਹੈ ਕਿ ਤਰੀਕਾਂ ਤੋਂ ਬਿਨਾਂ ਕੁਝ ਵੀ ਪੱਲੇ ਨਹੀਂ ਪੈਂਦਾ ।

ਕੇਸ ਲੜਦੇ ਹੋਏ ਵਕੀਲ ਵੀ ਰਾਜ਼ੀਨਾਮੇ ਦੀ ਸਲਾਹ ਦਿੰਦੇ ਹਨ ਕਿ ਉਨ੍ਹਾਂ ਦੀ ਫੀਸ ਜਲਦੀ ਪੂਰੀ ਹੋ ਜਾਵੇ। ਫਿਰ ਵੀ ਕੋਈ ਇਨਸਾਨ ਡਟਿਆ ਰਹਿੰਦਾ ਹੈ ਤਾਂ ਉਸ ਦੇ ਪੱਲੇ ਪੈਂਦੀ ਹੈ ਅਦਾਲਤਾਂ ਦੀ ਧੂੜ ਅਤੇ ਸਾਲਾਂ ਦੀ ਕਾਰਵਾਈ। ਜਦੋਂ ਤੱਕ ਫੈਸਲਾ ਹੁੰਦਾ ਹੈ ਉਸ ਸਮੇਂ ਤੱਕ ਉਸ ਦਾ ਜ਼ਬਤ ਹੋਇਆ ਵ੍ਹੀਕਲ ਥਾਣਿਆਂ ’ਚ ਖੜ੍ਹਾ ਜ਼ੰਗਾਲ ਦਾ ਸ਼ਿਕਾਰ ਹੋ ਜਾਂਦਾ ਹੈ।

ਜੇਕਰ ਕਿਸੇ ਵੀ ਵਿਅਕਤੀ ਦਾ ਕੋਈ ਸਾਮਾਨ ਖੋਹ ਕੇ ਫਰਾਰ ਹੋਣ ਲੱਗਦਾ ਹੈ ਅਤੇ ਫੜਿਆ ਜਾਂਦਾ ਹੈ ਤਾਂ ਉਸ ਮੁਜਰਮ ’ਤੇ ਕਾਰਵਾਈ ਕਰਨ ਸਮੇਂ ਉਹ ਸਾਮਾਨ ਵੀ ਜ਼ਬਤ ਕਰ ਲਿਆ ਜਾਂਦਾ ਹੈ । ਉਸ ਵਿਅਕਤੀ ਨੂੰ ਜਿਸ ਦਾ ਸਾਮਾਨ ਚੋਰੀ ਹੋ ਰਿਹਾ ਸੀ, ਉਡੀਕ ਕਰਨੀ ਪੈਂਦੀ ਹੈ ਕਿ ਕਦੋਂ ਕਾਰਵਾਈ ਹੋਵੇ ਅਤੇ ਕਦੋਂ ਉਨ੍ਹਾਂ ਨੂੰ ਸਾਮਾਨ ਮਿਲੇਗਾ।

ਇਸ ਸਭ ਤੋਂ ਡਰ ਕੇ ਜ਼ਿਆਦਾਤਰ ਲੋਕ ਕਾਰਵਾਈ ਤੋਂ ਗੁਰੇਜ਼ ਕਰਦੇ ਹਨ ਅਤੇ ਇਸ ਸਭ ਨਾਲ ਚੋਰਾਂ ਅਤੇ ਲੁਟੇਰਿਆਂ ਨੂੰ ਸ਼ਹਿ ਮਿਲਦੀ ਹੈ। ਇਹ ਸਿਸਟਮ ਹੀ ਉਕਸਾਉਂਦਾ ਹੈ ਚੋਰਾਂ ਅਤੇ ਲੁਟੇਰਿਆਂ ਨੂੰ ਡਾਕੇ ਮਾਰਨ ਲਈ।

ਚੱਲਦੀਆਂ ਕਾਰਾਂ ਦੇ ਸ਼ੀਸ਼ਿਆਂ ’ਤੇ ਆਂਡੇ ਸੁੱਟੇ ਜਾਂਦੇ ਕਿਉਂਕਿ ਆਂਡੇ ਦੇ ਟੁੱਟਣ ਨਾਲ ਸ਼ੀਸ਼ੇ ਵਿਚ ਦੀ ਦੇਖਣਾ ਮੁਸ਼ਕਲ ਹੋ ਜਾਂਦਾ ਅਤੇ ਰੁਕਣ ’ਤੇ ਲੁੱਟ ਲਿਆ ਜਾਂਦਾ। ਬਾਅਦ ’ਚ ਇਨ੍ਹਾਂ ਠੱਗਾਂ ਨੇ ਕਿਸੇ ਰਾਹੀ ਕੱਪੜਿਆਂ ’ਤੇ ਗੰਦ ਸੁੱਟਣਾ ਜਾਂ ਬਿਸਕੁੱਟ ਮੂੰਹ ’ਚ ਪਾ ਕੇ ਉਸ ਦੀ ਪਿਚਕਾਰੀ ਕਿਸੇ ਰਾਹੀ ਦੇ ਕੱਪੜਿਆਂ ’ਤੇ ਸੁੱਟ ਕੇ ਸੁਚੇਤ ਕਰਨਾ ਅਤੇ ਜਦੋਂ ਵਿਅਕਤੀ ਦਾ ਧਿਆਨ ਕੱਪੜਿਆਂ ’ਚ ਉਲਝ ਜਾਂਦਾ ਤਾਂ ਉਸ ਦੀ ਜੇਬ ਕੱਟ ਲੈਂਦੇ ਅਤੇ ਕਿਸੇ ਗੱਡੀ ਵਾਲੇ ਵਿਅਕਤੀ ਨੂੰ ਉਸ ਦੇ ਟਾਇਰ ਪੈਂਚਰ ਹੋਣ ਦਾ ਸੰਕੇਤ ਦੇ ਕੇ ਜਦ ਉਸ ਦੁਆਰਾ ਗੱਡੀ ਚੈੱਕ ਕਰਨ ਲਈ ਉਤਰਨਾ ਤਾਂ ਤਾਕੀ ਖੋਲ੍ਹ ਕੇ ਸਾਮਾਨ ਕੱਢ ਲੈਣਾ। ਅਜਿਹੀਆਂ ਖਬਰਾਂ ਨੇ ਲੋਕਾਂ ਨੂੰ ਭੰਬਲਭੂਸੇ ’ਚ ਪਾਇਆ।

ਇਨ੍ਹਾਂ ਖਬਰਾਂ ਬਾਰੇ ਜਾਣ ਕੇ ਇਨਸਾਨੀਅਤ ਤੋਂ ਭਰੋਸਾ ਉੱਠ ਜਾਂਦਾ ਹੈ। ਇਸ ਸਭ ਬਾਰੇ ਪੁਲਸ ਨੇ ਜੇ ਕੁਝ ਕੀਤਾ ਤਾਂ ਸਿਰਫ ਕਾਰਵਾਈ ਅਤੇ ਜੇਕਰ ਅਪਰਾਧੀ ਨੂੰ ਫੜ ਵੀ ਲਿਆ ਤਾਂ ਅਦਾਲਤ ’ਚੋਂ ਜ਼ਮਾਨਤ ਮਿਲਣ ’ਤੇ ਅਪਰਾਧੀ ਦੇ ਫਰਾਰ ਹੋ ਜਾਣ ਅਤੇ ਬਾਅਦ ’ਚ ਪੇਸ਼ ਨਾ ਹੋਣ ਦੀ ਸੂਰਤ ’ਚ ਸਿਰਫ ਅਤੇ ਸਿਰਫ ਮਿਲੀ ਤਾਂ ਕਾਗਜ਼ੀ ਕਾਰਵਾਈ ਅਤੇ ਖੱਜਲ-ਖੁਆਰੀ। ਇਨ੍ਹਾਂ ਚੋਰਾਂ ਅਤੇ ਲੁਟੇਰਿਆਂ ਦੇ ਹੌਸਲੇ ਬੁਲੰਦ ਹਨ ਅਤੇ ਦਿਨੋ-ਦਿਨ ਲੋਕਾਂ ਨੂੰ ਆਪਣੀਆਂ ਚੁਸਤੀਆਂ ਦਾ ਸ਼ਿਕਾਰ ਬਣਾ ਰਹੇ ਹਨ।

ਇਸੇ ਤਰ੍ਹਾਂ ਹੀ ਸਾਲ 2019 ’ਚ ਵਿਆਹ ਸਮਾਗਮ ਮੌਕੇ ਗੁਰਦੁਆਰਾ ਸਾਹਿਬ ’ਚੋਂ ਲੜਕੀ ਦੀ ਮਾਤਾ ਜੀ ਦੇ ਕੱਪੜਿਆਂ ’ਤੇ ਚਟਨੀ ਡੋਲ੍ਹੀ ਗਈ ਅਤੇ ਜਦ ਉਹ ਕੱਪੜੇ ਬਦਲ ਕੇ ਅਨੰਦ ਕਾਰਜ ਲਈ ਗੁਰਦੁਆਰਾ ਸਾਹਿਬ ਪਹੁੰਚੀ ਤਾਂ ਦੇਰੀ ਹੋਣ ਕਰ ਕੇ ਹਫੜਾ-ਦਫੜੀ ’ਚ ਸੀ, ਉਸ ਦਾ ਪਰਸ ਚੋਰੀ ਕਰ ਲਿਆ ਗਿਆ ਜਿਸ ’ਚ ਨਕਦੀ ਅਤੇ ਸੋਨਾ ਸੀ। ਬਹੁਤ ਭੱਜ-ਨੱਠ ਕਰਨ ਤੋਂ ਬਾਅਦ ਚੋਰੀ ਕਰਨ ਵਾਲੀ ਲੜਕੀ ਅਤੇ ਉਸ ਦੀ ਮਾਤਾ ਨੂੰ ਗ੍ਰਿਫਤਾਰ ਕਰ ਲਿਆ ਪਰ ਨਾਲ ਦਾ ਸਾਥੀ ਫਰਾਰ ਸੀ।

ਜਦੋਂ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਤਾਂ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਜ਼ਮਾਨਤ ’ਤੇ ਰਿਹਾਅ ਕਰਨ ਤੋਂ ਬਾਅਦ ਉਹ ਲੜਕੀ ਅਤੇ ਉਸ ਦੀ ਮਾਤਾ ਫਰਾਰ ਹੋ ਗਈਆਂ ਅਤੇ ਉਹ ਪਰਿਵਾਰ ਜਿਨ੍ਹਾਂ ਦਾ ਨੁਕਸਾਨ ਹੋਇਆ ਸੀ, ਅੱਜ ਵੀ ਇਸ ਗਰਕਦੇ ਹੋਏ ਸਿਸਟਮ ਤੋਂ ਇਹੀ ਆਸ ਲਗਾਈ ਬੈਠੇ ਹਨ ਕਿ ਸ਼ਾਇਦ ਉਨ੍ਹਾਂ ਨੂੰ ਨਿਆਂ ਮਿਲੇ ਪਰ ਇਹ ਪੁਲਸ ਥਾਣੇ, ਇਹ ਅਦਾਲਤਾਂ, ਇਹ ਨਿਆਂ ਪ੍ਰਣਾਲੀਆਂ ਇਕ ਬਲੰਡਰ ਜਾਪਦੀਆਂ ਹਨ ਜਦੋਂ ਇਨ੍ਹਾਂ ਦੀ ਤਸੀਵਰ ਅੱਖਾਂ ਮੂਹਰੇ ਘੁੰਮਦੀ ਹੈ।

ਸਾਡੇ ਸਿਸਟਮ ਦਾ ਇੰਨਾ ਮਾੜਾ ਹਾਲ ਹੋ ਗਿਆ ਹੈ ਕਿ ਕਿਸੇ ਦੀ ਕੋਈ ਵੀ ਚੀਜ਼ ਗੁੰਮ ਹੋ ਜਾਣ ’ਤੇ ਜਲਦੀ ਰਿਪੋਰਟ ਲਿਖਵਾਉਣ ਦਾ ਹੌਸਲਾ ਨਹੀਂ ਪੈਂਦਾ ਕਿਉਂਕਿ ਰਿਪੋਰਟ ਲਿਖਵਾਉਣ ਅਤੇ ਕਾਰਵਾਈ ਕਰਵਾਉਣ ਲਈ ਵੀ ਜੇਬ ਨੂੰ ਹਲਕਾ ਕਰਨਾ ਪੈਂਦਾ ਹੈ, ਇਹ ਸਭ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਹੋ ਗਏ ਨੁਕਸਾਨ ’ਤੇ ਵਿਆਜ ਲੱਗ ਰਿਹਾ ਹੈ। ਸਮਾਜ ’ਚ ਹੋ ਰਹੀਆਂ ਘਟਨਾਵਾਂ ਨੂੰ ਜਦੋਂ ਸਵੇਰੇ ਅਖਬਾਰ ’ਚ ਬਿਆਨ ਕੀਤੀਆਂ ਦੇਖਦੇ ਹਾਂ ਤਾਂ ਹੈਰਾਨਗੀ ਹੁੰਦੀ ਹੈ ਕਿ ਇਹ ਸਭ ਵਾਪਰ ਕੀ ਰਿਹਾ ਹੈ, ਕਿਤੇ ਐਕਸੀਡੈਂਟ ’ਚ ਲੋਕਾਂ ਦੀ ਜਾਨ ਜਾ ਰਹੀ ਹੈ ਕਿਉਂਕਿ ਲੋਕ ਸੜਕਾਂ ’ਤੇ ਜ਼ਿੰਮੇਵਾਰੀ ਨਾ ਸਮਝਦੇ ਹੋਏ ਸੜਕਾਂ ’ਤੇ ਬਸ ਖੇਡਾਂ ਖੇਡ ਰਹੇ ਹਨ ਅਤੇ ਪ੍ਰਸ਼ਾਸਨ ਅੱਖਾਂ ਬੰਦ ਕਰ ਕੇ ਦੇਖ ਰਿਹਾ ਹੈ। ਕਿਤੇ ਨੌਜਵਾਨਾਂ ’ਚ ਗੈਂਗਵਾਰਾਂ ਹੋ ਰਹੀਆਂ ਹਨ।

ਧਿਆਨ ਦੇਣ ਯੋਗ ਗੱਲ ਹੈ ਕਿ ਅੱਜਕਲ ਦੇ ਨੌਜਵਾਨਾਂ ਦੇ ਕੋਲ ਦੇਸੀ ਕੱਟਿਆਂ ਆਦਿ ਦਾ ਆ ਜਾਣਾ ਆਮ ਗੱਲ ਹੈ ਅਤੇ ਚਿੱਟੇ ਵਰਗੇ ਨਸ਼ਿਆਂ ਦਾ ਆਮ ਹੋ ਜਾਣਾ ਅਤੇ ਨੌਜਵਾਨਾਂ ਦਾ ਜਾਨ ਗੁਆਉਣਾ ਆਮ ਹੋ ਗਿਆ ਹੈ। ਇਹ ਸਮਾਜ ਹਰ ਇਕ ਲਈ ਬਰਾਬਰ ਹੈ ਅਤੇ ਹਰ ਕੋਈ ਬਰਾਬਰ ਹੱਕ ਰੱਖਦਾ ਹੈ। ਭਾਵੇਂ ਲੜਕੇ ਹੋਣ ਜਾਂ ਲੜਕੀਆਂ ਪਰ ਅੱਜ ਦੇ ਇਸ ਗਰਕਦੇ ਹੋਏ ਸਿਸਟਮ ’ਚ ਧੀਆਂ-ਭੈਣਾਂ ਦਾ ਘਰੋਂ ਬਾਹਰ ਨਿਕਲਣਾ ਬਹੁਤ ਹੀ ਤਣਾਅਪੂਰਨ ਸਥਿਤੀ ਦਾ ਸਾਹਮਣਾ ਕਰਨਾ ਹੈ ਕਿਉਂਕਿ ਇਹ ਗੰਦਾ ਸਿਸਟਮ ਤੇ ਘਟੀਆ ਕਾਨੂੰਨ ਵਹਿਸ਼ੀ ਦਰਿੰਦਿਆਂ ਨੂੰ ਉਤਸ਼ਾਹ ਦਿੰਦਾ ਹੈ।

ਅਕਸਰ ਅਖਬਾਰਾਂ ’ਚ ਪੜ੍ਹਦੇ ਹਾਂ ਕਿ ਲੜਕੀਆਂ ਨਾਲ ਹੋ ਰਹੀਆਂ ਘਟਨਾਵਾਂ ਬਾਰੇ ਇੱਥੋਂ ਤੱਕ ਕਿ ਦਰਿੰਦਗੀ ਨੇ ਛੋਟੀਆਂ ਬੱਚੀਆਂ ਤੱਕ ਨੂੰ ਨਹੀਂ ਛੱਡਿਆ। ਹਰ ਬਾਪ ਓਨਾ ਸਮਾਂ ਤਣਾਅਗ੍ਰਸਤ ਰਹਿੰਦਾ ਹੈ ਜਿੰਨਾ ਸਮਾਂ ਉਸ ਦੀ ਧੀ ਸਹੀ ਸਲਾਮਤ ਘਰ ਨਹੀਂ ਆ ਜਾਂਦੀ ਕਿਉਂਕਿ ਹਮੇਸ਼ਾ ਇਹੀ ਡਰ ਰਹਿੰਦਾ ਹੈ ਕਿ ਕਿਤੇ ਦਰਿੰਦਗੀ ਦਾ ਪਰਛਾਵਾਂ ਉਸ ਦੀ ਧੀ ’ਤੇ ਨਾ ਪੈ ਜਾਵੇ।

ਅਕਸਰ ਪੁਲਸ ਮੁਲਾਜ਼ਮਾਂ ਨਾਲ ਗੱਲ ਕਰਦਿਆਂ ਉਨ੍ਹਾਂ ਦੀ ਥੋੜ੍ਹੀ ਬਹੁਤ ਮਜਬੂਰੀ ਦਾ ਅਹਿਸਾਸ ਵੀ ਹੁੰਦਾ ਹੈ। ਜਦੋਂ ਉਹ ਕਿਸੇ ਨੂੰ ਵੀ ਰੋਕਦੇ ਹਨ ਤਾਂ ਚਲਾਨ ਕਰਨ ਤੋਂ ਪਹਿਲਾਂ ਹੀ ਕਿਸੇ ਨਾ ਕਿਸੇ ਸਿਫਾਰਿਸ਼ੀ ਦਾ ਫੋਨ ਆ ਜਾਂਦਾ ਹੈ।

ਸਿਆਸੀ ਦਖਲ ਵੀ ਇਸ ਸਭ ਨੂੰ ਵਿਗਾੜਣ ’ਚ ਪੂਰਾ ਯੋਗਦਾਨ ਪਾ ਰਿਹਾ ਹੈ ਅਤੇ ਪੁਲਸ ਮੁਲਾਜ਼ਮਾਂ ਨੂੰ ਕਈ ਵਾਰ ਨਾ ਚਾਹੁੰਦੇ ਹੋਏ ਵੀ ਛੱਡਣਾ ਪੈਂਦਾ ਹੈ। ਇਸ ਗਰਕਦੇ ਹੋਏ ਸਿਸਟਮ ਨੂੰ ਸਫਾਈ ਦੀ ਜ਼ਰੂਰਤ ਹੈ ਅਤੇ ਲੋੜ ਹੈ ਸੁਚਾਰੂ ਢੰਗ ਨਾਲ ਚਲਾਉਣ ਦੀ। ਬੇਸ਼ੱਕ ਇਸ ਨੂੰ ਸੁਧਾਰਨ ਲਈ ਸੰਵਿਧਾਨ ’ਚ 104 ਵਾਰ ਸੋਧ ਕੀਤੀ ਗਈ ਪਰ ਅੱਜਕਲ ਕਿਤੇ ਨਾ ਕਿਤੇ ਕਾਨੂੰਨਾਂ ਅਤੇ ਸੋਧਾਂ ਨੂੰ ਨਿੱਜੀ ਫਾਇਦਿਆਂ ਲਈ ਵਰਤਿਆ ਜਾ ਰਿਹਾ ਹੈ। ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਸਭ ਖਤਮ ਹੋ ਜਾਵੇਗਾ ਅਤੇ ਇਸ ਦੇ ਸਿੱਟੇ ਭਿਆਨਕ ਹੀ ਹੋਣਗੇ।

pushpinderprince90@gmail.com\\\

Bharat Thapa

This news is Content Editor Bharat Thapa